ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਇਹ ਆਪੋ-ਆਪਣੇ ਘਰ ਕਿਉਂ ਨਹੀਂ ਜਾ ਬਹਿੰਦੇ…?

Posted On December - 11 - 2016

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ
10 dec 3aਕੁੱਝ ਦਿਨ ਪਹਿਲਾਂ ਇੱਕ ਬਹੁਤ ਹੀ ਅਲੋਕਾਰੀ ਘਟਨਾ ਵਾਪਰੀ। ਇੱਕ ਪ੍ਰਧਾਨ ਮੰਤਰੀ ਆਪਣੀ ਕੁਰਸੀ ਛੱਡ ਕੇ ਲਾਂਭੇ ਹੋ ਗਿਆ। ਅਜਿਹਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਵਿੱਚ ਵਾਪਰਿਆ ਜਿੱਥੋਂ ਦੇ ਪ੍ਰਧਾਨ ਮੰਤਰੀ ਜੌਹਨ ਕੀਅ ਨੇ ਦੇਸ਼ਵਾਸੀਆ ਨੂੰ ਸਿਰਫ਼ ਏਨਾ ਹੀ ਦੱਸਿਆ ਕਿ ਅੱਠ ਸਾਲ ‘‘ਆਪਣੇ ਵਿੱਤ ਅਨੁਸਾਰ ਆਪਣੇ ਪਿਆਰੇ ਦੇਸ਼ ਦੀ ਬਣਦੀ ਸਰਦੀ ਸੇਵਾ ਕਰਨ ਉਪਰੰਤ’’ ਉਹ ਅਹੁਦਾ ਤਿਆਗ ਰਿਹਾ ਹੈ ਕਿਉਂਕਿ ਉਹ ਹੁਣ ਆਪਣੇ ਪਰਿਵਾਰ ਨਾਲ ਵਧੇਰੇ ਵਕਤ ਗੁਜ਼ਾਰਨਾ ਚਾਹੁੰਦਾ ਹੈ।
ਜੌਹਨ ਕੀਅ ਦੀ ਗੱਦੀ ਨੂੰ ਕੋਈ ਖ਼ਤਰਾ ਨਹੀਂ ਸੀ। ਉਸ ਨੇ ਇਹ ਫ਼ੈਸਲਾ ਆਪਣੀ ਮਰਜ਼ੀ ਨਾਲ ਕੁੱਝ ਅਜਿਹੇ ਕਾਰਨਾਂ ਕਰ ਕੇ ਲਿਆ ਜਿਨ੍ਹਾਂ ਦੀ ਤਾਰੀਫ਼ ਭਾਰਤੀ ਸਿਆਸਤਦਾਨਾਂ ਦੇ ਮੂੰਹੋਂ ਕਿਆਸੀ ਵੀ ਨਹੀਂ ਜਾ ਸਕਦੀ।  ਜੌਹਨ ਕੀਅ ਦੀ ਆਪਣੇ ਪਰਿਵਾਰ ਦੇ ਵੱਧ ਨੇੜੇ ਹੋਣ ਦੀ ਇੱਛਾ ਦੇ ਉਲਟ ਸਾਡੇ ਕੋਲ ਤਾਂ ਉਹ ਸਿਆਸਤਦਾਨ ਹਨ ਜੋ ਆਪਣੇ ਛੜੇਪਣ ਦਾ ਲਾਹਾ ਲੈਂਦਿਆਂ ਇਹ ਕਹਿਣ ਵਿੱਚ ਵਡਿਆਈ ਮਹਿਸੂਸ ਕਰਦੇ ਹਨ ਕਿ ਪੂਰਾ ਦੇਸ਼ ਹੀ ‘ਉਨ੍ਹਾਂ ਦਾ ਪਰਿਵਾਰ’ ਹੈ।
ਸਾਡੇ ਮੁਲਕ ਵਿੱਚ ਕੋਈ ਸਿਆਸਤਦਾਨ ਸੇਵਾਮੁਕਤੀ ਬਾਰੇ ਸੋਚਦਾ ਵੀ ਨਹੀਂ। ਲੀਡਰੀ ਤਾਂ ਇਨ੍ਹਾਂ ਦੇ ਹੱਡਾਂ ਨਾਲ ਹੀ ਜਾਂਦੀ ਹੈ। ਭਾਰਤ ਵਿੱਚ ਅਸੀਂ ਸਾਰੇ ਇਸ ਦੰਭ ’ਤੇ ਹੀ ਫੁੱਲ ਚੜ੍ਹਾਉਂਦੇ ਰਹਿੰਦੇ ਹਾਂ ਕਿ ਜਨਤਕ ਜੀਵਨ ਵਿੱਚ ਭੂਮਿਕਾ ਨਿਭਾਉਣ ਦਾ ਮਤਲਬ ਹੈ ‘‘ਸੇਵਾ’’ ਅਤੇ ‘‘ਕੁਰਬਾਨੀ’’। ਅਜਿਹੀ ਸੂਰਤ ਵਿੱਚ ਸੇਵਾਮੁਕਤੀ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ? ਸੇਵਾ ਵਿੱਚ ਆ ਹੀ ਗਿਆ ਤਾਂ ‘‘ਆਖਰੀ ਸੁਆਸ ਤੱਕ ਸੇਵਾ ਨਿਭਾਵਾਂਗਾ’’।
ਜਦੋਂ ਕੋਈ ਅਖਿਲੇਸ਼ ਯਾਦਵ ਜਾਂ ਮਾਇਆਵਤੀ ਵਰਗਾ ਜ਼ਰਾ ਮੁਕਾਬਲਤਨ ਛੋਟੀ ਉਮਰ ਦਾ ਬੰਦਾ ਸਿਆਸਤ ਵਿੱਚ ਆ ਜਾਂਦਾ ਹੈ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ ਕਿ ਹੁਣ ਨਵਾਂ ਖ਼ੂਨ ਆ ਗਿਆ ਹੈ ਗਰਮਜੋਸ਼ੀ ਨਾਲ ‘‘ਸੇਵਾ’’ ਕਰਨ ਲਈ। ਫਿਰ ਸਾਨੂੰ ਬੜੀ ਦੇਰ ਨਾਲ ਸਮਝ ਆਉਂਦੀ ਹੈ ਕਿ ਆਹ ਤਾਂ ਉਮਰ ਭਰ ਦਾ ਕਜੀਆ ਸਹੇੜ ਲਿਆ!
ਹੁਣ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਰਹਿਨੁਮਾਈ ਤੋਂ ਭਾਵ ਕਿਸੇ ਸਿਆਸੀ ਦਲ ਦੇ ਕੰਟਰੋਲ ਤੋਂ ਹੀ ਲੈਂਦੇ ਹਾਂ। ਅਤੇ, ਕਿਉਂਕਿ ਕੰਟਰੋਲ ਜਾਤ ਜਾਂ ਬਰਾਦਰੀ ਦੇ ਨਾਂ ’ਤੇ ਲਾਗੂ ਹੁੰਦਾ ਹੈ, ਲਿਹਾਜ਼ਾ ਜ਼ਿਆਦਾਤਰ ਵੋਟਰਾਂ ਵੱਲੋਂ ਨਕਾਰੇ ਜਾਣ ’ਤੇ ਵੀ ਪਾਰਟੀ ਜਾਂ ਲੀਡਰ ਦੀ ਲੀਡਰੀ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਇਸੇ ਤਰ੍ਹਾਂ, ਅਸੀਂ ਹਾਲੇ ਭਾਰਤ ਵਿੱਚ ‘‘ਹਾਰੇ’’ ਜਾਂ ‘‘ ਸੇਵਾਮੁਕਤ’’ ਸਿਆਸਤਦਾਨਾਂ ਬਾਰੇ ਕੋਈ ਵਿਹਾਰ-ਜ਼ਾਬਤਾ ਵੀ ਤਾਂ ਅਖ਼ਤਿਆਰ ਨਹੀਂ ਕੀਤਾ। ਸਾਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਨੂੰ ਇਕੱਲਿਆਂ ਕਿਵੇਂ ਛੱਡਣਾ ਹੈ। ਸਾਡੀ ਬਦਲਾਖ਼ੋਰ ਸਿਆਸਤ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਹਾਰਿਆ ਹੋਇਆ ਲੀਡਰ ਕਿਤੇ ਸਿਆਸਤ ’ਚੋਂ ਲਾਂਭੇ ਨਾ ਹੋ ਜਾਵੇ। ਉਹ ਇਸੇ ਪਿੜ ਵਿੱਚ ਰਹੇ ਅਤੇ ਆਪਣੇ ਆਪ ਨੂੰ ਬਚਾਉਣ ਦੇ ਆਹਰ ਲੱਗਿਆ ਰਹੇ। ਮਸਲਨ, ਮੈਨੂੰ ਪੂਰਾ ਯਕੀਨ ਹੈ ਕਿ ਜੇਕਰ ਅਸੈਂਬਲੀ ਚੋਣਾਂ ਤੋਂ ਬਾਅਦ ਸੁਖਬੀਰ ‘ਗੱਦੀ-ਰਹਿਤ’ ਹੋ ਜਾਂਦਾ ਹੈ ਤਾਂ ਵੀ ਉਸ ਨੂੰ ਆਪਣੇ ਕਾਰੋਬਾਰ ਨੂੰ ਸੰਭਾਲਣ ਲਈ ਇਕੱਲਿਆਂ ਨਹੀਂ ਰਹਿਣ ਦਿੱਤਾ ਜਾਵੇਗਾ। ਉਸ ਦੇ ਰਕੀਬਾਂ ਨੇ ਪਹਿਲਾਂ ਤੋਂ ਹੀ ਉਸ ਨੂੰ ਸੀਖਾਂ ਪਿੱਛੇ ਡੱਕਣ ਦਾ ਬਾਨ੍ਹਣੂੰ ਬੰਨ੍ਹ ਰੱਖਿਆ ਹੈ।
ਬਹੁਤੇ ਸਿਆਸਤਦਾਨ ਕੋਈ ਚੱਜ ਦਾ ਕੰਮਕਾਰ ਕਰਨ ਜੋਗੇ ਹੈ ਵੀ ਨਹੀਂ। ਮੁੱਠੀ ਭਰ ਵਕੀਲਾਂ ਨੂੰ ਛੱਡ ਦਿਉ ਜਿਹੜੇ ਫਿਰ ਤੋਂ ਆਪਣੇ ਕਾਲੇ ਕੋਟ ਪਹਿਨ ਸਕਦੇ ਹਨ ਅਤੇ ਮੋਟੀ ਕਮਾਈ ਕਰ ਸਕਦੇ ਹਨ, ਜ਼ਿਆਦਾਤਰ ਸਿਆਸੀ ਲੋਕ ਭਾਵ ‘ਲੀਡਰ’, ਗ਼ੈਰ-ਸਿਆਸੀ ਭੂਮਿਕਾ ਨਿਭਾਉਣ ਦੇ ਕਾਬਲ ਹੀ ਨਹੀਂ ਹੁੰਦੇ। ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਪ੍ਰਾਈਵੇਟ ਸੰਸਥਾ ਕਿਸੇ ਰਿਟਾਇਰਡ ਸਿਆਸੀ ਲੀਡਰ ਨੂੰ ਕਿਸੇ ਵਧੀਆ ਅਹੁਦੇ ਲਈ     ਯੋਗ ਸਮਝ ਸਕਦੀ ਹੈ। ਹਾਂ ਕਿਸੇ ਨੇ ਆਪਣੇ ਕਾਰੋਬਾਰ ਲਈ ‘ਲੌਬੀਬਾਜ਼’ਦਾ ਕੰਮ ਕਰਵਾਉਣਾ ਹੋਵੇ ਤਾਂ ਵੱਖਰੀ ਗੱਲ ਹੈ।
ਹੁਣ ਤਾਂ ਇੱਕ ਹੋਰ ਵੱਡੀ ਗੱਲ ਹੈ ‘‘ਸੁਰੱਖਿਆ’’ ਦੀ। ਇੱਕ ਵਾਰ ਸੱਤਾ ਵਿੱਚ ਆ ਗਏ ਤਾਂ ਫਿਰ ਮਾੜੇ ਤੋਂ ਮਾੜੇ ਕਿਰਦਾਰ ਵੀ ਜਿਨ੍ਹਾਂ ਤੋਂ ਸ਼ਰੀਫ਼ ਆਦਮੀ ਵੈਸੇ ਹੀ ਭੈਅ ਖਾਂਦੇ ਹੋਣ, ਜਾਨ ਨੂੰ ਖ਼ਤਰੇ ਦੀ ਆੜ ਹੇਠ ਉਨ੍ਹਾਂ ਕਥਿਤ ਪੇਸ਼ੇਵਾਰਾਨਾ ਹਿਫ਼ਾਜ਼ਤੀ ਏਜੰਸੀਆਂ ਵੱਲੋਂ ‘‘ਸੁਰੱਖਿਆ’’ ਦੇ ਪਾਤਰ ਸਮਝ ਲਏ ਜਾਂਦੇ ਹਨ। ਲਿਹਾਜ਼ਾ, ਕੋਈ ਵੀ ਸਿਆਸਤ ਛੱਡਣਾ ਨਹੀਂ ਚਾਹੁੰਦਾ ਕਿਉਂਕਿ ਇੱਧਰੋਂ ਪਾਸੇ ਹੁੰਦਿਆਂ ਹੀ ‘‘ਸੁਰੱਖਿਆ ਕਵਚ’’ ਖੁੱਸ ਜਾਣਾ ਤੈਅ ਹੁੰਦਾ ਹੈ।
ਨਤੀਜੇ ਵਜੋਂ ‘‘ਲੀਡਰਾਂ’’ ਦਾ ਇੱਕੋ ਹੀ ਟੋਲਾ ਦਹਾਕਿਆਂ ਤੇ ਦਹਾਕਿਆਂ ਬੱਧੀ ਸਾਡਾ ਖਹਿੜਾ ਨਹੀਂ ਛੱਡਦਾ।

10 dec 2ਇਹ ਹਫ਼ਤਾ ਜੈਲਲਿਤਾ ਬਾਰੇ ਗੱਲਾਂ ਕਰਨ ਦਾ ਹੈ। ਮੈਂ ਜਿੰਨੇ ਸਿਆਸੀ ਆਗੂਆਂ ਨੂੰ ਮਿਲਿਆ ਹਾਂ, ਉਨ੍ਹਾਂ ਵਿੱਚੋਂ ਅੰਮਾ ਸਭ ਤੋਂ ਹੋਣਹਾਰ ਆਗੂ ਸੀ। ਇੱਥੇ ਹੋਣਹਾਰ ਤੋਂ ਮੁਰਾਦ ਬੁੱਧੀਜੀਵੀ ਵਗ਼ੈਰਾ ਨਹੀਂ ਸਗੋਂ ਉਸ ਦੇ ਸਿਆਸੀ ਤੌਰ ’ਤੇ ਤੀਖਣ-ਬੁੱਧੀ ਹੋਣ, ਸ਼ਾਤਿਰਤਾ ਅਤੇ ਸਮਝਦਾਰੀ ਤੋਂ ਹੈ। ਬਹੁਤ ਹੀ ਆਤਮ-ਵਿਸ਼ਵਾਸੀ ਤੇ ਅੰਦਰੂਨੀ ਤੌਰ ’ਤੇ ਸੰਜਮੀ। ਸੱਚਮੁੱਚ ਬਹੁਤ ਠਹਿਰਾਉ ਵਾਲੀ ਸ਼ਖ਼ਸੀਅਤ ਸੀ ਉਹ।
ਉਸ ਦੇ ਨਾਲ ਮੇਰੀ ਇੱਕੋਇੱਕ ਮੁਲਾਕਾਤ ਉਨ੍ਹੀਂ ਦਿਨੀਂ ਹੋਈ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਪਰੈਲ 1999 ਵਿੱਚ ਭਰੋਸੇ ਦਾ ਮਤ ਹਾਸਲ ਕਰਨਾ ਸੀ। ਪਹਿਲਾਂ ਜ਼ਰਾ ਪਿਛੋਕੜ ਵੱਲ ਝਾਤ ਮਾਰ ਲਈਏ। 1998 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਜਯਾ ਦੀ ਏਆਈਡੀਐੱਮਕੇ ਅਤੇ ਹੋਰਨਾਂ ਛੋਟੀਆਂ ਦ੍ਰਾਵਿੜ ਪਾਰਟੀਆਂ ਨਾਲ ਗੱਠਜੋੜ ਕਰ ਲਿਆ ਸੀ। ਐੱਨਡੀਏ ਤਾਮਿਲ ਨਾਡੂ ਵਿੱਚ 30 ਸੀਟਾਂ ਲੈ ਗਈ ਜਿਸ ਨਾਲ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ। ਉਦੋਂ ਅਡਵਾਨੀ ਨੇ ਪਾਰਟੀ ਕੋਲ ‘‘ਦੱਖਣੀ ਰਣਨੀਤੀ’’ ਹੋਣ ਦੀ ਸ਼ੇਖ਼ੀ ਮਾਰੀ ਸੀ। ਪਰ ਨੌਂ ਮਹੀਨਿਆਂ ਵਿੱਚ ਹੀ ਸਭ ਧਰਿਆ ਧਰਾਇਆ ਰਹਿ ਗਿਆ। ਲੋਕ ਸਭਾ ਵਿੱਚ ਵਾਜਪਾਈ ਦੇ ਬਹੁਮਤ ਦੀਆਂ ਸੰਭਾਵਨਾਵਾਂ ਨੂੰ ਧੁੰਦਲਾ ਕਰਨ ਲਈ ਸੁਬਰਾਮਨੀਅਨ ਸਵਾਮੀ ਦੇ ਕਹਿਣ ’ਤੇ ਜਯਾ, ਸੋਨੀਆ ਗਾਂਧੀ ਦੀ ਕਾਂਗਰਸ ਨਾਲ ਹੱਥ ਮਿਲਾਉਣ ਲਈ ਤਿਆਰ ਹੋ ਗਈ ਸੀ। ਰਾਸ਼ਟਰਪਤੀ ਕੇ.ਆਰ. ਨਾਰਾਇਣਨ ਕੋਲ ਪ੍ਰਧਾਨ-ਮੰਤਰੀ ਨੂੰ ਲੋਕ ਸਭਾ ਵਿੱਚ ਬਹੁਮਤ ਸਿੱਧ ਕਰਨ ਲਈ ਕਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਾ ਰਿਹਾ।
