ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਉਡਦੀ ਖ਼ਬਰ

Posted On December - 25 - 2016

parneet kaurਜਦੋਂ ਮਹਾਰਾਣੀ ਨੇ ਜ਼ੋਰ ਮਾਰਿਆ…

ਅਮਿਤ ਰਤਨ ਕਾਰੋਬਾਰੀ ਬੰਦਾ ਹੈ। ਉਸ ਦੇ ਪੰਜਾਬ ਤੇ ਹਰਿਆਣਾ ਵਿੱਚ ਕਈ ਰਿਸ਼ਤੇਦਾਰ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਹਨ। ਉਸ ਦੀ ਪਤਨੀ ਪੰਜਾਬ ਪੁਲੀਸ ਦੀ ਆਈ.ਪੀ.ਐਸ. ਅਧਿਕਾਰੀ ਹੈ ਅਤੇ ਮਾਮਾ ਇਸੇ ਫੋਰਸ ਵਿੱਚ ਸੀਨੀਅਰ ਆਈ.ਪੀ.ਐਸ. ਅਧਿਕਾਰੀ ਹੈ। ਕਾਰੋਬਾਰ ਕਰਦਿਆਂ ਹੀ ਉਸ ਨੂੰ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਦੀ ਲਲਕ ਲੱਗੀ। ਉਸ ਨੇ ਚੋਣ ਲੜਨ ਦੀ ਧਾਰ ਲਈ। ਇਸ ਵਾਸਤੇ ਉਸ ਨੇ ਟਿਕਟ ਦਾ ਜੁਗਾੜ ਕਰਨ ਦਾ ਫੈਸਲਾ ਕੀਤਾ। ਕਾਂਗਰਸ ਤੋਂ ਟਿਕਟ ਨਾ ਮਿਲਣ ਪਿੱਛੋਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰ ਦਿੱਤਾ। ਦਰਅਸਲ, ਉਹ ਕਾਂਗਰਸ ਦੀ ਟਿਕਟ ’ਤੇ ਚੋਣ ਲੜਨੀ ਚਾਹੁੰਦਾ ਸੀ ਤੇ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ ਟਿਕਟ ਲਈ ਅਰਜ਼ੀ ਵੀ ਦਿੱਤੀ ਹੋਈ ਸੀ। ਪਰ ਟਿਕਟ ਕਾਂਗਰਸ ਨੇ ਪਿਛਲੀ ਵਾਰ ਚੋਣ ਹਾਰ ਗਏ ਨਿਰਮਲ ਸਿੰਘ ਨਿੰਮਾ ਨੂੰ ਮੁੜ ਦੇ ਦਿੱਤੀ। ਉੱਡਦੀ ਖ਼ਬਰ ਹੈ ਕਿ ਰਤਨ ਨੂੰ ਟਿਕਟ ਦੇਣ ਦਾ ਮਾਮਲਾ ਆਇਆ ਤਾਂ ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਸ਼ਹਿਰ ਤੋਂ ਮੌਜੂਦਾ ਵਿਧਾਇਕ ਪਰਨੀਤ ਕੌਰ, ਨਿਰਮਲ ਸਿੰਘ ਦੇ ਹੱਕ ਵਿੱਚ ਡਟ ਗਏ। ਇਸ ਕਾਰਨ ਟਿਕਟ ਰਤਨ ਦੇ ਹਿੱਸੇ ਨਾ ਆਈ।

ਸੋਸ਼ਲ ਮੀਡੀਆ ਗਰੁੱਪਾਂ ਦੀ ਚਾਂਦੀ

ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਪਹਿਲੀ ਵਾਰ ਸੋਸ਼ਲ ਮੀਡੀਆ ਗਰੁੱਪਾਂ ਦੀ ਭਲਵਾਨੀ ਤਾਕਤ ਦਾ ਮੁਜ਼ਾਹਰਾ ਵੇਖਣ ਨੂੰ ਮਿਲੇਗਾ। ਐਤਕੀਂ ਪਿੜ ਜਿੱਤਣ ਲਈ ਬਹੁਤੀਆਂ ਧਿਰਾਂ ਤੇ ਉਮੀਦਵਾਰਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਦਾ ਪ੍ਰਬੰਧ ਕਰਨ ਵਾਲੇ ਗਰੁੱਪ ਵੀ ਭਾੜੇ ’ਤੇ ਕੀਤੇ ਹੋਏ ਹਨ। ਇਨ੍ਹਾਂ ਗਰੁੱਪਾਂ ਵੱਲੋਂ ਰੋਜ਼ਮਰ੍ਹਾ ਦੀ ਰਣਨੀਤੀ ਘੜੀ ਜਾ ਰਹੀ ਹੈ। ਉੱਡਦੀ ਖ਼ਬਰ ਹੈ ਕਿ ਕਈ ਉਮੀਦਵਾਰਾਂ ਨੇ ਬੜੇ ਮਹਿੰਗੇ ਭਾਅ ਸੋਸ਼ਲ ਮੀਡੀਆ ਗਰੁੱਪ ਭਾੜੇ ’ਤੇ ਲਏ ਹਨ। ਇਨ੍ਹਾਂ ਗਰੁੱਪਾਂ ਨੇ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਹੁਣ ਤੋਂ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਹਨ।

ਕੋਡ ਆਇਆ..ਕੋਡ ਆਇਆ..

