ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਕਿਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਹੈ ਸਾਡਾ ਭਵਿੱਖ ?

Posted On December - 28 - 2016

12812CD _GLOBALIZATIONਗੁਰਚਰਨ ਸਿੰਘ ਨੂਰਪੁਰ
ਵਰਤਮਾਨ ਸਮੇਂ ਨੂੰ ਅਸੀ ਵਿਗਿਆਨ ਦਾ ਯੁੱਗ ਆਖਦੇ ਹਾਂ। ਹਕੀਕਤ ਇਹ ਹੈ ਕਿ ਅੱਜ ਦਾ ਯੁੱਗ ਮੰਡੀ ਅਤੇ ਬਾਜ਼ਾਰ ਦਾ ਯੁੱਗ ਹੈ। ਸਾਡਾ ਖਾਣ-ਪੀਣ, ਪਹਿਰਾਵਾ, ਆਵਾਜਾਈ, ਮਨੋਰੰਜਨ ਤੇ ਸੂਚਨਾਵਾਂ ਕਿਹੋ ਜਿਹੇ ਹੋਣ, ਇਹ ਹੁਣ ਬਾਜ਼ਾਰ ਤੈਅ ਕਰਦਾ ਹੈ। ਮਨੁੱਖ ਨੂੰ ਵਸਤਾਂ ਲਈ ਜਿਊਣ ਅਤੇ ਵਸਤਾਂ ਲਈ ਮਰਨ ਦੇ ਸੰਕਲਪ ਦਿੱਤੇ ਜਾ ਰਹੇ ਹਨ। ਖ਼ਦਸ਼ਾ ਇਹ ਵੀ ਹੈ ਕਿ ਨਵੀਨਤਮ ਵਿਗਿਆਨਕ ਖੋਜਾਂ ਹੁਣ ਧਨਾਢ ਕਾਰਪੋਰੇਸ਼ਨਾਂ ਦੀਆਂ ਬਣ ਕੇ ਰਹਿ ਜਾਣਗੀਆਂ। ਖੋਜਾਂ ਕੀਤੀਆਂ ਜਾ ਰਹੀਆਂ ਹਨ ਕਿ ਮਨੁੱਖ ਨੂੰ ਸਮੂਹਿਕ ਤੌਰ ’ਤੇ ਉਨ੍ਹਾਂ ਸਭ ਤਰਜੀਹਾਂ ਲਈ ਕਿਵੇਂ ਤਿਆਰ ਕੀਤਾ ਜਾਵੇ, ਜਿਸ ਦਾ ਉਹ ਵਿਰੋਧ ਕਰਦਾ ਹੈ। ਧਨਾਢ ਪੂੰਜੀਵਾਦੀ ਕੰਪਨੀਆਂ ਵੱਲੋਂ ਵਿਸ਼ਵੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਬੜੀ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ। ਅੱਜ ਬੜੀ ਸ਼ਿੱਦਤ ਨਾਲ ਇਹ ਵਿਚਾਰਨ ਦੀ ਲੋੜ ਹੈ ਅਜਿਹੀ ਵਿਵਸਥਾ ਜਿਸ ਨੂੰ ਕਾਰਪੋਰੇਟ ਜਗਤ ਚਲਾ ਰਿਹਾ ਹੈ, ਉਸ ਵਿੱਚ ਆਮ ਮਨੁੱਖ ਦਾ ਭਵਿੱਖ ਕੀ ਹੋਵੇਗਾ?
ਸਾਡੇ ਮੁਲਕ ਵਿੱਚ 1992 ਵਿੱਚ ਨਿੱਜੀਕਰਨ ਦੀ ਸ਼ੁਰੂਆਤ ਹੋਈ। ਸਭ ਤੋਂ ਵੱਧ ਰੌਲਾ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਦੋਂ ਪਿਆ ਜਦੋਂ ਐਫਡੀਆਈ ਨੂੰ ਲਾਗੂ ਕਰਨ ਦੀ ਗੱਲ ਤੁਰੀ। ਉਸ ਸਮੇਂ ਭਾਜਪਾ ਸਮੇਤ ਹੋਰ ਵਿਰੋਧੀ ਦਲਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਪਰ 2014 ਵਿੱਚ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਮੋੋਦੀ ਸਰਕਾਰ ਨੇ ਉਨ੍ਹਾਂ ਸਭ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਉਹ ਆਪ ਵਿਰੋਧ ਕਰਦੇ ਰਹੇ ਸਨ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਲੋਕਤੰਤਰ ਵਿੱਚ ਵੀ ਸੱਤਾ ਨੂੰ ਚਲਾਉਣ ਵਾਲੀਆਂ ਤਾਕਤਾਂ ਕੋਈ ਹੋਰ ਹੁੰਦੀਆਂ ਹਨ। ਰਾਜਸੀ ਪਾਰਟੀ ਭਾਵੇਂ ਬਦਲ ਜਾਵੇ ਪਰ ਬਾਜ਼ੀ ਕਾਰਪੋਰੇਟ ਤਾਕਤਾਂ ਦੇ ਹੱਥ ਰਹਿੰਦੀ ਹੈ। ਸਿਰਫ਼ ਇੱਕ ਦਰਜਨ ਕਾਰਪੋਰੇਟ ਕੰਪਨੀਆਂ ਹਨ ਜੋ ਦੁਨੀਆਂ ਦੀ ਅਰਥਵਿਵਸਥਾ ਨੂੰ ਆਪਣੇ ਢੰਗ ਨਾਲ ਚਲਾਉਂਦੀਆਂ/ਤੈਅ ਕਰਦੀਆਂ ਹਨ। ਕੁਝ ਕੰਪਨੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਦੇਸ਼ ਤੇ ਪ੍ਰਸ਼ਾਸਨਿਕ ਤੰਤਰ ਨੂੰ ਭ੍ਰਿਸ਼ਟ ਕਰਨ ਦੀ ਸਮਰੱਥਾ ਰੱਖਦੀਆਂ ਹਨ। ਕਾਰਪੋਰੇਸ਼ਨਾਂ ਵੱਲੋਂ ਅਜਿਹੇ ਹੱਥਕੰਡੇ ਅਪਣਾਏ ਜਾਂਦੇ ਹਨ ਕਿ ਸਰਕਾਰਾਂ, ਨੌਕਰਸ਼ਾਹੀ, ਸਿਆਸੀ ਜਮਾਤਾਂ ਤੇ ਲੋਕ ਹਿੱਤਾਂ ਨੂੰ ਤਿਆਗ ਕੇ ਇਨ੍ਹਾਂ ਕਾਰਪੋਰੇਸ਼ਨਾਂ ਅਨੁਸਾਰ ਕੰਮ ਕਰਨ ਲੱਗਦੇ ਹਨ।
ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸਰਕਾਰਾਂ ਨੇ ਅਜਿਹੀਆਂ ਨੀਤੀਆਂ ਲਾਗੂ ਕਰਨ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਹੈ, ਉੱਥੇ ਬੇਸ਼ੱਕ ਲੋਕਾਂ ਨੂੰ ਅੱਜ ਚੰਗੇ ਦਿਨਾਂ ਦੇ ਸੁਪਨੇ ਵੇਚੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕਿਤੇ ਉਲਟ ਹੈ। ਸਾਨੂੰ ਵਿਕਸਤ ਮੁਲਕਾਂ ਦੇ ਮਾਡਲ ਵਿਖਾ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਬਾਹਰਲੇ ਮੁਲਕਾਂ ਦੀਆਂ ਕਾਰਪੋਰੇਸ਼ਨਾਂ ਇੱਥੇ ਪੂੰਜੀ ਨਿਵੇਸ਼ ਕਰਨਗੀਆਂ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਸਾਰੇ ਧੋਣੇ ਧੋਤੇ ਜਾਣਗੇ ਪਰ ਇਨ੍ਹਾਂ ਕਾਰਪੋਰੇਸ਼ਨਾਂ ਦਾ ਇਤਿਹਾਸਕ ਪਿਛੋਕੜ ਤੇ ਕੰਮ ਕਰਨ ਦੇ ਢੰਗ ਬਾਰੇ ਲੋਕਾਂ ਨੂੰ ਹਰਗਿਜ਼ ਨਹੀਂ ਦੱਸਿਆ ਜਾਂਦਾ। ਇਹ ਕਾਰਪੋਰੇਸ਼ਨਾਂ ਆਪਣੇ ਮੁਨਾਫ਼ਿਆਂ ਲਈ ਕੰਮ ਕਰਦੀਆਂ ਹਨ ਨਾ ਕਿ ਕਿਸੇ ਦੇਸ਼ ਦੇ ਵਿਕਾਸ ਲਈ। ਕੇਂਦਰ ਦੀ ਭਾਜਪਾ ਸਰਕਾਰ ਨੇ ਪੂੰਜੀਵਾਦੀ ਤਾਕਤਾਂ ਅੱਗੇ ਗੋਡੇ ਟੇਕਦਿਆਂ ਹੁਣ ਉਹ ਸਭ ਵਲਗਣਾਂ ਤੋੜ ਦਿੱਤੀਆਂ ਹਨ, ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਸੁਚੇਤ ਰਹਿੰਦੇ ਆਏ ਹਾਂ। ਹੁਣ ਸੁਰੱਖਿਆ ਖੇਤਰ, ਤੇਲ, ਦਵਾਈਆਂ ਤੇ ਮੀਡੀਆ ਦੇ ਖੇਤਰਾਂ ਵਿੱਚ ਵੀ ਇਹ ਬਾਹਰਲੀਆਂ ਕੰਪਨੀਆਂ ਹਿੱਸੇਦਾਰ ਬਣ ਸਕਦੀਆਂ ਹਨ। ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਮੀਡੀਆ, ਤੇਲ ਤੇ ਸੁਰੱਖਿਆ ਮਾਮਲਿਆਂ ਵਿੱਚ ਦਖ਼ਲ ਦੀ ਖੁੱਲ੍ਹ ਦਿੰਦਿਆਂ ਸਰਕਾਰ ਨੂੰ ਉਨ੍ਹਾਂ ਸਭ ਦੇਸ਼ਾਂ ਦਾ ਮੁਲਾਂਕਣ ਕਰਨਾ ਚਾਹੀਦਾ ਸੀ, ਜਿੱਥੇ ਇਨ੍ਹਾਂ ਧਨਾਢ ਕੰਪਨੀਆਂ ਨੇ ਲੋਕਾਂ ਦੇ ਵਿਕਾਸ ਦੇ ਨਾਮ ’ਤੇ ਲੁੱਟ ਮਚਾਈ ਹੈ। ਇੱਥੇ ਚਿੱਲੀ, ਪਨਾਮਾ ਤੇ ਇਰਾਕ ਵਰਗੇ ਦੇਸ਼ਾਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਨਿਵੇਸ਼ ਨੂੰ ਥੋਕ ਰੂਪ ਵਿੱਚ ਖੁੱਲ੍ਹਾਂ ਦੇ ਦਿੱਤੀਆਂ ਹਨ। ਪਿਛਲੇ ਕੁਝ ਅਰਸੇ ਤੋਂ ਆਰਥਿਕ ਸੰਕਟ ਨਾਲ ਜੂਝਦੇ ਵਿਕਸਤ ਮੁਲਕਾਂ ਨੂੰ ਆਪਣਾ ਕਾਰੋਬਾਰ ਕਰਨ ਅਤੇ ਮਾਲ ਅਸਬਾਬ ਵੇਚਣ ਲਈ ਰੋਕਾਂ ਰਹਿਤ ਮੰਡੀਆਂ ਚਾਹੀਦੀਆਂ ਹਨ। ਕਾਰਪੋਰੇਸ਼ਨਾਂ ਨੂੰ ‘ਸਭ ਕਾ ਸਾਥ ਸਭ ਕਾ ਵਿਕਾਸ’ ਨਹੀਂ, ਬਲਕਿ ਆਪਣੇ ਵਿਕਾਸ ਲਈ ਰਾਹ ਪੱਧਰੇ ਚਾਹੀਦੇ ਹਨ। ਕੰਪਨੀਆਂ ਲਈ ਕੰਮ ਕਰਨ ਲਈ ਸਸਤੇ ਭਾਅ  ’ਤੇ ਕਰਿੰਦੇ ਚਾਹੀਦੇ ਹਨ। ਸਸਤੇ ਭਾਅ ’ਤੇ ਕੱਚਾ ਮਾਲ ਚਾਹੀਦਾ ਹੈ। ਖੁੱਲ੍ਹਾ ਪਾਣੀ, ਸਸਤੀਆਂ ਜ਼ਮੀਨਾਂ, ਜੰਗਲ ਤੇ ਖਣਿਜ ਪਦਾਰਥਾਂ ਦੀ ਲੋੜ ਹੈ। ਧਨਾਢ ਕਾਰਪੋਰੇਸ਼ਨਾਂ ਨੂੰ ਆਪਣੀਆਂ ਮੁਨਾਫਾ ਬਟੋਰੂ ਨੀਤੀਆਂ ਲਾਗੂ ਕਰਦਿਆਂ ਕਿਸੇ ਕਿਸਮ ਦੀ ਆਂਚ ਨਾ ਆਵੇ, ਇਸ ਲਈ ਸੁਰੱਖਿਆ ਬਲ ਚਾਹੀਦੇ ਹਨ। ਇਸ ਸਭ ਦੀ ਵੱਡੇ ਪੈਮਾਨੇ ’ਤੇ ਤਿਆਰੀ ਕੀਤੀ ਜਾ ਰਹੀ ਹੈ। ਅੱਜ ਲੋਕ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਪੂੰਜੀਵਾਦੀ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਸਭ ਰਾਹ ਪੱਧਰੇ ਕੀਤੇ ਜਾ ਰਹੇ ਹਨ। ਇਹ ਨਹੀਂ ਸੋਚਿਆ ਜਾ ਰਿਹਾ ਕਿ ਘਰੇਲੂ ਸਨਅਤਾਂ ਦਾ ਹਸ਼ਰ ਕੀ ਹੋਵੇਗਾ?
