ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਕਿਸ਼ਨ ਸਿੰਘ ਦੇ ਸਾਿਹਤ ਚਿੰਤਨ ਦਾ ਮੁਲਾਂਕਣ

Posted On December - 10 - 2016

ਡਾ. ਸੁਰਿੰਦਰ ਕੁਮਾਰ ਦਵੇਸ਼ਵਰ
11012CD _HARIBHAJAN SINGH BHATIAਪੰਜਾਬੀ ਸਾਹਿਤ ਚਿੰਤਨ ਦੇ ਖੇਤਰ ਵਿਚ ਡਾ. ਹਰਿਭਜਨ ਸਿੰਘ ਭਾਟੀਆ ਦਾ ਯੋਗਦਾਨ ਕਈ ਪੱਖਾਂ ਤੋਂ ਅਹਿਮ ਹੈ। ਪਹਿਲਾ ਉਸ ਨੇ ਮੈਟਾ ਆਲੋਚਨਾ ਦੇ ਸਿਧਾਂਤਕ ਤੇ ਵਿਹਾਰਕ ਆਧਾਰਾਂ ਦੀ ਬਾਹਰਮੁਖੀ ਵਿਆਖਿਆ ਦਾ ਪੰਜਾਬੀ ਵਿਚ ਇਕ ਵਿਧੀਵਤ ਤੇ ਵਿਗਿਆਨਕ ਅਨੁਸ਼ਾਸਨੀ ਮਾਡਲ ਪ੍ਰਚਲਿਤ ਕੀਤਾ। ਦੂਜਾ, ਉਸ ਨੇ ਪੰਜਾਬੀ ਸਾਹਿਤ ਆਲੋਚਨਾ ਦੀ ਇਤਿਹਾਸਕਾਰੀ ਨੂੰ ਪ੍ਰਸੰਸਨੀ, ਉਪਭਾਵਕੀ ਅਤੇ ਭਰਮਕ ਰੁਚੀ ਵਿਚੋਂ ਕੱਢ ਕੇ ਇਸ ਨੂੰ ਤੱਥਮੂਲਕ, ਤਰਕਸੰਗਤ ਤੇ ਦਰੁਸਤ ਕਾਲਿਕ ਤਰਤੀਬ ਵਿਚ ਵਿਉਂਤਿਆ। ਤੀਜਾ, ਉਸ ਨੇ ਪੰਜਾਬੀ ਚਿੰਤਕਾਂ ਤੇ ਆਲੋਚਕਾਂ ਦੇ ਸਮੀਖਿਆ ਕਾਰਜ ਦੀ ਪੁਨਰ ਕ੍ਰਿਟੀਕ ਤਿਆਰ ਕੀਤੀ। ਚੌਥਾ, ਉਸ ਨੇ ਸਾਹਿਤ ਦੇ ਦੂਜੇ ਰੂਪਾਂ ਜਿਵੇਂ ਨਾਵਲ ਅਤੇ ਨਾਟਕ ਦੀ ਅਧਿਐਨ ਵਿਸ਼ਲੇਸ਼ਣ ਵਿਧੀ ਨੂੰ ਹੋਰ ਵਿਸਤਾਰਿਆ ਅਤੇ ਪੰਜਵਾਂ, ਉਸ ਨੇ ਪੰਜਾਬੀ ਸਾਹਿਤ ਚਿੰਤਨ ਬਾਰੇ ਖੋਜ ਦੇ ਕਾਰਜ ਨੂੰ ਅੱਗੇ ਤੋਰਨ ਲਈ ਖੋਜਾਰਥੀਆਂ ਨੂੰ ਇਸ ਵੱਲ ਪ੍ਰੇਰਿਆ ਜਿਸ ਦੇ ਫ਼ਲਸਰੂਪ ਆਪਣੀ ਸੁਚੱਜੀ ਤੇ ਬੌਧਿਕ ਨਿਗਰਾਨੀ ਵਿਚ ਉਨਾਂ ਪਾਸੋਂ ਕਾਫ਼ੀ ਸਾਰਾ ਖੋਜ-ਕਾਰਜ ਵੀ ਕਰਵਾਇਆ। ਡਾ. ਭਾਟੀਆ ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਅਧਿਐਨ, ਅਧਿਆਪਨ ਤੇ ਖੋਜ ਦਾ ਕਾਰਜ ਕਰ ਰਿਹਾ ਹੈ। ਉਸ ਦੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਗਿਣਤੀ ਦੋ ਦਰਜਨ ਤੋਂ ਉੱਪਰ ਬਣ ਜਾਂਦੀ ਹੈ। ਸਾਹਿਤ ਅਕਾਦਮੀ, ਦਿੱਲੀ ਵਲੋਂ ਭਾਰਤੀ ਸਾਹਿਤ ਦੇ ਨਿਰਮਾਤਾ ਪੁਸਤਕਮਾਲਾ ਅਧੀਨ ਪਹਿਲਾਂ ਉਸ ਤੋਂ ‘ਮੋਹਨ ਸਿੰਘ ਦੀਵਾਨਾ’ ਅਤੇ ਹੁਣ ਹਥਲੀ ਪੁਸਤਕ ‘ਕਿਸ਼ਨ ਸਿੰਘ’ ਲਿਖਵਾਈ ਗਈ ਹੈ।
‘ਕਿਸ਼ਨ ਸਿੰਘ’ ਪੰਜਾਬੀ ਮਾਰਕਸਵਾਦੀ ਸਾਹਿਤ ਚਿੰਤਨ ਦੇ ਮੁੱਢਲੇ ਵਿਦਵਾਨ ਸੰਤ ਸਿੰਘ ਸੇਖੋਂ ਤੋਂ ਬਾਅਦ ਦੂਜਾ ਅਜਿਹਾ ਵਿਦਵਾਨ ਹੈ, ਜਿਸ ਨੇ ਮਾਰਕਸਵਾਦੀ ਦਰਸ਼ਨ ਦਾ ਡੂੰਘੇਰਾ ਮੁਤਾਲਿਆ ਕੀਤਾ। ਉਸ ਨੇ ਇਸ ਨੂੰ ਕਿਸੇ ਫ਼ੈਸ਼ਨ, ਭਾਵੁਕ ਜਾਂ ਪੇਤਲੇ ਰੂਪ ਵਿਚ ਗ੍ਰਹਿਣ ਕਰਨ ਦੀ ਥਾਂ ਇਸ ਨੂੰ ਇਕ ਸੰਪੂਰਨ ਤੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਵਜੋਂ ਸਮਝਿਆ-ਵਿਚਾਰਿਆ ਅਤੇ ਤਮਾਮ ਉਮਰ ਉਹ ਇਸੇ ਵਿਸ਼ਵ ਦ੍ਰਿਸ਼ਟੀ ਨਾਲ ਪ੍ਰਣਾਇਆ ਰਿਹਾ। ਸੰਤ ਸਿੰਘ ਸੇਖੋਂ ਨਾਲ ਵਿਚਾਰਧਾਰਾ ਪੱਖੋਂ ਸਾਂਝ ਰੱਖਣ ਦੇ ਬਾਵਜੂਦ, ਉਸ ਨੇ ਉਸ ਦੀਆਂ ਮੱਧਕਾਲੀਨ ਸਾਹਿਤ ਅਤੇ ਹੀਰ ਵਾਰਿਸ ਬਾਰੇ ਪੇਸ਼ ਧਾਰਨਾਵਾਂ ਦਾ ਤਿੱਖਾ ਵਿਰੋਧ ਕੀਤਾ ਹੈ। ਕਿਸ਼ਨ ਸਿੰਘ ਸਾਧਾਰਨ ਘਰ ਦਾ ਜੰਮਪਲ ਸੀ। ਉਸ ਨੇ ਐਮ.ਏ. ਅੰਗਰੇਜ਼ੀ ਤਕ ਦੀ ਸਿੱਖਿਆ ਹਾਸਲ ਕੀਤੀ ਅਤੇ ਅਧਿਆਪਨ ਨੂੰ ਆਪਣੇ ਕਿੱਤੇ ਵਜੋਂ ਚੁਣਿਆ। ਵਿਆਹ ਕਰਵਾਉਣ ਤੋਂ ਪਹਿਲਾਂ ਇਨਕਾਰੀ ਰਿਹਾ ਪ੍ਰੰਤੂ ਪਰਿਵਾਰ ਦੇ ਜ਼ੋਰ ਦੇਣ ’ਤੇ ਕਰਵਾ ਵੀ ਲਿਆ ਪ੍ਰੰਤੂ ਦੋ ਸਾਲ ਬਾਅਦ ਹੀ ਤਲਾਕ ਹੋ ਗਿਆ। ਮੁੜ ਇਸ ਰਾਹ ਪਿਆ ਹੀ ਨਹੀਂ ਕਿਉਂਕਿ ਉਸ ਦਾ ਰਾਹ ਤਾਂ ਰਿਸ਼ੀਆਂ ਵਾਲੀ ਗਿਆਨ ਸਾਧਨਾ ਸੀ। ਮਾਰਕਸਵਾਦੀ ਦਰਸ਼ਨ ਦੀ ਜੀਵਨ-ਦ੍ਰਿਸ਼ਟੀ, ਵਿਚਾਰਧਾਰਾ ਅਤੇ ਵਿਧੀ ਵਿਗਿਆਨ ਦਾ ਆਧਾਰ ਬਣਿਆ। ਇਸ ਦੀ ਸਹਾਇਤਾ ਨਾਲ ਉਹ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਬੁਨਿਆਦੀ ਮਸਲਿਆਂ ਨੂੰ ਘੋਖਣ ਅਤੇ ਖੋਲ੍ਹਣ ਲਈ ਯਤਨਸ਼ੀਲ ਰਿਹਾ। ਮੱਧਕਾਲ ਦੇ ਆਧੁਨਿਕ ਸਾਹਿਤ ਦਾ ਅਧਿਐਨ ਵਿਸ਼ਲੇਸ਼ਣ ਜਾਂ ਰਾਜਨੀਤੀ ਅਤੇ ਭਾਸ਼ਾ ਦੇ ਮਸਲਿਆਂ ਬਾਰੇ ਉਸ ਨੇ ਬੁਨਿਆਦੀ ਸਮਝ ਵੀ ਇਸੇ ਦਰਸ਼ਨ ਰਾਹੀਂ ਹਾਸਲ ਕੀਤੀ। ਆਪਣੀਆਂ ਧਾਰਨਾਵਾਂ ਪ੍ਰਤੀ ਉਹ ਕੱਟੜ ਸੀ ਅਤੇ  ਵਿਚਾਰਧਾਰਾ  ਵਿਚ ਪ੍ਰਤੀਬੱਧ। ਸੈਮੀਨਾਰਾਂ ਨੂੰ ਉਸ ਨੇ ਕਦੇ ਵੀ ਮਹਿਫ਼ਲੀ ਜਾਂ ਲਤੀਫ਼ੇਬਾਜ਼ੀ ਵਾਲੀ ਖੁੱਲ੍ਹੀ-ਡੁਲ੍ਹੀ ਥਾਂ ਨਹੀਂ ਸੀ ਬਣਨ ਦਿੱਤਾ ਸਗੋਂ ਉਸ ਨੂੰ ਗੰਭੀਰ ਵਿਚਾਰ-ਚਰਚਾ ਵਾਲਾ ਪ੍ਰਵਚਨੀ ਰੂਪ ਦਿੱਤਾ। ਉਸ ਦੀ ਹਾਜ਼ਰੀ ਵਿਚ ਵਿਚਾਰ-ਚਰਚਾ ਕਰਨ ਵਾਲਾ ਕਿੰਨਾ ਵੀ ਵੱਡਾ ਵਿਦਵਾਨ ਹੁੰਦਾ ਜੇ ਅਤਾਰਕਿਕ ਜਾਂ ਬੇਤੁਕਾ ਬੋਲਦਾ ਤਾਂ ਉਹ ਤੁਰੰਤ ਤਿੱਖੀ ਤੇ ਤਲਖ ਟਿੱਪਣੀ ਕਰਨ ਤੋਂ ਗੁਰੇਜ਼ ਨਾ ਕਰਦਾ। ਅੱਜ ਦੇ ਉਚ ਅਦਾਰਿਆਂ ਦੇ ਸੈਮੀਨਾਰਾਂ ਵਿਚ ਕਿਸ਼ਨ ਸਿੰਘੀ ਭਾਵਨਾ ਗਾਇਬ ਹੀ ਰਹਿੰਦੀ ਹੈ। ਇਸੇ ਲਈ ਇਨ੍ਹਾਂ ਦਾ ਸੁਭਾਅ ਜ਼ਿਆਦਾਤਰ ਮੇਲ-ਮਿਲਾਪ, ਇਕ-ਦੂਜੇ ਦੇ ਮੱਥਿਆਂ  ’ਤੇ ਟਿੱਕੇ ਲਾਉਣ ਵਾਲਾ ਅਤੇ ਪ੍ਰਬੰਧਕਾਂ ਵੱਲੋਂ ਦਿਖਾਈ ਮਹਿਮਾਨਬਾਜ਼ੀ ਦੀ ਪ੍ਰਸੰਸਾ ਕਰਨ ਤਕ ਹੀ ਸੀਮਤ ਹੋ ਗਿਆ ਹੈ। ਕਿਸ਼ਨ ਸਿੰਘ ਦਾ ਚਿੰਤਨੀ ਕਾਰਜ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਸਮਾਜ, ਇਤਿਹਾਸ ਆਦਿ ਤਕ ਫ਼ੈਲਿਆ ਹੋਇਆ ਹੈ। ਉਸ ਦੁਆਰਾ ਪੰਜਾਬੀ ਵਿਚ ਲਿਖੀਆਂ ਸਤਾਰਾਂ ਪੁਸਤਕਾਂ ਪ੍ਰਾਪਤ ਹਨ।
11012CD _DR_ SURINDER KUMARਡਾ. ਹਰਿਭਜਨ ਸਿੰਘ ਭਾਟੀਆ ਨੇ ਕਿਸ਼ਨ ਸਿੰਘ ਦੇ ਜੀਵਨ-ਦ੍ਰਿਸ਼ਟੀ,ਦਰਸ਼ਨ, ਸਾਹਿਤ ਸਿਧਾਂਤ, ਚਿੰਤਨ, ਉਸ ਦੀਆਂ ਮੱਧਕਾਲੀ ਅਤੇ ਆਧੁਨਿਕ ਪੰਜਾਬੀ ਸਾਹਿਤ ਬਾਰੇ ਧਾਰਨਾਵਾਂ ਦਾ ਨਿਕਟਵਰਤੀ ਤੇ ਨਿੱਠ ਕੇ ਅਧਿਐਨ ਵਿਸ਼ਲੇਸ਼ਣ ਅਤੇ ਮੁਲਾਂਕਣ ਕੀਤਾ ਹੈ। ਡਾ. ਭਾਟੀਆ ਦੇ ਬੌਧਿਕ ਅਨੁਸ਼ਾਸਨ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਦੇ ਵੀ ਤਰਕ ਦਾ ਪੱਲਾ ਨਹੀਂ ਛੱਡਦੀ ਅਤੇ ਆਪਣੀ ਪਹੁੰਚ ਵਿਚ ਹਮੇਸ਼ਾ ਸੁਹਿਰਦ ਰਹਿੰਦੀ ਹੈ। ਤਾਰਕਿਕ ਤੇ ਵਿਵੇਕਸ਼ੀਲ ਪਹੁੰਚ ਦ੍ਰਿਸ਼ਟੀ ਵਾਦ-ਵਿਵਾਦ ਤੇ ਸੰਵਾਦ ਦੀ ਵਿਸ਼ਲੇਸ਼ਣੀ ਵਿਧੀ ਅਤੇ ਸੂਤ੍ਰਿਕ ਸ਼ੈਲੀ ਡਾ. ਭਾਟੀਆ ਦੇ ਅਜਿਹੇ ਹੀ ਵਿਸ਼ਲੇਸ਼ਣੀ ਸੰਦ ਹਨ, ਜਿਨ੍ਹਾਂ ਰਾਹੀਂ ਉਸ ਨੇ ਕਿਸ਼ਨ ਸਿੰਘ ਚਿੰਤਨ ਦੇ ਸਿਧਾਂਤਕ ਤੇ ਵਿਹਾਰਕ ਧਰਾਤਲਾਂ ਦੇ ਸਾਰ ਤਕ ਰਸਾਈ ਕੀਤੀ ਹੈ। ਉਸ ਨੇ ਕਿਸ਼ਨ ਸਿੰਘ ਦੀਆਂ ਖੂਬੀਆਂ ਨੂੰ ਖ਼ੂਬ ਪਛਾਣਿਆ ਹੈ ਅਤੇ ਉਸ ਦੀਆਂ ਕਮਜ਼ੋਰੀਆਂ ਨੂੰ ਵਿਸ਼ੇਸ਼ ਕਰ ਕੇ ਉਸ ਦੀਆਂ ਮੱਧਕਾਲੀ ਵਿਰਸੇ ਦੀ ਵਿਆਖਿਆ ਕਰਦੇ ਸਮੇਂ ਅਧਿਆਤਮਵਾਦੀ  ਤੇ ਸਮਾਜਵਾਦੀ ਸੰਕਲਪਾਂ ਨੂੰ ਆਪਸ ਵਿਚ ਰਲਗੱਡ ਕਰਨ, ਵਿਗਿਆਨਕ ਸੰਕਲਪਾਂ ਦੀ ਧਾਰਮਿਕ ਵਿਆਖਿਆ ਸਮੇਂ ਮਕਾਨਕੀ ਅਤੇ ਅੰਤਰਮੁਖੀ ਹੋਣ, ਧਾਰਮਿਕ ਤੇ ਰੁਮਾਂਟਿਕ ਵਿਚਾਰਧਾਰਾ ਨੂੰ  ਇਕੋ ਧਰਾਤਲ ’ਤੇ ਟਿਕਾਉਣ, ਗੁਰਮੁਖ/ ਦਰਵੇਸ਼/ਆਸ਼ਕ ਨੂੰ ਸਮਾਨ ਅਰਥਾਂ ਵਿਚ ਉਚਿਆਉਣ ਸਮੇਂ ਉਸ ਦੀ ਵਿਆਖਿਆ ਆਪਹੁਦਰੇਪਣ, ਆਤਮ-ਭਾਵੀ ਅਤੇ ਉਲਾਰਤਾ ਦੀ ਸ਼ਿਕਾਰ ਬਣਦੀ ਹੈ। ਇਨ੍ਹਾਂ ਕਮਜ਼ੋਰੀਆਂ ਦੇ ਬਾਵਜੂਦ ਪੰਜਾਬੀ ਸਾਹਿਤ ਚਿੰਤਨ ਵਿਚ ਕਿਸ਼ਨ ਸਿੰਘ ਦੀ ਆਪਣੀ ਵੱਖਰੀ ਮੌਲਿਕ ਤੇ ਨਿਵੇਕਲੀ ਪਛਾਣ, ਵਿਸ਼ੇਸ਼ਕਰ ਮਾਰਕਸਵਾਦੀ ਪੰਜਾਬੀ ਚਿੰਤਨ ਵਿਚ ਨਵੇਂ ਪਾਸਾਰ ਜੋੜਨ ਵਾਲੀ ਹੈ। ਡਾ. ਹਰਿਭਜਨ ਸਿੰਘ ਭਾਟੀਆ ਨੇ ਇਸ ਛੋਟੀ  ਪੁਸਤਕ ਵਿਚ ਕਿਸ਼ਨ ਸਿੰਘ ਚਿੰਤਨ ਦੇ ਲਗਪਗ ਸਾਰੇ ਪਾਸਾਰਾਂ ਨੂੰ ਖੋਲ੍ਹਣ ਦਾ ਪ੍ਰਸੰਸਾਮਈ ਕਾਰਜ ਕੀਤਾ ਹੈ। ਇਹ ਕਾਰਜ ਖੋਜ ਵਿਦਿਆਥੀਆਂ, ਵਿਦਵਾਨਾਂ ਤੇ ਸਾਹਿਤ ਅਧਿਐਨ ਵੱਲ ਰੁਚੀ ਰੱਖਣ ਵਾਲੇ ਸਮੂਹ ਸੁਹਿਰਦ ਪਾਠਕਾਂ ਲਈ ਵੀ ਮੁੱਲਵਾਨ ਹੈ।
ਸੰਪਰਕ: 98550-59696


Comments Off on ਕਿਸ਼ਨ ਸਿੰਘ ਦੇ ਸਾਿਹਤ ਚਿੰਤਨ ਦਾ ਮੁਲਾਂਕਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.