ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੌਮੀ ਸੁਰੱਖਿਆ ਹੁਣ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ…

Posted On December - 4 - 2016

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਸਾਰੇ ਚਿੱਤਰ: ਸੰਦੀਪ ਜੋਸ਼ੀ

ਸਾਰੇ ਚਿੱਤਰ: ਸੰਦੀਪ ਜੋਸ਼ੀ

ਅਸੀਂ ‘ਦਿ ਟ੍ਰਿਬਿਊਨ’ ਵੱਲੋਂ ਇੱਕ ਨਵੀਂ ਕਿਸਮ ਦੀ ਸ਼ੁਰੂਆਤ ਕੀਤੀ। ਅਸੀਂ ਟ੍ਰਿਬਿਊਨ ਨੈਸ਼ਨਲ ਸਕਿਓਰਿਟੀ ਫ਼ੋਰਮ ਦੀ ਸਰਪ੍ਰਸਤੀ ਹੇਠ ਸਾਲਾਨਾ ਭਾਸ਼ਣ ਲੜੀ ਦਾ ਪਹਿਲਾ ਭਾਸ਼ਣ ਲੰਘੇ ਸ਼ਨਿਚਰਵਾਰ ਨੂੰ ਕਰਵਾਇਆ।
‘ਦਿ ਟ੍ਰਿਬਿਊਨ’ ਦੇ ਦੂਰਅੰਦੇਸ਼ੀ ਸੰਸਥਾਪਕ, ਸਰਦਾਰ ਦਿਆਲ ਸਿੰਘ ਮਜੀਠੀਆ ਨੇ ਇਸ ਅਖ਼ਬਾਰ ਸਮੂਹ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਇਹ ਜ਼ਿੰਮੇਵਾਰੀ ਬਖ਼ਸ਼ੀ ਸੀ ਕਿ ਉਹ ਜਾਣਕਾਰੀ, ਗਿਆਨ ਤੇ ਵਿਦਵਤਾ ਦੇ ਪਸਾਰੇ ਦਾ ਕਾਰਜ ਨਿਰੰਤਰ ਯਕੀਨੀ ਬਣਾਉਣ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਸਮਾਜ ਵਿੱਚ  ਸਹੀ ਜਾਣਕਾਰੀ ਤੇ ਗਿਆਨ ਦੇ ਸਰੋਤ ਅਤੇ ਸਹੀ ਮੰਚ ਸਥਾਪਤ ਹੋਣਗੇ ਤਾਂ ਹੀ ਸਮਾਜ ਮਜ਼ਬੂਤ ਹੋ ਸਕੇਗਾ। ਅਜਿਹਾ ਸਮਾਜ ਮੌਜੂਦਾ ਸਮੇਂ ਦੇ ਵੱਡੇ ਮੁੱਦਿਆਂ ਉੱਤੇ ਵਾਜਬ ਤੇ ਤਰਕਸ਼ੀਲ ਢੰਗ ਨਾਲ ਵਿਚਾਰ ਕਰ ਸਕੇਗਾ ਅਤੇ ਇਸ ਅੰਦਰਲਾ ਗਿਆਨ ਸਮਾਜ ਨੂੰ ਸਮੂਹਿਕ ਅਨਿਸ਼ਚਤਤਾਵਾਂ ਤੇ ਦੁਬਿਧਾਵਾਂ ਵਿੱਚੋਂ ਬਾਹਰ ਕੱਢ ਸਕੇਗਾ।
ਸਾਲਾਨਾ ਭਾਸ਼ਣ ਲੜੀ ਸਾਡੇ ਸੰਸਥਾਪਕ ਦੇ ਇਨ੍ਹਾਂ ਵਿਚਾਰਾਂ ਤੇ ਸੋਚ ਨੂੰ ਹੀ ਅੱਗੇ ਲਿਜਾਣ ਦਾ ਸਨਿਮਰ ਜਿਹਾ ਉੱਦਮ ਹੈ। ਅੱਜ ਦੇ ਸਮੇਂ ਇਹ ਗੱਲ ਮਹਿਸੂਸ ਕੀਤੀ ਜਾਣ ਲੱਗ ਪਈ ਹੈ ਕਿ ਰਾਸ਼ਟਰੀ ਸੁਰੱਖਿਆ ਇੱਕ ਇੰਨਾ ਜ਼ਿਆਦਾ ਗੰਭੀਰ ਮੁੱਦਾ ਹੈ ਕਿ ਇਸ ਨੂੰ ਕੇਵਲ ਸਿਆਸੀ ਆਗੂਆਂ ਅਤੇ ਫ਼ੌਜੀ ਜਰਨੈਲਾਂ ਸਹਾਰੇ ਨਹੀਂ ਛੱਡਿਆ ਜਾ ਸਕਦਾ। ਰਾਸ਼ਟਰੀ ਸੁਰੱਖਿਆ ਆਹਮੋ-ਸਾਹਮਣੇ  ਮੋਰਚਿਆਂ ਅੰਦਰ ਡਟੀਆਂ ਫ਼ੌਜਾਂ ਤਕ ਸੀਮਤ ਮਾਮਲਾ ਨਹੀਂ; ਹੁਣ ਤਾਂ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰੀ ਰੱਖਿਆ ਸਾਡੀਆਂ ਸਭ ਦੀਆਂ ਸਾਂਝੀਆਂ ਸਮੱਸਿਆਵਾਂ ਹਨ। ਸੋਸ਼ਲ ਮੀਡੀਆ ਦੇ ਨਵੇਂ ਔਜ਼ਾਰਾਂ ਨੇ ਆਮ ਨਾਗਰਿਕ ਨੂੰ ਵੀ ਆਪਣੀ ਗੱਲ ਕਹਿਣ ਦਾ ਬਲ ਬਖ਼ਸ਼ਿਆ ਹੈ। ਇਸੇ ਲਈ ਆਮ ਨਾਗਰਿਕ ਅਤੇ ਪਾਠਕ ਵੀ ਹੁਣ ਭਾਰਤ ਦੀ ਰੱਖਿਆ ਜਿਹੇ ਮੁੱਦੇ ਨੂੰ ਭਲੀਭਾਂਤ ਸਮਝਦੇ ਹਨ।
ਸਾਡੀ ਇਸ ਇਤਿਹਾਸਕ ਪਹਿਲਕਦਮੀ ਦੇ ਆਗਾਜ਼ ਕਰਨ ਲਈ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੇਦ ਮਲਿਕ ਤੋਂ ਵੱਧ ਯੋਗ ਤੇ ਮੋਹਰੀ ਬੁਲਾਰਾ ਹੋਰ ਕੌਣ ਹੋ ਸਕਦਾ ਸੀ? ਸੱਚਮੁਚ, ਉਨ੍ਹਾਂ ਇਹ ਕਾਰਜ ਬੜੇ ਸ਼ਾਨਦਾਰ ਤੇ ਮਾਣਮੱਤੇ ਢੰਗ ਨਾਲ ਨਿਭਾਇਆ। ਉਨ੍ਹਾਂ ਦੀ ਪ੍ਰਭਾਵਸ਼ਾਲੀ ਬੌਧਿਕਤਾ, ਇਤਿਹਾਸ ਤੇ ਭੂਗੋਲ ਬਾਰੇ ਉਨ੍ਹਾਂ ਦੀ ਸ਼ਲਾਘਾਯੋਗ ਸਮਝ ਅਤੇ ਲੀਡਰਸ਼ਿਪ ਦਾ ਵਿਆਪਕ ਤਜਰਬਾ – ਇਹ ਸਭ ਉਨ੍ਹਾਂ ਦੇ ਭਾਸ਼ਣ ਵਿੱਚੋਂ ਵਿਖਾਈ ਦਿੱਤੇ ਅਤੇ ਇਨ੍ਹਾਂ ਰਾਹੀਂ ਇੱਕ ਸੰਪੂਰਨ ਬੁਲਾਰੇ ਦਾ ਅਕਸ ਉੱਘੜਿਆ।
ਫਿਰ ਸਾਡੇ ਕੋਲ ਪ੍ਰਧਾਨਗੀ ਕਰਨ ਲਈ ਵਿਲੱਖਣ ਸ਼ਖ਼ਸੀਅਤ, ਪ੍ਰੋਫ਼ੈਸਰ ਐਸ.ਐਸ. ਜੌਹਲ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਸਮਾਗਮ ਵਿੱਚ ਆਪਣਾ ਗ਼ੈਰ-ਫ਼ੌਜੀ ਦ੍ਰਿਸ਼ਟੀਕੋਣ ਪੇਸ਼ ਕੀਤਾ। ਇੰਜ ਇਹ ਸ਼ਾਮ ਬੇਹੱਦ ਤਸੱਲੀਬਖ਼ਸ਼ ਹੋ ਨਿੱਬੜੀ। ਇਸ ਰਾਹੀਂ ਸਮਾਜ ਲਈ ਕੁਝ  ਕਰ ਗੁਜ਼ਰਨ ਦੀ ਭਾਵਨਾ ਮੁੜ ਦ੍ਰਿੜ੍ਹ ਹੋਈ।
00pp copyਇਸੇ ਸਮਾਗਮ ਨੇ ਹੀ ਮੈਨੂੰ ਸ਼ਿਵਸ਼ੰਕਰ ਮੈਨਨ ਦੀ ਗੱਲ ਕਰਨ ਦੇ ਰਾਹ ਪਾਇਆ। ਸ਼ੰਕਰ ਇੱਕ ‘ਖ਼ਾਨਦਾਨੀ’ ਸਫ਼ੀਰ ਹਨ। ਉਹ ਭਾਰਤੀ ਵਿਦੇਸ਼ ਸੇਵਾ ਨਾਲ ਜੁੜੇ ਖ਼ਸੂਸੀ ਵਰਗ ਅੰਦਰਲੀ ਉਸ ਖ਼ਾਸ ਵੰਨਗੀ ਨਾਲ ਸਬੰਧਤ ਹਨ ਜਿਸ ਨੇ ਭਾਰਤ ਦੀ ਸੇਵਾ ਬੇਹੱਦ ਵਿਲੱਖਣ ਢੰਗ, ਸੁਹਜ ਤੇ ਸੂਝ, ਸਮਰਪਣ ਭਾਵਨਾ, ਪ੍ਰਤੀਬੱਧਤਾ ਅਤੇ ਕਾਬਲੀਅਤ ਨਾਲ ਕੀਤੀ ਹੈ। ਉਨ੍ਹਾਂ ਦੇ ਦਾਦਾ (ਪ੍ਰਸਿੱਧ ਸ਼ਖ਼ਸੀਅਤ) ਕੇ.ਪੀ.ਐਸ. ਮੈਨਨ ਸੀਨੀਅਰ ਅਤੇ ਉਨ੍ਹਾਂ ਦੇ ਪਿਤਾ ਪੀ.ਐਨ. ਮੈਨਨ ਵੀ ਦੋਵੇਂ ਹੀ ਅਫ਼ਸਰਸ਼ਾਹੀ ਦੇ ਇਸੇ ਵਰਗ ਨਾਲ ਸਬੰਧਤ ਰਹੇ ਸਨ ਅਤੇ ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇ ਮੁੱਢਲੇ ਵਰ੍ਹਿਆਂ ਦੌਰਾਨ ਭਾਰਤੀ ਵਿਦੇਸ਼ ਨੀਤੀ ਨੂੰ ਉਸ ਸਮੇਂ ਸੇਧ ਦਿੱਤੀ ਜਦੋਂ ਨਵਾਂ ਆਜ਼ਾਦ ਭਾਰਤ ਇਸ ਅਨਿਸ਼ਚਿਤ ਵਿਸ਼ਵ ਵਿੱਚ ਆਪਣੇ ਸਹੀ ਸਥਾਨ ਦੀ ਭਾਲ਼ ਕਰ ਰਿਹਾ ਸੀ। ਇਸ ਸਭ ਨੂੰ ਇੱਕ ‘ਪਰਿਵਾਰਕ ਮਾਮਲਾ’ ਬਣਾਉਣ ਲਈ ਸ਼ੰਕਰ ਨੇ ਬਹੁਤ ਸੂਝ-ਬੂਝ ਨਾਲ ਇੱਕ ਵਿਦੇਸ਼ ਸਕੱਤਰ ਦੀ ਧੀ ਨਾਲ ਵਿਆਹ ਰਚਾ ਲਿਆ। ਉਨ੍ਹਾਂ ਨੇ ਇਜ਼ਰਾਈਲ, ਸ੍ਰੀਲੰਕਾ, ਚੀਨ ਅਤੇ ਪਾਕਿਸਤਾਨ ਜਿਹੇ ਦੇਸ਼ਾਂ ਵਿੱਚ ਭਾਰਤ ਦੇ ਸਫ਼ੀਰ ਵਜੋਂ ਸੇਵਾ ਨਿਭਾਈ। ਫਿਰ ਉਹ ਵਿਦੇਸ਼ ਸਕੱਤਰ ਵੀ ਬਣੇ ਅਤੇ ਬਾਅਦ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਰਹੇ।
ਮੈਂ ਉਦੋਂ ਇੱਕ ਰਾਤਰੀ ਭੋਜ ਦੀ ਹਾਜ਼ਰੀ ਭਰ ਰਿਹਾ ਸਾਂ ਜਦੋਂ ਸੂਚਨਾ ਮਿਲੀ ਕਿ ਸ਼ਿਵਸ਼ੰਕਰ ਮੈਨਨ ਅਗਲੇ ਵਿਦੇਸ਼ ਸਕੱਤਰ ਹੋਣਗੇ। ਮੈਨੂੰ ਚੇਤੇ ਹੈ ਕਿ ਤਦ ਮੈਂ ਖਾਣੇ ਦੀ ਮੇਜ਼ ’ਤੇ ਆਪਣੇ ਇੱਕ ਮਹਿਮਾਨ ਸਾਥੀ ਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਟੀ.ਕੇ. ਨਾਇਰ ਕੋਲ ਸਨਕੀ ਜਿਹੇ ਅੰਦਾਜ਼ ਨਾਲ ਟਿੱਪਣੀ ਕੀਤੀ ਸੀ ਕਿ ‘ਮੱਲੂ ਮਾਫ਼ੀਆ’ ਨੇ ਇੱਕ ਹੋਰ ਵਧੀਆ ਅਹੁਦਾ ਹਥਿਆ ਲਿਆ ਹੈ। ਮੈਨੂੰ ਬਾਅਦ ’ਚ ਪਤਾ ਲੱਗਾ ਕਿ ਸ਼ਿਵਸ਼ੰਕਰ ਮੈਨਨ ਨੂੰ ਮਲਿਆਲਮ ਨਾਲੋਂ ਹਿੰਦੁਸਤਾਨੀ ਬੋਲਣੀ ਵੱਧ ਸੁਖਾਵੀਂ ਲਗਦੀ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਇੱਕ ਸਹਿਕਰਮੀ ਵਜੋਂ, ਮੈਂ ਸੁਹਜ ਸੁਆਦ ਪੱਖੋਂ ਉਨ੍ਹਾਂ ਵਿੱਚ ਬੇਮਿਸਾਲ ਸੁਲ੍ਹਾਕੁਲਤਾ ਦੇਖੀ। ਵਿਦੇਸ਼ ਸੇਵਾ ਦੇ ਅਧਿਕਾਰੀ ਹੋਣ ਦੇ ਬਾਵਜੂਦ ਉਹ ਸਚਮੁੱਚ ਹੀ ਬਹੁਤ ਪੜ੍ਹੇ-ਲਿਖੇ ਤੇ ਗੂੜ੍ਹ ਗਿਆਨੀ ਨਿਕਲੇ।
ਇਸੇ ਲਈ, ਜਦੋਂ ਭਾਰਤੀ ਵਿਦੇਸ਼ ਨੀਤੀ ਬਾਰੇ ਉਨ੍ਹਾਂ ਦੀ ਇੱਕ ਪਤਲੀ ਜਿਹੀ ਕਿਤਾਬ ਪ੍ਰਕਾਸ਼ਿਤ ਹੋਈ, ਤਦ ਮੇਰੇ ਅੰਦਰ ਉਸ ਪੁਸਤਕ ਨੂੰ ਪੜ੍ਹਨ ਦੀ ਤਾਂਘ ਜਾਗਣੀ ਸੁਭਾਵਿਕ ਹੀ ਸੀ। ਮੈਂ ਇੱਥੇ ਇਹ ਗੱਲ ਕਬੂਲ ਕਰਦਾ ਹਾਂ ਕਿ ‘ਚੁਆਇਸਜ਼ – ਇਨਸਾਈਡ ਦਿ ਮੇਕਿੰਗ ਆੱਫ਼ ਇੰਡੀਆ’ਜ਼ ਫ਼ਾਰੇਨ ਪਾੱਲਿਸੀ’ (ਵਿਕਲਪ – ਭਾਰਤ ਦੀ ਵਿਦੇਸ਼ ਨੀਤੀ ਘੜਨ ਸਮੇਂ ਦੀਆਂ ਅੰਦਰੂਨੀ ਗੱਲਾਂ) ਨਿਰਾਸ਼ ਨਹੀਂ ਕਰਦੀ। ਇਸ ਉੱਤੇ ਇੱਕ ਅਜਿਹੇ ਬੇਹੱਦ ਆਤਮ-ਵਿਸ਼ਵਾਸੀ ਵਿਅਕਤੀ ਦੀ ਪ੍ਰਮਾਣਿਕਤਾ ਦਾ ਠੱਪਾ ਲੱਗਾ ਹੋਇਆ ਸੀ ਜਿਸ ਕੋਲ ਨਫ਼ਾਸਤ ਭਰਪੂਰ ਅੰਤਰ-ਦ੍ਰਿਸ਼ਟੀ ਤੇ ਵਿਆਖਿਆਵਾਂ ਸਨ ਕਿ ਨਵੀਂ ਦਿੱਲੀ (ਭਾਰਤ ਸਰਕਾਰ) ਨੂੰ ਬਾਹਰੀ ਸੰਸਾਰ ਨਾਲ ਕਿਵੇਂ ਵਿਚਰਨਾ ਚਾਹੀਦਾ ਹੈ- ਇੱਕ ਅਜਿਹੇ ਵਿਸ਼ਵ ਨਾਲ ਜਿਹੜਾ ਬਹੁਤ ਕੁਝ ਚਾਹੁੰਦਾ ਹੈ, ਬਹੁਤ ਮੁਸ਼ੱਕਤ ਮੰਗਦਾ ਹੈ ਅਤੇ ਜਿਸ ਵਾਸਤੇ ਸਾਡੀ ਰਾਤ ਸਮੇਂ ਕੀਤੀ ਜਾਂਦੀ ਸਵੈ-ਸਮਾਲੋਚਨਾ ਦਾ ਕੋਈ ਮਹੱਤਵ ਨਹੀਂ।
ਸ਼ੰਕਰ ਮੈਨਨ ਨੇ ਇਸ ਕਿਤਾਬ ਲਈ ਇੱਕ ਬਹੁਤ ਚੁਸਤ ਰੂਪ ਚੁਣਿਆ ਹੈ। ਉਨ੍ਹਾਂ ਨੇ ਚਰਚਾ ਲਈ ਸਾਡੀ ਹਾਲੀਆ ਵਿਦੇਸ਼ ਨੀਤੀ ਦੇ ਪੰਜ ਪਰਿਭਾਸ਼ਿਤ ਛਿਣਾਂ ਨੂੰ ਚੁਣਿਆ ਹੈ; ਉਨ੍ਹਾਂ ਦਾ ਤਰਕਨੁਮਾ ਬਹਾਨਾ ਇਹ ਹੈ ਕਿ ਉਨ੍ਹਾਂ ਨੇ ਆਪਣੀ ਪਸੰਦ ਮੁਤਾਬਿਕ ਇਹ ਛਿਣ ਚੁਣੇ ਹਨ ਕਿਉਂਕਿ ਉਹ ਇਨ੍ਹਾਂ ਛਿਣਾਂ ਵਿੱਚ ਸ਼ਾਮਲ ਰਹੇ ਸਨ ਅਤੇ ਇਸੇ ਲਈ ਉਹ ਆਪਣੇ ਨਿਜੀ ਗਿਆਨ ਤੇ ਪਕੜ ਨਾਲ ਇਨ੍ਹਾਂ ਬਾਰੇ ਬਹੁਤ ਕੁਝ ਕਹਿ ਸਕਦੇ ਹਨ। ਠੀਕ ਹੈ, ਇਹੋ ਸਹੀ ਪਹੁੰਚ ਹੈ। ਅਸੀਂ ਉਨ੍ਹਾਂ ਦੀ ਪਸੰਦ ਮੁਤਾਬਿਕ ਚੱਲਣ ਲਈ ਤਿਆਰ ਹਾਂ।
ਉਂਜ, ਪਰ ਮੈਨੂੰ ਹਰੇਕ ਅਧਿਆਇ ਤੋਂ ਪਹਿਲਾਂ ਲਿਖੀਆਂ ਦੋ ਜਾਂ ਤਿੰਨ ਵਧੀਆ ਅਖਾਣਨੁਮਾ ਸਤਰਾਂ ਨੇ ਕੁਝ ਵਧੇਰੇ ਹੀ ਪ੍ਰਭਾਵਿਤ ਕੀਤਾ – ਜਿਨ੍ਹਾਂ ਦਾ ਦਾਇਰਾ 9ਵੀਂ ਸਦੀ ਦੇ ਬਗ਼ਦਾਦ ਦੇ ਵਜ਼ੀਰ ਤੋਂ ਲੈ ਕੇ ਫ਼ੈਜ਼ ਅਹਿਮਦ ਫ਼ੈਜ਼, ਗਾਂਧੀ ਅਤੇ ਬੁੱਧ ਤੱਕ ਪੱਸਰਿਆ ਹੋਇਆ ਹੈ। ਇਹ ਸਤਰਾਂ ਚਰਚਾ-ਅਧੀਨ ਸੰਕਟਾਂ ਦੀ ਚਿਤਾਵਨੀ-ਭਰਪੂਰ ਭੂਮਿਕਾ ਪ੍ਰਦਾਨ ਕਰਦੀਆਂ ਹਨ ਅਤੇ ਦੱਸਦੀਆਂ ਹਨ ਕਿ ਇਹ ਮਾਮਲੇ ਕਿਵੇਂ ਸਿੱਝੇ ਗਏ ਸਨ। ਗਿਆਨ ਤੇ ਵਿਦਵਤਾ ਦਾ ਇਹ ਬਹੁਤ ਹੀ ਲਜ਼ੀਜ਼ ਸੁਮੇਲ ਹੈ। ਵਿਦੇਸ਼ ਨੀਤੀ ਬਾਰੇ ਮੁੱਖ ਫ਼ੈਸਲੇ ਸਦਾ ਪ੍ਰਧਾਨ ਮੰਤਰੀ ਹੀ ਲੈਂਦੇ ਰਹੇ ਅਤੇ ਉਹ ਹੀ ਉਨ੍ਹਾਂ ਉੱਤੇ ਕਾਰਵਾਈ ਵੀ ਪਾਉਂਦੇ ਰਹੇ ਹਨ। ਅਜਿਹੇ ਵੇਲਿਆਂ ’ਤੇ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਦਾ ਅਸਰ ਪੈਂਦਾ ਹੀ ਹੈ। ਸ਼ੰਕਰ ਲਿਖਦੇ ਹਨ :