ਪੂੰਜੀਪਤੀ ਕਾਰਪੋਰੇਸ਼ਨਾਂ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਦੀਆਂ ਲੋੜਾਂ ’ਤੇ ਗਲ਼ਬੇ ਪਾਉਣ ਅਤੇ ਮੁਨਾਫਾ ਕਮਾਉਣ ਦੇ ਸਿਧਾਂਤ ’ਤੇ ਕੰਮ ਕਰਦੀਆਂ ਹਨ। ਫ਼ਸਲਾਂ ਦੇ ਚਮਤਕਾਰੀ ਬੀਜ ਦੱਸ ਕੇ ਧੜਾਧੜ ਮਹਿੰਗੇ ਭਾਅ ’ਤੇ ਵੇਚੇ ਜਾਂਦੇ ਹਨ। ਫਿਰ ਕੀਟਨਾਸ਼ਕ ਦਵਾਈਆਂ, ਮਹਿੰਗੇ ਖੇਤੀ ਸੰਦ ਤੇ ਮਨਮਰਜ਼ੀ ਦੇ ਰੇਟ ’ਤੇ ਕਰਜ਼ੇ ਦੇ ਕੇ ਲੋਕਾਂ ਦੀ ਆਤਮ-ਨਿਰਭਰਤਾ ਖਤਮ ਕਰ ਦਿੱਤੀ ਜਾਂਦੀ ਹੈ। ਦੁਨੀਆਂ ਭਰ ਦੇ ਉਹ ਇਲਾਕੇ ਅੱਜ ਵਧੇਰੇ ਬਰਬਾਦੀ ਦਾ ਸ਼ਿਕਾਰ ਹਨ, ਜਿੱਥੇ ਇਹ ਧਨਾਢ ਕੰਪਨੀਆਂ ਆਪਣੇ ਕਾਰੋਬਾਰ ਦਾ ਫੈਲਾਅ ਕਰਦੀਆਂ ਹਨ।
ਵਿਚਾਰਨਯੋਗ ਗੱਲ ਹੈ ਕਿ ਇਸ ਮਾਮਲੇ ਵਿੱਚ ਸਰਕਾਰਾਂ ਸਿਰਫ਼ ਮੂਕ ਦਰਸ਼ਕ ਹੀ ਨਹੀਂ ਹੁੰਦੀਆਂ ਬਲਕਿ ਕਾਰਪੋਰੇਸ਼ਨਾਂ ਦੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਕਥਿਤ ਤੌਰ ’ਤੇ ਚੰਗੇ ਸਹਾਇਕ ਵਾਲਾ ਰੋਲ ਭੂਮਿਕਾ ਨਿਭਾਉਂਦੀਆਂ ਹਨ। ਲੋਕ ਮਾਰੂ ਨੀਤੀਆਂ ਨੂੰ ਇਸ ਢੰਗ ਨਾਲ ਅੱਗੇ ਵਧਾਇਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਇਨ੍ਹਾਂ ਦੀ ਸਮਝ ਹੀ ਨਹੀਂ ਪੈਣ ਦਿੱਤੀ ਜਾਂਦੀ। ਬਾਜ਼ਾਰ ’ਚੋਂ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰਨ ਲਈ ਸਬੰਧਤ ਇਲਾਕਿਆਂ ਵਿੱਚ ਵਸਤਾਂ ਦੇ ਭਾਅ ਘੱਟ ਕਰ ਦਿੱਤੇ ਜਾਂਦੇ ਹਨ। ਲੋਕਾਂ ਨੂੰ ਇਹ ਸਭ ਕੁਝ ਚੰਗਾ ਚੰਗਾ ਲੱਗਦਾ ਹੈ। ਇਸ ਦੌਰਾਨ ਛੋਟੇ ਵਪਾਰੀ, ਕਾਰੀਗਰ, ਦੁਕਾਨਦਾਰ ਤੇ ਛੋਟੀਆਂ ਸਨਅਤਾਂ ਲਗਾ ਕੇ ਆਪਣਾ ਕੰਮ ਕਰਨ ਵਾਲੇ ਲੋਕ ਮੰਦੀ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਆਮ ਕਾਰੋਬਾਰੀ ਲੋਕ, ਮਾਲਕਾਂ ਤੋਂ ਕਰਿੰਦੇ ਬਣਨ ਲੱਗਦੇ ਹਨ। ਕਾਰਪੋਰੇਸ਼ਨਾਂ ਬਾਜ਼ਾਰ ’ਤੇ ਪੂਰੀ ਤਰ੍ਹਾਂ ਕਾਬਜ਼ ਹੋ ਕੇ ਮਨਮਰਜ਼ੀ ਦੇ ਭਾਅ ਤੈਅ ਕਰਕੇ ਅਗਲੀਆਂ ਪਿਛਲੀਆਂ ਕਸਰਾਂ ਕੱਢਦੀਆਂ ਹਨ। ਇਹ ਅਦਿੱਖ ਗੁਲਾਮੀ ਹੈ, ਜਿਸ ਦਾ ਲੋਕਾਂ ਨੂੰ ਅਹਿਸਾਸ ਵੀ ਨਹੀਂ ਹੋਣ ਦਿੱਤਾ ਜਾਂਦਾ।
ਇਸ ਵਿਵਸਥਾ ਵਿੱਚ ਪੜ੍ਹੇ-ਲਿਖੇ ਨੌਜੁਆਨਾਂ ਲਈ ਸਰਕਾਰੀ ਨੌਕਰੀਆਂ ਦੇ ਦਰ ਬੰਦ ਹੋਣ ਲੱਗਦੇ ਹਨ। ਬਹੁਗਿਣਤੀ ਪੜ੍ਹੇ-ਲਿਖੇ ਲੋਕ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ।  ਮੁਲਕ ਦਾ ਸਾਰਾ ਪ੍ਰਸ਼ਾਸਨਿਕ ਤੰਤਰ ਕਾਰਪੋਰੇਸ਼ਨਾਂ ਦੇ ਹਿੱਤਾਂ ਲਈ ਕੰਮ ਕਰਨ ਲਗਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਅਦਿੱਖ ਗੁਲਾਮੀ ਦੀ ਅਵਾਮ ਨੂੰ ਸਮਝ ਕਿਵੇਂ ਪਵੇ? ਅੱਜ ਸਮੇਂ ਦੀ ਮੰਗ ਹੈ ਕਿ ਲੋਕ ਪੂੰਜੀਵਾਦੀ ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਪ੍ਰਤੀ ਸੁਚੇਤ ਹੋਣ। ਉਹ ਵਸਤਾਂ ਜੋ ਅਸੀਂ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ, ਦੀ ਪੈਦਾਵਾਰ ਆਪ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕਿਰਤ ਸਭਿਆਚਾਰ ਨਾਲ ਜੁੜਿਆ ਜਾਵੇ। ਬਾਜ਼ਾਰ ਦੇ ਨਾਅਰੇ ‘ਜ਼ਿਆਦਾ ਖ਼ਰੀਦੋ, ਜ਼ਿਆਦਾ ਬਚਾਓ’ ਤੋਂ ਬਚਿਆ ਜਾਵੇ। ਫਾਲਤੂ ਖ਼ਰਚੇ ਘਟਾਏ ਜਾਣ ਅਤੇ ਪੰਜਾਬੀ ਅਖਾਣ ‘ਦੂਜੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨਾ ਢਾਓ’ ’ਤੇ ਅਮਲ ਕੀਤਾ ਜਾਵੇ।
ਸੰਪਰਕ: 98550-51099


Comments Off on ਕਿਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਹੈ ਸਾਡਾ ਭਵਿੱਖ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.