ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ

Posted On December - 7 - 2016

ਬਹਾਦਰ ਸਿੰਘ ਗੋਸਲ

ਗੁਰਦੁਆਰਾ ਅੰਗੀਠਾ ਸਾਹਿਬ

ਗੁਰਦੁਆਰਾ ਅੰਗੀਠਾ ਸਾਹਿਬ

ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੀ ਨਗਰੀ ਕਰਕੇ ਜਾਣੇ ਜਾਂਦੇ ਖਡੂਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਅਸਥਾਨ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਇਹ ਨਗਰ ਅੰਮ੍ਰਿਤਸਰ ਤੋਂ 35, ਤਰਨ ਤਾਰਨ ਤੋਂ 20, ਕਪੂਰਥਲਾ ਤੋਂ 35 ਤੇ ਗੋਇੰਦਵਾਲ ਸਾਹਿਬ ਤੋਂ ਨੌਂ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਮੱਲ ਦੁਕਾਨਦਾਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਦੇਹਾਂਤ ਮਗਰੋਂ ਗੁਰੂ ਜੀ ਦੁਕਾਨਦਾਰੀ ਕਰਦੇ ਰਹੇ। ਇਸ ਸਥਾਨ ’ਤੇ ਹੀ ਉਹ ਤਪ ਕਰਦੇ ਸਨ। ਇੱਥੇ ਗੁਰੂ ਜੀ ਨੇ ਗੁਰਮੁਖੀ ਲਿਪੀ ਦੀ ਸੁਧਾਈ ਕਰ ਕੇ ਮੌਜੂਦਾ ਪੈਂਤੀ ਅੱਖਰੀ ਦਾ ਰੂਪ ਦਿੱਤਾ। ਗੁਰੂ ਜੀ ਨੇ ਗੁਰਮੁਖੀ ਦਾ ਪਹਿਲਾ ਬਾਲ-ਬੋਧ (ਪ੍ਰਾਈਮਰ) ਵੀ ਇੱਥੇ ਹੀ ਤਿਆਰ ਕਰਵਾਇਆ। ਖਡੂਰ ਸਾਹਿਬ ਵਿੱਚ ਹੀ ਗੁਰਮੁਖੀ ਦਾ ਪਹਿਲਾ ਸਕੂਲ, ਬੱਚਿਆਂ ਅਤੇ ਨੌਜਵਾਨਾਂ ਲਈ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਗਈ।
ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਦੇ ਲਗਪਗ 13 ਸਾਲ ਸਤੰਬਰ 1539 ਤੋਂ 1552 ਤਕ ਸਿੱਖੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਇਆ। ਇੱਥੇ ਗੁਰੂ ਜੀ ਨੇ 17 ਮਈ, 1540 ਨੂੰ ਸ਼ੇਰਸ਼ਾਹ ਸੂਰੀ ਕੋਲੋਂ ਹਾਰਨ ਮਗਰੋਂ ਹੁਮਾਯੂੰ ਦਾ ਹੰਕਾਰ ਤੋੜਿਆ। ਇਸੇ ਪਵਿੱਤਰ ਅਸਥਾਨ ਉੱਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੀ ਬਿਰਧ ਅਵਸਥਾ ਦੇ ਬਾਵਜੂਦ ਗੋਇੰਦਵਾਲ ਬਿਆਸ ਤੋਂ ਪਾਣੀ ਦੀ ਗਾਗਰ ਭਰ ਕੇ ਗੁਰੂ ਜੀ ਦੇ ਇਸ਼ਨਾਨ ਲਈ ਲਗਪਗ 12 ਸਾਲ ਸੇਵਾ ਕਰਦੇ ਰਹੇ। ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਇੱਥੇ ਕਈ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ:
ਗੁਰਦੁਆਰਾ ਦਰਬਾਰ ਸਾਹਿਬ  (ਅੰਗੀਠਾ ਸਾਹਿਬ): ਖਡੂਰ ਸਾਹਿਬ ਵਿੱਚ ਇਹ ਪ੍ਰਮੁੱਖ ਗੁਰਦੁਆਰਾ ਹੈ। ਇੱਥੇ ਗੁਰੂ ਅੰਗਦ ਦੇਵ ਜੀ 29 ਮਾਰਚ, 1552 ਨੂੰ ਜੋਤੀ ਜੋਤ ਸਮਾਏ ਸਨ। ਗੁਰੂ ਸਾਹਿਬ ਦਾ ਅੰਗੀਠਾ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਇਆ। ਇਸੇ ਸਥਾਨ ਉੱਤੇ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਲਿਆਉਂਦੇ ਸਮੇਂ ਗੁਰੂ ਅਮਰਦਾਸ ਜੀ ਜੁਲਾਹੇ ਦੀ ਖੱਡੀ ਨਾਲ ਠੇਢਾ ਖਾ ਕੇ ਡਿੱਗ ਪਏ ਸਨ, ਜਿਸ ਦੀ ਯਾਦਗਾਰ ਅੱਜ ਵੀ ਮੌਜੂਦ ਹੈ। ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਇੱਥੇ ਵਿਸ਼ਰਾਮ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਆਪਣੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਕਰਨ ਪਿੱਛੋਂ ਪਰਿਵਾਰ ਸਮੇਤ ਇੱਥੇ ਆਏ ਸਨ। ਇਸ ਸਥਾਨ ’ਤੇ ਗੁਰੂ ਹਰਿਰਾਇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਚਰਨ ਪਾਏ।

ਗੁਰਦੁਆਰਾ ਥੜ੍ਹਾ ਸਾਹਿਬ

ਗੁਰਦੁਆਰਾ ਥੜ੍ਹਾ ਸਾਹਿਬ

ਗੁਰਦੁਆਰਾ ਥੜ੍ਹਾ ਸਾਹਿਬ: ਗੁਰਦੁਆਰਾ ਅੰਗੀਠਾ ਸਾਹਿਬ ਦੇ ਸੱਜੇ ਹੱਥ ਗੁਰਦੁਆਰਾ ਥੜ੍ਹਾ ਸਾਹਿਬ ਦੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਅਮਰਦਾਸ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਨਾਮ-ਸਿਮਰਨ ਕਰਿਆ ਕਰਦੇ ਸਨ।
ਖੂਹ ਬੀਬੀ ਅਮਰੋ ਜੀ: ਗੁਰਦੁਆਰਾ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਮੁੱਖ ਇਮਾਰਤ ਦੇ ਸਾਹਮਣੇ ਬੀਬੀ ਅਮਰੋ ਦਾ ਪੁਰਾਤਨ ਖੂਹ ਮੌਜੂਦ ਹੈ। ਸੰਗਤਾਂ ਵਾਸਤੇ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਬੀਬੀ ਜੀ ਨੇ ਗੁਰੂ ਪਿਤਾ ਨੂੰ ਖੂਹ ਲਈ ਬੇਨਤੀ ਕੀਤੀ ਸੀ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਦੀ ਬੇਨਤੀ ਕਬੂਲ ਕਰਦਿਆਂ ਆਪ ਇਹ ਖੂਹ ਲਗਵਾਇਆ ਸੀ। ਅੱਜ ਵੀ ਇਸ ਖੂਹ ਦੀ ਚੰਗੀ ਸੰਭਾਲ ਸਦਕਾ ਇਹ ਦੇਖਣਯੋਗ ਯਾਦਗਾਰ ਹੈ।
ਗੁਰਦੁਆਰਾ ਤਪਿਆਣਾ ਸਾਹਿਬ: ਇਹ ਉਹ ਪਵਿੱਤਰ ਇਤਿਹਾਸਕ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਇਸ ਅਸਥਾਨ ਉੱਤੇ ਹੀ ਗੁਰੂ ਜੀ ਨੇ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਕੀਰਤਨ ਕੀਤਾ ਸੀ। ਇੱਥੇ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਰਾਹੀਂ ਭਾਈ ਪੈੜਾ, ਮੋਖਾ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ। ਮਾਈ ਭਰਾਈ ਵੱਲੋਂ ਗੁਰੂ ਜੀ ਨੂੰ ਇੱਥੇ ਭੋਜਨ ਛਕਾਇਆ ਗਿਆ ਸੀ।
ਗੁਰਦੁਆਰਾ ਤਪ ਅਸਥਾਨ ਗੁਰੂ ਅੰਗਦ ਦੇਵ: ਇਹ ਸਥਾਨ ਗੁਰੂ ਅੰਗਦ ਦੇਵ ਦੇ ਤਪ ਅਸਥਾਨ ਕਰਕੇ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਕਿਹਾ, ‘‘ਪੁਰਖਾ! ਤੁਸੀਂ ਇੱਥੇ ਬੈਠੋ।’’ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਦੂਜੇ ਪਾਤਸ਼ਾਹ ਇੱਥੇ ਲੰਮਾ ਸਮਾਂ ਸਿਮਰਨ ਵਿੱਚ ਲੀਨ ਰਹੇ।
ਗੁਰਦੁਆਰਾ ਮੱਲ ਅਖਾੜਾ ਸਾਹਿਬ: ਪ੍ਰਮੁੱਖ ਗੁਰਦੁਆਰੇ ਦੇ ਪਿਛਲੇ ਪਾਸੇ ਨੇੜੇ ਹੀ ਗੁਰੂ ਅੰਗਦ ਦੇਵ ਜੀ ਵੱਲੋਂ ਚੱਲਦੇ ਮੱਲ ਅਖਾੜੇ ਦੀ ਯਾਦ ਵਿੱਚ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੁਸ਼ੋਭਿਤ ਹੈ। ਇੱਥੇ ਗੁਰੂ ਜੀ ਦਾ ਦੀਵਾਨ ਅਸਥਾਨ ਸੀ, ਜਿੱਥੇ ਉਹ ਸੰਗਤ ਨੂੰ ਉਪਦੇਸ਼ ਦੇਣ ਲਈ ਦੀਵਾਨ ਸਜਾਉਂਦੇ ਸਨ। ਗੁਰੂ ਜੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਲਈ ਜਮਾਤਾਂ ਅਤੇ ਨੌਜਵਾਨਾਂ ਦੇ ਘੋਲ ਇੱਥੇ ਕਰਵਾਉਂਦੇ ਸਨ। ਇੱਥੇ ਹੁਮਾਯੂੰ  ਨੇ ਗੁਰੂ ਜੀ ਉੱਪਰ ਤਲਵਾਰ ਉਠਾਈ ਸੀ, ਜਿਸ ‘ਤੇ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਿਆ ਸੀ।
ਗੁਰਦੁਆਰਾ ਮਾਤਾ ਖੀਵੀ ਜੀ: ਜਦੋਂ ਗੁਰੂ ਅੰਗਦ ਦੇਵ ਜੀ ਗੁਰ-ਸ਼ਬਦ ਦਾ ਲੰਗਰ ਵਰਤਾਉਂਦੇ ਸਨ ਤਾਂ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਸੰਗਤਾਂ ਵਿੱਚ ਦੇਸੀ ਘਿਓ ਵਾਲੀ ਖੀਰ ਦਾ ਲੰਗਰ ਚਲਾਉਂਦੇ ਸਨ। ਗੁਰੂ ਜੀ ਨੇ ਲੰਗਰ ਦੀ ਜ਼ਿੰਮੇਵਾਰੀ ਮਾਤਾ ਜੀ ਨੂੰ ਸੌਂਪੀ ਹੋਈ ਸੀ। ਜਾਤ-ਪਾਤ ਦੇ ਬੰਧਨਾਂ ਨੂੰ ਤੋੜ ਕੇ ‘ਸੰਗਤ’ ਤੇ ‘ਪੰਗਤ’ ਦੀ ਪ੍ਰਥਾ ਇਸ ਅਸਥਾਨ ਤੋਂ ਹੀ ਆਰੰਭ ਹੋਈ। ਹੁਣ ਇੱਥੇ ਲੰਗਰ ਲਈ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਅਤੇ ਹਰ ਸਮੇਂ ਇੱਥੇ ਲੰਗਰ ਚੱਲਦਾ ਰਹਿੰਦਾ ਹੈ।
ਇਨ੍ਹਾਂ ਗੁਰਦੁਆਰਿਆਂ ਤੋਂ ਇਲਾਵਾ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਯਾਤਰੀ ਨਿਵਾਸ ਅਤੇ ਨਿਸ਼ਾਨ-ਏ- ਸਿੱਖੀ ਦੀਆਂ ਇਮਾਰਤਾਂ ਗੁਰਦੁਆਰਾ ਕੰਪਲੈਕਸ ਦੀ ਸ਼ੋਭਾ ਵਧਾ ਰਹੀਆਂ ਹਨ। ਖਡੂਰ ਸਾਹਿਬ ਦੇ ਸਿੱਖ ਇਤਿਹਾਸ ਨੂੰ ਘੋਖਿਆਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਸੇਵਕ ਭਾਈ ਜੋਧ ਜੀ ਇਸ ਨਗਰ ਦੇ ਰਹਿਣ ਵਾਲੇ ਸਨ। ਚਮਕੌਰ ਸਾਹਿਬ ਦੀ ਲੜਾਈ ਸਮੇਂ ਸ਼ਹੀਦ ਹੋਣ ਵਾਲੇ ਤਿੰਨ ਸਿੰਘ, ਭਾਈ ਪੰਜਾਬ ਸਿੰਘ, ਭਾਈ ਭਗਵਾਨ ਸਿੰਘ ਅਤੇ ਭਾਈ ਦਮੋਦਰ ਸਿੰਘ, ਇਸ ਨਗਰ ਦੇ ਵਸਨੀਕ ਸਨ। ਇਸੇ ਤਰ੍ਹਾਂ ਮੁਕਤਸਰ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤਿਆਂ ਵਿੱਚੋਂ ਦੋ ਸਿੰਘ ਇੱਥੋਂ ਦੇ ਵਾਸੀ ਸਨ। ਬਾਬਾ ਬੰਦਾ ਸਿੰਘ ਬਹਾਦਰ ਨਾਲ ਹਜ਼ੂਰ ਸਾਹਿਬ ਨੰਦੇੜ ਤੋਂ ਪੰਜਾਬ ਆਉਣ ਸਮੇਂ ਜਿਹੜੇ ਪੰਜ ਸਿੰਘ ਗੁਰੂ ਗੋਬਿੰਦ ਸਿੰਘ ਨੇ ਨਾਲ ਭੇਜੇ, ਉਨ੍ਹਾਂ ਵਿੱਚੋਂ ਦੋ ਸਿੰਘ ਬਾਬਾ ਜੋਧ ਸਿੰਘ ਅਤੇ ਬਾਬਾ ਕਾਹਨ ਸਿੰਘ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ।
ਸੰਪਰਕ: 98764-52223  


Comments Off on ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.