‘‘ਸ਼ਖ਼ਸੀਅਤਾਂ ਦਾ ਬੜਾ ਮਹੱਤਵ ਹੈ। ਅਗਵਾਈ ਕਰਨ ਵਾਲਿਆਂ ਵਿੱਚ ਜੇਕਰ ਵੱਖਰੀ ਕਿਸਮ ਦੇ ਲੋਕ ਮੌਜੂਦ ਰਹਿੰਦੇ ਤਾਂ ਇਹ ਵੀ ਬੇਹੱਦ ਸੰਭਵ ਸੀ ਕਿ ਭਾਰਤ ਕੋਈ ਆਪਣਾ ਵੱਖਰਾ ਰਾਹ ਚੁਣ ਲੈਂਦਾ। ਦਰਅਸਲ, ਜੇ ਭਾਰਤ ਨੂੰ ਭਵਿੱਖ ’ਚ ਅਜਿਹੀ ਕੋਈ ਚੋਣ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਮੈਨੂੰ ਯਕੀਨ ਹੈ, ਇਸ ਦਾ ਹੁੰਗਾਰਾ ਬਿਲਕੁਲ ਵੱਖਰਾ ਹੀ ਹੋਵੇਗਾ।’’ ਬੇਹੱਦ ਜ਼ਹੀਨਤਾ ਤੇ ਬਾਰੀਕਬੀਨੀ ਨਾਲ ਸ਼ੰਕਰ ਇਸ ਮੌਜੂਦਾ ਪ੍ਰਚਲਿਤ ਵਿਚਾਰ ਦਾ ਪਾਜ ਉਘਾੜਦੇ ਹਨ, ਜਿਸ ਅਨੁਸਾਰ ਇਹ ਵਹਿਮ ਪਾਲ਼ ਲਿਆ ਗਿਆ ਹੈ ਕਿ ਦੇਸ਼ ਅਤੇ ਵਿਦੇਸ਼ ਦੀਆਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ-ਇੱਕ ਇਲਾਜ  ਬੱਸ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਹੀ ਹੈ। ਇਸ ਦੇ ਉਲਟ, ਉਨ੍ਹਾਂ ਦੀ ਦਲੀਲ ਹੈ ਕਿ ‘‘ਫ਼ੈਸਲਾ ਲੈਣ ਵਿੱਚ ਪ੍ਰਧਾਨ ਮੰਤਰੀ ਦੀ ਕੇਂਦਰੀ ਭੂਮਿਕਾ ਦਾ ਤੱਤ-ਸਾਰ ਭਾਰਤ ਵਿੱਚ ਵਿਦੇਸ਼ ਨੀਤੀ ਨੂੰ ਅਮਲੀ ਰੂਪ ਦੇਣ ਦਾ ਇੱਕ ਕਮਜ਼ੋਰ ਸੰਸਥਾਨੀਕਰਨ ਹੈ। ਕਮਜ਼ੋਰ ਸੰਸਥਾਨੀਕਰਨ ਕਮਜ਼ੋਰ ਢੰਗ ਨਾਲ ਨੀਤੀ ਲਾਗੂ ਕਰਨ ਵਿੱਚ ਪ੍ਰਤੀਬਿੰਬਤ ਹੁੰਦਾ ਹੈ।’’ ਕਿੰਨੀ ਸਰਲਤਾ ਨਾਲ ਕਿੰਨੀ ਠੀਕ ਗੱਲ ਕੀਤੀ ਹੈ ਸ਼ੰਕਰ ਨੇ! ਇਹ ਉਹ ਸੱਚ ਹੈ ਜਿਸਨੂੰ ਮੋਦੀ ਦੀ ਪ੍ਰਸੰਸਾ ਵਿੱਚ ਸੋਸ਼ਲ ਮੀਡੀਆ ’ਤੇ ਕੀਤੀਆਂ ਲੱਖਾਂ ਟਵੀਟਾਂ ਵੀ ਨਹੀਂ ਮਿਟਾ ਸਕਦੀਆਂ।
ਉਨ੍ਹਾਂ ਦੀਆਂ ਸੁਘੜ-ਸੁਜਾਨ ਟਿੱਪਣੀਆਂ ਪਿਛਲੇ ਕੁਝ ਪੰਨਿਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ; ਜਿੱਥੇ ਉਹ ਇਹ ਇੱਕ ਬਹੁਤ ਹੀ ਆਮ ਜਿਹਾ ਸੁਆਲ ਪੁੱਛਦੇ ਹਨ: ‘‘ਭਾਰਤ ਨੂੰ ਇੱਕ ਮਹਾਨ ਤਾਕਤ ਕਿਉਂ ਬਣਨਾ ਚਾਹੀਦਾ ਹੈ?’’ ਹਾਂ, ਸਾਨੂੰ ਇੱਕ ਮਹਾਨ ਤਾਕਤ ਬਣਨ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਉਪਗ੍ਰਹਿ ਵਾਂਗ ਕਿਸੇ ਹੋਰ ਤਾਕਤ ਦੁਆਲੇ ਘੁੰਮਦੇ ਨਹੀਂ ਰਹਿ ਸਕਦੇ। ਪਰ ਮਹਾਂਸ਼ਕਤੀ ਬਣਨ ਦੀ ਇਸ ਇੱਛਾ ਦਾ ਮਤਲਬ ਇਹ ਤਾਂ ਹਰਗਿਜ਼ ਨਹੀਂ ਹੁੰਦਾ ਕਿ ਅਸੀਂ ਆਪਣੇ-ਆਪ ਨੂੰ ਵੱਡਾ ਤੇ ਮਹਾਨ ਸਮਝਣ ਲੱਗ ਪਈਏ ਜਾਂ ਵਿਦੇਸ਼ੀਆਂ ਨੂੰ ਨਫ਼ਰਤ ਕਰਨ ਲੱਗ ਪਈਏ। ‘‘ਨਤੀਜਿਆਂ ਨੂੰ ਸਿਰਜਣ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਦੀ ਯੋਗਤਾ ਹੀ ਤਾਕਤ ਹੁੰਦੀ ਹੈ। ਜੇ ਸਾਡੇ ਕੋਲ ਵਜ਼ਨ ਹੈ ਤਾਂ ਸਾਡਾ ਪ੍ਰਭਾਵ ਵਧ ਰਿਹਾ ਹੈ, ਪਰ ਸਾਨੂੰ ਆਪਣੀ ਤਾਕਤ ਵਧਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਉਸ ਦੀ ਵਰਤੋਂ ਦੇਸ਼ ਅੰਦਰ ਪਰਿਵਰਤਨ ਲਿਆਉਣ ਲਈ ਕਰਨੀ ਚਾਹੀਦੀ ਹੈ।’’
ਕਿੰਨਾ ਵਧੀਆ ਨੁਕਤਾ ਹੈ ਇਹ!
00ppp copyਛੱਬੀ ਨਵੰਬਰ ਨੂੰ ਫ਼ੀਦਲ ਕਾਸਤਰੋ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਬਾਰੇ ਕਰੋੜਾਂ ਸ਼ਬਦ ਲਿਖੇ ਜਾ ਚੁੱਕੇ ਹਨ। ਕੁਝ ਸ਼ਬਦ ਤਾਂ ਬਹੁਤ ਦਿਆਲਤਾ-ਭਰਪੂਰ ਅਤੇ ਸਹਿਣਸ਼ੀਲ ਸਨ ਪਰ ਬਹੁਤੇ ਟਿੱਪਣੀਕਾਰਾਂ ਨੇ ਆਪਣਾ ਧਿਆਨ ਉਸ ਸਮਾਜਵਾਦ (ਕਮਿਊਨਿਜ਼ਮ) ਦੇ ਫ਼ੇਲ ਹੋ ਚੁੱਕੇ ਮਾੱਡਲ ਉੱਤੇ ਵਧੇਰੇ ਕੇਂਦ੍ਰਿਤ ਕੀਤਾ, ਜਿਸ ਨਾਲ ਕਾਸਤਰੋ ਜੁੜੇ ਰਹੇ ਸਨ। ਫਿਰ ਵੀ, ਮੈਂ ਸਮਝਦਾ ਹਾਂ ਕਿ ਉਨ੍ਹਾਂ ਦੀ ਜਿਹੜੀ ਗੱਲ ਨੇ ਕਈ ਦਹਾਕਿਆਂ ਤੱਕ ਸਮੁੱਚੇ ਵਿਸ਼ਵ ਦੀਆਂ ਕਈ ਪੀੜ੍ਹੀਆਂ ਦਾ ਧਿਆਨ ਖਿੱਚੀ ਰੱਖਿਆ, ਉਹ ਇਹ ਸੀ ਕਿ ਉਹ ਸਦਾ ਅਮਰੀਕਾ ਵਿਰੁੱਧ ਡਟੇ ਰਹੇ ਅਤੇ ਕਦੇ ਈਨ ਨਹੀਂ ਮੰਨੀ। ਉਨ੍ਹਾਂ ਵਰਗੇ ਕੇਵਲ ਵੀਅਤਨਾਮ ਦੇ ਹੋ ਚੀ ਮਿੰਨ੍ਹ ਅਤੇ ਇਰਾਨ ਦੇ ਆਇਤੱੁਲਾ ਖੋਮੇਨੀ ਹੀ ਸਨ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਅਮਰੀਕੀ ਸਿਆਸੀ ਪ੍ਰਣਾਲੀ ਦੀ ਚੌਧਰ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜੋ ਦੋਸਤਾਂ ਅਤੇ ਦੁਸ਼ਮਣਾਂ-ਦੋਵਾਂ ਲਈ ਇੱਕਸਮਾਨ ਹੀ ਸੀ। ਹੋ ਚੀ ਮਿੰਨ੍ਹ ਅਤੇ ਅਇਤੁੱਲਾ ਖੋਮੇਨੀ ਤਾਂ ਖ਼ੈਰ ਅਮਰੀਕਾ ਦਾ ਵਿਰੋਧ ਜਾਰੀ ਰੱਖ ਸਕਦੇ ਸਨ ਤੇ ਅਮਰੀਕਾ ਉਨ੍ਹਾਂ ਲਈ ਆਪਣੇ ਵਤੀਰੇ ਉੱਤੇ ਕਾਬੂ ਵੀ ਪਾ ਸਕਦਾ ਸੀ ਕਿਉਂਕਿ ਉਹ ਕੁਝ ਵੱਡੇ ਦੇਸ਼ਾਂ ਦੇ ਇਨਕਲਾਬੀ ਆਗੂ ਸਨ ਪਰ ਕਾਸਤਰੋ ਦਾ ਕਿਊਬਾ ਤਾਂ ਇੱਕ ਬਹੁਤ ਹੀ ਨਿੱਕਾ ਜਿਹਾ ਟਾਪੂ ਹੈ ਅਤੇ ਉਸ ਉੱਤੇ ਤਾਂ ਅਮਰੀਕਾ ਵੀ ਕਦੇ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਾਰ ਕਰ ਸਕਦਾ ਸੀ। ਇਸੇ ਗੱਲ ਨੇ ਕਾਸਤਰੋ ਦੇ ਸਟੈਂਡ ਨੂੰ ਵੱਧ ਖ਼ਤਰਨਾਕ ਅਤੇ ਨਾਲ ਹੀ ਵੱਧ ਦਿਲਕਸ਼ ਬਣਾ ਦਿੱਤਾ ਸੀ।