ਪੰਜਾਬ ਦੀ ਅਫਸਰਸ਼ਾਹੀ ਚੋਣ ਜ਼ਾਬਤਾ (ਕੋਡ ਆਫ ਕੰਡਕਟ) ਲਾਗੂ ਹੋਣ ਦੀ ਬੇਤਾਬੀ ਨਾਲ ਉਡੀਕ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਚੋਣ ਜ਼ਾਬਤਾ ਲੱਗਣ ਦੇ ਡਰੋਂ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੂਫਾਨ ਮੇਲ ਦੀ ਰਫ਼ਤਾਰ ਨਾਲ ਆਪਣੇ ਕੰਮ ਕਢਾਏ ਜਾ ਰਹੇ ਹਨ। ਇਸ ਕਾਰਨ ਨਾ ਸਿਰਫ ਅਫਸਰਾਂ ਦੇ ਭਾਅ ਦੀ ਬਣੀ ਹੋਈ ਹੈ, ਸਗੋਂ ਸੁਪਰਡੈਂਟਾਂ ਤੇ ਸੀਨੀਅਰ ਸਹਾਇਕਾਂ ਨੂੰ ਬੇਵਕਤੇ ਦਫਤਰ ਖੋਲ੍ਹ ਕੇ ਫਾਈਲਾਂ ਕੱਢਣੀਆਂ ਪੈਂਦੀਆਂ ਹਨ। ਲਿਹਾਜਾ, ਜਦੋਂ ਵੀ ਕੋਈ ਮੀਡੀਆ ਕਰਮੀ, ਖਾਸ ਕਰਕੇ ਰਿਪੋਰਟਰ ਸਕੱਤਰੇਤ ਜਾਂ ਮਿੰਨੀ ਸਕੱਤਰੇਤ ਜਾਂਦਾ ਹੈ ਤਾਂ ਉਸ ਤੋਂ ਅਕਸਰ ਇਕੋ ਸਵਾਲ ਪੁੱਛਿਆ ਜਾਂਦਾ ਹੈ: ‘ਕੋਡ ਕਦੋਂ ਲੱਗੂਗਾ?’’

ਮਨੋਹਰ ਲਾਲ ਖੱਟਰ: ਨਾਖੁਸ਼ੀ ਕਿਉਂ ?

ਮਨੋਹਰ ਲਾਲ ਖੱਟਰ: ਨਾਖੁਸ਼ੀ ਕਿਉਂ ?

ਵਾਂਡਾ ਦੀ ਸਕੀਮ ਫੇਲ੍ਹ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੜੇ ਜ਼ੋਰ-ਸ਼ੋਰ ਨਾਲ ਦਾਅਵਾ ਕੀਤਾ ਸੀ ਕਿ ਚੀਨ ਦਾ ਵਾਂਡਾ ਗਰੁੱਪ ਹਰਿਆਣਾ ਵਿੱਚ ਹਜ਼ਾਰਾਂ ਕਰੋੜ ਦਾ ਪੂੰਜੀ ਨਿਵੇਸ਼ ਕਰੇਗਾ ਜਿਸ ਨਾਲ ਸੂਬੇ ਦੇ ਵਾਰੇ-ਨਿਆਰੇ ਹੋ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। ਵਾਂਡਾ ਗਰੁੱਪ ਨੇ ਸ਼ਰਤ ਰੱਖੀ ਕਿ ਉਹ ਜਿਹੜੇ ਇਲਾਕੇ ਵਿੱਚ ਨਿਵੇਸ਼ ਕਰੇਗਾ, ਉਸ ’ਤੇ ਹਰਿਆਣਾ ਦੇ ਕੋਈ ਕਾਇਦੇ-ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਸ ਦੇ ਸਾਜ਼ੋ-ਸਾਮਾਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਨਾਲ ਹੀ ਇਹ ਗਰੁੱਪ ਆਪਣੀਆਂ ਸ਼ਰਤਾਂ ’ਤੇ ਕੰਮ ਕਰੇਗਾ। ਇਸ ਤਜਵੀਜ਼ ਨੂੰ ਹਰਿਆਣਾ ਦੇ ਅਧਿਕਾਰੀਆਂ ਤੇ ਇਕ-ਦੋ ਮੰਤਰੀਆਂ ਨੇ ਸਿਰੇ ਨਹੀਂ ਚੜ੍ਹਨ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ ਵਿੱਚ ਇਕ ਹੋਰ ਚੀਨ ਨਹੀਂ ਚਾਹੁੰਦੇ ਤੇ ਵਾਂਡਾ ਗਰੁੱਪ ਨੂੰ ਸੂਬੇ ਦੇ ਨਿਯਮ ਅਤੇ ਸ਼ਰਤਾਂ ਮੰਨੀਆਂ ਪੈਣਗੀਆਂ। ਬਹਰਹਾਲ ਅਜਿਹੇ ਵਿਰੋਧ ਕਾਰਨ ਮੁੱਖ ਮੰਤਰੀ ਦਾ ਹਜ਼ਾਰਾਂ ਕਰੋੜ ਦੇ ਪੂੰਜੀ ਨਿਵੇਸ਼ ਦਾ ਸੁਪਨਾ ਅਧੂਰਾ ਹੀ ਰਹਿ ਗਿਆ।

-ਬਲਵਿੰਦਰ ਜੰਮੂ, ਰਵੇਲ ਭਿੰਡਰ ਤੇ ਟ.ਨ.ਸ.


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.