ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਚਾਰ ਸਾਹਿਬਜ਼ਾਦੇ – ਉਦੋਂ ਤੇ ਹੁਣ

Posted On December - 26 - 2016
ਚਾਰ ਸਾਹਿਬਜ਼ਾਦੇ - ਉਦੋਂ ਤੇ ਹੁਣ

ਚਾਰ ਸਾਹਿਬਜ਼ਾਦੇ – ਉਦੋਂ ਤੇ ਹੁਣ

ਦਸੰਬਰ ਦੇ ਮਹੀਨੇ ਸਿੱਖ ਸਮਾਜ ਦਸਮ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕਰੁਣਾਮਈ ਦਰਦੀਲੀ ਅਵਸਥਾ ’ਚੋਂ ਗੁਜ਼ਰਦਾ ਹੈ। ਉਹ ਵੀ ਸਮੇਂ ਸਨ ਜਦੋਂ ਇਨ੍ਹੀਂ ਦਿਨੀਂ ਸਿੱਖ ਮੰਜਿਆਂ ’ਤੇ ਨਹੀਂ ਸਨ ਸੌਂਦੇ। ਨਾਂਮਾਤਰ ਖਾਣਾ ਪੀਣਾ ਤੇ ਪੀੜਾ ਨੂੰ ਮਹਿਸੂਸ ਕਰਨਾ ਸਿੱਖ ਸਰੋਕਾਰ ਹੁੰਦਾ ਸੀ। ਥਾਂ-ਥਾਂ ’ਤੇ ਦੀਵਾਨ ਸਜਦੇ ਤੇ ਕੰਨਾਂ ’ਚ ਆਵਾਜ਼ ਪੈਂਦੀ, ‘ਛੋਟੇ ਲਾਲ ਦੋ ਪਿਆਰੇ, ਵਿੱਛੜੇ ਸਰਸਾ ਦੇ ਕਿਨਾਰੇ, ਮਾਂ ਨੁੂੰ ਪੁੱਛਦੇ, ਦਾਦੀ ਜੀ ਪੈਂਡਾ ਕਿਤਨੀ ਕੁ ਦੂਰ’। ਅੱਖਾਂ ਸੇਜਲ ਹੋ ਜਾਂਦੀਆਂ ਤੇ ਬੋਲ ਸੁਣੇ ਨਾ ਜਾਂਦੇ। ਮਾਂ ਗੁਜਰੀ ਤੇ ਦਸਮੇਸ਼ ਪਿਤਾ ਦੇ ਛੋਟੇ ਲਾਲ ਅੱਖਾਂ ਅੱਗੇ ਆ ਜਾਂਦੇ ਤੇ ਕਾਇਨਾਤ ਕਰੁਣਾਮਈ ਹੋ ਜਾਂਦੀ।
ਸਮਾਂ ਬਦਲਿਆ, ਲੋਕ ਬਾਹਰਲੇ ਮੁਲਕਾਂ ’ਚ ਗਏ ਤਾਂ ਸੁੱਖਣਾ ਵਜੋਂ ਜਾਂ ਸ਼ਰਧਾ ਨਾਲ ਪਿੰਡਾਂ ਨੂੰ ਗੁਰੂ ਘਰਾਂ ਵਿੱਚ ਲਾਊਡ ਸਪੀਕਰ ਲਗਾਉਣ ਲਈ ਪੈਸੇ ਭੇਜਦੇ ਤਾਂ ਕਿ ਸਾਰਾ ਪਿੰਡ ਬਾਣੀ ਦਾ ਜਾਪ ਸਰਵਣ ਕਰੇ। ਲੋਕਾਂ ਨੇ ਸਪੀਕਰਾਂ ਦੇ ਨਾਲ ਤਵਿਆਂ ਦੀਆਂ ਮਸ਼ੀਨਾਂ ਤੇ ਤਵੇ ਵੀ ਖ਼ਰੀਦ ਲਏ। ਮੇਰੇ ਨਾਲ ਦੇ ਪਿੰਡ ਸ਼ੇਖੂਪੁਰ ਦੇ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਨੇ ਸਾਕਾ ਸਰਹਿੰਦ ਵੀ ਲੈ ਆਂਦਾ। ਉਹ ਅਕਸਰ ਰਾਤ ਨੂੰ ਸਾਕਾ ਲਗਾਉਂਦੇ। ਸਾਰੇ ਦਿਨ ਦੀ ਹੱਡ ਭੰਨਵੀਂ ਥਕਾਵਟ ਨਾਲ ਚੂਰ ਹੋਏ ਪਿਤਾ ਜੀ, ਪਏ-ਪਏ ਆਪਣੇ ਪੱਟ ਦੇ ਦਰਦ ਨੂੰ ਭੁੱਲ ਜਾਂਦੇ ਤੇ ਧੁਰ ਤਕ ਸਾਕੇ ਦੇ ਸੋਗ ਵਿੱਚ ਲਹਿ ਜਾਂਦੇ। ਮੇਰੀ ਮਾਂ ਮੰਜੇ ਤੋਂ ਹੇਠਾਂ ਉੱਤਰ ਭੁੰਜੇ ਬੈਠ ਜਾਂਦੀ ਤੇ ਆਪਣੀ ਕੁੱਖ ਵਿੱਚ ਮੁੱਕੀਆਂ ਦੇ ਕੇ ਤੇ ਸਾਹ ਰੋਕ ਕੇ ਸਾਕਾ ਸੁਣਦੀ। ਅਸੀਂ ਤਿੰਨੇ ਭਾਈ ਸੁੰਨ ਮਸੁੰਨ ਹੋ ਕੇ ਇਵੇਂ ਸਾਕਾ ਹੰਢਾਉਂਦੇ ਕਿ ਗ਼ਮਗੀਨ ਮੁਦਰਾ ਤੇ ਵਿਰਲਾਪ ਦੀ ਉਸ ਅਵਸਥਾ ਵਿੱਚ ਪੁੱਜ ਜਾਂਦੇ ਜਿੱਥੇ ਸਾਰਾ ਬ੍ਰਹਿਮੰਡ ਠੰਢਾ ਬੁਰਜ ਪ੍ਰਤੀਤ ਹੁੰਦਾ। ਸਵੇਰ ਹੁੰਦੀ ਪਿਤਾ ਜੀ ਕੰਮ ’ਤੇ ਨਾ ਜਾਂਦੇ। ਸਾਰਾ ਸਾਰਾ ਦਿਨ ਸਾਖੀਆਂ ਸੁਣਾਉਂਦੇ। ਕਿਸ ਤਰ੍ਹਾਂ ਮਹੀਨਾ ਬੀਤ ਜਾਂਦਾ, ਸੁਰਤ ਹੀ ਨਾ ਰਹਿੰਦੀ। ਉਦੋਂ ਪਤਾ ਲੱਗਦਾ ਜਦੋਂ ਲੋਹੜੀ ਦੇ ਟੱਪੇ ਤੇ ਗੀਤ ‘ਸੁੰਦਰ ਮੁੰਦਰੀਏ’ ਕੰਨਾਂ ’ਚ ਪੈਣੇ ਸ਼ੁਰੂ ਹੋ ਜਾਂਦੇ। ਸ਼ਹੀਦੀ ਸਾਕਿਆਂ ਦੇ ਵੈਰਾਗ਼ ਵਿੱਚ ਧੋਤੀ ਹੋਈ ਨਿਰਮਲ ਰੂਹ ਲੋਹੜੀ ਦੇ ਚਾਅ ਵਿੱਚ ਗ਼ਲਤਾਨ ਹੋਣ ਦੀ ਕੋਸ਼ਿਸ਼ ਕਰਦੀ ਤਾਂ ਪਿਤਾ ਜੀ ਮੁਕਤਸਰ ਦੀ ਮਾਘੀ, ਮਾਈ ਭਾਗੋ, ਮਹਾਂ ਸਿੰਘ, ਚਾਲੀ ਮੁਕਤੇ ਤੇ ਟੁੱਟੀ ਗੰਢੀ ਦੀਆਂ ਸਾਖੀਆਂ ਨਾਲ ਲੋਹੜੀ ਦੇ ਚਾਅ ਵਿੱਚ ਮਾਘੀ ਦਾ ਵੈਰਾਗ਼ ਘੋਲ ਦਿੰਦੇ ਤੇ ਰੂਹ ਨੂੰ ਫਿਰ ਉੱਜਲ ਕਰ ਦਿੰਦੇ।
ਪਿੰਡਾਂ ਦੇ ਗੁਰੂ ਘਰਾਂ ਵਿੱਚ ਪਹਿਲਾਂ ਭਾਈ ਜੀ ਦੇ ਬਿਮਾਰ ਹੋਣ ਦੀ ਸੂਰਤ ਵਿੱਚ ਹੀ ਭਾਈ ਤਰਲੋਚਨ ਸਿੰਘ ਦੇ ਤਵਿਆਂ ਨੂੰ ਤਕਲੀਫ਼ ਉਠਾਉਣੀ ਪੈਂਦੀ ਸੀ। ਫਿਰ ਬਿਮਾਰੀ ਦੇ ਬਹਾਨੇ ਤਵਿਆਂ ਦੀ ਆਦਤ ਪੈ ਗਈ। ਟੇਪਾਂ ਆਈਆਂ, ਸੀਡੀਆਂ ਆਈਆਂ ਤੇ ਪੈੱਨਡਰਾਈਵ। ਫਿਰ ਸਭ ਕੁਝ ‘ਡਰਾਈ’ ਹੋ ਗਿਆ। ਤਰਲਤਾ ਖ਼ਤਮ, ਵੈਰਾਗ਼ ਸਮਾਪਤ, ਹੰਝੂ ਉੱਡ ਗਏ। ਹੁਣ ਨੇਤਰ ਸੇਜਲ ਨਹੀਂ ਹੁੰਦੇ।

ਅਵਤਾਰ ਸਿੰਘ (ਪ੍ਰੋ.)

ਅਵਤਾਰ ਸਿੰਘ (ਪ੍ਰੋ.)

ਪਿਛਲੇ ਦਿਨੀਂ ਇੱਕ ਦੋਸਤ ਦਾ ਫੋਨ ਆਇਆ, ‘‘ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਕਾਲਜ ਵਿੱਚ ਦਸਮ ਪਿਤਾ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਕਰਾਓ’’। ਮੈਨੂੰ ਲੈਕਚਰ ਲਈ ਬੁਲਾਇਆ ਤੇ ਮੈਂ ਚਲਿਆ ਗਿਆ। ਆਸ-ਪਾਸ ਦੇ ਕਈ ਸਕੂਲਾਂ ਦੇ ਬੱਚਿਆਂ ਦਾ ਇਕੱਠ। ਨਾ ਕੋਈ ਮਹਿਮਾਨ, ਨਾ ਮੁੱਖ ਮਹਿਮਾਨ, ਨਾ ਵਿਸ਼ੇਸ਼ ਮਹਿਮਾਨ, ਨਾ ਕੋਈ ਲੀਡਰ ਨਾ ਕੋਈ ਅਫ਼ਸਰ। ਤਨੋ ਮਨੋ ਸਭ ਸਰੋਤੇ। ਲੈਕਚਰ ਸਭ ਨੇ ਧਿਆਨ ਨਾਲ ਸੁਣਿਆ। ਅਖ਼ੀਰ ਵਿੱਚ ਪ੍ਰਸ਼ਾਦ ਵਰਤਿਆ ਤੇ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਬੱਚਿਆਂ ਨੇ ਨਿੱਕੇ-ਨਿੱਕੇ ਸਵਾਲ ਪੁੱਛੇ। ਨਾ ਕੋਈ ਕੈਮਰਾ, ਨਾ ਫੋਟੋ ਨਾ ਸੈਲਫ਼ੀ, ਨਾ ਫ਼ੋਕਾ ਸਵਾਗਤ ਨਾ ਨਕਲੀ ਧੰਨਵਾਦ।
ਫਿਰ ਇੱਕ ਹੋਰ ਫ਼ੋਨ ਆਇਆ, ‘‘ਜੀ ਸਾਡੇ ਕਾਲਜ ਲੈਕਚਰ ਦਿਓ, ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਦਸਮ ਪਿਤਾ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਤਾਜ਼ਾ ਕਰੋ, ਵੱਡਾ ਸਮਾਗਮ ਹੈ, ਜ਼ਰੂਰ ਆਉਣਾ।’’ ਮੈਂ ਆਪਣੇ ਦੋਸਤ ਨਾਲ ਪਹੁੰਚ ਗਿਆ। ਮੁੱਢਲਾ ਸੈਸ਼ਨ ਆਰੰਭ ਹੋਇਆ। ਪ੍ਰਧਾਨਗੀ ਭਾਸ਼ਣ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ, ਇੱਕ ਹੋਰ ਵਿਸ਼ੇਸ਼ ਮਹਿਮਾਨ, ਸਵਾਗਤ ਅਤੇ ਧੰਨਵਾਦ ਦੀਆਂ ਰਸਮਾਂ ਨੇ ਸਾਰਾ ਸਮਾਂ ਖਾ ਲਿਆ। ਚਾਹ ਪਾਣੀ ਦੀ ਬਰੇਕ ਵੱਜੀ ਕਿ ਮਹਿਮਾਨਾਂ ਨੇ ਆਪੋ ਆਪਣੇ ਲਿਫ਼ਾਫ਼ੇ ਫੜੇ, ਦਸਤਖ਼ਤ ਕੀਤੇ ਤੇ ਤੁਰ ਪਏ।
ਦੂਸਰਾ ਸੈਸ਼ਨ ਸ਼ੁਰੂ ਹੋਇਆ। ਯੂਨੀਵਰਸਿਟੀ ਦੇ ਇੱਕ ਕਾਬਲ ਵਿਦਵਾਨ ਨੇ ਆਪਣਾ ਗੰਭੀਰ ਖ਼ਿਆਲ ਸਪੱਸ਼ਟ ਕਰਨ ਲਈ ਆਧਾਰ ਬਣਾਇਆ ਹੀ ਸੀ ਕਿ ਪ੍ਰਿੰਸੀਪਲ ਦਾ ਇਸ਼ਾਰਾ ਹੋ ਗਿਆ ਕਿ ਸਮੇਂ ਦੀ ਕਿੱਲਤ ਹੈ। ਪ੍ਰੋਫੈਸਰ ਨੇ ਸਿਆਣਪ ਕੀਤੀ ਤੇ ਉੱਥੇ ਹੀ ਆਪਣੇ ਭਾਸ਼ਣ ਨੂੰ ਵਿਰਾਮ ਲਗਾ ਦਿੱਤਾ। ਫਿਰ ਦੂਜੇ ਸੈਸ਼ਨ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇੱਕ ਹੋਰ ਵਿਸ਼ੇਸ਼ ਮਹਿਮਾਨ ਦੇ ਸਵਾਗਤ ਧੰਨਵਾਦ ਦਾ ਸਿਲਸਿਲਾ ਸ਼ੁਰੂ ਹੋਇਆ। ਸਿਰੋਪੇ, ਗੁਲਦਸਤੇ ਦਿੱਤੇ ਗਏ। ਇਸ ਵਿੱਚ ਦੋ ਤਿੰਨ ਪਰਚੇ, ਸੰਖੇਪ ਨੁਕਤੇ ਤੇ ਬਸ ਰੋਟੀ ਦਾ ਐਲਾਨ ਹੋ ਗਿਆ। ਦਾਲ, ਪਨੀਰ, ਗੋਭੀ, ਮਟਰ, ਗਾਜਰਾਂ ਤੇ ਨਰਮ-ਨਰਮ ਫੁਲਕੇ। ਗਰਮ ਗੁਲਾਬ ਜਾਮਣ ਤੇ ਚਾਹ। ਦੂਜੇ ਦਰਜੇ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇੱਕ ਹੋਰ ਵਿਸ਼ੇਸ਼ ਮਹਿਮਾਨ ਨੇ ਪ੍ਰਿੰਸੀਪਲ ਨਾਲ ਪਲ ਦੋ ਪਲ ਮੁਸਕਰਾਹਟਾਂ ਸਾਂਝੀਆਂ ਕੀਤੀਆਂ, ਦਸਤਖ਼ਤ ਕੀਤੇ, ਲਿਫ਼ਾਫ਼ੇ ਲਏ ਤੇ ਛੂਮੰਤਰ ਹੋ ਗਏ।
ਤੀਸਰਾ ਸੈਸ਼ਨ ਸ਼ੁਰੂ ਹੋਇਆ। ਤੀਜੇ ਦਰਜੇ ਦੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਇੱਕ ਹੋਰ ਵਿਸ਼ੇਸ਼ ਮਹਿਮਾਨ ਸਟੇਜ ’ਤੇ ਸੁਸ਼ੋਭਿਤ ਹੋਏ। ਮੈਨੂੰ ਪਹਿਲਾਂ ਬੁਲਾ ਲਿਆ ਗਿਆ। ਸ਼ੁਕਰ ਕੀਤਾ ਕਿ ਚਲੋ ਮੇਰੀ ਗੱਲ ਤਾਂ ਜ਼ਰੂਰ ਸੁਣੀ ਜਾਵੇਗੀ। ਮੇਰੇ ਸਾਹਮਣੇ ਸੁਸ਼ੋਭਿਤ ਪ੍ਰਿੰਸੀਪਲ ਸਾਹਿਬਾ ਵਾਰ-ਵਾਰ ਘੜੀ ਦੇਖ ਬਾਹਰ ਦੇਖ ਰਹੀ ਸੀ। ਉਸ ਨੂੰ ਦੇਖ ਕੇ ਸਾਰਾ ਸਟਾਫ਼ ਵੀ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿਤੇ ਪਰਲੋ ਆਉਣ ਦੀ ਸੰਭਾਵਨਾ ਹੋਵੇ। ਮੇਰਾ ਧਿਆਨ ਅਖੰਡਿਤ ਨਾ ਰਹਿ ਸਕਿਆ। ਮੁਸ਼ਕਲ ਨਾਲ ਲੈਕਚਰ ਮੁਕੰਮਲ ਕੀਤਾ ਤੇ ਬੈਠ ਗਿਆ। ਫਿਰ ਦੂਸਰੇ ਵਕਤਾ ਬੋਲੇ। ਔਖੇ ਸੌਖੇ ਆਪਣੀ ਗੱਲ ਕਹਿ ਗਏ। ਫਿਰ ਤੀਸਰੇ ਦਰਜੇ ਦੇ ਮੁੱਖ ਮਹਿਮਾਨ ਬੋਲ ਹੀ ਰਹੇ ਸਨ ਕਿ ਸਾਹਮਣੇ ਬਿਰਾਜਮਾਨ ਪ੍ਰਿੰਸੀਪਲ ਇਕਦਮ ਬਾਹਰ ਨੂੰ ਦੌੜੀ, ਨਾਲ ਸਟਾਫ਼ ਵੀ, ਜਿਵੇਂ ਪਰਲੋ ਆ ਗਈ ਹੋਵੇ।
ਸੱਚ ਮੁੱਚ ਪਰਲੋ ਆ ਗਈ ਸੀ। ਪ੍ਰਧਾਨ ਸਾਹਿਬ ਆ ਗਏ ਸਨ, ਨਾਲ ਪੰਜ ਸੱਤ ਜਥੇਦਾਰ ਵੀ। ਨੀਲੀਆਂ ਦਸਤਾਰਾਂ ਤੇ ਪ੍ਰਕਾਸ਼ ਦਾਹੜੇ। ਮੁੱਖ ਮਹਿਮਾਨ ਨੇ ਫ਼ੁਰਤੀ ਕੀਤੀ ਅਤੇ ਆਪਣੇ ਭਾਸ਼ਣ ਦਾ ਵਿਸ਼ਾ ਬਦਲ ਲਿਆ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਤੋਂ ਤਿਲਕ ਕੇ ਪ੍ਰਧਾਨ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ। ਉਸ ਨੂੰ ਵਿੱਚੋਂ ਰੋਕ ਪ੍ਰਿੰਸੀਪਲ ਮਾਈਕ ’ਤੇ ਆਈ ਤੇ ਪ੍ਰਧਾਨ ਦੀ ਤਾਰੀਫ਼ ਦੇ ਪੁਲ ਬੰਨ੍ਹਣੇ ਸ਼ੁਰੂ ਕੀਤੇ। ਸਾਰਾ ਸਟਾਫ਼ ਬਰਫ਼ੀ, ਪਕੌੜੇ, ਚਾਹ ਤੇ ਸ਼ਰਬਤਾਂ ਨਾਲ ਪ੍ਰਧਾਨ ਦੀ ਧੰਨ-ਧੰਨ ਕਰਵਾਈ ਜਾ ਰਿਹਾ ਸੀ। ਪ੍ਰਧਾਨ ਚਾਹ ਦੀਆਂ ਚੁਸਕੀਆਂ ਭਰਦੇ ਤੇ ਵਾਰ-ਵਾਰ ਮੁੱਛਾਂ ’ਤੇ ਹੱਥ ਫੇਰਦੇ। ਪ੍ਰਿੰਸੀਪਲ, ਪ੍ਰਧਾਨ ਦੀਆਂ ਤਾਰੀਫ਼ਾਂ ਦਾ ਪੁਲ ਉਸਾਰ ਹੀ ਰਹੀ ਸੀ ਕਿ ਪ੍ਰਧਾਨ ਦੀ ਚਾਹ ਮੁੱਕ ਗਈ। ਉਹ ਬਿਨਾਂ ਕਿਸੇ ਅਨੁਸ਼ਾਸਨ ਦੀ ਪ੍ਰਵਾਹ ਕੀਤਿਆਂ ਸਟੇਜ ’ਤੇ ਚੜ੍ਹ ਆਏ ਤੇ ਮਾਈਕ ਦੇ ਸਾਹਮਣੇ ਖੜ੍ਹੇ ਹੋ ਗਏ। ਪ੍ਰਿੰਸੀਪਲ ਉਸ ਦੇ ਪਿੱਛੇ ਇਵੇਂ ਖਲੋ ਗਈ ਜਿਵੇਂ ਲਾਲ ਕਿਲੇ ’ਤੇ ਬੋਲ ਰਹੇ ਪ੍ਰਧਾਨ ਮੰਤਰੀ ਦੇ ਪਿੱਛੇ ਉਸ ਦੇ ਅੰਗ ਰੱਖਿਅਕ ਖੜ੍ਹਦੇ ਹਨ। ਪ੍ਰਧਾਨ ਨੇ ਬੋਲਣਾ ਸ਼ੁਰੂ ਕੀਤਾ,ਬਸ ਬੋਲੀ ਗਏ। ਇਵੇਂ ਜਾਪਦਾ ਸੀ ਜਿਵੇਂ ਪ੍ਰਧਾਨ ਦੇ ਬੋਲ ਸਿਰਫ਼ ਪ੍ਰਿੰਸੀਪਲ ਨੂੰ ਹੀ ਸਮਝ ਆ ਰਹੇ ਹੋਣ। ਉਨ੍ਹਾਂ ਦਾ ਹਰ ਬੋਲ ਪ੍ਰਿੰਸੀਪਲ ਦੇ ਚਿਹਰੇ ਤੋਂ ਵੀ ਪੜ੍ਹਿਆ ਜਾ ਸਕਦਾ ਸੀ। ਉਸ ਦੇ ਹਾਵ-ਭਾਵ ਪ੍ਰਧਾਨ ਦੇ ਬੋਲਾਂ ਦਾ ਅਨੁਵਾਦ ਕਰ ਰਹੇ ਪ੍ਰਤੀਤ ਹੁੰਦੇ ਸਨ। ਪ੍ਰਧਾਨ ਬੋਲਣ ਤੋਂ ਹਟੇ ਤਾਂ ਪ੍ਰਿੰਸੀਪਲ ਨੇ ਸਭ ਤੋਂ ਵੱਡਾ ਗੁਲਦਸਤਾ ਉਨ੍ਹਾਂ ਨੂੰ ਅਰਪਣ ਕੀਤਾ, ਸਿਰੋਪਾ ਦਿੱਤਾ ਤੇ ਸ਼ਾਬਾਸ਼ ਲਈ। ਪਰਲੋ ਚਲੇ ਗਈ।
ਪ੍ਰਿੰਸੀਪਲ ਦੇ ਹਾਸਿਆਂ ਦੀ ਟੁਣਕਾਰ, ਪ੍ਰਧਾਨ ਲਈ ਕੁੱਦਦਾ ਸਤਿਕਾਰ ਤੇ ਪ੍ਰਿੰਸੀਪਲ ਲਈ ਪ੍ਰਧਾਨ ਦੇ ਮਨ ਵਿੱਚ ਉਛਲਦਾ ਪਿਆਰ ਸਾਨੂੰ ਅੰਦਰ ਬੈਠਿਆਂ ਨੂੰ ਕੰਨਾਂ ਥਾਣੀ ਦਿਖਾਈ ਦਿੰਦਾ ਰਿਹਾ। ਪ੍ਰਿੰਸੀਪਲ ਵੱਲੋਂ ਸਮਾਗਮ ਖ਼ਤਮ ਹੋ ਗਿਆ ਸੀ। ਸਾਡਾ ਕਿਸੇ ਨੂੰ ਚਿਤ ਚੇਤਾ ਵੀ ਨਾ ਰਿਹਾ ਕਿ ਕੋਈ ਕਿੱਥੋਂ ਆਇਆ ਤੇ ਕਿਸ ਨੇ ਕਿੱਥੇ ਜਾਣਾ ਹੈ ਕਿਉਂਕਿ ਸਮਾਗਮ ਦੀ ਰੂਹੇ ਰਵਾਂ ਪ੍ਰਧਾਨ ਜਾ ਚੁੱਕੇ ਸਨ। ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਸਮਾਗਮ ਕਿਸ ਲਈ ਰਚਾਇਆ ਗਿਆ ਸੀ! ਸਭ ਭੁੱਲ ਭੁਲਾ ਗਏ: ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ, ਗੜ੍ਹੀ ਚਮਕੌਰ, ਸਰਹਿੰਦ ਦੀ ਦੀਵਾਰ ਤੇ ਚਾਰ ਸਾਹਿਬਜ਼ਾਦੇ। ਮੈਂ ਅੰਤਰ ਧਿਆਨ ਹੋਇਆ, ਨਮ ਅੱਖਾਂ ਨਾਲ ‘ਚਾਰ ਸਾਹਿਬਜ਼ਾਦੇ: ਉਦੋਂ ਤੇ ਹੁਣ’ ਵਿੱਚ ਅੰਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸੰਪਰਕ: 94175-18384


Comments Off on ਚਾਰ ਸਾਹਿਬਜ਼ਾਦੇ – ਉਦੋਂ ਤੇ ਹੁਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.