ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰਦੁਆਰਾ ਗੁਰੂਸਰ ਬਰਗਾੜੀ ਵਿੱਚ ਦਸਮ ਪਿਤਾ ਦਾ ਕੰਧ ਚਿੱਤਰ

Posted On December - 13 - 2016

ਡਾ. ਕੰਵਰਜੀਤ ਸਿੰਘ ਕੰਗ

13ptbw1ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਵਿੱਚ ਸਥਿਤ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਸ਼ਰਮਨਾਕ ਸਾਕਾ ਵਾਪਰਿਆ ਸੀ। ਪੰਜਾਬ ਦੀਆਂ ਕੰਧ-ਚਿੱਤਰਾਂ ਦੀ ਖੋਜ ਕਰਦਿਆਂ 1969 ਵਿੱਚ ਲੇਖਕ ਬਰਗਾੜੀ ਸਥਿਤ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਗਿਆ ਸੀ। ਗੁਰਦੁਆਰਾ ਗੁਰੂਸਰ ਦਾ ਪ੍ਰਮੁੱਖ ਕਮਰਾ ਚੌਰਸ ਸੀ ਅਤੇ ਇਸ ਦੇ ਚਾਰੇ ਪਾਸੇ ਪਰਿਕਰਮਾ ਸੀ, ਜਿਸ ਦੀਆਂ ਕੰਧਾਂ ਉੱਤੇ ਚਿੱਤਰ ਬਣੇ ਹੋਏ ਸਨ। ਇਸ ਕਮਰੇ ਉੱਤੇ ਛੇ-ਭੁਜਾ ਉਸਾਰੀ ਹੋਈ ਸੀ, ਜਿਸ ਉਪਰ ਗੁੰਬਦ ਬਣਿਆ ਹੋਇਆ ਸੀ। ਇਸ ਦੀਆਂ ਕੰਧਾਂ ਉੱਤੇ ਵੀ ਚਿੱਤਰ ਉਲੀਕੇ ਗਏ ਸਨ। ਭਾਵੇਂ ਸਮੇਂ ਨਾਲ ਕੰਧ-ਚਿੱਤਰਾਂ ਦੀ ਹਾਲਤ ਬਹੁਤ ਚੰਗੀ ਨਹੀਂ ਸੀ ਰਹੀ, ਫਿਰ ਵੀ ਲੇਖਕ ਨੇ ਉਸ ਸਮੇਂ ਇਨ੍ਹਾਂ ਦੇ ਫੋਟੋਗ੍ਰਾਫ ਖਿੱਚ ਲਏ ਸਨ।
ਬਰਗਾੜੀ ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਗੁਰਦੁਆਰਾ ਲਗਪਗ 80 ਵਰ੍ਹੇ ਪਹਿਲਾਂ ਭਾਵ 1885-90 ਦੇ ਨੇੜੇ-ਤੇੜੇ ਉਸਾਰਿਆ ਗਿਆ ਸੀ। ਇਸ ਨੂੰ ਢਾਹ ਕੇ ਇੱਥੇ ਨਵਾਂ ਗੁਰਦੁਆਰਾ ਉਸਾਰਿਆ ਗਿਆ ਹੈ। ਪੁਰਾਣਾ ਗੁਰਦੁਆਰਾ ਢਾਹ ਦੇਣ ਨਾਲ ਇਸ ਦੇ ਕੰਧ-ਚਿੱਤਰ ਨਸ਼ਟ ਹੋ ਗਏ ਸਨ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਪੰਨਾ 629 ਅਨੁਸਾਰ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ’ਤੇ ਤਿੰਨ ਦਿਨ ਬਿਰਾਜੇ ਸਨ। ਗੁਰਦੁਆਰੇ ਦੀਆਂ ਕੰਧ-ਚਿੱਤਰਾਂ ਵਿੱਚੋਂ ਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸਨ, ਜਿਨ੍ਹਾਂ ਵਿੱਚੋਂ ਇੱਕ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਕੰਧ-ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਇਜਗ ਨਾਲ ਪਾਸਾ ਖੇਡਦਿਆਂ ਚਿਤਰਿਆ ਗਿਆ ਹੈ। ਇਹ ਸਪੱਸ਼ਟ ਰੂਪ ਵਿੱਚ ਆਕ੍ਰਿਤੀਆਂ ਉਤੇ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਪਾਸਾ ਜਿਸ ਨੂੰ ‘ਪਾਸ਼ਾ’ ਅਤੇ ‘ਚੋਪੜ’ ਵੀ ਕਹਿੰਦੇ ਸਨ, ਇੱਕ ਪ੍ਰਕਾਰ ਦੀ ਖੇਡ ਹੈ ਜੋ ਚੌਰਸ ਗੀਟਿਆਂ ਨਾਲ, ਜਿਨ੍ਹਾਂ ਉੱਤੇ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਸਨ, ਖੇਡੀ ਜਾਂਦੀ ਸੀ। ਚਿੱਤਰ ਵਿੱਚ ਗੁਰੂ ਸਾਹਿਬ ਨੂੰ ਗੋਲ ਸਿਰ੍ਹਾਣੇ ਦੀ ਟੇਕ ਲਈ ਬੈਠੇ ਚਿਤਰਿਆ ਗਿਆ ਹੈ ਅਤੇ ਉਨ੍ਹਾਂ ਦੀ ਕਿਰਪਾਨ ਉਨ੍ਹਾਂ ਦੇ ਕੋਲ ਹੇਠਾਂ ਪਈ ਹੈ। ਉਨ੍ਹਾਂ ਦੇ ਮੁੱਖ ਨੂੰ ਗੋਲ ਨੂਰੀ ਘੇਰੇ ਜਾਂ ਜੋਤ-ਚੱਕਰ ਨਾਲ ਪ੍ਰਕਾਸ਼ਮਾਨ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਪਿੱਛੇ ਇੱਕ ਸੇਵਾਦਾਰ ਚੌਰ ਕਰ ਰਿਹਾ ਹੈ।
ਰਾਇਜਗ, ਜਿਸ ਨਾਲ ਗੁਰੂ ਸਾਹਿਬ ਪਾਸਾ ਖੇਡ ਰਹੇ ਸਨ ਕੌਣ ਸੀ, 1969 ਵਿੱਚ ਜਦੋਂ ਲੇਖਕ ਬਰਗਾੜੀ ਗਿਆ ਸੀ ਤਾਂ ਪਿੰਡ ਦੇ ਬਜ਼ੁਰਗ ਇਸ ਸੁਆਲ ਦਾ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਸਨ ਦੇ ਸਕੇ। ਕਈ ਬਜ਼ੁਰਗ ਉਸ ਨੂੰ ਕੋਟਕਪੂਰਾ ਦਾ ਪ੍ਰਮੁੱਖ ਦੱਸਦੇ ਸਨ ਪਰ ਇਸ ਗੱਲ ਦੀ ਪੁਸ਼ਟੀ ਹਾਲੇ ਤਕ ਨਹੀਂ ਹੋ ਸਕੀ।

ਸੰਪਰਕ: 98728-33604


Comments Off on ਗੁਰਦੁਆਰਾ ਗੁਰੂਸਰ ਬਰਗਾੜੀ ਵਿੱਚ ਦਸਮ ਪਿਤਾ ਦਾ ਕੰਧ ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.