ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਖੁਸ਼ੀਆਂ ਨਾਲ ਸਾਂਝ ਪਾਓ

Posted On December - 17 - 2016

ਅਜੀਤ ਸਿੰਘ ਚੰਦਨ
10612cd _old ladiesਜਿਹੜਾ ਇਨਸਾਨ ਖੁਸ਼ ਰਹਿੰਦਾ ਹੈ, ਉਹੀ ਸਫ਼ਲ ਹੁੰਦਾ ਹੈ ਤੇ ਜ਼ਿੰਦਗੀ ਦੇ ਭਰਮ-ਭੁਲੇਖਿਆਂ ਵਿੱਚ ਵੀ ਨਹੀਂ ਫਸਦਾ। ਖੁਸ਼ ਰਹਿਣੇ ਇਨਸਾਨ ਦੇ ਚਿਹਰੇ ’ਤੇ ਪੈਲਾਂ ਪੈਂਦੀਆਂ ਹਨ ਤੇ ਵੇਖਣ ਵਾਲੇ ਵੀ ਚਿਹਰੇ ਦੀ ਖੁਸ਼ੀ ਤੇ ਮੁਸਕਾਹਟ ਵੇਖ ਕੇ ਉਸ ਇਨਸਾਨ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਖੁਸ਼ੀ ਸਾਡੇ ਅੰਦਰਲੇ ਮਨ ਦੀ ਸੱਚੀ ਭਾਵਨਾ ਹੈ। ਜਿਹੜਾ ਇਨਸਾਨ ਖੁਸ਼ੀਆਂ ਤੇ ਖੇੜਿਆਂ ਵਿੱਚ ਰਹਿੰਦਾ ਹੈ, ਉਸ ਦਾ ਪਰਿਵਾਰ ਜ਼ਿੰਦਗੀ ਦੀਆਂ ਸਭ ਖੁਸ਼ੀਆਂ ਮਾਣਦਾ ਹੈ ਤੇ ਲੋਕ ਵੀ ਅਜਿਹੇ ਪਰਿਵਾਰ ਨਾਲ ਸਾਂਝ ਪਾ ਕੇ ਤਸੱਲੀ ਤੇ ਖੁਸ਼ੀ ਹਾਸਲ ਕਰਦੇ ਹਨ। ਜੇ ਤੁਹਾਡੇ ਮਨ ਵਿੱਚ ਕੋਈ ਉਲਝਣ ਨਹੀਂ, ਤੁਹਾਨੂੰ ਕੋਈ ਦੁੱਖ ਵੀ ਨਹੀਂ ਹੈ ਤੇ ਫਿਰ ਮੂੰਹ ਲਟਕਾਈ ਰੱਖਣ ਦਾ ਕੀ ਲਾਭ? ਅਜਿਹੇ ਇਨਸਾਨ ਵੀ ਹੋਏ ਹਨ;  ਜਿਨ੍ਹਾਂ ਨੇ ਲੱਖ ਮੁਸੀਬਤਾਂ ਝੱਲ ਕੇ ਵੀ ਖੁਸ਼ੀ ਦਾ ਪੱਲਾ ਨਹੀਂ ਛੱਡਿਆ। ਸਗੋਂ ਮੁਸੀਬਤਾਂ ਨਾਲ ਆਢਾ ਲੈ ਕੇ ਉਹ ਕਾਮਯਾਬ ਵੀ ਹੋਏ ਹਨ। ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੇ ਆਸ-ਪਾਸ ਵੀ ਨਮੋਸ਼ੀ ਨਜ਼ਰ ਨਹੀਂ ਆਵੇਗੀ, ਪਰ ਜੇ ਤੁਸੀਂ ਉਦਾਸ ਤੇ ਪ੍ਰੇਸ਼ਾਨ ਹੋ ਤਾਂ ਇਹ ਸੰਸਰ ਵੀ ਤੁਹਾਨੂੰ ਖਾਲੀ ਤੇ ਉਦਾਸ ਨਜ਼ਰ ਆਉਂਦਾ ਹੈ।  