ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਔਰਤਾਂ ਦੇ ਮਨੋਭਾਵ ਪ੍ਰਗਟਾਉਣ ਦਾ ਜ਼ਰੀਆ- ਲੋਕ ਗੀਤ

Posted On December - 31 - 2016

12112cd _chakki_copyਅੰਮ੍ਰਿਤਪਾਲ ਸਿੰਘ ਸੰਧੂ

ਅੌਰਤ ਇਕਹਿਰੀ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਗੁਜ਼ਰਦੀ ਹੋਈ ਅਨੇਕ ਭੂਮਿਕਾਵਾਂ ਨਿਭਾਉਂਦੀ ਹੋਈ ਮਾਨਸਿਕ ਤੌਰ ’ਤੇ ਕਈ ਭਾਵਨਾਵਾਂ ਨੂੰ ਜਨਮ ਦਿੰਦੀ ਹੈ। ਸਮਾਜਿਕ ਤੌਰ ’ਤੇ ਪ੍ਰਵਾਨਿਤ  ਅੱਧ ਪਚੱਦੀਆਂ ਭਾਵਨਾਵਾਂ ਜ਼ਾਹਿਰ ਹੋ ਜਾਂਦੀਆਂ ਹਨ, ਪਰ ਇੱਕ ਵਿਸ਼ਾਲ ਹਿੱਸਾ ਮਹਾਂਸਾਗਰ ਦੇ ਤਲ ਵਿੱਚ ਦੱਬੇ ਮੋਤੀਆਂ ਵਾਂਗ ਅਪਹੁੰਚ ਰਹਿੰਦਾ ਹੈ ਜਿਸ ਤਕ ਕਿਸੇ ਦਾ ਪੁੱਜਣਾ ਨਾਮੁਮਕਿਨ ਹੈ । ਅਾਧੁਨਿਕ ਯੁੱਗ ਨੇ ਅੌਰਤ ਦੇ ਵਿਚਾਰ ਪ੍ਰਵਾਹ ਨੂੰ ਕੁਝ ਹੱਦ ਤਕ ਖੁੱਲ੍ਹ-ਡੁੱਲ੍ਹ ਪ੍ਰਦਾਨ ਕੀਤੀ ਹੈ। ਪੁਰਾਤਨ ਸਮੇਂ ਮੂੰਹੋਂ ਬੋਲਣਾ ਤਾਂ ਇੱਕ ਪਾਸੇ ਸਿਰ ਹਿਲਾਉਣਾ ਵੀ ਪ੍ਰਵਾਨਿਤ ਨਹੀਂ ਸੀ, ਪਰ ਮਨੋਵਿਗਿਆਨਕ ਤੌਰ ’ਤੇ ਮਨੋਭਾਵ ਅੰਦਰ ਡੱਕੇ ਨਹੀਂ ਜਾ ਸਕਦੇ, ਕਿਸੇ ਨਾ ਕਿਸੇ ਮਾਧਿਅਮ ਨਾਲ ਬਾਹਰ ਜ਼ਰੂਰ ਨਿਕਲਦੇ ਹਨ ਜਿਸ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ। ਉਸ ਸਮੇਂ ਮਨ ਵਿੱਚ  ਦੱਬੇ ਮਨੋਭਾਵਾਂ ਦੀ ਵਿਆਖਿਆ ਕਰਕੇ ਲੋਕ ਗੀਤਾਂ ਨੇ ਸੋਹਣਾ ਸਹਾਰਾ ਦਿੱਤਾ । ਵੱਖ-ਵੱਖ ਮੌਕਿਆਂ ’ਤੇ ਰਚੇ ਪੇਕੇ ਅਤੇ ਸਹੁਰੇ ਘਰ ਨਾਲ ਸਬੰਧਿਤ ਲੋਕ ਗੀਤ ਅੌਰਤ ਦੇ ਸੂਖਮ ਮਨੋਭਾਵਾਂ ਦੀ ਸਥੂਲ ਵਿਆਖਿਆ ਦੀ ਤਰ੍ਹਾਂ ਹੀ ਹਨ। ਪੇਕੇ ਘਰ ਧੀ ਦੀ ਸਭ ਤੋਂ ਵੱਧ ਪੈਰਵੀ ਸੁਹਾਗ ਕਰਦੇ ਹਨ। ਸੁਹਾਗ ਵਿਆਹ ਦੇ ਮੌਕੇ ਗਾਇਆ ਜਾਣ ਵਾਲਾ ਅੌਰਤਾਂ ਦਾ ਗੀਤ ਹੈ ਜਿਸ ਵਿੱਚ ਵਿਆਹ ਤੋਂ ਪਹਿਲਾਂ ਮਨ ਦੇ ਵਲਵਲਿਆਂ ਨੇ  ਸ਼ਾਬਦਿਕ ਰੂਪ ਲੈ ਕੇ ਵੱਖ- ਵੱਖ ਵਿਸ਼ੇ ਛੋਹੇ । ਜਿਵੇਂ ਮੁਟਿਆਰ ਵਰ ਦੇ ਰੂਪ ਵਿੱਚ ਸੁੰਦਰ ਪਤੀ ਦੀ ਕਾਮਨਾ ਕਰਦੀ ਹੈ:
ਬੇਟੀ, ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ, ਬਾਬਲ, ਵਰ ਲੋੜੀਏ।
ਬੇਟੀ, ਕਿਹੋ ਜਿਹਾ ਵਰ ਲੋੜੀਏ?
