ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਜਨਵਰੀ ਮਹੀਨੇ ਦੇ ਖੇਤੀ ਰੁਝੇਵੇਂ

Posted On December - 30 - 2016

ਜਗਦੇਵ ਸਿੰਘ ਕੁਲਾਰ

12312CD _SUGARCANEਸਭ ਤੋਂ ਪਹਿਲਾਂ ਕਣਕ ਦੀ ਗੱਲ: ਨਵੰਬਰ ਵਿੱਚ ਬੀਜੀ ਕਣਕ ਨੂੰ ਇਸ ਮਹੀਨੇ ਦੂਸਰਾ ਪਾਣੀ ਦੇ ਦਿਓ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਿਛੇਤੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਦੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਤੇ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਵਿੱਚ ਬੂਟੇ ਦੇ ਵਿਚਕਾਰਲੇ ਪੱਤੇ ਪੀਲੇ ਹੋ ਜਾਂਦੇ ਹਨ ਜਦੋਂਕਿ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ ਅਤੇ ਨਾੜੀਆਂ ਵਿਚਕਾਰ ਸਲੇਟੀ-ਗੁਲਾਬੀ ਰੰਗ ਦੇ ਧੱਬੇ ਜਾਂ ਧਾਰੀਆਂ ਪੈ ਜਾਂਦੀਆਂ ਹਨ। ਜੇ ਖੇਤ ਵਿੱਚ ਅਜਿਹੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 0.5 ਫ਼ੀਸਦੀ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਇਸ ਲਈ ਇੱਕ ਕਿਲੋਗ੍ਰਾਮ ਮੈਂਗਨੀਜ਼ ਸਲਫੇਟ ਪ੍ਰਤੀ 200 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਤਿੰਨ ਛਿੜਕਾਅ ਕਰੋ। ਜੇ ਮੈਂਗਨੀਜ਼ ਦੀ ਘਾਟ ਵਾਲੀ ਜ਼ਮੀਨ ਵਿੱਚ ਫ਼ਸਲ ’ਤੇ ਇੱਕ ਛਿੜਕਾਅ ਪਹਿਲੇ ਪਾਣੀ ਤੋਂ ਪਹਿਲਾਂ ਕਰੀਏ ਤਾਂ ਨਤੀਜੇ ਬਹੁਤ ਵਧੀਆ ਆਉਂਦੇ ਹਨ।
ਰੇਤਲੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਵਿੱਚ ਗੰਧਕ ਦੀ ਘਾਟ ਆ ਸਕਦੀ ਹੈ। ਇਸ ਦੀ ਘਾਟ ਵਿੱਚ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਜਿਨ੍ਹਾਂ ਦੀਆਂ ਨੋਕਾਂ ਕੁਝ ਹੱਦ ਤਕ ਹਰੀਆਂ ਰਹਿੰਦੀਆਂ ਹਨ। ਸਰਦੀਆਂ ਦੀ ਲੰਬੀ ਬਰਸਾਤ ਦੌਰਾਨ ਇਹ ਘਾਟ ਜ਼ਿਆਦਾ ਆਉਂਦੀ ਹੈ। ਘਾਟ ਆਉਣ ’ਤੇ 100 ਕਿਲੋਗ੍ਰਾਮ ਜਿਪਸਮ ਪ੍ਰਤੀ ਏਕੜ ਦਾ ਛਿੱਟਾ ਦਿਓ। ਪਛੇਤੀ ਬੀਜੀ ਕਣਕ ਵਿੱਚੋਂ ਗੁੱਲੀ-ਡੰਡਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਦੇ 30 ਤੋਂ 35 ਦਿਨਾਂ ਬਾਅਦ ਵਰਤੋ ਜਦੋਂ ਪਹਿਲਾ ਪਾਣੀ ਦਿੱਤਾ ਹੋਵੇ ਅਤੇ ਖੇਤ ਵਿੱਚ ਤੁਰ-ਫਿਰ ਸਕੋ। ਗੁੱਲੀ ਡੰਡਾ ਅਤੇ ਕੁਝ ਸਖ਼ਤ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-ਡੀ 250 ਗ੍ਰਾਮ ਪ੍ਰਤੀ ਏਕੜ ਨੂੰ ਆਈਸੋਪ੍ਰੋਟਯੂਰਾਨ ਜਾਂ ਕਲੋਡੀਨਾਫੋਪ ਗਰੁੱਪ ਦੀਆਂ ਨਦੀਨ ਨਾਸ਼ਕ ਦਵਾਈਆਂ ਨਾਲ ਮਿਲਾ ਕੇ ਵਰਤੋ। ਗੁੱਲੀ ਡੰਡਾ ਅਤੇ ਜੰਗਲੀ ਜਵੀਂ ਦੀ ਰੋਕਥਾਮ ਲਈ ਪਹਿਲੀ ਸਿੰਜਾਈ ਦੇ ਦੋ ਤੋਂ ਚਾਰ ਦਿਨ ਪਹਿਲਾਂ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ ਦਵਾਈ ਵਰਤੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 500 ਗ੍ਰਾਮ, ਦਰਮਿਆਨੀਆਂ ਜ਼ਮੀਨਾਂ ਲਈ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਲਈ 300 ਗ੍ਰਾਮ ਪ੍ਰਤੀ ਏਕੜ ਵਰਤੋ। ਜੌਂਧਰ ਦੀ ਰੋਕਥਾਮ ਲਈ ਕਲੋਡੀਨਾਫਾਪ ਜਾਂ ਫੈਨੋਕਸਾਪ੍ਰੋਪੀਥਾਈਲ ਵੀ ਵਰਤ ਸਕਦੇ ਹਾਂ। ਜਿੱਥੇ ਗੁੱਲੀ ਡੰਡਾ ਆਈਸੋਪ੍ਰੋਟਯੂਰਾਨ ਲਗਾਤਾਰ ਵਰਤਣ ਨਾਲ ਖ਼ਤਮ ਨਾ ਹੋਵੇ ਤਾਂ ਉੱਥੇ ਟੌਪਿਕ/ ਪੁਆਇੰਟ/ ਮੌਲਾਹ/ ਰਕਸ਼ਕ ਪਲੱਸ/ ਜੈ ਵਿਜੈ/ ਟੌਪਲ/ ਮਾਰਕਕਲੋਡੀਨਾ/ ਕੋਲੰਬਸ 15 ਘੁਲਣਸ਼ੀਲ (ਕਲੋਡੀਨਾਫਾਪ) ਜਾਂ ਐਕਸੀਅਲ 5 ਤਾਕਤ (ਪਿਨੋਕਸਾਡਿਨ) 400 ਗ੍ਰਾਮ ਜਾਂ ਪਿਊਮਾ ਪਾਵਰ 10 ਤਾਕਤ (ਫੈਨੋਕਸਾਪ੍ਰੋਪ ਈਥਾਈਲ) 400 ਮਿਲੀਲਿਟਰ ਜਾਂ ਲੀਡਰ/ਐੱਸ ਐਫ਼ 10, ਸਫਲ 75 ਡਬਲਯੂ ਜੀ/ਮਾਰਕਸਲਫੋ (ਸਲਫੋਸਲਫੂਰਾਨ) 13 ਗ੍ਰਾਮ ਜਾਂ ਅਕੋਰਡ ਪਲੱਸ 500 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ 30-45 ਦਿਨਾਂ ਵਿੱਚ ਵਰਤੋ। ਮੌਲਾਹ/ਰਕਸ਼ਕ ਪਲੱਸ/ ਟੌਪਿਕ/ ਪੁਆਇੰਟ, ਪਿਊਮਾ ਪਾਵਰ, ਲੀਡਰ/ ਐੱਸ ਐਫ਼ 10, ਸਫਲ, ਮਾਰਕਸਲਫੋ ਵਰਤਣ ਲਈ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਵਰਤੋ ਅਤੇ ਛਿੜਕਾਅ ਲਈ ਫਲੈਟ ਫੈਨ ਨੋਜ਼ਲ ਵਰਤੋ। ਨਦੀਨ ਨਾਸ਼ਕ ਐਟਲਾਂਟਿਸ 36 ਤਾਕਤ 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ 16 ਗ੍ਰਾਮ ਪ੍ਰਤੀ ਏਕੜ ਵਰਤਣ ਨਾਲ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹੋ।
ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਏਮ/ਅਫਿਨਟੀ 40 ਤਾਕਤ (ਕਾਰਫੈਨਟਰਾਜੋਨ ਈਥਾਈਲ) 20 ਗ੍ਰਾਮ 25-30 ਦਿਨਾਂ ਪਿੱਛੋਂ ਜਾਂ 2, 4-ਡੀ ਦੀ ਵਰਤੋੋਂ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 45-55 ਦਿਨਾਂ ਬਾਅਦ ਪਿਛੇਤੀ ਬੀਜੀ ਕਣਕ ’ਤੇ ਵਰਤੋ ਜਾਂ ਕੰਡਿਆਲੀ ਪਾਲਕ ਅਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਐਲਗਰਿਪ/ ਐਲਗਰਿਪ ਰਾਇਲ 20 ਘੁਲਣਸ਼ੀਲ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 30 ਤੋਂ 35 ਦਿਨਾਂ ਵਿਚਕਾਰ ਛਿੜਕੋ। ਜੇਕਰ ਕਣਕ ਵਿੱਚ ਸਰ੍ਹੋਂ ਦੀਆਂ ਆੜਾਂ ਕੱਢੀਆਂ ਹੋਣ ