ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨੀ

Posted On December - 20 - 2016

ਡਾ. ਹਰਚੰਦ ਸਿੰਘ ਸਰਹਿੰਦੀ
12012cd _zafarnama‘ਜ਼ਫ਼ਰਨਾਮਾ’, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਫ਼ਾਰਸੀ ਸ਼ਿਅਰਾਂ ਵਿੱਚ ਲਿਖੀ ਹੋਈ  ਚਿੱਠੀ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਦਾ ਹਰੇਕ ਸ਼ਿਅਰ, ਅਣਖ, ਸਵੈਮਾਨ ਤੇ ਪ੍ਰਭੂ ਭਰੋਸਾ ਜਗਾਉਂਦਾ ਹੈ।
‘ਜ਼ਫ਼ਰਨਾਮਾ’ ਉਹ ਮਹਾਨ ਵਿਜੈ-ਪੱਤਰ ਹੈ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ’ਤੇ ਆਪਣੀ ਹਾਰ ਮੰਨ ਲਈ ਸੀ। ਇਹ ਖ਼ਤ ਪੜ੍ਹ ਕੇ ਅੱਤਿਆਚਾਰ ਦੀ ਤਸਵੀਰ ਬਣ ਚੁੱਕੇ ਔਰੰਗਜ਼ੇਬ ਦੀਆਂ ਅੱਖਾਂ ਨਮ ਹੋ ਗਈਆਂ ਸਨ। ਜੋ ਕੰਮ ਤਲਵਾਰ ਨਹੀਂ ਕਰ ਸਕੀ, ਉਹ ਗੁਰੂ ਸਾਹਿਬ ਦੀ ਕਲਮ ਨੇ ਕਰ ਵਿਖਾਇਆ। ਇਹ ਚਿੱਠੀ ਫ਼ਾਰਸੀ ਸ਼ਾਇਰੀ ਦਾ ਉੱਤਮ ਨਮੂਨਾ ਪੇਸ਼ ਕਰਦੀ ਹੈ। ਇਹ ਚਿੱਠੀ ਔਰੰਗਜ਼ੇਬ ਨੂੰ ਸ਼ਰਮਸਾਰ ਹੀ ਨਹੀਂ ਕਰਦੀ, ਸਗੋਂ ਉਸ ਦੇ ‘ਕੱਦ’ ਨੂੰ ਵੀ ਬੌਣਾ ਬਣਾਉਂਦੀ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ‘ਟਕੇ ਦਾ ਮੁਰੀਦ’ ਅਤੇ ‘ਈਮਾਂ  ਫ਼ਿਕਨ’, ਭਾਵ ਬੇਇਮਾਨ ਕਹਿਣ ਤੋਂ ਸੰਕੋਚ ਨਹੀਂ ਕੀਤਾ।
ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਦੁਖਾਂਤ ਸਮੁੱਚੀ ਕੌਮ ਦਾ ਦੁਖਾਂਤ ਹੋ ਨਿੱਬੜਦਾ ਹੈ ਅਤੇ ਉਸ ਦੁਖਾਂਤ ਨਾਲ ਹੋਏ ਜ਼ਖ਼ਮ ਹਮੇਸ਼ਾ ਰਿਸਦੇ ਰਹਿੰਦੇ ਹਨ, ਹਰੇ ਰਹਿੰਦੇ ਹਨ। ਸਾਕਾ ਚਮਕੌਰ ਸਾਹਿਬ (ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਅਦੁੱਤੀ ਸ਼ਹਾਦਤ ਦੀ ਘਟਨਾ) ਵੀ ਅਜਿਹਾ ਹੀ ਦੁਖਾਂਤ ਹੈ, ਜਿਸ ਨੂੰ ਉਸ ਸਮੇਂ ਸਮੁੱਚੀ ਕੌਮ ਨੇ ਹੰਢਾਇਆ। ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਮੰਦਭਾਗੀ ਘਟਨਾ ਨੇ ਸਿੱਖ ਸਮਾਜ ਨੂੰ ਗ਼ਮਾਂ ਦੇ ਡੂੰਘੇ ਸਮੁੰਦਰ ਵਿੱਚ ਡੁਬੋ ਦਿੱਤਾ ਤੇ ਸਿੱਖ ਮਾਨਸਿਕਤਾ ਲਹੂ-ਲੁਹਾਣ ਹੋ ਗਈ।
ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਅਡੋਲ ਰਹੇ ਪਰ ਇਹ ਘਟਨਾ ਉਨ੍ਹਾਂ ਦੇ ਦਿਲ ’ਤੇ ਡੂੰਘੀ ਉੱਕਰੀ ਗਈ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਨੇ ‘ਜ਼ਫ਼ਰਨਾਮਾ’ ਵਿੱਚ ਪਹਿਲੀ ਵਾਰ ਜ਼ੁਲਮ, ਜਬਰ ਤੇ ਤਕੱਬਰ ਵਿਰੁੱਧ ਤਲਵਾਰ ਉਠਾਉਣ ਲਈ ਲਲਕਾਰ ਕੇ ਆਖਿਆ:
ਚੂੰ ਕਰਾ ਅਜ਼ ਹਮਾ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਇਸ ਤਰ੍ਹਾਂ ਸ਼ਹਾਦਤ ਦੀ ਇਸ ਬੇਨਜ਼ੀਰ ਘਟਨਾ ਨੇ ਸਿੱਖ ਸੋਚ ਤੇ ਫ਼ਲਸਫ਼ੇ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਇਸ ਲੇਖ ਵਿੱਚ ‘ਚਮਕੌਰ ਦੀ ਗੜ੍ਹੀ ਦੀ ਕਹਾਣੀ’ ਨੂੰ ਸਿਰਫ਼ ‘ਜ਼ਫ਼ਰਨਾਮਾ’ ਦੀ ਰੌਸ਼ਨੀ ਵਿੱਚ ਹੀ ਵੇਖਿਆ ਤੇ ਵਿਚਾਰਿਆ ਗਿਆ ਹੈ। ਗੁਰੂ ਸਾਹਿਬ ਨੇ ਆਪਣੇ ਇਸ ਵਿਜੈ-ਪੱਤਰ ਵਿੱਚ ਚਮਕੌਰ ਦੀ ਜੰਗ ਦਾ ਬੜੀ ਬਰੀਕੀ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬ ਵੱਲੋਂ ਪੇਸ਼ ਕੀਤੀ ਜੰਗ ਦੀ ਇਹ ਇਤਿਹਾਸਕ ਝਾਕੀ ਬੇਮਿਸਾਲ ਹੈ ਅਤੇ ਚਮਕੌਰ ਦੀ ਜੰਗ ਦੀ ਚਸ਼ਮਦੀਦ ਗਵਾਹੀ ਭਰਦੀ ਹੈ।
ਚਮਕੌਰ ਦੀ ਜੰਗ ਬਰਾਬਰ ਦੀ ਚੋਟ ਨਹੀਂ ਸੀ। ਦੋਵੇਂ ਵਿਰੋਧੀ ਦਲਾਂ ਦੀ ਨਫ਼ਰੀ ਵਿੱਚ ਜ਼ਮੀਂ-ਅਸਮਾਨ ਦਾ ਫ਼ਰਕ ਸੀ। ਇੱਕ ਪਾਸੇ ਥੱਕੇ-ਟੁੱਟੇ ਤੇ ਭੁੱਖਣ-ਭਾਣੇ ਚਾਲੀ ਸਿੰਘ ਅਤੇ ਦੂਜੇ ਪਾਸੇ ਟਿੱਡੀ  ਦਲ ਮੁਗ਼ਲ ਫ਼ੌਜ।  ਇਸ ਅਤੁਲਵੇਂ ਯੁੱਧ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮਾ’ ਵਿੱਚ ਲਿਖਿਆ ਹੈ:
ਗੁਰਸਨਾ: ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖ਼ਬਰ।
ਭਾਵ ਭੁੱਖਣ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉੱਤੇ ਅਚਨਚੇਤ ਦਸ ਲੱਖ (ਅਣਗਿਣਤ) ਫ਼ੌਜ ਟੁੱਟ ਪਵੇ। ਗੁਰੂ ਸਾਹਿਬ ਨੇ ਮੁਗ਼ਲ ਫ਼ੌਜ ਵੱਲੋਂ ਕੀਤੇ ਹੱਲੇ ਦਾ ਬੜੀ ਖ਼ੂਬਸੂਰਤੀ ਨਾਲ ਜ਼ਿਕਰ ਕੀਤਾ ਹੈ:
ਬਰੰਗਿ ਮਗਸ ਸ਼ਯਾਹ-ਪੋਸ਼ ਆਮਦੰਦ।
ਬ: ਯਕ-ਬਾਰਗੀ ਦਸ ਖਰੋਸ਼ ਆਮਦੰਦ।
ਭਾਵ ਤੇਰੀ ਕਾਲੀ ਖੋਸ਼ ਫ਼ੌਜ ਮੱਖੀਆਂ ਵਾਂਗ ਆ ਪਈ ਅਤੇ ਸ਼ੋਰ ਮਚਾਉਂਦੀ ਇਕਦਮ ਟੁੱਟ ਪਈ।
ਗੁਰੂ ਸਾਹਿਬ ਜੰਗ ਦੇ ਦ੍ਰਿਸ਼ਾਂ ਨੂੰ ਬਿਆਨ ਕਰਦਿਆਂ ਲਿਖਦੇ ਹਨ ਕਿ ਮੁਗ਼ਲ ਫ਼ੌਜ ਦੇ ਜਰਨੈਲ ਤੇ ਸਿਪਾਹੀ ਦੀਵਾਰ ਦੀ ਓਟ ਲਈ ਆਪਣੀ ਜਾਨ ਦੀ ਖ਼ੈਰ ਮੰਗਦੇ ਰਹੇ। ਫਿਰ ਉਸ ਦੀਵਾਰ ਤੋਂ ਕੋਈ ਵੀ ਬਾਹਰ ਨਾ ਆਇਆ। ਨਾ ਉਨ੍ਹਾਂ ਤੀਰ ਖਾਧੇ ਤੇ ਨਾ ਹੀ ਖ਼ੁਆਰ ਹੋਏ। ਜੋ ਕੋਈ ਵੀ ਦੀਵਾਰ ਦੀ ਓਟ ਤੋਂ ਜ਼ਰਾ ਬਾਹਰ ਆਇਆ, ਉਹ ਇੱਕੋ ਤੀਰ ਖਾ ਕੇ ਲਹੂ ਵਿੱਚ ਗ਼ਰਕ ਹੋ ਗਿਆ।
ਗੁਰੂ ਸਾਹਿਬ, ਮੁਗ਼ਲ ਫ਼ੌਜ ਦੇ ਇਕ ਫ਼ੌਜਦਾਰ, ਨਾਹਰ ਖ਼ਾਂ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਨੂੰ ਇਉਂ ਚਿਤਰਦੇ ਹਨ:
ਚੁ ਦੀਦਮ ਕਿ ਨਾਹਰ ਬਿਯਾਮਦ ਬਜੰਗ।
ਚਸ਼ੀਦ: ਯਕੇ ਤੀਰਿ ਮਨ ਬੇਦਰੰਗ।
‘‘ਜਦ ਮੈਂ ਨਾਹਰ ਖ਼ਾਂ ਨੂੰ ਮੈਦਾਨ-ਏ-ਜੰਗ ਵਿੱਚ ਆਇਆ ਵੇਖਿਆ ਤਾਂ ਉਸ ਨੇ ਫ਼ੌਰਨ ਮੇਰੇ ਤੀਰ ਦਾ ਸੁਆਦ ਚੱਖਿਆ ਭਾਵ ਉਹ ਤੀਰ ਖਾ ਕੇ ਥਾਂ ਹੀ ਢੇਰੀ      ਹੋ ਗਿਆ।’’
ਆਪਣੇ-ਆਪ ਨੂੰ ਬਹਾਦਰ ਅਖਵਾਉਣ ਵਾਲੇ ਕੁਝ ਪਠਾਣਾਂ ਦੇ ਰਣਭੂਮੀ ਤੋਂ ਭੱਜ ਜਾਣ ਦਾ ਜ਼ਿਕਰ ਕਰਦਿਆਂ ਗੁਰੂ ਜੀ ਲਿਖਦੇ ਹਨ, ਅਖ਼ੀਰ ਉਹ ਪਠਾਣ ਜੋ ਬਾਹਰ ਖੜੋਤੇ ਸ਼ੇਖੀਆਂ ਮਾਰਦੇ ਸਨ, ਰਣਭੂਮੀ ਤੋਂ ਭੱਜ ਗਏ। ਗੁਰੂ ਸਾਹਿਬ ਨੇ ਜਿੱਥੇ ਬੁਜ਼ਦਿਲ ਪਠਾਣਾਂ ਦਾ ਜ਼ਿਕਰ ਕੀਤਾ ਹੈ, ਉੱਥੇ ਹੀ ਇੱਕ ਪਠਾਣ ਜਰਨੈਲ ਵੱਲੋਂ ਬਹਾਦਰੀ ਨਾਲ ਹਮਲੇ ਕਰਨ ਦਾ ਵੀ ਵਰਣਨ ਕੀਤਾ ਹੈ:
ਕਿ ਅਫਗਾਨਿ ਦੀਗਰ ਬਯਾਮਦ ਬਜੰਗ।
ਚੁ ਸੈਲਿ ਰਵਾਂ ਹਮਚੁ ਤੀਰੋ ਤੁਫ਼ੰਗ।
ਭਾਵ ਇਸ ਪਿੱਛੋਂ ਇੱਕ ਹੋਰ ਪਠਾਣ ਤੇਜ਼ ਹੜ੍ਹ ਵਾਂਗ ਤੇ ਤੀਰ ਤੁਫ਼ੰਗ (ਭਾਵ ਬੰਦੂਕ ਦੀ ਗੋਲੀ) ਵਾਂਗ ਲੜਨ ਲਈ ਅੱਗੇ ਆਇਆ (ਸ਼ਾਇਦ ਇਹ ਜ਼ਫ਼ਰਬੇਗ ਵੱਲ ਸੰਕੇਤ ਹੈ)।
ਗੁਰੂ ਸਾਹਿਬ ਇਸ ਪਠਾਣ ਦੀ ਬਹਾਦਰੀ ਬਾਰੇ ਲਿਖਦੇ ਹਨ ਕਿ ਉਸ ਨੇ ਬਹਾਦਰੀ ਨਾਲ ਬਹੁਤ ਸਾਰੇ ਹਮਲੇ ਕੀਤੇ, ਕੁਝ ਸੂਝ-ਬੂਝ ਨਾਲ, ਕੁਝ ਬੇਸਮਝੀ ਨਾਲ। ਉਸ ਨੇ ਕਈ ਹੱਲੇ ਕੀਤੇ ਅਤੇ ਖ਼ੁਦ ਵੀ ਬਹੁਤ ਸਾਰੇ ਫੱਟ ਖਾਧੇ। ਉਸ ਨੇ ਦੋ ਜਣਿਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਆਖ਼ਰ ਆਪ ਵੀ ਆਪਣੀ ਜਾਨ ਦੇ ਗਿਆ।
ਇੱਕ ਹੋਰ ਪਠਾਣ ਫ਼ੌਜਦਾਰ, ਖ਼ੁਆਜਾ ਜ਼ਫ਼ਰਬੇਗ ਦਾ ਜ਼ਿਕਰ ਹੈ, ਜੋ ਬਹਾਦਰਾਂ ਵਾਂਗ ਮੈਦਾਨ ਵਿੱਚ ਨਹੀਂ ਨਿੱਤਰਦਾ:
ਕਿ ਆਂ ਖ਼੍ਵਾਜਾ ਮਰਦੂਦ ਸਾਯ: ਏ ਦੀਵਾਰ।
ਨਯਾਮਦ ਬ-ਮੈਦਾਂ ਬ-ਮਰਦਾਨ: ਵਾਰ।