ਇੱਥੋਂ ਸ਼ੁਰੂ ਹੋਇਆ ਦੌਰ ਹਾਲੇ ਤੱਕ ਕਦੇ ਵੀ ਨਾ ਦੇਖੀਆਂ ਸੁਣੀਆਂ ਸਿਆਸੀ ਸਾਜ਼ਿਸ਼ਾਂ ਦੀ ਘਾੜਤ ਅਤੇ ਜੋੜ ਤੋੜ ਦੇ ਸਿਲਸਿਲੇ ਦਾ। ਫ਼ਿਜ਼ਾ ਵਿੱਚ ਅਜੀਬੋ-ਗ਼ਰੀਬ ਜੋਸ਼ ਠਾਠਾਂ ਮਾਰ ਰਿਹਾ ਸੀ। ਸਥਿਤੀ ਹਰ ਪਲ ਬਦਲ ਰਹੀ ਸੀ। ਬਹੁਤ ਕੁਝ ਦਾਅ ’ਤੇ ਲੱਗਿਆ ਹੋਇਆ ਸੀ ਅਤੇ ਸ਼ਕਤੀਸ਼ਾਲੀ ਹਿਤਾਂ ਨਾਲ ਜੁੜੀਆਂ ਤਾਕਤਾਂ ਵੀ ਪੂਰੀਆਂ ਸਰਗਰਮ ਸਨ। ਇਹ ਉਹ ਹਫ਼ਤਾ ਸੀ ਜਿਸ ਲਈ ਕੋਈ ਸਿਆਸੀ ਬੀਟ ਵਾਲਾ ਰਿਪੋਰਟਰ ਉਮਰ ਭਰ ਤਾਂਘਦਾ ਹੈ। ਮੋਹਤਰਮਾ ਜੈਲਲਿਤਾ ਦਿੱਲੀ ਆ ਕੇ ਇੱਕ ਪੰਜ-ਤਾਰਾ ਹੋਟਲ ’ਚ ਠਹਿਰ ਚੁੱਕੀ ਸੀ। ਅੰਮਾ ਅਤੇ ਉਸਦੀ ਸੁਰੱਖਿਆ ਕਰਨ ਵਾਲੇ ਅਮਲੇ ਫੈਲੇ ਲਈ ਇੱਕ ਪੂਰਾ ਫ਼ਲੋਰ ਬੁੱਕ ਸੀ।
ਉਸ ਨੇ ਮੈਨੂੰ ਗੱਲਬਾਤ ਲਈ ਕਰਨ ਲਈ ਹੋਟਲ ਬੁਲਾਇਆ ਸੀ। ਮੈਨੂੰ ਬਾਕੀ ਪੱਤਰਕਾਰਾਂ ਦੇ ਮੁਕਾਬਲੇ ਜ਼ਰਾ ਉਸ ਦਾ ‘ਹਮਵਤਨ’ ਹੋਣ ਦਾ ਲਾਭ ਮਿਲ       ਰਿਹਾ ਸੀ ਕਿਉਂਕਿ ਮੈਂ ‘‘ਦਿ ਹਿੰਦੂ’’ ਅਖ਼ਬਾਰ ਲਈ ਕੰਮ ਕਰਦਾ ਸੀ।
ਜਦੋਂ ਮੈਂ ਉਸ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਸ ਨੇ ਮੈਨੂੰ ਅੰਦਰ ਬੁਲਾ ਲਿਆ ਅਤੇ ਫਟਾਫਟ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਇਹ ਕਹਿ ਕੇ ਕਿ (ਸੰਸਦ ਵਿੱਚ) ਮੁਰਾਸੋਲੀ ਮਾਰਨ ਬੋਲਣਾ ਸ਼ੁਰੂ ਕਰਨ ਲੱਗੇ ਹਨ। ਵਾਜਪਾਈ ਸਰਕਾਰ ਦੇ ਬਾਰਸੂਖ਼ ਬੰਦਿਆਂ ਨੇ ਡੀਐੱਮਕੇ ਨੂੰ ਯੂਨਾਈਟਿਡ ਫ਼ਰੰਟ ਨਾਲੋਂ ਤੋੜ-ਵਿਛੋੜਾ ਕਰ ਕੇ ਸਰਕਾਰ ਨੰ ਸਮਰਥਨ ਦੇਣ ਲਈ ਮਜਬੂਰ ਕਰ ਦਿੱਤਾ ਸੀ। ਇਹ ਵੱਖਰੀ ਗੱਲ ਸੀ ਕਿ ਡੀਐੱਮਕੇ ਦੇ ਮੈਂਬਰਾਂ ਦੀ ਗਿਣਤੀ ਏਆਈਏਡੀਐੱਮਕੇ ਦੇ ਮੈਂਬਰਾਂ ਦੇ ਨੁਕਸਾਨ ਸਾਹਵੇਂ ਨਾਕਾਫ਼ੀ ਸੀ।
