ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਵੀ ਦਰਬਾਰਾਂ ਦੀ ਸਾਰਥਿਕਤਾ

Posted On December - 31 - 2016

ਹਰਨੇਕ ਸਿੰਘ ਕੋਮਲ

13112cd _kavi darbarਉਰਦੂ ’ਚ ਪ੍ਰਚਲਿਤ ਮੁਸ਼ਾਇਰਾ ਜਾਂ ਮੁਸ਼ਾਅਰਾ (ਅ) ਦੇ ਪ੍ਰਭਾਵ ਅਧੀਨ ਪੰਜਾਬੀ ’ਚ ‘ਕਵੀ ਦਰਬਾਰ’ ਦੀ  ਪਰੰਪਰਾ ਨੇ ਜਨਮ ਲਿਆ। ਜਦ ਕੁਝ ਕਵੀ ਕਿਸੇ ਵਿਸ਼ੇਸ਼ ਥਾਂ ’ਤੇ ਕਿਸੇ ਖ਼ਾਸ ਮੌਕੇ ’ਤੇ ਮਿਲ ਕੇ ਸ਼ਿਅਰੋ-ਸ਼ਾਇਰੀ ਕਰਦੇ ਸਨ ਤਾਂ ਕਵੀਆਂ ਦੇ  ਇਸ ਇਕੱਠ ਨੂੰ ‘ਕਵੀ ਦਰਬਾਰ’ ਕਿਹਾ ਜਾਣ ਲੱਗਾ। ਅਣਵੰਡੇ ਪੰਜਾਬ ’ਚ ਲਾਹੌਰ ਕਵੀ ਦਰਬਾਰ ਦਾ ਮਕਰਜ਼ ਰਿਹਾ ਹੈ। ਅਜਿਹੇ ਕਵੀ ਦਰਬਾਰਾਂ ਵਿੱਚ ਸਰਲ ਤੇ ਛੰਦਬੱਧ ਕਵਿਤਾ ਹੀ ਸਰਵ-ਪ੍ਰਧਾਨ ਰਹੀ ਹੈ, ਜਿਹੜੀ ਆਮ ਸਰੋਤੇ ਦੇ ਮਨ ਨੂੰ ਟੁੰਬਦੀ ਸੀ। ਅਜਿਹੇ ਕਵੀਆਂ ਨੂੰ ਸਟੇਜੀ ਕਵੀ ਕਿਹਾ ਜਾਂਦਾ ਹੈ। ਉਸ ਸਮੇਂ ‘ਤਰਹਾ-ਮਿਸਰਾ’ ਆਧਾਰਤ ਕਵਿਤਾ ਵੀ ਲਿਖੀ ਜਾਂਦੀ ਰਹੀ ਹੈ। ਇਕ ‘ਤਰਹਾ-ਮਿਸਰਾ’ ਦਿੱਤਾ ਜਾਂਦਾ ਸੀ ਅਤੇ ਕਵੀ ਉਸ ਦੇ ਅਨੁਸਾਰ ਕਵਿਤਾ ਲਿਖ    ਕੇ ਕਵੀ ਦਰਬਾਰ ’ਚ ਲੈ ਕੇ ਆਉਂਦੇ   ਸਨ, ਪੜ੍ਹਦੇ ਸਨ। ਹੌਲੀ-ਹੌਲੀ ਕਵਿਤਾ   ਦੀ ਥਾਂ ਸੂਖਮ-ਭਾਵੀ ਸਾਹਿਤਕ ਕਵਿਤਾ ਨੇ ਲੈ ਲਈ।
ਪੰਜਾਬੀ ਕਵੀ ਦਰਬਾਰਾਂ ਦੀ ਪਰੰਪਰਾ ਸਾਹਿਤਕ ਰੂਪ ਗ੍ਰਹਿਣ ਕਰਕੇ ਜੀਵਤ ਹੈ। ਹੁਣ ਵੀ ਸਾਹਿਤਕ ਤੇ ਅਕਾਦਮਿਕ ਅਦਾਰਿਆਂ ਵੱਲੋਂ ਕਵੀ ਦਰਬਾਰ ਆਯੋਜਿਤ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।  ਰੇਡੀਓ ਤੇ ਦੂਰਦਰਸ਼ਨ ਤੋਂ ਵੀ ਕਵੀ ਦਰਬਾਰ ਪ੍ਰਸਾਰਤ ਕੀਤੇ ਜਾਂਦੇ ਹਨ। ਕਵੀ ਦਰਬਾਰ ਦੀ ਸਫਲਤਾ ਲਈ ਚੰਗੇ ਪ੍ਰਬੰਧਕ ਦਾ ਹੋਣਾ ਬਹੁਤ ਜ਼ਰੂਰੀ ਹੈ। ਕਵੀ ਦਰਬਾਰ ਦਾ ਪ੍ਰਬੰਧ ਕਿਸੇ ਅਯੋਗ ਵਿਅਕਤੀ ਨੂੰ ਸੌਂਪਣ ਨਾਲ ਵਧੀਆ ਸਹੂਲਤਾਂ ਦੇ ਬਾਵਜੂਦ ਕਵੀ ਦਰਬਾਰ ਸਫਲ ਨਹੀਂ ਹੁੰਦਾ। ਕਿਸੇ ਵਧੀਆ ਕਵੀ ਦਰਬਾਰ ਲਈ ਚੰਗੇ ਕਵੀਆਂ ਦੀ ਚੋਣ ਬੜੀ ਮਹੱਤਵਪੂਰਨ ਹੁੰਦੀ ਹੈ। ਜ਼ਰੂਰੀ ਨਹੀਂ ਕਿ ਸਾਰੇ ਵੱਡੇ ਕਵੀ ਹੀ  ਬੁਲਾਏ ਜਾਣ ਪਰ ਉਹ ਕਵੀ ਸਿਖਾਂਦਰੂ ਵੀ ਨਾ ਹੋਣ। ਸਥਿਤੀ ਉਸ ਵੇਲੇ ਹਾਸੋਹੀਣੀ ਹੋ ਜਾਂਦੀ ਹੈ ਜਦ ਕਿਸੇ ਅਜਿਹੇ ਕਵੀ ਨਾਲ ਨਾਮਵਰ ਜਾਂ ਪ੍ਰਸਿੱਧ ਆਦਿ ਸ਼ਬਦ ਜੋੜ ਕੇ ਉਸ ਦੀ ਚੋਖੀ ਪ੍ਰਸੰਸਾ ਕਰਦਿਆਂ ਕਵਿਤਾ ਪੜ੍ਹਨ ਲਈ ਕਿਹਾ ਜਾਂਦਾ ਹੈ ਜਦਕਿ ਉਸ ਦਾ ਕਿਸੇ ਨਾਂ ਹੀ ਨਹੀਂ  ਪੜ੍ਹਿਆ-ਸੁਣਿਆ ਹੁੰਦਾ। ਕਵੀਆਂ ਨੂੰ ਬੁਲਾਉਣ ਸਮੇਂ ਸੰਸਥਾ ਤੇ ਸਥਾਨ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਆਪਣੇ ਸ਼ਾਇਰ ਮਿੱਤਰਾਂ ਨੂੰ ਬੁਲਾਉਣਾ ਗੁਨਾਹ ਨਹੀਂ ਪਰ ਯਾਰੀ ਪਾਲਣ ਲਈ ਅਨਾੜੀ ਬੰਦੇ ਇਕੱਠੇ  ਨਾ ਕੀਤੇ ਜਾਣ। ਮਿਆਰ ਨਾਲ ਸਮਝੌਤਾ ਨਾ ਕੀਤਾ ਜਾਵੇ। ਇਕੱਠ ਨਾਲੋਂ ਤਾਂ ਚੰਗਾ ਹੈ ਕਿਸੇ ਕਵੀ ਦਰਬਾਰ ਲਈ ਬਿਨਾਂ ਪੱਖਪਾਤ ਸੱਤ-ਅੱਠ ਵਧੀਆ ਸ਼ਾਇਰ ਬੁਲਾ ਲਏ ਜਾਣ। ਕਵੀਆਂ ਦੀ ਭੀੜ ਕਵੀ ਦਰਬਾਰ ਦੇ ਪ੍ਰਭਾਵ ਨੂੰ ਪੇਤਲਾ ਕਰਦੀ ਹੈ। ਇਹ ਵੀ ਇਕ ਕੌੜਾ ਸੱਚ ਹੈ ਕਿ ਅੱਜ-ਕੱਲ੍ਹ ਪੰਜਾਬੀ ਕਵੀਆਂ ਦੇ ਜੁੱਟ ਬਣੇ ਹੋਏ ਹਨ ਜੋ ਵੱਖ-ਵੱਖ ਥਾਵਾਂ ’ਤੇ ਹੋਣ ਵਾਲੇ ਵੀ ਦਰਬਾਰਾਂ ’ਚ ਇਕੱਠੇ ਵਿਚਰਦੇ ਹਨ। ਇਕੱਲੇ-ਇਕਹਿਰੇ ਵਧੀਆ ਸ਼ਾਇਰ ਤਾਂ ਨਜ਼ਰਅੰਦਾਜ਼ ਹੋ ਰਹੇ ਹਨ। ਕਈ ਵਾਰ ਤਾਂ ਕਵੀਆਂ ਨੂੰ ਬੁਲਾਉਣ ਵੇਲੇ ਕਵੀ ਦੀ ਕਾਵਿ-ਪ੍ਰਤਿਭਾ ਦੀ ਥਾਂ ‘ਹੋਰ ਬੜਾ ਕੁਝ’ ਦੇਖਿਆ ਜਾਂਦਾ ਹੈ। ਨਿਰਪੱਖਤਾ ਮਨਫ਼ੀ ਹੈ।

ਹਰਨੇਕ ਸਿੰਘ ਕੋਮਲ

ਹਰਨੇਕ ਸਿੰਘ ਕੋਮਲ

ਕਵੀ ਦਰਬਾਰ ਲਈ ਮੰਚ ਸੰਚਾਲਨ ਬੜਾ ਮਹੱਤਵਪੂਰਨ ਹੁੰਦਾ ਹੈ। ਚੰਗਾ ਮੰਚ ਸੰਚਾਲਕ ਕਵੀ ਦਰਬਾਰ ’ਚ ਜਾਨ ਪਾ ਦਿੰਦਾ ਹੈ ਤੇ ਇਸ ਦੇ ਉਲਟ ਕੁਚੱਜਾ  ਮੰਚ ਸੰਚਾਲਕ ਚੰਗੇ-ਭਲੇ ਕਵੀ ਦਰਬਾਰ ਨੂੰ ਅਸਫਲ ਬਣਾ ਦਿੰਦਾ ਹੈ। ਉਰਦੂ ਮੁਸ਼ਾਇਰੇ ਦੀ ਪਰੰਪਰਾ ਦੇ ਮੁਤਾਬਕ ਕਵੀ ਦਰਬਾਰ ਦੇ ਸੰਚਾਲਕ ਨੂੰ ਮੀਰ-ਇ-ਮੁਸ਼ਾਇਰਾ ਕਿਹਾ ਜਾਂਦਾ ਹੈ। ਕਈ ਵਾਰ ਕਵੀ ਦਰਬਾਰ ਦਾ ਸੰਚਾਲਨ ਕਿਸੇ ਅਜਿਹੇ ਸ਼ਾਇਰ ਕਿਸਮ ਦੇ ਵਿਅਕਤੀ ਦੇ ਹੱਥ ਆ ਜਾਂਦਾ ਹੈ ਜੋ ਹੋਰ ਕਵੀਆਂ ਦੀ ਥਾਂ ਖ਼ੁਦ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣਨ ਦੀ ਕੋਸ਼ਿਸ਼ ਕਰਦਾ ਹੈ। ਕਵੀ ਨੂੰ ਬੁਲਾਉਣ ਤੋਂ ਪਹਿਲਾਂ ਤੇ ਮਗਰੋਂ ਆਪਣੀ ਕੋਈ ਨਜ਼ਮ ਜਾਂ ਦੋ-ਚਾਰ ਸ਼ਿਅਰ ਸੁਣਾ ਦਿੰਦਾ ਹੈ। ਸਰੋਤਿਆਂ ਵੱਲੋਂ ਤਾੜੀਆਂ ਦੀ ਆਸ ’ਚ ਉਰਦੂ ਸ਼ਿਅਰੋ-ਸ਼ਾਇਰੀ ਕਰਦਾ ਹੈ ਜਾਂ ਫਿਰ ਲਤੀਫੇਬਾਜ਼ੀ ਦਾ ਸਹਾਰਾ ਲੈਂਦਾ ਹੈ। ਅਜਿਹਾ ਸੰਚਾਲਕ ਆਪਣੇ ਮਿੱਤਰ ਕਵੀਆਂ ਦੀ ਲੋੜੋਂ ਵੱਧ ਪ੍ਰਸੰਸਾ ਕਰਦਾ ਹੈ, ਜਿਸ ਦੇ ਉਹ ਹੱਕਦਾਰ ਨਹੀਂ ਹੁੰਦਾ। ਬੜਾ ਕੁਝ ਅਤਿਕਥਨੀ ਵਰਗਾ ਹੁੰਦਾ ਹੈ। ਕਵੀ ਦੀ ਪ੍ਰਸੰਸਾ ਮਾੜੀ ਗੱਲ ਨਹੀਂ ਪਰ ਸੰਤੁਲਨ ਵੀ ਜ਼ਰੂਰੀ ਹੈ। ਕਵੀ ਵੱਲੋਂ ਪੜ੍ਹੀ ਗਈ ਕਾਵਿ ਰਚਨਾ, ਨਜ਼ਮ-ਗ਼ਜ਼ਲ ਤੇ ਦੋਹੇ ਆਦਿ ਹੀ ਕਵੀ ਦੀ ਸ਼ਨਾਖ਼ਤ ਬਣਦੇ ਹਨ। ਸੰਚਾਲਕ ਦੀ ਸਿਫ਼ਤਨਾਮਾ ਸ਼ਬਦਾਵਲੀ ਨਹੀਂ।
ਕਵੀ ਦਰਬਾਰ ’ਚ ਸ਼ਾਮਲ ਕਵੀਆਂ ਨੂੰ ਆਪਣੀ ਕਾਵਿ-ਰਚਨਾ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ।  ਕਵਿਤਾ ਦਾ ਆਗ਼ਾਜ਼ ਕਿਸੇ ਲੰਮੀ -ਚੌੜੀ ਭੂਮਿਕਾ/ਭਾਸ਼ਣ ਨਾਲ ਨਾ ਕੀਤਾ ਜਾਵੇ ਤਾਂ ਚੰਗਾ ਹੈ। ਆਗ਼ਾਜ਼ ਕਿਸੇ ਢੁੱਕਵੇਂ ਸ਼ਿਅਰ ਜਾਂ ਰੁਬਾਈ ਆਦਿ ਨਾਲ ਕੀਤਾ ਜਾ ਸਕਦਾ ਹੈ। ਕਵਿਤਾ ਪੜ੍ਹਦਿਆਂ ਵਿਆਖਿਆ ਜਾਂ ਲਤੀਫੇਬਾਜ਼ੀ ਤੋਂ ਉੱਕਾ ਗੁਰੇਜ਼ ਕਰਨਾ ਚਾਹੀਦਾ ਹੈ। ਜਿਸ ਕਵੀ ਪਾਸ ਕਵੀ ਦਰਬਾਰ ’ਚ ਪੜ੍ਹਨ ਲਈ ਬਹੁਤੀ ਕਾਵਿ-ਸਮੱਗਰੀ ਨਹੀਂ ਹੁੰਦੀ ਉਹ ਭਾਸ਼ਣ ਜਾਂ ਲਤੀਫਿਆਂ ਨਾਲ ਸਰੋਤਿਆਂ ਨੂੰ ਕੀਲਣ ਦਾ ਯਤਨ ਕਰਦਾ ਹੈ। ਯਕੀਨਨ, ਕਵੀ ਦਰਬਾਰ ’ਚ ਸੂਝਵਾਨ ਸਰੋਤੇ ਕਵਿਤਾ ਸੁਣਨ ਲਈ ਆਉਂਦੇ ਹਨ, ਭਾਸ਼ਣ ਜਾਂ ਲਤੀਫੇਬਾਜ਼ੀ ਨਹੀਂ। ਕਵੀ ਦਰਬਾਰ ’ਚ ਸੰਜੀਦਗੀ ਜ਼ਰੂਰੀ ਹੈ।
ਜੇ ਕਵੀ ਦਰਬਾਰ ‘ਜਨਰਲ’ ਹੈ ਤਾਂ ਕੋਈ ਵੀ ਕਾਵਿ-ਵੰਨਗੀ ਪੇਸ਼ ਕੀਤੀ ਜਾ ਸਕਦੀ ਹੈ ਜਿਵੇਂ ਕਿ ਨਜ਼ਮ, ਗ਼ਜ਼ਲ, ਦੋਹਾ, ਰੁਬਾਈ ਆਦਿ। ਜੇ ਕਵੀ ਦਰਬਾਰ ਕਿਸੇ ਇੱਕ ਕਾਵਿ-ਵੰਨਗੀ ਤੱਕ  ਸੀਮਤ ਹੋਵੇ ਤਾਂ ਕਵੀ ਨੂੰ ਵੀ ਉਸਦੇ ਦਾਇਰੇ ’ਚ ਰਹਿਣਾ ਚਾਹੀਦਾ ਹੈ। ਅਰਥਾਤ ਗ਼ਜ਼ਲ ਦਰਬਾਰ ’ਚ ਗ਼ਜ਼ਲ ਹੀ ਪੜ੍ਹੀ ਜਾਵੇ ਅਤੇ ਦੋਹਾ ਦਰਬਾਰ ’ਚ ਦੋਹੇ। ਕਵੀ ਦਰਬਾਰ ਦੀ ਪ੍ਰਕ੍ਰਿਤੀ ਨੂੰ ਸਮਝਣਾ ਜ਼ਰੂਰੀ ਹੈ। ਹਾਸ-ਵਿਅੰਗ ਦੇ ਕਵੀ ਦਰਬਾਰ ’ਚ ਦੁੱਖਾਂ-ਦਰਦਾਂ ਦੇ ਕਿੱਸੇ ਨਾ ਸੁਣਾਏ ਜਾਣ।