ਭਾਵ ਉਹ ਮਰਦੂਦ ਖ਼ੁਆਜਾ ਜ਼ਫ਼ਰਬੇਗ ਦੀਵਾਰ ਦੀ ਓਟ ਹੇਠ ਹੀ ਰਿਹਾ। ਬਹਾਦਰਾਂ ਵਾਂਗ ਮੈਦਾਨ ਵਿੱਚ ਨਹੀਂ ਆਇਆ। ਅਗਲੇ ਸ਼ਿਅਰ ਵਿੱਚ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਜੇ  ਉਹ ਉਸ ਨੂੰ ਵੇਖ ਲੈਂਦੇ ਤਾ ਸਹਿਜੇ ਹੀ ਆਪਣੇ ਤੀਰ ਦਾ ਨਿਸ਼ਾਨਾ ਬਣਾ ਦਿੰਦੇ। ਗੁਰੂ ਜੀ ਨੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਲਿਖਿਆ ਹੈ:
ਦਰੇਗ਼ਾ! ਅਗਰ ਰੂਏ ਊ ਦੀਦਮੇ।
ਬ-ਯਕ ਤੀਰ ਲਾਚਾਰ ਬਖ਼ਸ਼ੀਦਮੇ।
ਗੁਰੂ ਸਾਹਿਬ ਨੇ ‘ਜ਼ਫਰਨਾਮਾ’ ਵਿੱਚ ਚਮਕੌਰ ਦੀ ਜੰਗ ਦੇ ਖ਼ੌਫ਼ਨਾਕ ਦ੍ਰਿਸ਼ਾਂ ਨੂੰ ਬੜੀ ਮੁਹਾਰਤ ਨਾਲ ਚਿੱਤਰਿਆ ਹੈ। ਉਨ੍ਹਾਂ ਲਿਖਿਆ ਕਿ ਅਖ਼ੀਰ ਤੀਰਾਂ ਤੇ ਬੰਦੂਕਾਂ ਦੇ ਫੱਟ ਖਾ-ਖਾ ਥੋੜ੍ਹੇ ਚਿਰ ਵਿੱਚ ਹੀ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ। ਬੰਦੂਕਾਂ ਤੇ ਤੀਰਾਂ ਦੀ ਇੰਨੀ ਵਰਖਾ ਹੋਈ ਕਿ ਧਰਤੀ ਲਹੂ ਨਾਲ ਪੋਸਤ ਦੇ ਫੁੱਲ ਵਾਂਗ ਲਾਲੋ-ਲਾਲ ਹੋ ਗਈ। ਮਾਰੇ ਗਏ ਬੰਦਿਆਂ ਦੇ ਸਿਰ-ਪੈਰਾਂ ਦੇ ਇਉਂ ਢੇਰ ਲੱਗ ਗਏ ਜਿਵੇਂ ਖੇਡ ਦਾ ਮੈਦਾਨ ਖਿੱਦੋ-ਖੂੰਡੀਆਂ ਨਾਲ ਭਰਿਆ ਹੋਵੇ। ਤੀਰਾਂ ਤੇ ਕਮਾਨਾਂ ਦੀਆਂ ਟਣਕਾਰਾਂ ਨਾਲ ਲੋਕਾਂ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਪਿੱਛੋਂ ਮਾਰੂ ਬਰਛਿਆਂ ਨੇ ਇਸ ਤਰ੍ਹਾਂ ਗੜਬੜ ਮਚਾ ਦਿੱਤੀ ਕਿ ਵੱਡੇ-ਵੱਡੇ ਸੂਰਮਿਆਂ ਦੇ ਵੀ ਹੋਸ਼ ਗੁੰਮ ਗਏ।
44ਵੇਂ ਸ਼ਿਅਰ ਵਿੱਚ ਗੁਰੂ ਸਾਹਿਬ ਲਿਖਦੇ ਹਨ ਕਿ ਨਾ ਉਨ੍ਹਾਂ ਦਾ ਰਤਾ ਵਾਲ ਵਿੰਗਾ ਹੋਇਆ ਤੇ ਨਾ ਹੀ ਉਨ੍ਹਾਂ ਦੇ ਸਰੀਰ ਨੂੰ ਕੋਈ ਖਦ ਪਹੁੰਚਿਆ, ਕਿਉਂਕਿ ਸ਼ੱਤਰੂ-ਹਰਤਾ ਪਰਮੇਸ਼ਰ ਨੇ ਆਪ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢ ਲਿਆਂਦਾ।