ਕਾਸਤਰੋ ਦੀ ਸ਼ਖ਼ਸੀਅਤ ਬਹੁਤ ਆਕਰਸ਼ਕ ਸੀ ਅਤੇ ਉਹ ਨੌਜਵਾਨ ਸਨ; ਇਨ੍ਹਾਂ ਤੱਥਾਂ ਨੇ ਵੀ ਉਨ੍ਹਾਂ ਦੇ ਅਮਰੀਕਾ-ਵਿਰੋਧ ਨੂੰ ਕ੍ਰਿਸ਼ਮਈ ਬਣਾਇਆ ਅਤੇ ਇਸ ਤਰ੍ਹਾਂ ਉਹ ਅੰਕਲ ਸੈਮ (ਅਮਰੀਕਾ) ਦੇ ਵਿਰੋਧ ਦਾ ਪ੍ਰਤੀਕ ਬਣ ਗਏ। ਉਹ ਆਪਣੇ ਜੀਵਨ ਦੇ ਅੰਤ ਤਕ ਨਾ ਅਮਰੀਕਾ ਅੱਗੇ ਝੁਕੇ ਅਤੇ ਨਾ ਹੀ ਕਦੇ ਝੁਕਣ ਦਾ ਪ੍ਰਭਾਵ ਦਿੱਤਾ। ਇਹੋ ਗੱਲ ਕਾਸਤਰੋ ਦੇ ਸ਼ਖ਼ਸੀ-ਰਹੱਸ ਦਾ ਧੁਰਾ ਬਣੀ ਰਹੀ।
11107CD _11 JULY  Fਸਾਡੇ ਵਾਲੇ ਜਗਤ ਵਿੱਚ ਸਾਨੂੰ ਸਭਨਾਂ ਨੂੰ ਨਾਭਾ ਜੇਲ੍ਹ ਫ਼ਰਾਰੀ ਕਾਂਡ ਦੀ ਉਤਸੁਕਤਾ ਬਣੀ ਰਹੀ। ਇਹ ਖ਼ਬਰ ਰਾਸ਼ਟਰੀ ਮੀਡੀਆ ਦੀ ਸੁਰਖ਼ੀ ਬਣੀ ਕਿਉਂਕਿ ਫ਼ਰਾਰ ਹੋਣ ਵਾਲਿਆਂ ਵਿੱਚ ਇੱਕ ਜਾਣੇ-ਪਛਾਣੇ ਖ਼ਾਲਿਸਤਾਨੀ ਕਾਰਕੁੰਨ ਦਾ ਵੀ ਨਾਂਅ ਬੋਲਦਾ ਸੀ। ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਇਹ ਅਖੌਤੀ ਮੁਖੀ ਛੇਤੀ ਹੀ ਫੜਿਆ ਵੀ ਗਿਆ ਅਤੇ ਇੰਜ ਦੇਸ਼ ਦੀ ਦਿਲਚਸਪੀ ਇਸ ਖ਼ਬਰ ’ਚੋਂ ਖ਼ਤਮ ਹੋ ਗਈ।
ਭਾਵੇਂ ਆਪਾਂ ਸਾਰੇ ਕਿਉਂਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਾਂ, ਅਤੇ ਸਾਨੂੰ ਜੇਲ੍ਹਾਂ ਵਿੱਚੋਂ ਇੰਜ ਫ਼ਰਾਰ ਹੋਣ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਹੀ ਕਰਨੀ ਚਾਹੀਦੀ ਹੈ, ਪਰ ਫਿਰ ਵੀ ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਜੇਲ੍ਹ ਦੀਆਂ ਸਖ਼ਤੀਆਂ ਨੂੰ ਤੋੜ ਕੇ ਨੱਸਣ ਪਿੱਛੇ ਕਿੰਨੀ ਵੱਡੀ ਯੋਜਨਾਬੰਦੀ ਅਤੇ ਕਿੰਨੇ ਤੇਜ਼ ਦਿਮਾਗ਼ ਦੀ ਲੋੜ ਪੈਂਦੀ ਹੈ। ਇਸ ਲਈ ਜਿਗਰਾ ਵੀ ਚਾਹੀਦਾ ਹੈ, ਧਨ-ਦੌਲਤ ਦੇ ਵਸੀਲੇ ਵੀ ਚਾਹੀਦੇ ਹਨ ਅਤੇ ਦਲੇਰ ਤੇ ਬੇਪਰਵਾਹ ਦਿਮਾਗ਼ ਵੀ ਚਾਹੀਦਾ ਹੈ।
ਇੱਕ ਜੇਲ੍ਹ ਵਿੱਚ ਰੋਜ਼ਾਨਾ ਹੀ ਇੱਕ ਪਾਸੇ ਜੇਲਰ ਤੇ ਉਸ ਦੇ ਸਟਾਫ਼ ਅਤੇ ਦੂਜੇ ਪਾਸੇ ਕੈਦੀਆਂ ਦਰਮਿਆਨ ਇੱਕ ਦੂਜੇ ਨੂੰ ਮਾਤ ਦੇਣ, ਫਰੇਬੀ ਵਿਹਾਰ ਕਰਨ ਤੇ ਚਲਾਕੀਆਂ ਖੇਡਣ ਦੀ ਖੇਡ ਚੱਲਦੀ ਰਹਿੰਦੀ ਹੈ ਕਿਉਂਕਿ ਕੈਦੀ ਆਮ ਤੌਰ ਉੱਤੇ ਜੇਲ੍ਹ ਦੇ ਜੀਵਨ ਤੋਂ ਅੱਕੇ ਹੋਏ ਹੁੰਦੇ ਹਨ। ਅਜਿਹੇ ਥਾਂ  ਮਾਹੌਲ ’ਤੇ ਕਈ ਵਾਰ ਹਿੰਸਾ ਜਾਂ ਰਿਸ਼ਵਤਖੋਰੀ ਨਾਲ ਕਾਬੂ ਪਾ ਲਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪੁਲੀਸ ਬਲ ਹੀ ਇਨ੍ਹਾਂ ਮਾਮਲਿਆਂ ਵਿੱਚ ਜੇਤੂ ਰਹੇ।
ਪੰਜਾਬ ਵਿੱਚ ਇੰਜ ਜਾਪਦਾ ਹੈ ਕਿ ਇਸ ਮਾਮਲੇ ’ਤੇ ਕੋਈ ਮੇਲ ਹੈ ਹੀ ਨਹੀਂ। ਬਹੁਤੇ ‘ਨਾਮਵਰ’ ਕੈਦੀਆਂ ਦੇ ਸਰਪ੍ਰਸਤ ਸਿਆਸੀ ਆਗੂ ਹਨ ਅਤੇ ਜੇਲ੍ਹਾਂ ਵਿੱਚ ਵੀ ਉਨ੍ਹਾਂ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਗਈ ਹੈ। ਦੂਜੇ ਪਾਸੇ, ਪੁਲੀਸ  ਨਾਕਾਬਲੀਅਤ ਦੇ ਬੋਝ ਨਾਲ ਲੱਦੀ ਹੋਈ ਹੈ; ਉਸ ਦਾ ਮਨੋਬਲ ਅਕਸਰ ਨੀਵਾਂ ਰਹਿੰਦਾ ਹੈ ਅਤੇ ਕਦਰਾਂ-ਕੀਮਤਾਂ ਤਾਂ ਹੋਰ ਵੀ ਵੱਧ ਨੀਵੀਆਂ ਹਨ।
ਨਾਭਾ ਜੇਲ੍ਹ ਕਾਂਡ ਦਾ ਪਸਾਰਾ ਚੋਖਾ ਵਿਆਪਕ ਹੈ। ਰਾਸ਼ਟਰੀ ਸੁਰੱਖਿਆ ਦੇ ਕਿਸੇ ਵੀ ਪ੍ਰਬੰਧਕ ਲਈ ਇਹ ਸੱਚਮੁਚ ਚਿੰਤਾਜਨਕ ਮਸਲਾ ਹੈ ਕਿ ਸਜ਼ਾਯਾਫ਼ਤਾ ਵੱਖਵਾਦੀ, ਅਪਰਾਧੀ ਤੇ ਗਿਰੋਹਾਂ ਦੇ ਮੈਂਬਰ ਕਿੰਨੀ ਆਸਾਨੀ ਨਾਲ ਜੇਲ੍ਹ ਤੋਂ ਬਾਹਰਲੇ ਅਤੇ ਸਰਹੱਦ ਪਾਰਲੇ ਆਪਣੇ ਦੋਸਤਾਂ ਤੇ ਸਰਪ੍ਰਸਤਾਂ ਨਾਲ ਲਗਾਤਾਰ  ਸੰਪਰਕ ਵਿੱਚ ਰਹਿੰਦੇ ਹਨ।
ਇਹ ਕੈਦੀ ਭਾਵੇਂ ਜੇਲ੍ਹ ਵਿੱਚ ਲਗਭਗ ਸਭ ਕੁਝ ਹਾਸਲ ਕਰ ਸਕਣ ਦੇ ਯੋਗ ਹੁੰਦੇ ਹਨ, ਫਿਰ ਵੀ ਮੈਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਨੂੰ ਉੱਥੇ ਵਧੀਆ ਕੌਫ਼ੀ ਨਹੀਂ ਮਿਲਦੀ ਹੋਣੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮੇਰੇ ਨਾਲ ਕੌਫ਼ੀ ਪੀਣ ਦਾ ਕੋਈ ਸੱਦਾ ਨਹੀਂ ਮਿਲਣਾ। ਹਾਂ, ਹੋਰ ਕੋਈ ਵੀ ਮੇਰਾ ਸਾਥ ਦੇ ਸਕਦਾ ਹੈ। ਆਮੀਨ!

ਈਮੇਲ: kaffeeklatsch@tribuneindia.com


Comments Off on ਕੌਮੀ ਸੁਰੱਖਿਆ ਹੁਣ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.