ਕਵੀ ਦਰਬਾਰ ’ਚ ਕਿਸੇ ਕਾਵਿ-ਰਚਨਾ ਦੀ ਪੇਸ਼ਕਾਰੀ ਦੋ ਢੰਗਾਂ ਨਾਲ ਕੀਤੀ ਜਾਂਦੀ ਹੈ: ਪੜ੍ਹ ਕੇ ਜਾਂ ਗਾ ਕੇ ਜਿਸ ਨੂੰ ਤਰੱਨੁਮ ਕਿਹਾ ਜਾਂਦਾ ਹੈ। ਕਈ ਕਵੀ ਵਧੀਆ ਲਿਖਦੇ ਹਨ ਪਰ ਸਟੇਜ ਉਪਰ ਆਪਣੀ ਕਾਵਿ-ਰਚਨਾ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਨਹੀਂ ਕਰ ਸਕਦੇ। ਗਾ ਕੇ, ਤਰੱਨੁਮ ’ਚ ਪੇਸ਼ ਹਲਕੀ ਕਵਿਤਾ ਵੀ ਸਰੋਤਿਆਂ ਨੂੰ ਪ੍ਰਭਾਵਿਤ ਕਰਨ ’ਚ ਸਫਲ ਹੋ ਜਾਂਦੀ ਹੈ ਤੇ ਕਵਿਤਾ ਦੇ ਐਬ  ਵੀ ਲੁਕ ਜਾਂਦੇ ਹਨ। ਚੰਗੀ ਕਵਿਤਾ ਤੇ ਸੁਚੱਜੀ ਪੇਸ਼ਕਾਰੀ ਦਾ ਸੁਮੇਲ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ।
ਸਰੋਤਿਆਂ ਦੁਆਰਾ ਕਵੀ ਦੀ ਕਵਿਤਾ ਦੀ ਕੀਤੀ ਗਈ ਪ੍ਰਸੰਸਾ ਨੂੰ ‘ਦਾਦ’ ਕਹਿੰਦੇ ਹਨ। ਸਰੋਤਿਆਂ ਵਾਂਗ ਹੀ  ਮੰਚ ’ਤੇ ਬੈਠੇ ਸ਼ਾਇਰ ਵੀ ਦਾਦ ਦਿੰਦੇ ਹਨ: ਵਾਹ! ਵਾਹ! ਬਹੁਤ ਖ਼ੂਬ! ਮੁਕੱਰਰ! (ਇਕ ਵਾਰ ਫਿਰ) ਦਾਦ ਦੇਣ ਨਾਲ ਕਵੀ ਦੀ ਹੌਸਲਾ-ਅਫਜ਼ਾਈ ਹੁੰਦੀ ਹੈ ਅਤੇ ਕਵੀ ਦਰਬਾਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਕ ਵਾਰ ਜਲੰਧਰ ਦੂਰਦਰਸ਼ਨ ’ਤੇ ਕਵੀ ਦਰਬਾਰ ਦੀ ਰਿਕਾਰਡਿੰਗ ਤੋਂ ਪਹਿਲਾਂ ਪ੍ਰੋਡਿਊਸਰ ਕਹਿਣ ਲੱਗਾ, ਕਵਿਤਾ ਭਾਵੇਂ ਚੰਗੀ ਨਾ ਵੀ ਹੋਵੇ ਪਰ ਦਾਦ ਜ਼ਰੂਰ ਦਿੰਦੇ ਰਹਿਣਾ, ਕਵੀ ਦਰਬਾਰ ਦਾ ਮਾਹੌਲ ਬਣਿਆ ਰਹੇਗਾ। ਉਂਜ, ਦਾਦ ਦਾ ਸਬੰਧ ਸਰੋਤਿਆਂ ਦੀ ਮਾਨਸਿਕ ਪੱਧਰ ਨਾਲ ਹੈ। ਯਕੀਨਨ, ਚੰਗੇ ਸ਼ਿਅਰ ਨੂੰ ਖ਼ੂਬ ਦਾਦ ਮਿਲਦੀ ਹੈ ਪਰ ਜਿਸ ਸ਼ਿਅਰ ਨੂੰ ਬਹੁਤੀ ਦਾਦ ਮਿਲੇ, ਜ਼ਰੂਰੀ ਨਹੀਂ ਕਿ ਉਹ ਸ਼ਿਅਰ ਬਹੁਤ ਚੰਗਾ ਹੈ। ਸਾਰੇ ਨਹੀਂ ਕੁਝ ਕਵੀ (ਸ਼ਾਇਦ) ਦਾਦ ਦੀ ਖ਼ਾਤਰ ਨੀਵੇਂ ਪੱਧਰ ਦੀ ਸ਼ਿਅਰੋ-ਸ਼ਾਇਰੀ ਕਰਨ ਲੱਗ ਜਾਂਦੇ ਹਨ। ਚੰਗਾ ਸ਼ਾਇਰ ਕਦੇ ਅਜਿਹਾ ਨਹੀਂ ਕਰਦਾ। ਚੰਗੀ ਸ਼ਾਇਰੀ ਉਹ ਹੈ ਜੋ ਸਰੋਤਿਆਂ ਦੇ ਮਨ-ਮਸਤਕ ’ਚ ਹਲਚਲ ਪੈਦਾ ਕਰੇ, ਤਾੜੀਆਂ ਭਾਵੇਂ ਨਾ ਵੱਜਣ।
ਜਿੱਥੋਂ ਤੱਕ ਕਿ ਕਵੀ ਦਰਬਾਰ ਦੀ ਪ੍ਰਧਾਨਗੀ ਦਾ ਸਬੰਧ ਹੈ ਇਹ ਮਾਣ ਕਿਸੇ ਸ਼ਾਇਰ ਨੂੰ ਮਿਲਣਾ ਚਾਹੀਦਾ ਹੈ। ਕਈ ਵਾਰ ਪ੍ਰਬੰਧਕਾਂ ਦੀ ਕਿਸੇ ਪ੍ਰਬੰਧਕੀ ਜਾਂ ਆਰਥਿਕ ਮਜਬੂਰੀ ਕਾਰਨ ਇਸ ਕਾਰਜ ਲਈ ਕਿਸੇ ਉੱਚ ਅਧਿਕਾਰੀ ਜਾਂ ਸਿਆਸਤਦਾਨ ਨੂੰ ਬੁਲਾ ਲਿਆ ਜਾਂਦਾ ਹੈ। ਅਜਿਹੇ ਵਿਅਕਤੀ ਦੇ ਨਾਲ ਸੁਰੱਖਿਆ ਗਾਰਡ ਤੇ ਹੋਰ ਅਮਲਾ ਵੀ ਆ ਸਕਦਾ ਹੈ। ਪ੍ਰਬੰਧਕਾਂ ਦਾ ਧਿਆਨ ਕਵੀ ਤੇ ਕਵਿਤਾ ਦੀ ਥਾਂ ਉਸ ਖ਼ਾਸ ਮਹਿਮਾਨ ’ਤੇ ਕੇਂਦਰਤ ਹੋ ਜਾਂਦਾ ਹੈ।         ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਉਹ ਖ਼ਾਸ ਮਹਿਮਾਨ ਕਿਸੇ ਜ਼ਰੂਰੀ ਮੀਟਿੰਗ ਦਾ ਕਹਿ ਕੇ ਰੁਖ਼ਸਤ ਹੋ ਜਾਂਦਾ ਹੈ ਜਿਸ ਦੇ ਫਲਸਰੂਪ ਕਵਿਤਾ ਦੇ ਪ੍ਰਵਾਹ ’ਚ ਵਿਘਨ ਪੈਂਦਾ ਹੈ। ਮਾਹੌਲ ਦੀ ਪੁਨਰ-ਸਿਰਜਣਾ ’ਚ ਵਕਤ ਲੱਗਦਾ ਹੈ। ਕਈ ਵਾਰ ਮੁੱਖ ਮਹਿਮਾਨ ਦੀ ਉਡੀਕ ’ਚ ਤੇ ਉਸ ਦੀ ਆਮਦ ਉਪਰੰਤ ਸਵਾਗਤੀ ਰਸਮਾਂ ਕਾਰਨ ਕਵੀ ਦਰਬਾਰ ਸ਼ੁਰੂ ਕਰਨ ’ਚ ਦੇਰ ਹੋ ਜਾਂਦੀ ਹੈ। ਕਵੀ ਦਰਬਾਰ ਦੇ ਆਯੋਜਨ ਵੇਲੇ ਅਜਿਹੇ    ਮੁੱਖ ਮਹਿਮਾਨ  ਤੋਂ ਬਚਿਆ ਜਾ ਸਕੇ ਤਾਂ ਚੰਗਾ ਹੈ।
ਕਵੀ ਦਰਬਾਰ ਦਾ ਸਮਾਂ ਪ੍ਰਬੰਧਕਾਂ ਜਾਂ ਸੰਚਾਲਕ ’ਤੇ ਨਿਰਭਰ ਕਰਦਾ ਹੈ। ਰੇਡੀਓ ਤੇ ਦੂਰਦਰਸ਼ਨ ’ਤੇ ਹੁੰਦੇ ਕਵੀ ਦਰਬਾਰ ਲਈ ਆਮ ਤੌਰ ’ਤੇ 30 ਮਿੰਟ ਦਾ ਸਮਾਂ ਹੁੰਦਾ ਹੈ ਜਿਸ ’ਚ 7-8 ਕਵੀ/ਕਵਿੱਤਰੀਆਂ ਆਪਣਾ ਕਲਾਮ ਪੇਸ਼ ਕਰ ਜਾਂਦੇ ਹਨ। ਜੇ ਕਵੀ ਦਰਬਾਰ ਕਿਸੇ ਗ਼ਲਤ ਵਿਅਕਤੀ ਦੇ ਹੱਥ ਆ ਜਾਵੇ ਤਾਂ ਉਸ ਦੀਆਂ ਬੇਲੋੜੀਆਂ ਗੱਲਾਂ ਕਾਰਨ ਇਕ ਘੰਟੇ ਦਾ ਕਵੀ ਦਰਬਾਰ ਦੋ-ਤਿੰਨ ਘੰਟਿਆਂ ’ਚ ਫੈਲ ਜਾਂਦਾ ਹੈ। ਅਜਿਹੀ ਸਥਿਤੀ ’ਚ ਕਵੀ ਦਰਬਾਰ ਦਾ ਪ੍ਰਭਾਵ ਪੇਤਲਾ ਪੈਣਾ ਸੁਭਾਵਿਕ ਹੈ। ਕਵੀ ਦਰਬਾਰ ਦਾ ਸਮਾਂ ਲੋੜ ਤੋਂ ਵੱਧ ਲੰਮਾ ਹੋ ਜਾਣ ਕਾਰਨ ਬਹੁਤੇ ਸਰੋਤੇ ਅਕੇਵਾਂ ਮਹਿਸੂਸ ਕਰਦੇ ਹਨ ਤੇ ਆਪੋ-ਆਪਣੇ ਘਰਾਂ ਨੂੰ ਤੁਰ ਜਾਂਦੇ ਹਨ।
ਕਦੇ ਕਵੀ ਦਰਬਾਰ ਖੁੱਲ੍ਹੇ ਪੰਡਾਲ ’ਚ ਹੋਇਆ ਕਰਦੇ ਸਨ। ਹਜ਼ਾਰਾਂ ਦੀ ਗਿਣਤੀ ’ਚ ਸਰੋਤੇ ਕਵਿਤਾ ਦਾ ਆਨੰਦ ਮਾਣਦੇ ਸਨ।  ਕਦੇ ਕਵੀ ਦਰਬਾਰ ਧਾਰਮਿਕ ਸਮਾਗਮਾਂ ਦਾ ਹਿੱਸਾ ਬਣਦੇ ਸਨ। ਹੁਣ ਇਹ ਰੁਝਾਨ ਬਹੁਤ ਹੀ ਘਟ ਗਿਆ ਹੈ। ਪ੍ਰਾਈਵੇਟ ਟੀ.ਵੀ. ਚੈਨਲਾਂ ਤੇ ਬਾਜ਼ਾਰੀ ਗਾਇਕੀ ਨੇ ਸਰੋਤਿਆਂ/ਪਾਠਕਾਂ ਨੂੰ ਕਵਿਤਾ ਨਾਲੋਂ ਤੋੜਿਆ ਹੈ। ਉਂਜ ਵੀ ਕਵਿਤਾ ਦੀ ਥਾਂ ਅਕਵਿਤਾ ਨੇ ਲੈ ਲਈ ਹੈ। ਜਿਸ ਦੇ ਫਲਸਰੂਪ ਸਰੋਤੇ/ਪਾਠਕ ਤੇ ਕਵਿਤਾ ਵਿਚਲਾ ਫਾਸਲਾ ਵਧਿਆ ਹੈ। ਯਕੀਨਨ, ਕਵੀ ਦਰਬਾਰ ’ਚ ਸਰੋਤਿਆਂ ਦੀ ਗਿਣਤੀ ਹਜ਼ਾਰਾਂ ਤੋਂ ਸੈਂਕੜਿਆਂ ਤੱਕ ਸਿਮਟ ਗਈ ਹੈ।  ਕਈ ਸਾਹਿਤਕ ਸੰਸਥਾਵਾਂ ’ਚ ਤਾਂ ਸਰੋਤਿਆਂ ਦੀ ਅਣਹੋਂਦ ਰੜਕਦੀ ਹੈ। ਕਵੀ ਹੀ ਸਰੋਤਿਆਂ ਦੀ ਭੂਮਿਕਾ ਨਿਭਾਉਂਦੇ ਹਨ। ਕਦੇ ਸਰੋਤੇ ਭੁੰਜੇ ਦਰੀਆਂ ’ਤੇ ਬੈਠ ਕੇ ਹੀ ਕਵਿਤਾ ਦਾ ਆਨੰਦ ਮਾਣਦੇ ਸਨ। ਹੁਣ ਦਰੀਆਂ ਦੀ ਥਾਂ ਕੁਰਸੀਆਂ ਨੇ ਲੈ ਲਈ ਹੈ। ਕਦੇ ਕਵੀ ਮੰਚ ’ਤੇ ਦਰੀਆ-ਗਦੈਲਿਆਂ ’ਤੇ ਹੀ ਸਜ ਜਾਂਦੇ ਸਨ ਤੇ ਪਿੱਛੇ ਤਕੀਏ ਹੁੰਦੇ ਸਨ। ਇਹ ਰਿਵਾਇਤ ਹੁਣ ਵੀ ਹੈ ਪਰ ਬਹੁਤ ਘੱਟ। ਹੁਣ ਕਵੀਆਂ ਦੇ ਬੈਠਣ ਲਈ ਵੀ ਕੁਰਸੀਆਂ ਹੁੰਦੀਆਂ ਹਨ।
ਕਵੀ ਦਰਬਾਰ ਭਾਵੇਂ ਕਿਸੇ ਤਰ੍ਹਾਂ ਦਾ ਹੋਇਆ ਹੋਵੇ ਪਰ ਇਸ ਦੇ ਪ੍ਰਬੰਧਕ ਚਾਹੁੰਦੇ ਹਨ ਕਿ ਕਵੀ ਦਰਬਾਰ ਦੀ ਖ਼ੂਬ ਚਰਚਾ ਹੋਵੇ। ਰੇਡੀਓ ਤੇ ਦੂਰਦਰਸ਼ਨ ’ਤੇ ਤਾਂ ਅਜਿਹੀਆਂ ਖ਼ਬਰਾਂ ਬਹੁਤ ਘੱਟ ਲਗ਼ਦੀਆਂ ਹਨ ਪਰ ਅਖ਼ਬਾਰ-ਰਸਾਲਿਆਂ ’ਚ ਕਵੀ ਦਰਬਾਰ ਦੀਆ ਖ਼ਬਰਾਂ ਤਸਵੀਰਾਂ ਦੇ ਨਾਲ ਅਕਸਰ ਛਪਦੀਆਂ ਰਹਿੰਦੀਆਂ ਹਨ। ਕਵੀ ਦਰਬਾਰ ਦੀ ਕਵਰੇਜ ਲਈ ਪੱਤਰਕਾਰ ਆਪ ਘੱਟ ਹੀ ਆਉਂਦੇ ਹਨ। ਪ੍ਰਬੰਧਕਾਂ ਵੱਲੋਂ ਭੇਜੇ ਗਏ ਪ੍ਰੈੱਸ ਨੋਟ ਅਨੁਸਾਰ ਹੀ ਖ਼ਬਰ ਭੇਜ ਦਿੰਦੇ ਹਨ। ਕਈ ਵਾਰ ਪ੍ਰਬੰਧਕ ਆਪ ਹੀ ਖ਼ਬਰ ਭੇਜ ਦਿੰਦੇ ਹਨ ਤੇ ਛਪ ਵੀ ਜਾਂਦੀ ਹੈ। ‘ਕਵੀ ਦਰਬਾਰ ਅਮਿੱਟ ਪੈੜਾਂ ਛੱਡ ਗਿਆ….. ਯਾਦਗਾਰੀ ਬਣ ਗਿਆ ਕਵੀ ਦਰਬਾਰ ..ਕਵੀ ਦਰਬਾਰ ਨੇ ਸਰੋਤੇ ਕੀਲੇ..ਸ਼ਾਇਰੀ ਦਾ ਵਗਿਆ ਦਰਿਆ….. . ਅਜਿਹੀਆਂ ਖ਼ਬਰਾਂ, ਹਮੇਸ਼ਾ ਨਹੀਂ, ਕਦੇ-ਕਦੇ ਸੱਚ ਤੋਂ ਬਹੁਤ ਦੂਰ ਹੁੰਦੀਆਂ ਹਨ। ਅਜਿਹਾ ਨਹੀਂ ਹੋਣਾ ਚਾਹੀਦਾ ਪਰ ਅਕਸਰ ਹੁੰਦਾ ਹੈ।
ਪੁਸਤਕ ਪਾਠਕ ਨੂੰ ਕਵਿਤਾ ਨਾਲ ਜੋੜਦੀ ਹੈ ਪਰ ਕਵੀ ਦਰਬਾਰ ’ਚ ਕਵੀ ਤੇ ਉਸ ਦੀ ਕਵਿਤਾ, ਖ਼ੁਦ ਸਰੋਤੇ ਦੇ ਰੂਬਰੂ ਹੁੰਦੇ ਹਨ ਜਿਸ ਦੇ ਫਲਸਰੂਪ ਕਵਿਤਾ ਤੇ ਸਰੋਤੇ ਦਾ ਗੂੜ੍ਹਾ ਰਿਸ਼ਤਾ ਜੁੜਦਾ ਹੈ। ਇਹ ਰਿਸ਼ਤਾ ਬਰਕਰਾਰ ਰਹੇ ਤਾਂ ਚੰਗਾ ਹੈ।

ਸੰਪਰਕ: 93177-61414


Comments Off on ਕਵੀ ਦਰਬਾਰਾਂ ਦੀ ਸਾਰਥਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.