ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਇਤਿਹਾਸਕ ਕਿਲ੍ਹਿਆਂ ਦੀ ਪੁਰੀ – ਅਨੰਦਪੁਰ ਸਾਹਿਬ

Posted On December - 27 - 2016

ਬਹਾਦਰ ਸਿੰਘ ਗੋਸਲ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਖ਼ਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦਾ ਨਾਂ ਸੁਣਦਿਆਂ ਹੀ ਸਿਰ ਸਿਜਦੇ ਵਿੱਚ ਝੁਕ ਜਾਂਦਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਸ ਥਾਂ ਦੀ ਵਿਲੱਖਣਤਾ ਦੇਖਦਿਆਂ ਇੱਥੇ ਇਹ ਨਗਰੀ ਵਸਾਉਣ ਦਾ ਫ਼ੈਸਲਾ ਲਿਆ ਸੀ। ਇਸ ਥਾਂ ਦੀ ਸੁੰਦਰਤਾ ਤੇ ਕੁਦਰਤੀ ਨਜ਼ਾਰਿਆਂ ਕਾਰਨ ਇਸ ਨੂੰ ਧਰਮ ਪ੍ਰਚਾਰ ਲਈ ਚੁਣਿਆ ਗਿਆ। ਇਤਿਹਾਸਕ ਖੋਜ ਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਅਨੰਦਪੁਰ ਵਾਲੀ ਜਗ੍ਹਾ, ਬਿਲਾਸਪੁਰ ਦੀ ਵਿਧਵਾ ਰਾਣੀ ਨੇ ਮਾਤਾ ਨਾਨਕੀ ਨੂੰ ਪੰਜ ਸੌ ਰੁਪਏ ਵਿੱਚ ਦਿੱਤੀ ਸੀ ਅਤੇ ਫਿਰ ਅਸੂ ਸੰਮਤ 1722 ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਇੱਥੇ ਨਾਨਕੀ ਚੱਕ ਦੀ ਨੀਂਹ ਰੱਖੀ ਸੀ।
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਲਗਪਗ 25 ਸਾਲ ਇੱਥੇ ਗੁਜ਼ਾਰੇ। ਭੰਗਾਣੀ ਦੇ ਯੁੱਧ ਤੋਂ ਬਾਅਦ ਦਸਮ ਪਿਤਾ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਤੋਂ ਰੱਖਿਆ ਲਈ ਅਨੰਦਪੁਰ ’ਚ ਪੰਜ ਕਿਲ੍ਹੇ ਤਿਆਰ ਕਰਵਾਏ। ਕਈ ਜਗ੍ਹਾ ਇਨ੍ਹਾਂ ਕਿਲ੍ਹਿਆਂ ਦੀ ਗਿਣਤੀ ਛੇ ਵੀ ਲਿਖੀ ਜਾਂਦੀ ਹੈ ਕਿਉਂਕਿ ਸ੍ਰੀ ਕੇਸਗੜ੍ਹ ਸਾਹਿਬ ਵੀ ਕੇਂਦਰੀ ਕਿਲ੍ਹੇ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਇਹ ਇਤਿਹਾਸਕ ਕਿਲ੍ਹੇ ਹੁਣ ਗੁਰਦੁਆਰਿਆਂ ਦੇ ਰੂਪ ਵਿੱਚ ਮੌਜੂਦ ਹਨ:
