ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ

Posted On December - 9 - 2016

ਸ਼ਮਸ਼ੇਰ ਸਿੰਘ ਸੋਹੀ
An employee counts Indian currency notes at a cash counter inside a bank in Kolkataਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਅਤੇ ਖੇਤੀ ਸਬੰਧੀ ਵਸਤਾਂ ਲਈ ਸਾਡੇ ਦੇਸ਼ ਦੇ ਅੰਨਦਾਤੇ ਦਾ ਨਿੱਤ ਸਹਿਕਾਰੀ ਬੈਂਕਾਂ ਜਾਂ ਸਹਿਕਾਰੀ ਸਭਾਵਾਂ ਨਾਲ ਵਾਹ ਪੈਂਦਾ ਹੈ। ਉਹ ਪ੍ਰਧਾਨ ਮੰਤਰੀ ਵੱਲੋਂ 500 ਤੇ 1000 ਰੁਪਏ ਦੀ ਕਰੰਸੀ ਬੰਦ ਕਰਨ ਕਰਕੇ ਸੰਕਟ ਵਿੱਚ ਹੈ। ਹਾੜ੍ਹੀ ਦੀ ਫ਼ਸਲ ਬੀਜਣ ਦਾ ਸਮਾਂ ਨਜ਼ਦੀਕ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਕਿਉਂਕਿ ਉਨ੍ਹਾਂ ਨੂੰ ਹਾੜ੍ਹੀ ਦੀ ਫ਼ਸਲ ਬੀਜਣ ਲਈ ਜ਼ਰੂਰੀ ਖਾਦ, ਬੀਜ ਤੇ ਡੀਜ਼ਲ ਲੈਣ ਲਈ ਪੁਰਾਣੇ ਕਰਜ਼ੇ ਬੈਂਕ ਵਿੱਚ ਤਾਰਨੇ ਪੈਣਗੇ। ਅਹਿਮ ਗੱਲ ਇਹ ਹੈ ਕਿ ਇਸ ਸਮੇਂ ਕੋਈ ਵੀ ਸਹਿਕਾਰੀ ਬੈਂਕ ਕਿਸਾਨਾਂ ਕੋਲੋਂ ਇਸ ਰਿਕਵਰੀ ਸੀਜ਼ਨ ਵਿੱਚ ਪੁਰਾਣੇ ਨੋਟ ਨਹੀਂ ਲੈ ਰਿਹਾ ਜਿਸ ਨਾਲ ਬੈਂਕਾਂ ਦੀ ਵਸੂਲੀ ਵੀ ਪ੍ਰਭਾਵਿਤ ਹੋ ਰਹੀ ਹੈ। ਇਨ੍ਹੀਂ ਦਿਨੀਂ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਵਿੱਚ ਕੰਮ ਕਾਜ ਪੂਰੀ ਤਰ੍ਹਾਂ ਠੱਪ ਪਿਆ ਹੈ। ਪ੍ਰਧਾਨ ਮੰਤਰੀ ਦੇ ਰਾਤੋ-ਰਾਤ ਨੋਟਬੰਦੀ ਕਰਨ ਦੇ ਐਲਾਨ ਨੇ ਘਰਾਂ ਵਿੱਚ ਕਾਲਾ ਧਨ ਜਮ੍ਹਾਂ ਕਰੀ ਬੈਠੇ ਲੋਕਾਂ ਨੂੰ ਭਾਜੜਾਂ ਪਾ ਦਿੱਤੀਆਂ। ਇਸ ਦੇ ਨਾਲ ਹੀ ਇਸ ਨੇ ਭਾਰਤ ਵਿੱਚ ਰਹਿੰਦੇ ਕਿਸਾਨਾਂ, ਗ਼ਰੀਬ ਤੇ ਮਜ਼ਦੂਰ ਲੋਕਾਂ ਲਈ ਪ੍ਰੇਸ਼ਾਨੀ ਵੀ ਪੈਦਾ ਕਰ ਦਿੱਤੀ ਹੈ। ਸਰਕਾਰ ਨੇ ਕਾਲੇ ਧਨ ਨੂੰ ਖ਼ਤਮ ਕਰਨ ਲਈ ਇਹ ਕਦਮ ਚੁੱਕਿਆ ਹੈ, ਪਰ ਬੈਂਕਾਂ ਅਤੇ ਏਟੀਐੱਮ ਮਸ਼ੀਨਾਂ ਵਿੱਚ ਨਵੀਂ ਕਰੰਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਨੋਟਬੰਦੀ ਦਾ ਫ਼ੈਸਲਾ ਸਰਕਾਰ ਦੀ ਨਾਕਾਮੀ ਜ਼ਾਹਿਰ ਕਰ ਗਿਆ।
ਸਾਡੇ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਿਸਾਨਾਂ ਦੀ ਮੰਦੀ ਹੁੰਦੀ ਜਾ ਰਹੀ ਹਾਲਤ ਨੂੰ ਸੁਧਾਰਨ ਦੀ ਥਾਂ ਭਾਰਤੀ ਰਿਜ਼ਰਵ ਬੈਂਕ ਨੇ ਸਹਿਕਾਰੀ ਬੈਂਕਾਂ ਵਿੱਚ ਪੁਰਾਣੇ ਨੋਟ ਨਾ ਜਮ੍ਹਾਂ ਕਰਨ ਦੀ ਹਦਾਇਤ ਕਰਕੇ ਕਿਸਾਨਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਸਾਰੀਆਂ ਸਹਿਕਾਰੀ ਬੈਂਕਾਂ ਵਿੱਚ ਇਨ੍ਹੀਂ ਦਿਨੀਂ ਚੰਗੀ ਰਿਕਵਰੀ ਆ ਰਹੀ ਸੀ ਤੇ ਹੁਣ ਪੁਰਾਣੇ ਨੋਟ ਬੰਦ ਹੋਣ ਕਰਕੇ ਕਿਸਾਨਾਂ ਵੱਲੋਂ ਜ਼ਿਆਦਾ ਰਿਕਵਰੀ ਆਉਣ ਦੀ ਉਮੀਦ ਸੀ। ਇਹ ਵੀ ਉਮੀਦ ਸੀ ਕਿ ਪੁਰਾਣੇ ਨੋਟਾਂ ਦੇ ਲੈਣ-ਦੇਣ ਕਰਕੇ ਕਿਸਾਨਾਂ ਦੇ ਸੋਸਾਇਟੀਆਂ ਵਿੱਚ ਚਿਰਾਂ ਤੋਂ ਚੱਲ ਰਹੇ ਡਿਫਾਲਟਰ ਖਾਤਿਆਂ ਵਿੱਚ ਵੀ ਵਸੂਲੀ ਆ ਸਕਦੀ ਸੀ, ਪਰ ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਦਾ ਹਰ ਕਿਸਾਨ ਸੰਕਟ ਵਿੱਚ ਫਸ ਗਿਆ ਹੈ। ਕਿਸਾਨਾਂ ਦੇ ਬੈਂਕ ਵਿੱਚੋਂ ਲਏ ਕਰਜ਼ੇ ਦੇ ਪੈਸਿਆਂ ਨੂੰ ਵਿਆਜ ਪੈ ਰਿਹਾ ਹੈ, ਪਰ ਬੈਂਕ ਪੁਰਾਣੇ ਨੋਟ ਨਹੀਂ ਜਮ੍ਹਾਂ ਕਰ ਰਹੇ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬੈਂਕ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। 1949 ਤੋਂ ਕਿਸਾਨਾਂ ਨੂੰ ਸੇਵਾਵਾਂ ਦੇ ਰਹੀਆਂ ਸਹਿਕਾਰੀ ਬੈਂਕਾਂ ਦੀਆਂ ਪੰਜਾਬ ਵਿੱਚ ਇਸ ਸਮੇਂ 802 ਬ੍ਰਾਚਾਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਹਨ। ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਨਾਲ ਜੁੜੇ ਪੇਂਡੂ ਤਬਕੇ ਦੇ ਲੋਕ ਇਸ ਬੈਂਕ ਨੂੰ ਘਰ ਦੀ ਬੈਂਕ ਕਹਿੰਦੇ ਹਨ, ਪਰ ਇਸ ਸਮੇਂ ਹਰ ਰੋਜ਼ ਦੀ ਖੱਜਲ ਖੁਆਰੀ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਤੇ   ਕਈ ਲੋਕ ਆਪਣੇ ਖਾਤੇ ਦੂਜੀਆਂ  ਬੈਂਕਾਂ ਵਿੱਚ ਲਿਜਾਣ ਬਾਰੇ ਵੀ ਸੋਚ ਰਹੇ ਹਨ।
ਸਰਕਾਰ ਨੂੰ ਅਜਿਹਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਗ਼ਰੀਬੀ ਰੇਖਾਂ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਦੇ ਦਰਦ ਤੇ ਕਿਸਾਨਾਂ ਦੀ ਹਾਲਤ ਨੂੰ ਮਹਿਸੂਸ ਕਰਨਾ ਚਾਹੀਦਾ ਸੀ। ਸਰਕਾਰ ਨੂੰ ਚਾਹੀਦਾ ਸੀ ਕਿ 2,000 ਦੇ ਨੋਟ ਦੀ ਜਗ੍ਹਾ ਪਹਿਲਾਂ 100 ਜਾਂ 500 ਦੀ ਕਰੰਸੀ ਬੈਂਕਾਂ ਵਿੱਚ ਭੇਜੀ ਜਾਂਦੀ। ਨੋਟਬੰਦੀ ਦੇ ਇਸ ਫ਼ੈਸਲੇ ਨਾਲ ਆਮ ਲੋਕਾਂ ਦਾ ਬੈਂਕਾਂ ਵਿੱਚ ਜੋ ਹਾਲ ਹੋਇਆ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਕਈ ਬੈਂਕ ਮੁਲਾਜ਼ਮ ਵੀ ਇਸ ਫ਼ੈਸਲੇ ਤੋਂ ਬਾਅਦ ਕਾਫ਼ੀ ਦੁਖੀ ਹਨ। ਲੋਕਾਂ ਵੱਲੋਂ ਨਵੀਂ ਕਰੰਸੀ ਦੀ ਮੰਗ ਵੱਧ ਹੋਣ ਕਰਕੇ ਬੈਂਕ ਮੁਲਾਜ਼ਮਾਂ ਦੀ ਰੋਜ਼ ਗਾਹਕਾਂ ਨਾਲ ਲੜਾਈ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੁਖਤਾ ਪ੍ਰਬੰਧ ਕਰਕੇ ਇਸ ਵਿਗੜ ਰਹੀ ਸਥਿਤੀ ’ਤੇ ਕਾਬੂ ਪਾਇਆ ਜਾਵੇ ਤੇ ਕਿਸਾਨਾਂ ਦੀ ਸਥਿਤੀ ਬਾਰੇ ਸੋਚਦਿਆਂ ਸਹਿਕਾਰੀ ਬੈਂਕਾਂ ਨੂੰ ਵੀ ਹੋਰਨਾਂ ਬੈਂਕਾਂ ਵਾਂਗ ਪੁਰਾਣੇ ਨੋਟ ਜਮ੍ਹਾਂ ਕਰਨ ਦੀ ਹਦਾਇਤ ਕੀਤੀ ਜਾਵੇ।
ਸੰਪਰਕ: 98764-74671


Comments Off on ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.