ਹੋਟਲ ਪਹੁੰਚਣ ਦੇ ਰਾਹ ਵਿੱਚ ਮੈਨੂੰ ਇੱਕ ਬਹੁਤ ਹੀ ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਕਿ ਬੀਐਂੱਸਪੀ ਦੀਆਂ ਚਾਰ ਵੋਟਾਂ ਐੱਨਡੀਏ ਵੱਲੋਂ ਹਥਿਆਏ ਜਾਣ ਦਾ ਖ਼ਤਰਾ ਹੈ। ਜਦੋਂ ਮੈਂ ਇਹ ਸੂਚਨਾ ਜੈਲਲਿਤਾ ਨਾਲ ਸਾਂਝੀ ਕੀਤੀ ਤਾਂ ਉਹ ਹੈਰਾਨ ਰਹਿ ਗਈ ਅਤੇ ਵਸੀਲੇ ਦਾ ਨਾਂ ਜਾਣਨ ਲਈ ਲਈ ਇਸਰਾਰ ਕਰਨ ਲੱਗੀ। ਮੈਂ ਇਨਕਾਰ ਕਰ ਦਿੱਤਾ। ਪਰ ਉਹ ਪੂਰੀ ਤਰ੍ਹਾਂ ਚੌਂਕ ਗਈ ਸੀ ਅਤੇ ਮੈਨੂੰ ਬਾਅਦ ’ਚ ਪਤਾ ਚੱਲਿਆ ਕਿ ਉਹ ਇਸ ਦਾ ਕੋਈ ਹੱਲ ਲੱਭਣਾ ਚਾਹੁੰਦੀ ਸੀ। ਉਨ੍ਹਾਂ ਚਾਰ ਵੋਟਾਂ ਦੀ ਬੜੀ ਅਹਿਮੀਅਤ ਸੀ। ਗੱਲਬਾਤ ਦੌਰਾਨ ਉਸ ਨੇ ਮੈਨੂੰ ਜ਼ੋਰ ਦੇ ਦੇ ਕੇ ਪੁੱਛਿਆ ਕਿ ਸੋਨੀਆ ਗਾਂਧੀ ਆਪਣੀ ਸੰਖਿਆ ਵਧਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਦੌਰਾਨ ਤਾਮਿਲ ਨਾਡੂ ਦੀ ਇਹ ਲੀਡਰ ਸ਼੍ਰੀਮਤੀ ਗਾਂਧੀ ਦੀ ਫ਼ਿਤਰਤ ਬਾਖ਼ੂਬੀ ਜਾਣ ਗਈ। ਮੁੜ ਕੇ ਉਸ ਨੇ ਕਦੇ ਕਾਂਗਰਸ ਜਾਂ ਸ੍ਰੀਮਤੀ ਗਾਂਧੀ ਦੇ ਹੱਕ ਵਿੱਚ ਤੁਰਨ ਦਾ ਹੀਆ ਨਹੀਂ ਕੀਤਾ।

10 dec 4ਥੈਂਕ ਯੂ ਫਾਰ ਬੀਇੰਗ ਲੇਟ’ (ਦੇਰੀ ਨਾਲ ਆਉਣ ਲਈ ਸ਼ੁਕਰੀਆ) ਥਾਮਸ ਐੱਲ. ਫ਼ਰਾਈਡਮੈਨ ਦੀ ਨਵੀਂ ਕਿਤਾਬ ਦਾ ਸਿਰਲੇਖ ਹੈ। ਫ਼ਰਾਈਡਮੈਨ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਕ ਚਰਚਿਤ ਨਾਮ ਹੈ ਅਤੇ ਉਸ ਦੇ ਪਾਠਕ ਅਤੇ ਪੈਰੋਕਾਰ ਸੰਸਾਰ ਭਰ ਵਿੱਚ ਫੈਲੇ ਹੋਏ ਹਨ। ਇਸ ਕਿਤਾਬ ਵਿੱਚ ਉਸ ਨੇ ਪਾਠਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਉਪ ਸਿਰਲੇਖ ਵਿੱਚ ਉਹ ਇਸ ਨੂੰ ‘‘ਤੇਜ਼ ਰਫ਼ਤਾਰੀ ਦੇ ਯੁੱਗ ਵਿੱਚ ਵਿਕਾਸ ਦੇ ਪਾਂਧੀ ਬਣਨ ਲਈ ਇੱਕ ਆਸ਼ਾਵਾਦੀ ਦੀ ਰਾਹ-ਦਸੇਰੀ ਕਿਤਾਬ’’ ਦੱਸਦਾ ਹੈ। ਉਸ ਦੀ ਦਲੀਲ ਹੈ ਕਿ ਸਾਡੀ ਧਰਤੀ ਤਿੰਨ ਸ਼ਕਤੀਆਂ ਦੇ ਪੰਜੇ ਦੀ ਜਕੜ ਵਿੱਚ ਹੈ- ਤਕਨਾਲੋਜੀ, ਸੰਸਾਰੀਕਰਨ ਅਤੇ ਜਲਵਾਯੂ ਪਰਿਵਰਤਨ। ਇਹ ਜਕੜ ਦਿਨ-ਬਦਿਨ ਪੀਡੀ ਹੋ ਕੇ ਇੱਕ ਭੰਬਲਭੂਸੇ ਵਾਲੀ ਹਾਲਤ ਪੈਦਾ ਕਰ ਰਹੀ ਹੈ। ਅਤੇ, ਉਸ ਨੇ ਮੁੱਕਦੀ ਗੱਲ ਇਹ ਦੱਸੀ ਹੈ ਕਿ ਵਿਅਕਤੀਗਤ ਮੁਕਤੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਹੱਲ ਤਾਂ ਸਮੂਹਕ ਹੁੰਦੇ ਹਨ।
ਦੇਰੀ ਵਾਲਾ ਮਾਜਰਾ ਦਰਅਸਲ ਲਾਭਕਾਰੀ ਸੁੱਖ-ਚੈਨ ਉੱਪਰ ਧਿਆਨ ਇਕਾਗਰ ਕਰਨਾ ਹੈ ਜਿਹੜਾ ਲੇਖਕ ਨੂੰ ਉਦੋਂ ਮਹਿਸੂਸ ਹੋਇਆ ਜਦੋਂ ਉਸ ਨੂੰ ਮਿਲਣ ਵਾਲਾ ਇੱਕ ਸੱਜਣ ਮੁਲਾਕਾਤ ਦੇ ਮਿੱਥੇ ਸਮੇਂ ਤੋਂ ਲੇਟ ਆਇਆ। ਸਿੱਧੀ ਗੱਲ ਹੈ ਕਿ ਆਉਣ ਵਾਲੇ ਨੇ ਸੋਚਿਆ ਹੋਵੇਗਾ ਕਿ ਕਾਹਲੀ ਦੀ ਕੋਈ ਜ਼ਰੂਰਤ ਨਹੀਂ ਅਤੇ ਐਵੇਂ ਆਪਣੀ ਪੈਂਠ ਬਣਾਉਣ ਲਈ ਰੁੱਝੇ ਨਾ ਹੋਣ ਦਾ ਉਪਰਾਲਾ ਕਰਨ ਵਿੱਚ ਵੀ ਕੋਈ ਸ਼ਰਮ ਵਾਲੀ ਗੱਲ ਨਹੀਂ। ਇਹ ਕਿਤਾਬ ਦਿੱਲੀ ਵਿੱਚ ਹਕੂਮਤ ਕਰ ਰਹੇ ਕੁਲੀਨ ਵਰਗ ਦੇ ਹਰ ਸੀਨੀਅਰ ਮੈਂਬਰ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਉਹ ਹਾਲੇ ਵੀ ਸਮਝ ਸਕੇ ਕਿ ਇੱਕ ਦੁਨੀਆ ਹੋਰ ਵੀ ਹੈ ਜਿਹੜੀ ਉਨ੍ਹਾਂ ਦੇ ਮਨੋਵੇਗਾਂ, ਪਸੰਦਗੀਆਂ-ਨਾਪਸੰਦਗੀਆਂ ਅਤੇ ਝੱਖੀ ਹਰਕਤਾਂ ਤੋਂ ਪਰ੍ਹੇ ਹੈ। ਦਿਹਾਤੀ ਜਾਹਿਲ ਦੀ ਇੱਕ ਆਪਣੀ ਦੁਨੀਆ ਹੁੰਦੀ ਹੈ ਜਿਸ ਵਿੱਚ ਉਹ ਸੁਖੀ ਰਹਿੰਦਾ ਹੈ।
ਇਹ ਕਿਤਾਬ ਹਰ ਉਸ ਪੱਤਰਕਾਰ ਨੂੰ ਵੀ ਪੜ੍ਹਨੀ ਚਾਹੀਦੀ ਹੈ ਜਿਹੜਾ ਕਾਲਮ-ਨਵੀਸ ਜਾਂ ਬਲੌਗਰ ਬਣਨ ਦੀ ਖ਼ਾਹਸ਼ ਰੱਖਦਾ ਹੈ। ਦਿਲਕਸ਼ ਭੂਮਿਕਾ ਵਿੱਚ ਫ਼ਰਾਈਡਮੈਨ ਵਾਸ਼ਿੰਗਟਨ ਡੀ.