ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼

Posted On December - 24 - 2016

ਦਰਸ਼ਨ ਸਿੰਘ ‘ਆਸ਼ਟ’ (ਡਾ.)

ਡਾ. ਗੁਰਦੇਵ ਸਿੰਘ ਸਿੱਧੂ

ਡਾ. ਗੁਰਦੇਵ ਸਿੰਘ ਸਿੱਧੂ

ਮਕਬੂਲ ਲੋਕ ਕਵੀ ਉਸਤਾਦ ਦਾਮਨ ਦਾ ਕੌਲ ਹੈ :
ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤਾਂ ਸਹੀ ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਦਾਮਨ ਦਾ ਇਹ ਕਾਵਿ-ਬੰਦ ਪੰਜਾਬੀ, ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਦੇ ਗਿਆਤਾ, ਪ੍ਰਮਾਣਿਕ ਖੋਜਕਾਰ ਅਤੇ ਹਰਮਨਪਿਆਰੇ ਸਾਧੂ-ਸੁਭਾਅ ਪੰਜਾਬੀ ਅਧਿਆਪਕ ਡਾ. ਗੁਰਦੇਵ ਸਿੰਘ ਸਿੱਧੂ ਉਪਰ ਸੌ ਫ਼ੀਸਦੀ ਢੁੱਕਦਾ ਹੈ ਜਿਨ੍ਹਾਂ ਨੇ ਆਪਣੇ ਬਚਪਨ ਵਿਚ ਤੰਗੀਆਂ ਤੁਰਸ਼ੀਆਂ, ਮਿਹਨਤ-ਮੁਸ਼ੱਕਤ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਨਾਂ ਕਮਾਇਆ ਹੈ। ਮਾਂ ਬੋਲੀ ਪੰਜਾਬੀ ਦੇ ਇਸ ਸਪੂਤ ਦਾ 17 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ। 15 ਸਤੰਬਰ 1931 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰੇ ਵਾਲਾ ਦੇ ਜੰਮਪਲ ਡਾ. ਗੁਰਦੇਵ ਸਿੰਘ ਸਿੱਧੂ ਦੇ ਸਾਹਿਤਕ ਜ਼ਖ਼ੀਰੇ ਵਿਚ ਝਾਤ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਇਕ ਸੰਸਥਾ ਵਾਲੇ ਕਾਰਜਾਂ ਨੂੰ ਇਕੱਲਿਆਂ ਹੀ ਕਿਵੇਂ ਅੰਜਾਮ ਦਿੱਤਾ। ਡਾ. ਗੁਰਦੇਵ ਸਿੰਘ ਸਿੱਧੂ ਦੀ ਬਚਪਨ ਵਿਚ ਹੀ ਸੰਘਰਸ਼ ਕਰਨ ਨਾਲ ਸਾਂਝ ਪੈ ਗਈ ਸੀ। ਉਨ੍ਹਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੰਜਵੀਂ, ਪੱਤੋ ਹੀਰਾ ਸਿੰਘ ਦੇ ਸਕੂਲ ਵਿਚੋਂ ਦਸਵੀਂ (ਪੂਰੇ ਪੰਜਾਬ ਵਿਚੋਂ ਅੱਵਲ), ਡੀ.ਐਮ.ਸੀ. ਕਾਲਜ ਮੋਗਾ ਤੋਂ ਬੀ.ਏ.ਫਿਰ ਬੀ.ਟੀ. ਕਰਕੇ ਸਕੂਲ ਅਧਿਆਪਕ ਵਜੋਂ ਨੌਕਰੀ ਪ੍ਰਾਪਤ ਕੀਤੀ। ਸ੍ਰੀਮਤੀ ਦਲੀਪ ਕੌਰ ਨਾਲ ਵਿਆਹ ਉਪਰੰਤ ਵੀ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਐਮ.ਏ. ਪੰਜਾਬੀ ਦੀ ਪੜ੍ਹਾਈ ਕਰਨ ਉਪਰੰਤ ਉਨ੍ਹਾਂ ਨੇ ਪੰਜਾਬੀ ਵਿਚ ਰਚੇ ਕਿੱਸਾ ਸਾਹਿਤ, ਸੂਫ਼ੀ-ਸਾਹਿਤ ਅਤੇ ਭਾਸ਼ਾ ਦੇ ਸਮੁੰਦਰ ਅੰਦਰ ਡੂੰਘੀਆਂ ਚੁੱਭੀਆਂ ਲਗਾ ਕੇ ਆਪਣੇ ਸਮਿਆਂ ਦੇ ਪ੍ਰਸਿੱਧ