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸਾਰੇ ਗਏ ਕੇਂਦਰੀ ਕਿਲ੍ਹੇ ਨੂੰ ਕੇਸਗੜ੍ਹ ਸਾਹਿਬ ਦਾ ਨਾਂ ਦਿੱਤਾ ਗਿਆ ਅਤੇ ਇਹ 1699 ਵਿੱਚ ਤਿਆਰ ਹੋਇਆ। ਇਹ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਆਮ ਤੌਰ ਉੱਤੇ ਕੇਸਗੜ੍ਹ ਸਾਹਿਬ ਨੂੰ ਕਿਲ੍ਹਾ ਨਹੀਂ ਜਾਣਿਆ ਜਾਂਦਾ ਕਿਉਂਕਿ ਇਸ ਦੀ ਬਣਤਰ ਬਾਕੀ ਪੰਜ ਕਿਲ੍ਹਿਆਂ ਨਾਲੋਂ ਭਿੰਨ ਸੀ। ਉੱਚੀ ਪਹਾੜੀ ਉਤੇ ਦਰਬਾਰ ਲਗਾਉਣ ਲਈ 1689 ਵਿੱਚ ਇਸ ਦਾ ਨਿਰਮਾਣ ਸ਼ੁਰੂ ਹੋਇਆ ਅਤੇ ਇਹ 1699 ਤਕ ਚੱਲਦਾ ਰਿਹਾ। ਇਸ ਸਥਾਨ ਉੱਤੇ ਹੀ ਪੰਜ ਪਿਆਰਿਆਂ ਦੀ ਚੋਣ ਕਰ ਕੇ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਅਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ।
ਕਿਲ੍ਹਾ ਲੋਹਗੜ੍ਹ ਸਾਹਿਬ: ਇਹ ਕਿਲ੍ਹਾ, ਸ੍ਰੀ ਕੇਸਗੜ੍ਹ ਸਾਹਿਬ ਤੋਂ ਡੇਢ ਕਿਲੋਮੀਟਰ ਦੱਖਣ-ਪੱਛਮ ਦਿਸ਼ਾ ਵਿੱਚ ਸੁਸ਼ੋਭਿਤ ਹੈ। ਇਸ ਅਸਥਾਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਥਿਆਰ ਤਿਆਰ ਕਰਨ ਦੀ ਫੈਕਟਰੀ ਲਾਈ ਗਈ ਸੀ। ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਉੱਤੇ ਕਈ ਵਾਰ ਹਮਲੇ ਕੀਤੇ ਪਰ ਇਸ ਕਿਲ੍ਹੇ ਤਕ ਪੁੱਜਣ ਦਾ ਉਨ੍ਹਾਂ ਦਾ ਹੌਂਸਲਾ ਨਹੀਂ ਸੀ ਪੈਂਦਾ।
ਕਿਲ੍ਹਾ ਹੋਲਗੜ੍ਹ ਸਾਹਿਬ: ਇਸ ਕਿਲ੍ਹੇ ਦਾ ਦੂਜਾ ਨਾਂ ਅਗਮਗੜ੍ਹ ਵੀ ਹੈ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1701 ਵਿੱਚ ਬਸੰਤ ਰੁੱਤ ਵਿੱਚ ਤਿਆਰ ਕਰਵਾਇਆ ਗਿਆ ਸੀ। ਇਸ ਕਿਲ੍ਹੇ ਵਿੱਚ ਹਿੰਦੂਆਂ ਵੱਲੋਂ ਹੋਲੀ ਮਨਾਉਣ ਸਮੇਂ ਰੰਗਾਂ ਦੀ ਵਰਤੋਂ ਕਰਨ ਦੀ ਥਾਂ ਗੁਰੂ ਜੀ ਨੇ ਸਿੰਘਾਂ ਲਈ ਆਪਣੀ ਹਥਿਆਰ ਕਲਾ ਦਾ ਪ੍ਰਦਰਸ਼ਨ ਕਰ ਕੇ ਹੋਲਾ ਮਹੱਲਾ ਸ਼ੁਰੂ ਕੀਤਾ। ਇੱਥੇ ਹੀ ਯੁੱਧਨੀਤੀ ਦੇ ਅਭਿਆਸ ਕੀਤੇ ਜਾਂਦੇ ਸਨ।
ਕਿਲ੍ਹਾ ਅਨੰਦਗੜ੍ਹ ਸਾਹਿਬ: ਅਨੰਦਗੜ੍ਹ ਸਾਹਿਬ ਦਾ ਕਿਲ੍ਹਾ, ਸ੍ਰੀ ਕੇਸਗੜ੍ਹ ਸਾਹਿਬ ਤੋਂ 800 ਮੀਟਰ ਦੀ ਦੂਰੀ ਉੱਤੇ ਦੱਖਣ-ਪੂਰਬ ਵੱਲ ਬਣਾਇਆ ਗਿਆ ਸੀ। ਇਸ ਕਿਲ੍ਹੇ ਵਿੱਚ ਪਵਿੱਤਰ ਬਾਉਲੀ ਸਾਹਿਬ ਬਣਾਈ ਗਈ ਹੈ। ਅਨੰਦਗੜ੍ਹ ਸਾਹਿਬ ਪਹੁੰਚਣ ਲਈ ਪੌੜੀਆਂ ਬਣਾਈਆਂ ਗਈਆਂ ਅਤੇ ਇਸ ਦਾ ਪ੍ਰਵੇਸ਼ ਦੁਆਰ ਕੀਰਤਪੁਰ ਸਾਹਿਬ ਵੱਲ ਰੱਖਿਆ ਗਿਆ।
