ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਉਡਦੀ ਖ਼ਬਰ

Posted On December - 11 - 2016

ਉੱਚ ਅਫ਼ਸਰਸ਼ਾਹੀ ਦੀ ਅਜਬ ਜਮਹੂਰੀ ਆਸਥਾ
ਪੰਜਾਬ ਦੇ ਆਈਏਐਸ ਅਫਸਰਾਂ ਦੇ ਐਸੋਸੀਏਸ਼ਨ ਦੀ ਹਾਲ ਹੀ ’ਚ ਹੋਈ ਚੋਣ ਦੌਰਾਨ ਬੜੇ ਹੀ ਰੌਚਕ ਤੱਥ ਸਾਹਮਣੇ ਆਏ ਹਨ। ਇਸ ਚੋਣ ਦੌਰਾਨ ਵਧੀਕ ਮੁੱਖ ਸਕੱਤਰ (ਮਾਲ) ਕੇ.ਬੀ. ਐਸ. ਸਿੱਧੂ ਪ੍ਰਧਾਨ, ਵਿਸ਼ਵਜੀਤ ਖੰਨਾ ਸੀਨੀਅਰ ਮੀਤ ਪ੍ਰਧਾਨ ਅਤੇ ਏ. ਵੇਣੂ ਪ੍ਰਸਾਦ ਮੀਤ ਪ੍ਰਧਾਨ ਚੁਣੇ ਗਏ। ਉੱਡਦੀ ਖ਼ਬਰ ਹੈ ਕਿ ਸ੍ਰੀ ਸਿੱਧੂ ਮਹਿਜ਼ 8 ਵੋਟਾਂ ਹਾਸਲ ਕਰਕੇ ਪ੍ਰਧਾਨ ਦੀ ਚੋਣ ਜਿੱਤ ਗਏ। ਇੰਨੀਆਂ ਹੀ ਵੋਟਾਂ ਦੂਸਰੇ ਅਹੁਦੇਦਾਰਾਂ ਨੂੰ ਮਿਲੀਆਂ ਹਨ। ਪੰਜਾਬ ਕਾਡਰ ਵਿੱਚ ਤਕਰੀਬਨ 200 ਆਈਏਐਸ ਅਫਸਰ ਹਨ। ਇਸ ਤਰ੍ਹਾਂ ਨਾਲ ਸ੍ਰੀ ਸਿੱਧੂ ਨੂੰ ਮਹਿਜ਼ 4 ਫੀਸਦੀ ਵੋਟਾਂ ਹੀ ਪਈਆਂ। ਵੋਟਾਂ ਦੇ ਘੱਟ ਭੁਗਤਾਨ ਤੋਂ ਆਈਏਐਸ ਅਫਸਰਾਂ ਨੂੰ ਬੜੀ ਹੀ ਹੈਰਾਨੀ ਹੋਈ ਹੈ। ਪ੍ਰਸ਼ਾਸਕੀ ਹਲਕਿਆਂ ਵਿੱਚ ਇਨ੍ਹੀ-ਦਿਨੀਂ ਚਰਚਾ ਹੈ ਕਿ ਜਿਸ ਤਰ੍ਹਾਂ ਐਸੋਸੀਏਸ਼ਨ ਦੀਆਂ ਚੋਣਾਂ ’ਚ ਵੱਡੀ ਗਿਣਤੀ ਅਫਸਰਾਂ ਨੇ ਵੋਟਾਂ ਨਾ ਪਾ ਕੇ ਅਫਸਰਾਂ ਦੀ ਜਥੇਬੰਦੀ ਦੀ ਲੋਕਤੰਤਰੀ ਪ੍ਰਣਾਲੀ ਪ੍ਰਤੀ ਬੇਭਰੋਸਗੀ ਜ਼ਾਹਿਰ ਕੀਤੀ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਸੀਨੀਅਰ ਆਈਏਐਸ ਅਧਿਕਾਰੀ ਆਪਣੇ ਹੀ ਜੂਨੀਅਰ ਅਫਸਰਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰ ਰਹੇ। ਐਸੋਸੀਏਸ਼ਨ ਦੇ ਪ੍ਰਧਾਨ ਦੀ ਹਰ ਸਾਲ ਚੋਣ ਹੁੰਦੀ ਹੈ ਅਤੇ ਸਾਰੇ ਅਫਸਰਾਂ ਵੱਲੋਂ ਸੀਨੀਅਰ ਅਫਸਰਾਂ ਵਿੱਚੋਂ ਹੀ ਕਿਸੇ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ। ਵੋਟਾਂ ਈਮੇਲ ਰਾਹੀਂ ਪਾਈਆਂ ਜਾਂਦੀਆਂ ਹਨ। ਇਸ ਲਈ ਕੋਈ ਬਹਾਨੇਬਾਜ਼ੀ ਵੀ ਨਹੀਂ ਚੱਲ ਸਕਦੀ।