ਆਪਣੇ ਚਿਹਰੇ ਦੀ ਖੁਸ਼ੀ ਬਣਾਈ ਰੱਖਣ ਲਈ ਸਾਨੂੰ ਚੰਗੇ ਕੰਮ ਕਰਨ ਵੱਲ ਆਪਣਾ ਮਨ ਲਗਾਉਣਾ ਹੁੰਦਾ ਹੈ ਕਿਉਂਕਿ ਖੁਸ਼ ਤੁਸੀਂ ਤਾਂ ਹੀ ਰਹਿ ਸਕਦੇ ਹੋ ਜੇ ਤੁਸੀਂ ਚੰਗੀਆਂ ਆਦਤਾਂ ਪਾਈਆਂ ਹੋਈਆਂ ਹੋਣ। ਸਾਝਰੇ ਉੁੱਠ ਕੇ ਤੁਸੀਂ ਇਸ਼ਨਾਨ ਕਰਕੇ ਤੇ ਮਨ ਨੂੰ ਭਗਤੀ ਵਿੱਚ ਲਗਾ ਕੇ, ਇਕਾਗਰ ਕਰ ਲੈਂਦੇ ਹੋ। ਜੇ ਤੁਹਾਡੀ ਲਗਨ ਤੇ ਸੱਚੀ ਭਾਵਨਾ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਤਾਂ ਪ੍ਰਮਾਤਮਾ ਤੁਹਾਡੇ ਕਾਰਜ ਵੀ ਸੰਵਾਰੀ ਜਾਂਦਾ ਹੈ। ਚੰਗੇ ਕੰਮ ਕਰਨ ਨਾਲ ਸਾਡੀ ਕੀਰਤੀ ਨੂੰ ਜਸ ਮਿਲਦਾ ਹੈ ਤੇ ਲੋਕ ਵੀ ਸਾਡੀ ਤਾਰੀਫ਼ ਕਰਦੇ ਹਨ।
ਭੈੜੇ ਤੇ ਬੁਰੇ ਕੰਮਾਂ ਵਿੱਚ ਗਲਤਾਨ ਇਨਸਾਨ ਕਦੇ ਖੁਸ਼ ਨਹੀਂ ਹੋ ਸਕਦਾ। ਉਸ ਨੂੰ ਜੋ ਖੁਸ਼ੀ ਭੈੜੇ ਕੰਮ ਕਰਕੇ ਮਿਲਦੀ ਹੈ, ਉਹ ਥੋੜ੍ਹ-ਚਿਰੀ ਤੇ ਬਣਾਵਟੀ ਹੁੰਦੀ ਹੈ। ਭੈੜੇ ਆਚਰਨ ਕਾਰਨ ਕੋਈ ਇਨਸਾਨ ਖੁਸ਼ ਕਿਵੇਂ ਰਹਿ ਸਕਦਾ ਹੈ? ਉਸ ਦੀ ਆਤਮਾ ਹੀ ਉਸ ਨੂੰ ਫਿਟਕਾਰਦੀ ਹੈ। ਖੁਸ਼ੀ ਸਾਡੇ ਮਨ ਦਾ ਅਸਲ ਸ਼ੀਸ਼ਾ ਹੈ। ਜੋ ਸਾਡੇ ਮਨ ਅੰਦਰ ਵਾਪਰਦਾ ਹੈ, ਓਹੀ ਅਕਸ ਚਿਹਰੇ ’ਤੇ ਆ ਕੇ ਚਿਹਰੇ ਨੂੰ ਰੂਪਵਾਨ ਕਰਦਾ ਹੈ। ਜਿਨ੍ਹਾਂ ਦੇ ਮਨਾਂ ਅੰਦਰ ਫੁੱਲ ਵਰਗੀ ਤਾਜ਼ਗੀ ਤੇ ਸੁਹੱਪਣ ਹੋਵੇ,  ਉਹ ਇਨਸਾਨ ਤਾਂ ਆਪ ਵੀ ਕੰਵਲ ਫੁੱਲ ਵਾਂਗ ਖਿੜ ਕੇ ਆਸੇ-ਪਾਸੇ ਖੁਸ਼ੀਆਂ ਬਿਖੇਰਦਾ ਹੈ। ਜਿਵੇਂ ਗੁਲਾਬ ਦੇ ਖਿੜੇ ਫੁੱਲਾਂ ਨਾਲ ਚੌਗਿਰਦਾ  ਮਹਿਕਦਾ ਤੇ ਟਹਿਕਦਾ ਹੈ, ਇੰਜ ਹੀ ਜੇ ਇਹ ਗੁਲਾਬ ਦੇ ਫੁੱਲ ਸਾਡੇ ਮਨ ਵਿੱਚ ਖਿੜ ਪੈਣ ਤਾਂ ਚਿਹਰਾ ਆਪਣੇ ਆਪ ਹੀ ਮੁਸਕਰਾ ਪਵੇਗਾ। ਨਿੱਕੇ ਬੱਚੇ ਦਾ ਮਨ ਕਿੰਨਾ ਸਾਫ਼ ਹੁੰਦਾ ਹੈ। ਅੰਦਰਲੀ ਕੋਮਲਤਾ ਤੇ ਪ੍ਰਸੰਨਤਾ ਉਸ ਦੇ ਚਿਹਰੇ ਉਪਰ ਵੀ ਖੇਡਦੀ ਹੈ। ਇਸੇ ਲਈ ਨਿੱਕੇ ਬੱਚੇ ਨੂੰ ਗੋਦੀ ਚੁੱਕ ਕੇ ਅਸੀਂ ਆਪ ਵੀ ਖੁਸ਼ੀ ਹਾਸਲ ਕਰ ਲੈਂਦੇ ਹਾਂ, ਪਰ ਰੋਂਦੇ ਬੱਚੇ ਨੂੰ ਚੁੱਕ ਕੇ ਕੋਈ ਖੁਸ਼ੀ ਨਹੀਂ ਮਿਲਦੀ। ਅੱਜ-ਕੱਲ੍ਹ ਇਸੇ ਖੁਸ਼ੀ ਦੀ ਭਾਲ ਵਿੱਚ ਲੋਕੀਂ ਸਾਝਰੇ ਉੱਠ ਕੇ ਪਾਰਕਾਂ ਵਿੱਚ ਜਾਂਦੇ ਹਨ। ਪਾਰਕਾਂ ਵਿੱਚ ਜਾ ਕੇ ਰੁੱਖਾਂ, ਫੁੱਲਾਂ ਤੇ ਖਿੜੀਆਂ ਕਿਆਰੀਆਂ ਦੀ ਝਾਕੀ ਵੇਖ ਕੇ ਮਨ ਨੂੰ ਤਸੱਲੀ ਦੇ ਕੇ ਆਪ ਵੀ ਖੁਸ਼ ਹੁੰਦੇ ਹਨ ਕਿਉਂਕਿ ਅਸੀਂ ਜਿਸ ਪਾਸੇ ਵੀ ਆਪਣੇ ਮਨ ਨੂੰ ਜੋੜ ਲਈਏ, ਮਨ ਉਸੇ ਪਾਸੇ ਤੁਰ ਪੈਂਦਾ ਹੈ।  ਪਾਰਕਾਂ ਦੀ ਲੰਬੀ ਸੈਰ ਸਾਨੂੰ ਤੰਦਰੁਸਤ ਕਰਦੀ ਹੈ। ਸਾਡੇ ਮਨ ਦੇ ਜਾਲੇ ਸਾਫ਼ ਕਰ ਦਿੰਦੀ ਹੈ ਤੇ ਸਾਡੇ ਮਨ ਦਾ ਅਕਸ ਇੱਕ ਟਿਕੀ ਝੀਲ ਦੇ ਪਾਣੀ ਵਾਂਗ ਨਿੱਖਰ ਕੇ ਸਾਫ਼ ਹੋ ਜਾਂਦਾ ਹੈ। ਵਗਦੇ ਚਸ਼ਮੇ, ਗਾਉਂਦੀਆਂ ਨਦੀਆਂ ਤੇ ਬੋਲਦੇ ਪੰਛੀ ਸਾਡੀ ਖੁਸ਼ੀ ਵਿੱਚ ਵਾਧਾ ਕਰਦੇ ਹਨ। ਕਿਸੇ ਨਹਿਰ ਦੇ ਕਿਨਾਰੇ ਬੈਠ ਕੇ ਪਾਣੀ ਦੀ ਕਲ-ਕਲ ਤੇ ਸਵੱਛ ਧਾਰਾ ਸਾਨੂੰ ਟਿਕਾਅ ਬਖਸ਼ਦੀ ਹੈ। ਸੈਰ-ਸਫ਼ਰ ਕਰਕੇ ਵੀ ਲੋਕੀਂ ਖੁਸ਼ੀ ਦੀ ਤਲਾਸ਼ ਵਿੱਚ ਹੀ ਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਉਦਾਸ ਮਨ ਨੂੰ ਖੁਸ਼ ਕਰ ਸਕੀਏ। ਭਟਕੇ ਮਨ ਤੇ ਉਦਾਸ ਰੂਹ ਨੂੰ ਸਕੂਨ ਮਿਲੇ।
ਸਮੁੰਦਰ, ਬੀਚ ਦੇ ਕਿਨਾਰੇ ਵੀ ਕਈ ਲੋਕ ਸਾਰਾ-ਸਾਰਾ ਦਿਨ ਇਨ੍ਹਾਂ ਖੁਸ਼ੀਆਂ ਦੇ ਖ਼ਜ਼ਾਨਿਆਂ ਦੀ ਤਲਾਸ਼ ਵਿੱਚ ਹੀ ਜਾਂਦੇ ਹਨ।
ਅੱਜ-ਕੱਲ੍ਹ ਦੀ ਕਾਹਲ, ਜਲਦਬਾਜ਼ੀ ਦੇ ਜ਼ਮਾਨੇ ਵਿੱਚ ਇਨਸਾਨ ਆਪਣੀ ਅਸਲ ਮਨ ਦੀ ਸ਼ਾਂਤੀ ਗੁਆ ਚੁੱਕਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਠੀਕ ਹੈ ਤੇ ਕੀ ਗਲਤ ਹੈ? ਇਸ ਭਟਕਣ ਵਿੱਚ ਪੈ ਕੇ, ਉਹ ਗ਼ਲਤ ਰਾਹਾਂ ਦੀ ਪਰਿਕਰਮਾ ਕਰਦਾ ਹੈ, ਪਰ ਗ਼ਲਤੀਆਂ ਕਰਕੇ ਖੁਸ਼ੀ ਦਾ ਚਸ਼ਮਾ ਲੱਭਣਾ ਮੁਸ਼ਕਲ ਹੈ। ਗ਼ਲਤ ਰਾਹਾਂ ’ਤੇ ਚੱਲ ਕੇ ਮਨ ਉਦਾਸ ਰਹੇਗਾ ਤੇ ਭਟਕਣ ਹੋਰ ਵੀ ਵਧੇਗੀ।
ਕਈ ਲੋਕ ਇਕਾਂਤ ਵਿੱਚ ਬੈਠ ਕੇ ਇਸ ਭਟਕੇ ਮਨ ਦਾ ਇਲਾਜ ਲੱਭਦੇ ਹਨ। ਇਸ ਤਰ੍ਹਾਂ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਅਸੀਂ ਆਪਣੇ ਭਟਕਦੇ ਮਨ ਦੀਆਂ ਜੇਬ੍ਹਾਂ ਫਰੋਲ ਸਕਦੇ ਹਾਂ। ਆਖ਼ਰਕਾਰ ਕਿਹੜੀ ਗੱਲੋਂ ਇਸ ਮਨ ਦੀ ਭਟਕਣ ਵਧਦੀ ਹੈ, ਉਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਕਈ ਨੌਜਵਾਨ ਇਨ੍ਹਾਂ ਫਜ਼ੂਲ ਦੀਆਂ ਭਟਕਣਾਂ ਵਿੱਚ ਪੈ ਕੇ ਨਸ਼ੇ ਕਰਨ ਲੱਗਦੇ ਹਨ। ਫਿਰ ਸਾਰੀ ਉਮਰ ਇਨ੍ਹਾਂ ਨਸ਼ਿਆਂ ਦੇ ਲੜ ਲੱਗ ਕੇ ਆਪਣੀ ਉਮਰ ਦੇ ਕੀਮਤੀ ਵਰ੍ਹੇ ਗੁਆ ਬੈਠਦੇ ਹਨ। ਖੁਸ਼ ਰਹੋ! ਮੁਸਕਰਾਓ! ਇਹ ਜ਼ਿੰਦਗੀ ਦਾ ਅਸਲੀ ਰਾਹ ਹੈ।
ਇੰਜ ਕਰਨ ਨਾਲ ਸਾਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਸਾਡਾ ਮਨ ਵੀ ਟਿਕਿਆ ਰਹਿੰਦਾ ਹੈ। ਖੁਸ਼ੀ ਵਿੱਚ ਵਾਧਾ ਕਰਨ ਲਈ ਕੰਮ ਵਿੱਚ ਰੁੱਝੇ ਰਹੋ! ਆਪਣੇ ਮਨ ਤੇ ਹੱਥਾਂ ਨੂੰ ਕੰਮ ਵਿੱਚ ਲਗਾਈ ਰੱਖੋ। ਤੁਸੀਂ ਜੇ 10 ਜਾਂ 12 ਘੰਟੇ ਇੱਕ ਦਿਨ ਵਿੱਚ ਕੰਮ ਕਰਦੇ ਹੋ ਤਾਂ ਇਨ੍ਹਾਂ ਘੰਟਿਆਂ ਵਿੱਚ ਮਨ ਕੰਮ ਵਿੱਚ ਲੱਗ ਕੇ ਉਦਾਸ ਨਹੀਂ ਹੋ ਸਕਦਾ। ਕਈ ਇਨਸਾਨ ਸਾਰੀ ਜ਼ਿੰਦਗੀ ਕੰਮ ਵਿੱਚ ਲਗਾ ਕੇ ਖੁਸ਼ੀ ਨਾਲ ਸਾਂਝ ਪਾਈ ਰੱਖਦੇ ਹਨ ਤੇ ਖੁਸ਼ੀ ਨਾਲ ਆਪਣੀ ਜੀਵਨ ਯਾਤਰਾ ਤੈਅ ਕਰਦੇ ਹਨ।
ਜਿਸ ਦਾ ਮਨ ਵਸ ਵਿੱਚ ਹੈ। ਉਸ ਦਾ ਸਰੀਰ ਵੀ ਵਸ ਵਿੱਚ ਹੈ। ਸਰੀਰ ਨੇ ਮਨ ਦੇ ਆਖੇ ਲੱਗਣਾ ਹੈ। ਪਿਆਰਿਓ! ਮਨ ਨੂੰ ਚੰਗੇ ਕੰਮਾਂ ਵਿੱਚ ਲਗਾ ਕੇ ਜ਼ਿੰਦਗੀ ਸੰਵਾਰ ਲਵੋ! ਮਨ ਦੀਆਂ ਲਗਾਮਾਂ ਕਸੀ ਰੱਖੋ। ਇੰਜ ਮਨ ਨੂੰ ਵਸ ’ਚ ਕਰਨ ਨਾਲ ਤੁਹਾਨੂੰ ਖੁਸ਼ੀ ਵੀ ਮਿਲੇਗੀ ਤੇ ਤੁਹਾਡਾ ਚਿਹਰਾ ਸਦਾ ਮੁਸਕਰਾਹਟਾਂ ਵੰਡਦਾ ਰਹੇਗਾ।
ਸੰਪਰਕ: 98696-56510


Comments Off on ਖੁਸ਼ੀਆਂ ਨਾਲ ਸਾਂਝ ਪਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.