ਬਾਬਲ ,ਜਿਉਂ ਤਾਰਿਆਂ ਵਿੱਚੋਂ ਚੰਨ,
ਚੰਨਾਂ ਵਿੱਚੋਂ ਕਾਹਨ, ਕਨ੍ਹੱਈਆ ਵਰ ਲੋੜੀਏ।
ਇਸ ਸੁਹਾਗ ਵਿੱਚ ਬੇਟੀ ਬਾਪ ਦੇ ਵਾਰਤਾਲਾਪ ਦੁਆਰਾ ਬੇਟੀ ਬਾਬਲ ਅੱਗੇ ਮਨ ਦੀਆਂ ਪਰਤਾਂ ਖੋਲ੍ਹ ਕੇ ਰੱਖਦੀ ਹੈ ਕਿ ਉਹ ਕਿਹੋ ਜਿਹਾ ਵਰ ਲੋਚਦੀ ਹੈ, ਜੋ ਮੂੰਹੋ ਬੋਲ ਕੇ ਕਦੇ ਵੀ ਨਹੀਂ ਕਹਿ ਸਕਦੀ। ਉਸ ਦੇ ਹਿੱਸੇ ਦੀ ਗੱਲ ਲੋਕ ਗੀਤਾਂ ਨੇ ਕਹਿ ਦਿੱਤੀ। ਬੇਟੀ ਬਾਬਲ ਰਾਜੇ ਕੋਲੋਂ ਵਰ ਹੀ ਸੋਹਣਾ ਨਹੀਂ ਲੋਚਦੀ, ਸਗੋਂ ਚਾਹੁੰਦੀ ਹੈ ਕਿ ਸਹੁਰੇ ਪਰਿਵਾਰ ਦੀ ਪਿੰਡ ਵਿੱਚ ਸਰਦਾਰੀ ਹੋਵੇ ਅਤੇ ਘਰ -ਬਾਰ ਤਕੜਾ ਵੀ ਹੋਵੇ।
ਦੇਈਂ, ਦੇਈਂ ਵੇ ਬਾਬਲਾ ਓਸ ਘਰੇ ਜਿੱਥੇ
ਬੂਰੀਆਂ ਝੋਟੀਆਂ ਸੱਠ।
ਇੱਕ ਰਿੜਕਾਂ ਇੱਕ ਜਮਾਇਸਾਂ, ਵੇ ਮੇਰਾ ਚਾਟੀਆਂ  ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ।
ਜਿੱਥੇ ਇੱਕ ਪਾਸੇ ਵਿਆਹ ਪ੍ਰਤੀ ਚਾਅ ਹੁੰਦਾ ਹੈ, ਉੱਥੇ ਦੂਸਰੇ ਪਾਸੇ ਲਾਡਾਂ ਚਾਵਾਂ ਨਾਲ ਪਲੀ ਧੀ ਨੂੰ ਵਿਛੜਨ ਦਾ ਦੁੱਖ ਵੀ ਹੁੰਦਾ ਹੈ। ਜ਼ਿੰਦਗੀ ਦਾ ਇੱਕ ਸੁਨਹਿਰੀ ਹਿੱਸਾ ਬਚਪਨ ਤੋਂ ਜਵਾਨੀ ਤਕ ਬਾਬਲ ਦੇ ਵਿਹੜੇ ਗੁਜ਼ਾਰਨ ਤੋਂ ਬਾਅਦ ਵੱਖ ਹੋਣ ਦੀ ਚੀਸ ਦਾ ਉੱਠਣਾ ਸੁਭਾਵਿਕ ਹੈ। ਜਿਸ ਨੂੰ ਲੋਕ ਗੀਤ ਰਚੇਤਿਆਂ ਨੇ ਸ਼ਬਦ ਚਿੱਤਰਾਂ ਦੇ ਰੂਪ ਵਿੱਚ ਖੂਬਸੂਰਤੀ ਨਾਲ ਚਿਤਰਿਆ ਹੈ ਜੋ ਮੌਕਾ ਮੇਲ ਦੇ ਹਿਸਾਬ ਨਾਲ ਬਿਲਕੁਲ ਢੁਕਵੇਂ ਹਨ।