ਕਿਲ੍ਹਾ ਫ਼ਤਿਹਗੜ੍ਹ ਸਾਹਿਬ: ਅਨੰਦਪੁਰ ਸਾਹਿਬ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਕਿਲ੍ਹਾ ਸਹੋਤਾ ਪਿੰਡ ਦੀ ਜੂਹ ਵਿੱਚ ਬਣਾਇਆ ਗਿਆ। ਜਦੋਂ ਇਹ ਕਿਲ੍ਹਾ ਬਣਾਇਆ ਗਿਆ, ਉਸ ਸਮੇਂ ਸਾਹਿਬਜ਼ਾਦਾ ਫ਼ਤਹਿ ਸਿੰਘ ਦਾ ਜਨਮ ਹੋਇਆ ਸੀ, ਜਿਸ ਕਰਕੇ ਇਸ ਕਿਲ੍ਹੇ ਦਾ ਨਾਂ ਵੀ ਫ਼ਤਹਿਗੜ੍ਹ ਰੱਖ ਦਿੱਤਾ ਗਿਆ। ਇਹ ਕਿਲ੍ਹਾ ਅਨੰਦਪੁਰ ਸਾਹਿਬ ਦੇ ਉੱਤਰੀ ਬਾਹਰੀ ਇਲਾਕੇ ਵਿੱਚ ਬਣਾਇਆ ਗਿਆ।
ਕਿਲ੍ਹਾ ਤਾਰਾਗੜ੍ਹ ਸਾਹਿਬ: ਤਾਰਾਗੜ੍ਹ ਸਾਹਿਬ ਦਾ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਬਾਹਰ ਪੰਜ ਕਿਲੋਮੀਟਰ  ਦੂਰ ਸਥਿਤ ਹੈ। ਇਹ ਉੱਚੀ ਪਹਾੜੀ ਦੀ ਚੋਟੀ ’ਤੇ ਬਣਾਇਆ ਗਿਆ ਸੀ ਤਾਂ ਕਿ ਦੂਰ-ਦੂਰ ਤਕ ਕਹਿਲੂਰ ਰਾਜ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਇਹ ਕਿਲ੍ਹਾ ਬਣਾਉਣ ਦਾ ਉਦੇਸ਼ ਪਹਾੜੀ ਰਾਜਿਆਂ ਨੂੰ ਅਨੰਦਪੁਰ ਸਾਹਿਬ ਤੋਂ ਦੂਰ ਹੀ ਘੇਰ ਕੇ ਪਛਾੜਨਾ ਸੀ। ਉੱਚੀ ਥਾਂ ਉੱਤੇ ਹੋਣ ਕਰਕੇ ਇਹ ਦੁਸ਼ਮਣ ਫ਼ੌਜਾਂ ਨੂੰ ਹਰਾਉਣ ਵਿੱਚ ਕਾਫ਼ੀ ਕਾਰਗਰ ਸਿੱਧ ਹੋਇਆ।
ਇਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਰੱਖਿਆ ਲਈ ਇੱਕ ਘੇਰੇ ਦੇ ਰੂਪ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਦੇ ਚੌਗਿਰਦੇ ਇਹ ਪੰਜ ਕਿਲ੍ਹੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ਅਤੇ ਵਿਸ਼ੇਸ਼ ਵਿਉਂਤਬੰਦੀ ਨਾਲ ਬਣਾਏ ਸਨ। ਇਨ੍ਹਾਂ ਕਿਲ੍ਹਿਆਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੀ ਸੁਰੱਖਿਆ ਵਿਲੱਖਣ ਸਿੱਧ ਹੋਈ।

ਸੰਪਰਕ: 98764-52223


Comments Off on ਇਤਿਹਾਸਕ ਕਿਲ੍ਹਿਆਂ ਦੀ ਪੁਰੀ – ਅਨੰਦਪੁਰ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.