ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੁਦਰਤ ਦਾ ਕਵੀ ਭਾਈ ਵੀਰ ਸਿੰਘ

Posted On December - 4 - 2016

10312CD _BHAIVIRਜਨਮ ਦਿਨ ਦੇ ਪ੍ਰਸੰਗ ਵਿੱਚ

ਡਾ. ਜਗੀਰ ਸਿੰਘ ਨੂਰ

ਆਧੁਨਿਕ ਕਵਿਤਾ ਦੇ ਖੇਤਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜਿਥੇ ਇਸ ਨੂੰ ਅਪਣਾਇਆ ਉਥੇ ਆਧੁਨਿਕ ਮਾਪਦੰਡਾਂ ਜਾਂ ਕਸੌਟੀਆਂ ਦੀ ਪਾਲਣਾ ਕਰਦਿਆਂ ਇਸ ਨੂੰ ਵਿਕਸਿਤ ਵੀ ਕੀਤਾ ਅਤੇ ਇਸ ਨੂੰ ਵਿਲੱਖਣਤਾ ਸਹਿਤ ਪ੍ਰਵਾਨ ਵੀ ਚਾੜਿ੍ਆ ਹੈ। ਭਾਈ ਵੀਰ ਸਿੰਘ ਦਾ ਅਨੁਭਵ ਆਪਣੇ ਆਲੇ ਦੁਆਲੇ ਤੋ ਅਭਿੱਜ ਨਹੀਂ ਸੀ, ਉਨ੍ਹਾਂ ਦਾ ਵਿਸ਼ਾਲ ਦ੍ਰਿਸ਼ਟੀਕੋਣ ਪਰੰਪਰਾ ਤੋ ਪੂਰਨ ਭਾਂਤ ਗਿਆਤ, ਗੂੜ੍ਹ, ਰਹੱਸਮਈ ਅਤੇ ਸੌਂਦਰਯਮਈ ਸੀ। ਉਨ੍ਹਾਂ ਨੇ ਕੁਦਰਤ ਵਿਚੋਂ ਹੀ ਦੈਵੀ ਚਮਤਕਾਰ ਵੇਖੇ ਤੇ ਉਸ ਦੀ ਉਪਾਸਨਾ ਵੀ ਕੀਤੀ।
ਕਾਵਿ ਬੋਲਾਂ ਰਾਹੀ ਪੰਜਾਬੀ ਕਾਵਿ ਜਗਤ ਵਿੱਚ ਕੁਦਰਤ ਦੇ ਕਵੀਆਂ ਦੀ ਗੱਲ ਕਰਦਿਆਂ ਲਾਲਾ ਕਿਰਪਾ ਸਾਗਰ, ਪ੍ਰੋ. ਪੂਰਨ ਸਿੰਘ, ਲਾਲਾ ਧਨੀ ਰਾਮ ਚਾਤ੍ਕਿ ਆਦਿ ਦਾ ਨਾਂ ਵੀ ਵਿਸ਼ੇਸ਼ ਵਰਨਣਯੋਗ ਹੈ। ਇਹ ਕਵੀ ਵੀ ਭਾਵੇਂ ਭਾਈ ਵੀਰ ਸਿੰਘ ਦੇ ਸਮਕਾਲੀ ਕਹੇ ਜਾ ਸਕਦੇ ਨੇ ਪਰ ਇਨ੍ਹਾਂ ਦੀ ਪੇਸ਼ਕਾਰੀ ਅਤੇ ਭਾਈ ਵੀਰ ਸਿੰਘ ਦੀ ਪ੍ਰਸਤੁਤੀਕਰਣ ਵਿੱਚ ਵਿਸ਼ੇਸ਼ ਭਿੰਨਤਾ ਹੈ। ਉਦਾਹਰਣ ਵਜੋ ਧਨੀ ਰਾਮ ਚਾਤਿ੍ਕ ਦਾ ਕੁਦਰਤ ਵਰਣਨ ਮੂਲ ਰੂਪ ਵਿੱਚ ਪੰਜਾਬੀ ਪੇਂਡੂ ਜੀਵਨ ਅਤੇ ਸਭਿਆਚਾਰ ਨੂੰ ਪ੍ਰੇਰਨਾ-ਬਿੰਦੂ ਅਤੇ ਆਧਾਰ-ਬਿੰਦੂ ਸਵੀਕਾਰਦਾ ਪ੍ਰਤੀਤ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਵਿੱਚ ਪੰਜਾਬੀਅਤ ਦਾ ਮਤਵਾਲਾਪਣ ਅਤੇ ਅਲਬੇਲਾਪਣ ਸਹਿਜ ਸੁਭਆਵਕ ਆ ਗਿਆ ਹੈ ਪਰ ਜਿਥੋਂ ਤਕ ਭਾਈ ਵੀਰ ਸਿੰਘ ਦਾ ਸਬੰਧ ਹੈ, ਇਸ ਬਾਬਤ ਕਦੇ ਦੋ ਰਾਵਾਂ ਨਹੀ ਹੋ ਸਕਦੀਆਂ ਕਿ ਇਸ ਦਾ ਸਰੋਤ ਅਤੇ ਕੇਂਦਰ ਬਿੰਦੂ ਅਧਿਆਤਮਿਕ ਸੁਰ ਜਾਂ ਪ੍ਰਵਿਰਤੀ ਹੀ ਹੈ।
ਭਾਈ ਵੀਰ ਸਿੰਘ ਕੁਦਰਤ-ਵਰਣਨ ਕਈ ਜੁਗਤਾਂ ਨਾਲ ਕਰਦੇ ਹਨ ਜਿਵੇ ਬਾਹਰਲੀ ਸੁੰਦਰਤਾ ਦੇ ਵਰਣਨ ਰਾਹੀਂ ਮਨੁੱਖ ਦੇ ਅਹਮ ’ਤੇ ਪੈਦੇ ਪ੍ਰਭਾਵਾਂ ਰਾਹੀ , ਕੁਦਰਤ ਦੇ ਸਾਜ ਅਤੇ ਰਾਗ-ਰੰਗ ਤੇ ਗੰਧ ਦੇ ਸਪਰਸ਼ਮਈ, ਮਨ ਕੀਲ ਲੈਣ ਵਾਲੇ ਪ੍ਰਭਾਵਾਂ ਰਾਹੀਂ ਅਤੇ ਖਾਸ ਤੌਰ ’ਤੇ ਕੁਦਰਤ ਵਿੱਚ ਕੁਦਰਤ ਦੇ ਸਿਰਜਕ ‘ਕਾਦਰ’ ਨੂੰ ਵੇਖਣ, ਪਛਾਣਨ ਅਤੇ ਉਸ ਦੀ ਮਹਿਮਾ ਅਥਵਾ ਉਪਾਸਨਾ ਕਰਨ ਆਦਿ ਦੀਆ ਜੁਗਤਾਂ ਰਾਹੀਂ।
ਭਾਈ ਸਾਹਿਬ ਦੇ ਕਾਵਿ ਸੰਗ੍ਰਹਿ – ਰਾਣਾ ਸੂਰਤ ਸਿਘ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਮਟਕ ਹੁਲਾਰੇ ਅਰਥਾਤ ਕਸ਼ਮੀਰ ਕਾਵਿ ਰੰਗ, ਮੇਰੇ ਸਾਈਆਂ ਜੀਓ, ਪ੍ਰੀਤਵੀਣਾ ਤੇ ਕੰਤ ਮਹੇਲੀ ਹਨ। ਇਨ੍ਹਾਂ ਸਭ ਸੰਗ੍ਰਹਿਆਂ ਵਿੱਚ ਭਾਵੇਂ ਕੁਦਰਤ ਬਾਰੇ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਪਰ ਮਟਕ ਹੁਲਾਰੇ ਅਰਥਾਤ ਕਸ਼ਮੀਰ ਕਾਵਿ ਰੰਗ ਅਤੇ ਲਹਿਰਾਂ ਦੇ ਹਾਰ ਤਾਂ ਵਿਸ਼ੇਸ਼ ਰੂਪ ਵਿੱਚ ਕੁਦਰਤ ਦੇ ਸਰਬ-ਪੱਖੀ ਵਰਣਨ ਨਾਲ ਓਤ-ਪੋਤ ਹਨ।
ਜਿਥੋ ਤਕ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਕੁਦਰਤ ਦੇ ਬਾਹਰਮੁਖੀ ਵਰਣਨ ਦਾ ਸਬੰਧ ਹੈ, ਇਸ ਬਾਬਤ ਕਿਹਾ ਜਾ ਸਕਦਾ ਹੈ ਕਿ ਇਹ ਬਾਹਰੀ ਸ਼ਿੰਗਾਰ, ਰੂਪ ਰੰਗ, ਕੁਦਰਤ ਦੀ ਫੁਲਕਾਰੀ ਅਤੇ ਮੀਨਾਕਾਰੀ ਦੇ ਵਰਣਨ ਰਾਹੀਂ ਉਜਾਗਰ ਹੁੰਦਾ ਹੈ। ਕਸ਼ਮੀਰ ਨਜ਼ਾਰੇ, ਸ਼ਾਲਾਮਾਰ, ਚਸ਼ਮਾ ਸ਼ਾਹੀ, ਨਿਸ਼ਾਤ ਬਾਗ, ਡੱਲ ਆਦਿ ਅਨੇਕਾਂ ਕਵਿਤਾਵਾਂ ਉਦਾਹਰਣ ਵਜੋਂ ਵਾਚਣਯੋਗ ਹਨ। ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਵਿੱਚ ਕਿਹਾ ਗਿਆ ਹੈ:
ਅਰਸ਼ਾਂ ਦੇ ਵਿੱਚ ‘ਕੁਦਰਤ ਦੇਵੀ’ ਸਾਨੂੰ ਨਜ਼ਰੀਂ ਆਈ।
ਹੁਸਨ-ਮੰਡਲ ਵਿੱਚ ਖੜੀ ਖੇਲਦੀ, ਖੁਸ਼ੀਆਂ ਛਹਿਬਰ ਲਾਈ।
ਜਾਂ ਫਿਰ ਇਹ ਟੂਕਾਂ:
ਜੋਗੀ ਖੜੇ ਚਨਾਰ, ਸ਼ਾਂਤੀ ਵਸ ਰਹੀ,
ਨਹਿਰ ਵਹੇ ਵਿਚਕਾਰ ਬਿਰਤੀ ਪ੍ਰਵਾਹ ਜਯੋ,
ਛਾਇ ਸਹਿਜ ਦਾਰੰਗ ਸ਼ਾਤਿ ਇਕਾਂਤ ਹੈ।
ਭਾਈ ਸਾਹਿਬ ਦਾ ਕੁਦਰਤ ਦਾ ਬਾਹਰੀ ਵਰਣਨ ਆਦਰਸ਼ਮਈ ਵੀ ਹੈ। ਉਹ ਦ੍ਰਿਸ਼ ਜਾਂ ਸਾਧਨ ਨੂੰ ਆਦਰਸ਼-ਤ੍ਰਿਪਤੀ ਲਈ ਵੀ ਕਵਿਤਾ ਵਿੱਚ ਬਿਆਨ ਕਰਦੇ ਹਨ। ਇਸ ਦਾ ਕਾਰਨ ਉਨ੍ਹਾਂ ਦੇ ਗਿਆਨ ਅਤੇ ਅਨੁਭਵ ਦਾ ਕਿਸੇ ਵਿਸ਼ੇਸ਼ ਸੁਰ ਵਿੱਚ ਗੁਦਾਜ ਹੋਣਾ ਵੀ ਕਿਹਾ ਜਾ ਸਕਦਾ ਹੈ। ਉਹ ਫੁੱਲਾਂ, ਪੱਤਿਆਂ ਅਤੇ ਵੇਲਾਂ ਤੇ ਪੈਂਦੀਆਂ ਰਾਤ ਨੂੰ ਚਾਨਣ ਦੀਆਂ ਕਿਰਨਾਂ ਦਾ ਵਰਣਨ ਕਰਦੇ ਹੋਏ ਮਨੁੱਖਾਂ ਦੀ ਸੁੰਦਰਤਾ ਪ੍ਰਤੀ ਖਿੱਚ ਨੂੰ ਵੀ ਚਿਣਗ ਲਾ ਦਿੰਦੇ ਹਨ।