ਨਿੱਕੀ ਜਿਹੀ ਸੂਈ ਵੱਟਵਾਂ ਧਾਗਾ,
ਬੈਠ ਕਸੀਦਾ ਕੱਢ ਰਹੀ ਆਂ।
ਆਉਂਦੇ -ਜਾਂਦੇ ਰਾਹੀ ਪੁੱਛਦੇ ਮੈਨੂੰ,
ਤੂੰ ਕਿਉਂ ਬੀਬੀ ਰੋ ਰਹੀ ਆਂ।
ਬਾਬੁਲ ਮੇਰੇ ਕਾਜ ਰਚਾਇਆ, ਮੈਂ ਪਰਦੇਸਣ ਹੋ ਰਹੀ ਆਂ।
ਅਵੇਸਲੇ ਹੋਏ ਬਾਬੁਲ ਨੂੰ ਇਸ ਗੀਤ ਰਾਹੀ ਝੰਜੋੜ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਇਹ ਭੁੱਲ ਗਿਆ ਹੈ ਕਿ ਉਸ ਦੀ ਧੀ ਜਵਾਨ ਹੋ ਚੁੱਕੀ ਹੈ ਅਤੇ ਹੁਣ ਲੰਮੀਆਂ ਤਾਣ ਕੇ ਸੌਣ ਦਾ ਨਹੀਂ, ਸਗੋਂ ਬੇਟੀ ਲਈ ਵਰ ਲੱਭਣ ਦਾ ਸਮਾਂ ਹੈ।
ਚੜ੍ਹ ਚੁਬਾਰੇ ਸੁੱਤਿਆ ਬਾਬਲ,ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ ,ਘਰ ਬੇਟੜੀ ਹੋਈ ਮੁਟਿਆਰ।
ਵਿਆਹੀ ਜਾਣ ਮਗਰੋਂ ਸਹੁਰੇ ਘਰ ਲੜਕੀ ਇੱਕ ਪਤਨੀ ਇੱਕ ਨੂੰਹ ਦੀ ਭੂਮਿਕਾ ਨਿਭਾਉਂਦੀ ਹੈ। ਅਜਿਹੀ ਮਾਨਸਿਕ ਹਾਲਤ ਨੂੰ ਵੀ ਲੋਕ ਗੀਤਾਂ ਨੇ ਆਪਣੇ ਕਲਾਵੇ ਅੰਦਰ ਲਿਆ ਹੈ। ਜਿਵੇਂ ਟੱਪੇ, ਬੋਲੀਆਂ ਆਦਿ ਵਿੱਚ ਸਹੁਰੇ, ਸੱਸ, ਪਤੀ, ਨਨਾਣ, ਜੇਠ, ਦਿਓਰ ਦਾ ਜ਼ਿਕਰ ਤਾਂ ਹੈ ਹੀ ਇਸ ਦੇ ਨਾਲ- ਨਾਲ ਆਪਣੇ ਪੇਕੇ ਘਰ ਦਾ ਮੋਹ ਵੀ ਦਿਖਾਇਆ ਗਿਆ ਹੈ। ਸੱਸ ਬਾਰੇ ਜ਼ਿਆਦਾਤਰ ਸਾਰੀਆਂ ਨੂੰਹਾਂ ਦੇ ਮਨ ਵਿੱਚ ਰਲਦੇ-ਮਿਲਦੇ ਵਿਚਾਰ ਹੀ ਹੁੰਦੇ ਹਨ । ਜਿੱਥੇ ਚਾਰ ਭਾਂਡੇ ਹੋਣਗੇ ਖੜਕਣੇ ਤਾਂ ਲਾਜ਼ਮੀ ਹਨ। ਸੱਸ ਨੂੰਹ ਦੀ ਮਿੱਠੀ-ਮਿੱਠੀ ਗੱਲਬਾਤ ਹੌਲੀ -ਹੌਲੀ ਤੂੰ ਤੂੰ-ਮੈਂ ਮੈਂ ਦਾ ਰੂਪ ਲੈਂਦੀ ਹੈ ਤੇ ਨਿਸ਼ਾਨਾ ਪੇਕਾ ਪਰਿਵਾਰ ਹੀ ਹੁੰਦਾ ਹੈ। ਕਈ ਨੂੰਹਾਂ ਤਾਂ ਬਰਾਬਰ ਮੁਕਾਬਲੇ ਵਾਲੀਆਂ ਹੁੰਦੀਆਂ ਹਨ। ਫਿਰ ਸੱਸ ਨੂੰਹ ਦਾ ਮੁਕਾਬਲਾ ਆਹਮੋ ਸਾਹਮਣੇ ਵਾਲੀ ਬੋਲੀ ਅਮਲੀ ਰੂਪ ਲੈ ਲੈਂਦੀ ਹੈ ਤੇ ਕੁਝ ਨੂੰਹਾਂ ਮੌਕਾ ਸਾਂਭ ਲੈਂਦੀਆਂ ਹਨ। ਮਨ ਦੇ ਵਲਵਲੇ ਜੋ ਅੌਰਤਾਂ ਸਿੱਧੇ ਤੌਰ ’ਤੇ ਨਹੀਂ ਕਹਿ ਸਕਦੀਆਂ ਲੋਕ ਗੀਤਾਂ ਰਾਹੀਂ ਬਾਖੂਬੀ ਭੜਾਸ ਕੱਢੀ ਹੈ, ਗੁੱਸੇ ਦਾ ਭਾਵ ਪੇਸ਼ ਕਰਦੀ ਇਹ ਬੋਲੀ ਹੈ
ਸੁਣ ਨੀ ਸੱਸੇ ਬਾਰਾਂ ਤਾਲੀਏ, ਮੈਂ ਤੈਨੂੰ ਸਮਝਾਵਾਂ
ਜਿਹੜੀ ਤੇਰੀ ਸੇਰ ਪੰਜੀਰੀ, ਵਿਹੜੇ ਵਿੱਚ ਖਿੰਡਾਵਾਂ
ਜਿਹੜੇ ਤੇਰੇ ਚਾਰ ਕੁ ਲੀੜੇ, ਸਣੇ ਸੰਦੂਕ ਅੱਗ ਲਾਵਾਂ
ਗਾਲ ਭਰਾਵਾਂ ਦੀ, ਮੈਂ ਨਾ ਮੁੜ ਮੁੜ ਖਾਵਾਂ
ਕਈ ਲੋਕ ਗੀਤ ਅਜਿਹੇ ਹਨ ਜਿਨ੍ਹਾਂ ਵਿੱਚ ਸਹੁਰੇ ਨੂੰ ਰੱਬ ਦਾ ਰੂਪ ਦਰਸਾਇਆ ਗਿਆ ਹੈ, ਪਰ ਕੁਝ ਲੋਕ ਗੀਤਾਂ ਵਿੱਚ ਸਹੁਰੇ ਨੂੰ ਵੀ ਲੰਮੇ ਹੱਥੀਂ ਲਿਆ ਗਿਆ ਹੈ। ਪੁਰਾਤਨ ਸਮੇਂ ਵੱਡੇ ਬਜ਼ੁਰਗਾਂ ਤੋਂ ਘੁੰਡ ਕੱਡਣਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਸੀ ਕਿੳੁਂਕਿ ਇਹ ਸ਼ਰਮ ਅਤੇ ਹਯਾ ਦਾ ਪ੍ਰਤੀਕ ਸੀ। ਜੇ ਸਹੁਰਾ ਅਚਾਨਕ ਆ ਜਾਵੇ ਤਾਂ ਉਪਰੋਂ ਘੁੰਡ ਨਾ ਕੱਢਿਆ ਹੋਵੇ ਤਾਂ ਆਪ ਮੁਹਾਰੇ ਮਨ ਵਿੱਚ ਇਹ ਭਾਵ ਆ ਗਿਆ ਹੋਣਾ ਹੈ ਤੇ ਲੋਕ ਗੀਤ ਬਣ ਗਿਆ:
ਵਿਹੜੇ ਵੜਦਾ ਖ਼ਬਰ ਨਹੀਂ ਕਰਦਾ
ਬਾਬੇ ਗਲ ਟੱਲ ਪਾ ਦਿਓ
ਘਰੋਂ ਦੂਰ ਕੰਮ ਲਈ ਗਏ ਪਤੀ ਦੀ ਅਣਹੋਂਦ ਵਿੱਚੋਂ ਉਪਜੇ ਲੋਕ ਗੀਤ ਹੀ ਹਾਲ ਦੇ ਮਹਿਰਮ ਬਣਕੇ ਦਿਲ  ਦੀ ਹੂਕ ਨਾਲ ਦੂਰ ਦੁਰਾਡੇ ਗਏ ਢੋਲਣ ਨੂੰ ਪੁਕਾਰਦੇ ਅੌਰਤ ਮਨ ਦੀ ਗਾਥਾ ਬਿਆਨ ਕਰਦੇ ਹਨ। ਇਹ ਚੀਸ ਢੋਲੇ, ਮਾਹੀਏ, ਟੱਪੇ, ਬੋਲੀਆਂ ਨਾਲ ਸਾਂਝ ਪਾ ਕੇ ਵੇਲੇ ਕੁਵੇਲੇ, ਇਕਲਾਪੇ ਜਾਂ ਵਿਆਹ ਸ਼ਾਦੀ ਦੇ ਮੌਕੇ ਸਾਹਮਣੇ ਆ ਕੇ ਮਨ ਦੇ ਭਾਰ ਨੂੰ ਹਲਕਾ ਕਰਦੇ ਹਨ।
ਰਾਹੀ ਜਾਂਦਿਆਂ ਵੇ ਪੀਲੂ ਖਾਂਦਿਆ ਵੇ
ਆਖੀਂ ਢੋਲਣ ਨੂੰ ਜਾ ,ਦਾਖਾਂ ਪੱਕੀਆਂ ਵੇ
ਆਸਾਂ ਰੱਖੀਆਂ ਵੇ ਢੋਲਾ ਮੁੜ ਘਰ ਆ।
ਵਿਛੋੜੇ ਦੇ ਭਾਵ ਵਿੱਚੋਂ ਨਿਕਲੇ ਲੋਕ ਗੀਤ ਮਿਲਾਪ ਦੀਆਂ ਅਸਿੱਧੇ ਤੌਰ ’ਤੇ ਨਵ-ਵਿਆਹੀ ਦੇ ਮਨ ਦੀਆਂ ਗੁਜਾਰਿਸ਼ਾਂ ਹੀ ਹਨ। ਬਹੁਤੇ ਲੋਕ ਗੀਤਾਂ ਵਿੱਚ ਮਾਹੀ ਫ਼ੌਜ ਨਾਲ ਸਬੰਧਿਤ ਦਰਸਾਇਆ ਗਿਆ ਹੈ। ਪਤਨੀ ਨੂੰ ਕਿਸੇ ਕੰਮ-ਕਾਰ ਜਾਂ ਨੌਕਰੀ ਨਾਲ ਕੋਈ ਵਾਸਤਾ ਨਹੀਂ। ਇੱਥੋਂ ਤੱਕ ਕਿ ਉਹ ਤਾਂ ਇਹ ਵੀ ਚਾਹੁੰਦੀ ਹੈ ਕਿ ਪਤੀ ਸਭ ਕੰਮ ਕਾਰ ਛੱਡ ਕੇ ਘਰ ਵਾਪਸ ਆ ਜਾਵੇ ਕਿੳੁਂਕਿ ਪ੍ਰਦੇਸੀ ਪਤੀ ਦੀ ਨੌਕਰੀ ਪਤਨੀ ਲਈ ਉਮਰ ਕੈਦ ਬਰਾਬਰ ਹੈ ਅਤੇ ਘਰ ਜੇਲ੍ਹਖਾਨੇ ਤੋਂ ਘੱਟ ਨਹੀਂ।