ਛੋਟੇ ਬਾਦਲ ਦੇ ਕਰੀਬੀ ਦੀ ਤਾਕਤ ਦਾ ਜਲਵਾ
ਪੰਜਾਬ ਕਾਡਰ ਦੇ ਆਈਏਐਸ ਅਧਿਕਾਰੀ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਭਵਨ, ਦਿੱਲੀ ’ਚ ਰੈਜ਼ੀਡੈਂਟ ਕਮਿਸ਼ਨਰ ਵਜੋਂ ਹੀ ਸੇਵਾ ਨਿਭਾਉਂਦਾ ਆ ਰਿਹਾ ਹੈ, ਨੂੰ ਉਪ ਮੁੱਖ ਮੰਤਰੀ ਨਾਲ ਤਾਇਨਾਤ ਇੱਕ ਆਈਏਐਸ ਅਫਸਰ ਦੀ ਨਾਰਾਜ਼ਗੀ ਬਹੁਤ ਮਹਿੰਗੀ ਪਈ। ਉੱਡਦੀ ਖ਼ਬਰ ਹੈ ਕਿ ਉਪ ਮੁੱਖ ਮੰਤਰੀ ਦਾ ਇਹ ਕਰੀਬੀ ਅਧਿਕਾਰੀ ਪਿਛਲੇ ਦਿਨੀਂ ਜਦੋਂ ਨਵੀਂ ਦਿੱਲੀ ਗਿਆ ਤਾਂ ਉਸ ਨੇ ਪੰਜਾਬ ਭਵਨ ਦੇ ‘ਏ’ ਬਲਾਕ ਵਿੱਚ ਵਧੀਆ ਕਮਰੇ ਦੀ ਮੰਗ ਕੀਤੀ। ਰੈਜ਼ੀਡੈਂਟ ਕਮਿਸ਼ਨਰ ਨੇ ‘ਏ’ ਬਲਾਕ ਵਿੱਚ ਕਮਰਾ ਖਾਲੀ ਨਾ ਹੋਣ ਕਾਰਨ ਕਿਹਾ ਕਿ ਕਾਂਗਰਸ ਦੇ ਉੱਚ ਨੇਤਾਵਾਂ ਨੇ ਕਮਰੇ ਮੱਲੇ ਹੋਏ ਹਨ, ਇਸ ਲਈ ‘ਬੀ’ ਬਲਾਕ ’ਚ ਕਮਰਾ ਮੁਹੱਈਆ ਕਰਾਇਆ ਜਾ ਸਕਦਾ ਹੈ। ਛੋਟੇ ਬਾਦਲ ਦੇ ਕਰੀਬੀ ਨੂੰ ਲੱਗਿਆ ਕਿ ਉਸ ਦੀ ਤੌਹੀਨ ਕੀਤੀ ਜਾ ਰਹੀ ਹੈ। ਉਸ ਨੇ ਆਪਣੀ ਤਾਕਤ ਦਾ ਜਲਵਾ ਰੈਜ਼ੀਡੈਂਟ ਕਮਿਸ਼ਨਰ ਨੂੰ ਚੰਡੀਗੜ੍ਹ ਬਦਲਵਾ ਕੇ ਦਿਖਾ ਦਿੱਤਾ।

b copyਕਾਂਗਰਸ ਲਈ ਨਵੀਂ ਬਿਪਤਾ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਦਿੱਲੀ ਵਿਚ ਹੋਏ ਇਕ ਸਮਾਗਮ ਦੌਰਾਨ ‘ਨਿੱਘੀ ਦੋਸਤੀ’ ਦਾ ਸੰਦੇਸ਼ ਮੀਡੀਆ ਕੋਲ ਜਾਣ ਤੋਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਿਚ ਜਿਥੇ ਮਾਯੂਸੀ ਪਾਈ ਜਾ ਰਹੀ ਹੈ, ਉਥੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਖੁਸ਼ ਹਨ। ਕਾਂਗਰਸ ਦੇ ਕਈ ਆਗੂਆਂ ਨੇ ਦਿੱਲੀ ਸਮਾਗਮ ਦੇ ਘਟਨਾਕ੍ਰਮ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਲਈ ਇਸੇ ਕਰਕੇ ਹੀਰੋ ਹਨ ਕਿ ਉਹ (ਅਮਰਿੰਦਰ) ਬਾਦਲਾਂ ਨਾਲ ਟੱਕਰ ਲੈਂਦੇ ਰਹੇ ਹਨ। ਜੇਕਰ ਸਾਬਕਾ ਮੁੱਖ ਮੰਤਰੀ ਬਾਰੇ ਜਨਤਕ ਤੌਰ ’ਤੇ ਇਹ ਪ੍ਰਭਾਵ ਬਣ ਗਿਆ ਕਿ ਬਾਦਲਾਂ ਤੇ ਕੈਪਟਨ ਦੀ ਦੋਸਤੀ ਹੋ ਗਈ ਹੈ ਤਾਂ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲੱਗ ਸਕਦਾ ਹੈ। ਆਮ ਆਦਮੀ ਪਾਰਟੀ ਨੇ ਤਾਂ ਇਸ ਗੱਲ ਨੂੰ ਪਹਿਲਾਂ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਅਮਰਿੰਦਰ ਸਿੰਘ ਆਪਣਾ ਪਹਿਲਾਂ ਵਾਲਾ ਪ੍ਰਭਾਵ ਕਾਇਮ ਰੱਖ ਸਕਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਏਨੀ ਗੱਲ ਜ਼ਰੂਰ ਹੈ ਦਿੱਲੀ ਦੇ ਸਮਾਗਮ ਨੇ ਸਿਆਸੀ ਹਲਕਿਆਂ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਕੱਦ ਨੂੰ ਛੋਟਾ ਅਤੇ ਛੋਟੇ ਬਾਦਲ ਦੇ ਕੱਦ ਨੂੰ ਵੱਡਾ ਕੀਤਾ।
ਅਕਾਲੀ ਮੰਤਰੀ ਦੀ ਨਾਖੁਸ਼ੀ
ਟਿਕਟਾਂ ਦੀ ਵੰਡ ਅਤੇ ਹੁਣ ਬਦਲੀਆਂ ਤੋਂ ਕਾਂਗਰਸ ਤੇ ਅਕਾਲੀ ਦਲ- ਦੋਵਾਂ ਦੀਆਂ ਸਫ਼ਾਂ ਵਿੱਚ ਨਾਖੁਸ਼ੀ ਹੈ। ਫਰਕ ਸਿਰਫ ਏਨਾ ਹੈ ਕਿ ਕਾਂਗਰਸ ਦੇ ਆਗੂ ਦਾਅ ਲੱਗਦਿਆਂ ਜਨਤਕ ਤੌਰ ’ਤੇ ਵੀ ਮਨ ਦੀ ਭੜਾਸ ਕਢ ਲੈਂਦੇ ਹਨ, ਪਰ ਅਕਾਲੀ ਆਗੂਆਂ ਨੂੰ ਤਾਂ ਦਰਵਾਜ਼ੇ ਬੰਦ ਕਰਕੇ ਦੱਬਵੀਂ ਸੁਰ ਵਿੱਚ ਹੀ ਗੱਲ ਕਰਨੀ ਪੈ ਰਹੀ ਹੈ। ਮਾਲਵੇ ਨਾਲ ਸਬੰਧਤ ਸੀਨੀਅਰ ਮੰਤਰੀ ਨੂੰ ਜਦੋਂ ਆਪਣੇ ਦਿਲ ਦੀ ਗੱਲ ਪਾਰਟੀ ਨੇਤਾਵਾਂ ਕੋਲ ਕਹਿਣ ਦਾ ਅਵਸਰ ਨਾ ਮਿਲਿਆ ਤਾਂ ਉਸ ਨੇ ਆਪਣੇ ਮਹਿਕਮੇ ਦੇ ਅਫਸਰਾਂ ਕੋਲ ਹੀ ਦਿਲ ਹੌਲਾ ਕਰ ਲਿਆ ਸੀ। ਮਹਿਕਮੇ ਦੇ ਸਭ ਤੋਂ ਸੀਨੀਅਰ ਅਫ਼ਸਰ ਦੇ ਕਮਰੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਅਤੇ ਪਾਰਟੀਆਂ ਦੀ ਪੁਜ਼ੀਸ਼ਨ ਨੂੰ ਲੈ ਕੇ ਗੱਲ ਤੁਰੀ ਤਾਂ ਉਸ ਨੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲਿਆਂ ਤੋਂ ਉਪਜੀ ਲੀਡਰਸ਼ਿਪ ਦੀ ਘਾਟ ’ਤੇ ਫ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਹੋਰਨਾਂ ਦੇ ਜ਼ਿਕਰ ਤੋਂ ਬਾਅਦ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ’ਤੇ ਲੱਗੇ ਦੋਸ਼ਾਂ ਅਤੇ ਉਸ ਨੂੰ ਟਿਕਟ ਦੇਣ ਤੋਂ ਨਾਂਹ ਕਰਨ ਤੋਂ ਖ਼ਫ਼ਾ ਹੁੰਦਿਆਂ ਇਹ ਕਹਿ ਦਿੱਤਾ, ਸਾਡੇ ਡਿਪਟੀ ਸੀਐਮ ਨੂੰ ਕੋਈ ਪੁੱਛਣ ਵਾਲਾ ਨਹੀਂ। ਉਹ ਦੱਸਣ ਬਈ ਬਾਕੀ ਸਾਰੇ ਕਿੰਨੇ ਦੁੱਧ-ਧੋਤੇ ਆ। ਮਜੀਠੀਆ ’ਤੇ ਵੀ ਤਾਂ ਕਈ ਤੋਹਮਤਾਂ ਨੇ।  ਸਿਆਸਤ ਵਿੱਚ ਏਨਾ ਕੁ ਤਾਂ ਚੱਲਦਾ ਈ ਐ। ਜੇ ਏਨੀ ਸਚਾਈ ਦੇਖਣ ਲੱਗ ਪਏ ਤਾਂ ਫੇਰ ਤਾਂ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ ਜਾ ਸਕੇਗੀ।’’
ਪਿੰਡ ਬਾਦਲ ਬਣਿਆ ਚੋਣ ਮਨੋਰਥੀ ਹੈੱਡਕੁਆਰਟਰ
ਪੰਜਾਬ ਦੀ ਸਿਆਸਤ ’ਚ ਪਿੰਡ ਬਾਦਲ ਦੀ ਟੌਅਰ ਵਰ੍ਹਿਆਂ ਤੋਂ ਬਣੀ ਹੋਈ ਹੈ। ਜਦੋਂ ਵੀ ਪੰਜਾਬ ਦੀਆਂ ਆਮ ਚੋਣਾਂ ਹੋਣ ਤਾਂ ਇਸ ਪਿੰਡ ਦਾ ਜ਼ਿਕਰ ਹੋਰ ਵੀ ਵਧ ਜਾਂਦਾ ਹੈ। ਹੁਣ ਵੀ ਇਸ ਪਿੰਡ ਦਾ ਵੱਖਰਾ ਹੀ ਸਿਆਸੀ ਦਬਦਬਾ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਦੀ ਸਿਆਸਤ ਦੇ ਚਾਰ ਮਹਾਰਥੀ – ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਇਸ ਪਿੰਡ ਚੋਂ ਹਨ। ਇਸ ਵਾਰ ਤਾਂ ਇਹ ਵੀ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਵੀ ਇਸ ਪਿੰਡ ਵਿੱਚ ਹੀ ਤਿਆਰ ਹੋ ਰਹੇ ਹਨ। ਇਕ ਪਾਸੇ ਸੁਖਬੀਰ ਤੇ ਹਰਸਿਮਰਤ ਬਾਦਲ ਦੀ ਜੋੜੀ ਚੋਣ ਮਨੋਰਥ ਪੱਤਰ ਦੀ ਤਿਆਰੀ ਦੀ ਨਿਗਰਾਨੀ ਕਰ ਰਹੇ ਹਨ ਜਦੋਂਕਿ ਦੂਜੇ ਪਾਸੇ ਮਨਪ੍ਰੀਤ ਬਾਦਲ ਵੀ ਇਸੇ ਪਿੰਡ ਵਿੱਚ ਬੈਠ ਕੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਨੂੰ ਨਿਵੇਕਲੀਆਂ ਛੋਹਾਂ ਦੇ ਰਹੇ ਹਨ।
ਯੋਗਦਾਨ: ਦਵਿੰਦਰ ਪਾਲ, ਕਮਲਜੀਤ ਬਨਵੈਤ ਤੇ ਰਵੇਲ ਸਿੰਘ ਭਿੰਡਰ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.