ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਇਤਿਹਾਸਕ ਸਥਾਨ ਗੁਰਦੁਆਰਾ ਭੱਠਾ ਸਾਹਿਬ

Posted On December - 13 - 2016

ਸਰਬਜੀਤ ਸਿੰਘ

11312cd _batthaਚੰਡੀਗੜ੍ਹ-ਰੋਪੜ ਮਾਰਗ ਉੱਤੇ ਸਥਿਤ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਇੱਥੇ ਆਏ ਸਨ।
ਇਤਿਹਾਸ ਅਨੁਸਾਰ ਪਹਿਲੀ ਵਾਰ 1688 ਨੂੰ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਕੋਟਲਾ ਨਿਹੰਗ ਵਿੱਚ ਰੋੜਿਆਂ ਦੇ ਭੱਠੇ ਉੱਤੇ ਰੁਕੇ ਸਨ। ਉਨ੍ਹਾਂ ਨੇ ਭੱਠਾ ਮਜ਼ਦੂਰਾਂ ਨੂੰ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਭੱਠੇ ਵੱਲ ਇਸ਼ਾਰਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦੀ ਨਿਯਤ ਸਮਝ ਲਈ ਅਤੇ ਜਿਵੇਂ ਹੀ ਗੁਰੂ ਜੀ ਦੇ ਨੀਲੇ ਘੋੜੇ ਦੇ ਖੁਰ (ਪੌੜ) ਗਰਮ ਦਹਿਕਦੇ ਹੋਏ ਭੱਠੇ ਵਿੱਚ ਲੱਗੇ ਤਾਂ ਭੱਠਾ ਠੰਢਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ਵਿੱਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖ਼ਾਂ ਪਠਾਨ ਨੂੰ ਦਿੱਤੀ। ਨਿਹੰਗ ਖ਼ਾਂ ਨੇ ਭੱਠੇ ਉੱਤੇ ਪੁੱਜ ਕੇ ਭੁੱਲ ਬਖ਼ਸ਼ਾਈ ਤੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਜਾਣ ਦੀ ਬੇਨਤੀ ਕੀਤੀ। ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਰਹਿ ਕੇ ਅਗਲੇ ਦਿਨ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ।  ਜਿੱਥੇ ਘੋੜੇ ਨੇ ਆਪਣੇ ਖੁਰਾਂ ਨਾਲ ਭੱਠਾ ਠੰਢਾ ਕੀਤਾ ਸੀ, ਉਸੇ ਸਥਾਨ ਉੱਤੇ ਗੁਰਦੁਆਰਾ ਭੱਠਾ ਸਾਹਿਬ ਸੁਸ਼ੋਭਿਤ ਹੈ।
ਗੁਰੂ ਗੋਬਿੰਦ ਸਿੰਘ ਜੀ ਦੂਜੀ ਵਾਰ 1694 ਨੂੰ ਨਿਹੰਗ ਖ਼ਾਂ ਪਠਾਨ ਦੇ ਬੇਟੇ ਆਲਮ ਖ਼ਾਂ ਦੀ ਮੰਗਣੀ ਮੌਕੇ ਇੱਥੇ ਪਹੁੰਚੇ ਸਨ ਤੇ ਕੁਝ ਸਮਾਂ ਭੱਠੇ ਵਾਲੀ ਜਗ੍ਹਾ ਉੱਤੇ ਰੁਕੇ ਸਨ। ਤੀਜੀ ਵਾਰ 1702 ਨੂੰ ਗੁਰੂ ਗੋਬਿੰਦ ਸਿੰਘ ਜੀ ਕੁਰੂਕਸ਼ੇਤਰ ਦੀ ਵਾਪਸੀ ਸਮੇਂ ਭੱਠੇ ਦੇ ਸਥਾਨ ਉੱਤੇ ਆਏ ਸਨ। ਚੌਥੀ ਵਾਰ 1704 ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਜਦੋਂ ਮੁਗ਼ਲ ਤੇ ਪਹਾੜੀ ਫ਼ੌਜਾਂ ਨੇ ਗੁਰੁੂ ਜੀ ਉੱਪਰ ਹਮਲਾ ਕਰ ਦਿੱਤਾ ਸੀ ਤਾਂ ਗੁਰੂ ਜੀ ਭੱਠਾ ਸਾਹਿਬ ਪਹੁੰਚੇ ਸਨ। ਨਿਹੰਗ ਖ਼ਾਂ ਪਠਾਨ ਤੇ ਉਸ ਦਾ ਪਰਿਵਾਰ ਗੁਰੂ ਗੋਬਿੰਦ ਜੀ ਦਾ ਬਹੁਤ ਮਾਣ ਸਨਮਾਨ ਕਰਦਾ ਸੀ ਤੇ ਗੁਰੂ ਘਰ ਦਾ ਸ਼ਰਧਾਲੂ ਸੀ।
ਗੁਰਦੁਆਰਾ ਭੱਠਾ ਸਾਹਿਬ ਦੀ ਪਹਿਲੀ ਇਮਾਰਤ 1910 ਨੂੰ ਬਾਬਾ ਜੀਵਨ ਸਿੰਘ ਬੁੱਢਾ ਭੌਰਾ ਵਾਲਿਆਂ ਨੇ ਬਣਾਉਣੀ ਸ਼ੁਰੂ ਕੀਤੀ ਸੀ। ਇਸ ਪਿੱਛੋਂ 1917 ਨੂੰ ਬਗ਼ੈਰ ਨੀਂਹ ਪੁੱਟਿਆਂ ਭੱਠਾ ਸਾਹਿਬ ਦੀ ਇਮਾਰਤ ਬਣਾਈ ਗਈ ਸੀ। ਮਗਰੋਂ ਸੰਤ ਹਰਨਾਮ ਸਿੰਘ ਸੁਖਰਾਮਪੁਰ ਟੱਪਰਿਆਂ ਨੂੰ ਸੇਵਾ ਸੌਂਪੀ ਗਈ। ਉਨ੍ਹਾਂ ਨੇ ਚਾਰ ਮੰਜ਼ਿਲਾਂ ਗੁੰਬਦ ਤੇ ਕਮਰੇ, ਲੰਗਰ ਦੀ ਸੇਵਾ ਕੀਤੀ। 1985 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੀ ਕਾਰਸੇਵਾ ਸੰਤ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ। ਸੰਤ ਹਰਬੰਸ ਸਿੰਘ ਨੇ ਗੁਰਦੁਆਰੇ ਦੀ ਸੰਗਮਰਮਰ ਦੀ ਸੁੰਦਰ ਇਮਾਰਤ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ। ਵਰਤਮਾਨ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰੇ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਗੁਰਦੁਆਰੇ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਣੀ ਸਿੱਖਾਂ ਨੇ ਗੁਰਦੁਆਰੇ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਹੈ ਤੇ ਵਧੀਆ ਪ੍ਰਬੰਧ ਚੱਲ ਰਿਹਾ ਹੈ। ਦੂਰ ਦਰਾਜ ਤੋਂ ਹਜ਼ਾਰਾਂ ਸੰਗਤਾਂ ਇਸ ਗੁਰਦੁਆਰੇ ਵਿੱਚ ਮੱਥਾ ਟੇਕਣ ਆਉਂਦੀਆਂ ਹਨ। ਹਰ ਸਾਲ ਵਾਂਗ ਇਸ ਵਾਰ 16 ਤੋਂ 18 ਦਸੰਬਰ ਤਕ ਇੱਥੇ ਸਾਲਾਨਾ ਸ਼ਹੀਦੀ ਜੋੜ ਮੇਲਾ ਲੱਗੇਗਾ।

ਸੰਪਰਕ: 94648-20881


Comments Off on ਇਤਿਹਾਸਕ ਸਥਾਨ ਗੁਰਦੁਆਰਾ ਭੱਠਾ ਸਾਹਿਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.