ਇਸ ਤਰ੍ਹਾਂ ਉਨ੍ਹਾਂ ਨੇ ਬਦਲਵੀਆਂ ਪ੍ਰਕਿਰਤਕ ਕ੍ਰਿਆਵਾਂ ਦਾ ਪ੍ਰਭਾਵ ਮਨੁੱਖੀ ਮਨ ਦੀਆਂ ਵਿਭਿੰਨ ਪਰਿਵਰਤਨਸ਼ੀਲ ਪ੍ਰਵਿਰਤੀਆਂ ’ਤੇ ਵੀ ਥਾਪ ਦਿੱਤਾ ਹੈ ਤੇ ਕਿਸੇ ਮੁਟਿਆਰ ਦੀ ਜਗਿਆਸੂ ਮਾਨਸਿਕ ਅਵਸਥਾ ਛੰਭ ਦੀ ਬਾਹਰਮੁਖੀ ਤਸਵੀਰ ਦੇ ਮੁਕਾਬਲਾਤਨ ਪੇਸ਼ ਕਰ ਦਿੱਤੀ ਹੈ। ਜਿਵੇਂ ਜਿਵੇਂ ਛੰਭ ਦੀ ਅਵਸਥਾ ਵਿੱਚ ਤਬਦੀਲੀ ਆਉਦੀ ਜਾਂਦੀ ਹੈ ਤਿਵੇਂ ਤਿਵੇਂ ਹੀ ਔਰਤ ਵਿਸਮਾਦ ਵਿੱਚ ਆਈ ਜਾਂਦੀ ਹੈ ਇਸ ਤਰ੍ਹਾਂ ਪ੍ਰਕਿਰਤੀ ਦੇ ਪ੍ਰਸੰਗ ਵਿੱਚ ਮਨੋ ਅਵਸਥਾ ਦੀ ਕਥਾ ਕਰਨੀ ਅਤੇ ਇਸ ਸਾਰੇ ਕਾਰਜ ਨੂੰ ਸਹਿਜ ਸੁਭਾਵਕ ਕਵਿਤਾ ਰਾਹੀਂ ਜਨਮਦਾ, ਜਵਾਨ ਹੁੰਦਾ ਅਤੇ ਸੰਪੂਰਨ ਹੁੰਦਾ ਵਿਖਾਉਣਾ ਵਿਸ਼ੇਸ਼ ਭਾਂਤ ਦੀ ਕਲਾਕ੍ਰਿਤੀ ਦਾ ਨਮੂਨਾ ਹੈ ਦੋ ਕਾਵਿ ਟੂਕਾਂ ਹਾਜ਼ਰ ਹਨ:
ਆਪਣੇ ਖੇੜੇ ਖਿੜੇ ਸਰਵਰ, ਖੇੜਾ ਉਸ ਨੂੰ ਲਾਇਆ।
ਸੁੱਤਾ ਖੇੜਾ ਉਹਦਾ ਜਗਾਇਆ, ਖੇੜੇ ਰੰਗ ਜਗਾਇਆ।
ਭਾਈ ਵੀਰ ਸਿੰਘ ਪ੍ਰਕਿਰਤੀ ਦੇ ਮਰਮ, ਸਪਰਸ਼ਾਂ, ਰੂਪ ਰੰਗ,ਗੰਧ ਤੇ ਸੁੰਗਧ ਦਾ ਵਰਣਨ ਕਰਨ ਵਿੱਚ ਭਲੀ ਭਾਂਤ ਸਿਰਮੌਰ ਆਧੁਨਿਕ ਕਵੀ ਹੈ-ਪਰ ਅਜਿਹਾ ਕਰਦੇ ਸਮੇਂ ਉਹ ਕਦੇ ਕਦੇ ਉਲਾਰ ਪੱਖੀ ਵੀ ਹੋ ਜਾਂਦਾ ਹੈ, ਪਰ ਇਸ ਉਲਾਰ-ਪੱਖੀ ਹੋਣ ਦਾ ਮੂਲ ਕਾਰਣ ਉਸ ਦੀ ਰਹੱਸਵਾਦੀ ਪ੍ਰਵਿਰਤੀ ਹੀ ਹੈ। ਕੁਦਰਤ ਦਾ ਦਿਲ ਮੋਹ ਲੈਣ ਵਾਲਾ, ਸੂਖਮ ਤਰੰਗਾਂ ਪੈਦਾ ਕਰ ਦੇਣ ਵਾਲਾ ਵਰਣਨ, ਕਿੱਕਰ, ਗੁਲਾਬ ਦਾ ਫੁੱਲ, ਕੇਲੇ ਗਲ ਲੱਗੀ ਵੇਲ, ਗੁਲਦਾਉਦੀਆਂ ਆਦਿ ਕਵਿਤਾਵਾਂ ਵਿੱਚ ਵਿਸ਼ੇਸ਼ ਭਾਂਤ ਉਦੈਮਾਨ ਹੁੰਦਾ ਹੈ। ਜਦੋਂ ਕਦੇ ਕੋਈ ਵੇਲ ਬੋਲਦੀ ਹੈ, ਗੁਲਾਬ ਕੁਝ ਦਸਦਾ ਹੈ, ਖੁਸ਼ਬੋ ਮੂੰਹ ਖੋਲ੍ਹਦੀ ਹੈ ਜਾਂ ਬਿਨਫਸ਼ੇ ਦਾ ਫੁੱਲ ਕੋਈ ਸੰਕੇਤ ਕਰਦਾ ਹੈ ਤਾਂ ਦਿਲ ਸੁਆਦ ਤਾਂ ਹੁੰਦਾ ਹੀ ਹੈ ਵਿਚੋ ਵਿੱਚ ਇਕ ਮੁਗੁਧ ਸੁਰ ਵੀ ਧਾਰਨ ਕਰ ਜਾਂਦਾ ਹੈ।