45ਵੇਂ ਸ਼ਿਅਰ ਵਿੱਚ ਗੁਰੂ ਸਾਹਿਬ, ਚਮਕੌਰ ਦੀ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਲਿਖਦੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਤੋੜਨ ਵਾਲਾ (ਔਰੰਗਜ਼ੇਬ) ਟਕੇ ਦਾ ਮੁਰੀਦ ਹੈ ਤੇ ਧਰਮ ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਹੈ। ਅਗਲੇ ਸ਼ਿਅਰ ਵਿੱਚ ਗੁਰੂ ਸਾਹਿਬ ਲਿਖਦੇ ਹਨ, ‘’ਔਰੰਗਜ਼ੇਬ! ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈਂ। ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਉੱਤੇ ਹੀ ਕੋਈ ਭਰੋਸਾ ਹੈ।’’
‘ਜ਼ਫ਼ਰਨਾਮਾ’ ਦੇ ਕੁੱਲ 112 ਸ਼ਿਅਰ ਹਨ। ਇਸ ਇਤਿਹਾਸਕ ਪੱਤਰ ਵਿੱਚ ਚਮਕੌਰ ਦੀ ਦਾਸਤਾਨ ਦਾ ਉਭਰਵਾਂ ਸਥਾਨ ਹੈ। ਸਪੱਸ਼ਟ ਹੈ ਕਿ ਚਮਕੌਰ ਦੀ ਜੰਗ ਗੁਰੂ ਸਾਹਿਬ ਦੇ ਦਿਮਾਗ਼ ’ਤੇ ਛਾਈ ਰਹੀ, ਪਰ ਉਦਾਸੀ, ਝੋਰਾ ਤੇ ਕਲੇਸ਼ ਕਦੇ ਵੀ ਉਨ੍ਹਾਂ ਦੇ ਨੂਰਾਨੀ ਜਲਾਲ ਦੀ ਤਾਬ ਨਹੀਂ ਝੱਲ ਸਕੇ। ਨਿਮਨ ਦਰਜ ਸ਼ਿਅਰ ਗੁਰੂ ਸਾਹਿਬ ਦੇ ਚੜ੍ਹਦੀ ਕਲਾ ਦਾ ਅਵਤਾਰ ਹੋਣ ਦੀ ਤਸਵੀਰ ਪੇਸ਼ ਕਰਦਾ ਹੈ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸਤ: ਚਾਰ।
ਕਿ ਬਾਕੀ ਬਮਾਂਦਸਤ ਪੇਚੀਦ: ਮਾਰ।
SARHANDIਇਸ ਸ਼ਿਅਰ ਵਿੱਚ ਗੁਰੂ ਸਾਹਿਬ ਦਾ ਸਮੇਂ ਦੇ ਸ਼ਕਤੀਸ਼ਾਲੀ ਹੁਕਮਰਾਨ ਨੂੰ ਇਹ ਕਹਿਣਾ,‘‘ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਦਾਰ ਨਾਗ (ਭਾਵ ਖ਼ਾਲਸਾ) ਬਾਕੀ ਹੈ’’, ਬਾਦਸ਼ਾਹ ’ਤੇ ਜਿੱਤ ਦਾ ਪ੍ਰਤੀਕ ਹੈ।
ਸੰਪਰਕ: 92178-45812


Comments Off on ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.