ਬਾਂਕੇ ਸਿਪਾਹੀ ਦੀ ਚਾਂਦੀ ਦੀ ਸੋਟੀ,
ਵਿੱਚ ਚਾਂਦੀ ਦੀ ਠੋਕਰ।
ਕੈਦਾਂ ਉਮਰ ਦੀਆਂ,ਕੰਤ ਜਿਨ੍ਹਾਂ ਦੇ ਨੌਕਰ।
ਅੌਰਤ ਦੇ ਵਿਸ਼ਾਲ ਹਿਰਦੇ ਵਿੱਚੋਂ ਕਦੋਂ ਕਿਹੜਾ ਭਾਵ ਉਜਾਗਰ ਹੋ ਜਾਵੇ, ਇਹ ਤਾਂ ਉਸ ਨੂੰ ਵੀ ਨਹੀਂ ਪਤਾ। ਕਿਸੇ ਸਮੇਂ ਉਹ ਕਠੋਰ ਪਹਾੜ ਜਾਪਦੀ ਹੈ ਅਤੇ ਕਿਸੇ ਸਮੇਂ ਇਹ ਪਹਾੜ ਬਰਫ਼ ਵਾਂਗੂ ਪਿਘਲ ਨਦੀ ਦੀ ਤਰ੍ਹਾਂ ਵਹਿਣ ਲੱਗਦਾ ਹੈ। ਅੌਰਤ ਦੇ ਇੱਕ ਹੋਰ ਭਾਵ ਸ਼ੱਕ ਦਾ ਜ਼ਿਕਰ ਵੀ ਕਈ ਲੋਕ ਗੀਤਾਂ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਨਾਲ ਸਬੰਧਿਤ ਲੋਕ ਗੀਤ ਵੀ ਦੇਖੇ ਜਾ ਸਕਦੇ ਹਨ:
ਸੱਸੇ ਤੂੰ ਸਮਝਾ ਲੈ ਪੁਤ ਨੂੰ ,ਘਰ ਬਿਗਾਨੇ ਜਾਂਦਾ
ਘਰ ਦੀ ਸ਼ੱਕਰ ਬੂਰੇ ਵਰਗੀ ,ਗੁੜ ਚੋਰੀ ਦਾ ਖਾਂਦਾ
ਭਾਵੇਂ ਕਿ ਅੌਰਤ ਮਾਨਸਿਕਤਾ ਨੂੰ ਸਮਝਣਾ ਬੜਾ ਗੁੰਝਲਦਾਰ ਹੈ, ਪਰ ਲੋਕ ਗੀਤਾਂ ਨੇ ਅੌਰਤ ਦੇ ਮਨੋਵਿਗਿਆਨਕ ਹਾਲ ਨੂੰ ਫਰੋਲ ਕੇ ਸਾਹਮਣੇ ਲੈ ਆਂਦਾ ਹੈ। ਲੋਕ ਗੀਤਾਂ ਨੇ ਜ਼ਿੰਦਗੀ ਦਾ ਕੋਈ ਵੀ ਵਿਸ਼ਾ ਨਹੀਂ ਛੱਡਿਆ, ਸਗੋਂ ਬਰੀਕੀ ਨਾਲ ਛੋਹਿਆ। ਲੋਕਾਂ ਦੀ ਕਿਤੇ ਨਾ ਕਿਤੇ ਸਾਂਝ ਅੱਜ ਤਕ ਕਾਇਮ ਹੈ।

ਸੰਪਰਕ: 94649-29718


Comments Off on ਔਰਤਾਂ ਦੇ ਮਨੋਭਾਵ ਪ੍ਰਗਟਾਉਣ ਦਾ ਜ਼ਰੀਆ- ਲੋਕ ਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.