ਸੀ. ਦੀ ਇੱਕ ਪਾਰਕਿੰਗ ਵਿੱਚ ਕਿਸੇ ਨਿਗਰਾਨ ਮੁੰਡੇ ਨਾਲ ਆਪਣੇ ਗ਼ੈਰ-ਰਵਾਇਤੀ ਰਿਸ਼ਤੇ ਦੀ ਬਾਤ ਪਾਉਂਦਾ ਹੈ। ਉਹ ਈਥੋਪੀਆ ਦਾ ਇੱਕ ਤਾਲੀਮਯਾਫ਼ਤਾ ਪਰਵਾਸੀ ਹੈ ਜਿਹੜਾ ਬਲੌਗਰ ਹੈ। ਉਹ ਲੇਖਕ ਨੂੰ ਦੱਸਦਾ ਹੈ ਕਿ ਉਹ ਵੀ ਕਿਸੇ ਵੇਲੇ ਉਸੇ ਵਾਲੇ ਕਿੱਤੇ ਵਿੱਚ, ਯਾਨੀ ਕਾਲਮ-ਨਵੀਸ ਸੀ। ਇਹ ਸੁਣ ਕੇ ਫ਼ਰਾਈਡਮੈਨ ਦਾ ਧਿਆਨ ਉਸ ਵੱਲ ਖਿੱਚਿਆ ਜਾਂਦਾ ਹੈ।
ਅਗਲੇ ਕੁੱਝ ਸਫ਼ਿਆਂ ਵਿੱਚ ਇਸ ਕਾਲਮਨਵੀਸ ਦਾ ਆਤਮ-ਵਿਸ਼ਲੇਸ਼ਣ ਹੈ ਜੋ ਉਸ ਦੇ ਆਪਣੇ ਹੁਨਰ ਦੀ ਹੀ ਭੂਮਿਕਾ ਹੈ। ਇਹ ਹਥਲੇ ਵਿਸ਼ੇ ਬਾਰੇ ਕੋਈ ਪਹਿਲੋਂ ਮਿੱਥੀਆਂ ਧਾਰਨਾਵਾਂ ਜਾਂ ਸਲਵਾਤਾਂ ਦਾ ਪੁਲੰਦਾ ਨਹੀਂ ਸਗੋਂ ਕਿਸੇ ਰਾਇ ਪਿਛਲੀ ਅਸਲੀਅਤ ਪ੍ਰਤੀ ਇੱਕ ਅੰਤਰਝਾਤ ਹੈ।
ਕੁੱਲ ਮਿਲਾ ਕੇ ਇਹ ਪਾਠਕ ਨੂੰ ਨਿਰਾਸ਼ਾਜਨਕ ਮਾਹੌਲ ਵਿੱਚੋਂ ਅਰਥ ਤਲਾਸ਼ਣ ਯੋਗ ਬਣਾਉਣ ਦੀ ਇੱਕ ਕਵਾਇਦ ਹੈ। ਫ਼ਰਾਈਡਮੈਨ ਕਹਿੰਦਾ ਹੈ, ‘‘ਇਹ ਰਸਾਇਣਕ ਕਿਰਿਆ ਆਮ ਤੌਰ ਤੇ ਤਿੰਨ ਤੱਤਾਂ ਦਾ ਮਿਸ਼੍ਰਣ ਹੈ: ਤੁਹਾਡੀਆਂ ਆਪਣੀਆਂ ਕਦਰਾਂ ਕੀਮਤਾਂ, ਤਰਜੀਹਾਂ ਅਤੇ ਖ਼ਾਹਸ਼ਾਂ। ਕਿਵੇਂ ਤੁਸੀਂ ਸੋਚਣ ਲੱਗਦੇ ਹੋ ਕਿ ਦੁਨੀਆ ਦੀਆਂ ਵੱਡੀਆਂ ਤਾਕਤਾਂ ਕਾਰਕ ਵਜੋਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਇਹ ਵੀ ਕਿ ਤੁਸੀਂ ਲੋਕਾਂ ਬਾਰੇ ਅਤੇ ਤਹਿਜ਼ੀਬ ਬਾਰੇ ਕੀ ਸਿੱਖਿਆ ਹੈ। ਵੱਡੀਆਂ ਤਾਕਤਾਂ ਦੇ ਪ੍ਰਭਾਵ ਹੇਠ ਉਨ੍ਹਾਂ ਦਾ ਰੱਦੇਅਮਲ ਕਿਹੋ ਜਿਹਾ ਹੁੰਦਾ ਹੈ,… ਵਗ਼ੈਰਾ… ਵਗ਼ੈਰਾ।’’
ਬਹੁਤ ਗੁੰਝਲਦਾਰ ਹੈ ਇਹ ਸਭ ,ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਾਫ਼ੀ ਪੀਣੋਂ ਲੇਟ ਹੋ ਜਾਈਏ। ਆ ਜਾਉ!

ਈਮੇਲ: kaffeeklatsch@tribuneindia.com


Comments Off on ਇਹ ਆਪੋ-ਆਪਣੇ ਘਰ ਕਿਉਂ ਨਹੀਂ ਜਾ ਬਹਿੰਦੇ…?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.