ਸੱਚ ਤਾਂ ਇਹ ਹੈ ਕਿ ਭਾਈ ਵੀਰ ਸਿੰਘ ਦੇ ਕੁਦਰਤ ਪ੍ਰਤੀ ਦ੍ਰਿਸ਼ਟੀਕੋਣ ਦਾ ਵਿਸਤ੍ਰਿਤ ਇਤਿਹਾਸ ਹੈ ਅਤੇ ਪ੍ਰੋੜ੍ਹ ਪਰੰਪਰਾ ਹੈ- ਇਹ ਸਭ ਕੁਝ ਕੋਈ ਅਚਾਨਕ ਜਾਂ ਨਿਰੇ ਪੁਰੇ ਕਿਸੇ ਇਕ ਦੇ ਪ੍ਰਭਾਵ ਅਧੀਨ ਹੀ ਨਹੀਂ ਹੈ। ਜਿਹਾ ਕਿ ਉਸ ਦੇ ਸਮੁੱਚੇ ਕਾਵਿ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਜਿਥੇ ਬਾਹਰੀ ਸੁੰਦਰਤਾ ਦਾ ਵਰਣਨ ਕੀਤਾ ਹੈ। ਉਥੇ ਇਸ ਦੇ ਸਿਰਜਕ ਦੀ ਵਿਆਪਕ ਸ਼ਕਤੀ ਅਤੇ ਆਤਮਾ ਦੇ ਵਿਭਿੰਨ ਰੂਪਾਂ ਦੀ ਇਕਾਗਰਤਾ ਦੀ ਵੀ ਖੋਜ ਕੀਤੀ ਹੈ। ਕੁਦਰਤ ਦੇ ਨਜ਼ਾਰਿਆਂ ਵਿਚੋਂ ਕੁਦਰਤ ਦੇ ਸਿਰਜਕ ਦੀ ਖੋਜ ਕਰਨਾ ਅਤੇ ਉਸ ਦੀ ਪ੍ਰਾਪਤੀ ਦੀ ਆਨੰਤ ਤਾਂਘ ਵਿੱਚ ਰਹਿਣਾ ਅਤੇ ਦਰਸਾਉਣਾ ਵੀ ਵਿਸ਼ੇਸ਼ ਕਾਵਿ ਖੂਬੀ ਕਹੀ ਜਾ ਸਕਦੀ ਹੈ।
ਕੁਝ ਵਿਦਵਾਨਾਂ ਦਾ ਕਥਨ ਹੈ ਕਿ ਭਾਈ ਸਾਹਿਬ ਉਤੇ ਅੰਗਰੇਜ਼ੀ ਕਵੀ ਵਰਡਜ਼ਵਰਥ ਦਾ ਸਿੱਧਾ ਪ੍ਰਭਾਵ ਸੀ, ਪਰ ਜਦੋਂ ਅਸੀਂ ਉਨ੍ਹਾਂ ਦੀ ਕਵਿਤਾ ਨੂੰ ਨੀਝ ਨਾਲ ਪਰਖਦੇ ਹਾਂ ਤਾਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਕੁਦਰਤ ਦਾ ਜੋ ਮਾਨਵੀਕਰਨ ਕੀਤਾ ਹੈ ਅਤੇ ਇਸ ਦੇ ਚਿੱਤਰਾਂ ਨੂੰ ਨੇੜਿਉਂ ਹੂ-ਬ-ਹੂ ਸਾਕਾਰ ਕੀਤਾ ਹੈ, ਇਹ ਸਭ ਕੁਝ ਭਾਈ ਵੀਰ ਸਿੰਘ ਦੀ ਆਪਣੀ ਨਿੱਜੀ ਪ੍ਰਵਿਰਤੀ ਦਾ ਸਿੱਟਾ ਹੈ ਅਤੇ ਉਨ੍ਹਾਂ ਦੇ ਮੌਲਿਕ ਅਨੁਭਵ ਦਾ ਪ੍ਰਗਟਾਅ ਹੈ।
* ਸੰਪਰਕ: 9814209732 


Comments Off on ਕੁਦਰਤ ਦਾ ਕਵੀ ਭਾਈ ਵੀਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.