ਡਾ ਦਰਸ਼ਨ ਸਿੰਘ ਆਸ਼ਟ

ਡਾ ਦਰਸ਼ਨ ਸਿੰਘ ਆਸ਼ਟ

ਕਿੱਸਾਕਾਰਾਂ ਅਤੇ ਸੂਫ਼ੀ ਸ਼ਾਇਰਾਂ ਦੇ ਕਲਾਮ ਰੂਪੀ ਮੋਤੀਆਂ ਨੂੰ ਆਲੋਚਨਾਤਮਕ ਨਜ਼ਰੀਏ ਤੋਂ ਲਿਸ਼ਕਾ ਕੇ ਆਉਣ ਵਾਲੀ ਪੀੜ੍ਹੀ ਦੇ ਸਪੁਰਦ ਕੀਤਾ। ਇਹ ਹਕੀਕਤ ਹੈ ਕਿ ਪੰਜਾਬੀ ਕਿੱਸਾ-ਪਿੜ ਵਿਚ ਜਿਹੜਾ ਠੁੱਕ ਦਮੋਦਰ ਅਤੇ ਵਾਰਿਸ ਨੇ ਬੰਨ੍ਹਿਆ ਸੀ, ਸਿੱਖ ਰਾਜ ਦੇ ਚਲੇ ਜਾਣ ਉਪਰੰਤ ਉਹ ਪ੍ਰਭਾਵ ਮੱਧਮ ਪੈਣਾ ਸ਼ੁਰੂ ਹੋ ਗਿਆ ਸੀ। ਇਸ ਕਾਲ ਦੌਰਾਨ ਭਾਵੇਂ ਬਹੁਤੇ ਕਿੱਸਾਕਾਰ ਕੇਵਲ ਗਿਣਾਤਮਕ ਪੱਖ ਤੋਂ ਹੀ ਵਾਧਾ ਕਰਦੇ ਰਹੇ ਹਨ ਪਰੰਤੂ ਜਿਨ੍ਹਾਂ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਤਤਕਾਲੀਨ ਸਮਾਜਿਕ ਅਤੇ ਰਾਜਸੀ ਹਾਲਾਤ ਨੂੰ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਡਾ. ਗੁਰਦੇਵ ਸਿੰਘ ਸਿੱਧੂ ਨੇ ਉਨ੍ਹਾਂ ਦਾ ਖ਼ਾਸ ਨੋਟਿਸ ਲੈ ਕੇ ਗੰਭੀਰ ਵਿਸ਼ਲੇਸ਼ਣ ਸਾਹਮਣੇ ਲਿਆਂਦਾ ਅਤੇ ਇਕ ਡੂੰਘੇ ਖੋਜੀ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਉਨ੍ਹਾਂ ਵੱਲੋਂ ਪੰਜਾਬੀ ਕਿੱਸਾ-ਕਾਵਿ ਸਬੰਧੀ ਇਕ ਖ਼ਾਸ ਸਿਲਸਿਲੇ ਵਿਚ ਪਰੋਈ ਹੋਈ ਨਵੀਨਤਮ ਖੋਜ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਦੀ ਖੋਜ ਅਤੇ ਸਮਾਲੋਚਨਾ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ। ਆਪਣੀ ਪਹਿਲੀ ਖੋਜ-ਪੁਸਤਕ ‘ਹਾਸ਼ਮ ਦੀ ਕਾਵਿ ਰਚਨਾ’ (1969) ਤੋਂ ਲੈ ਕੇ ‘ਹੀਰ ਦਮੋਦਰ’, ‘ਸੱਸੀ ਹਾਸ਼ਮ’, ‘ਕਿਤਾਬ-ਇ-ਇਸ਼ਕ ਉਰਫ਼ ਹੀਰ ਵਾਰਿਸ’, ‘ਭਗਵਾਨ ਸਿੰਘ ਰਚਨਾਵਲੀ’, ‘ਵਜੀਦ ਦੇ ਸਲੋਕ’, ‘ਕਲਾਮ ਬੁੱਲ੍ਹੇ ਸ਼ਾਹ’, ‘ਕਲਾਮ ਸ਼ਾਹ ਹੁਸੈਨ’, ‘ਸੋਹਣੀ ਫ਼ਜ਼ਲ ਸ਼ਾਹ’ ਆਦਿ ਪੁਸਤਕਾਂ ਵਿਚ ਉਨ੍ਹਾਂ ਨੇ ਨਾ ਕੇਵਲ ਇਨ੍ਹਾਂ ਕਿੱਸਾਕਾਰਾਂ ਦੀ ਤਕਨੀਕ, ਨਵੀਨਤਾ, ਅਲੰਕਾਰਕ-ਸ਼ੈਲੀ, ਕਾਫ਼ੀਏ ਦੀ ਚੁਸਤੀ ਆਦਿ ਗੁਣਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਸਗੋਂ ਉਨ੍ਹਾਂ ਪੱਖਾਂ ਨੂੰ ਵੀ ਪਹਿਲੀ ਵਾਰੀ ਸਾਹਮਣੇ ਲਿਆਂਦਾ ਜਿਨ੍ਹਾਂ ਨੂੰ ਉਨ੍ਹਾਂ ਤੋਂ ਪੂਰਬਲੇ ਸਮਾਲੋਚਕਾਂ ਵੱਲੋਂ ਅਣਗੌਲਿਆ ਕੀਤਾ ਹੋਇਆ ਸੀ। ਉਨ੍ਹਾਂ ‘ਕਲਾਮ ਅਲੀ ਹੈਦਰ, ‘ਫ਼ਰਦ ਫ਼ਕੀਰ ਦਾ ਕਲਾਮ’,‘ਹਾਮਿਦ ਸ਼ਾਹ ਅੱਬਾਸੀ’, ‘ਸੂਫ਼ੀ ਜੀਵਨੀਆਂ’, ‘ਹਾਸ਼ਮ ਸ਼ਾਹ ਰਚਨਾਵਲੀ’, ‘ਜੀਵਨੀਆਂ ਸੂਫ਼ੀ ਦਰਵੇਸ਼ਾਂ ਦੀਆਂ’, ‘ਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸ’ ਤੋਂ ਇਲਾਵਾ ਸ਼ੇਖ਼ ਸਾਅਦੀ ਰਚਿਤ ਦੋਵੇਂ ਕ੍ਰਿਤਾਂ ‘ਗੁਲਿਸਤਾਂ’ ਅਤੇ ‘ਬੋਸਤਾਂ’ ਦਾ ਡੂੰਘਾ ਮੁਤਾਲਿਆ ਕਰਕੇ ਪ੍ਰਕਾਸ਼ਿਤ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵਿਚ ਸੇਵਾ ਦੌਰਾਨ ਹੀ ਉਨ੍ਹਾਂ ਨੇ ‘ਪੰਜਾਬੀ ਸੂਫ਼ੀ ਸਾਹਿਤ ਸੰਦਰਭ ਕੋਸ਼’ (1989) ਤਿਆਰ ਕੀਤਾ ਜੋ ਸੂਫ਼ੀ ਰਵਾਇਤ ਅਤੇ ਸ਼ਾਇਰੀ ਬਾਰੇ ਮੁੱਲਵਾਨ ਵਾਕਫ਼ੀਅਤ ਪ੍ਰਦਾਨ ਕਰਨ ਵਾਲਾ ਆਪਣੀ ਕਿਸਮ ਦਾ ਪਹਿਲਾ ਪ੍ਰਮਾਣਿਕ ਹਵਾਲਾ ਗ੍ਰੰਥ ਹੈ।
ਡਾ. ਗੁਰਦੇਵ ਸਿੰਘ ਸਿੱਧੂ ਨੇ 1964 ਵਿਚ ਉਘੇ ਵਿਦਵਾਨ ਡਾ. ਸੁਰਿੰਦਰ ਸਿੰਘ ਕੋਹਲੀ ਦੇ ਪਹਿਲੇ ਪੀ.ਐਚ ਡੀ. ਖੋਜਾਰਥੀ ਵਜੋਂ ‘ਪੰਜਾਬੀ ਕਵਿਤਾ ਵਿਚ ਪ੍ਰਕਿਰਤੀ ਚਿੱਤ੍ਰਣ’ ਵਿਸ਼ੇ ’ਤੇ ਦੀ ਡਿਗਰੀ ਹਾਸਲ ਕੀਤੀ। 25 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਸੰਪਰਕ 9814423703


Comments Off on ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.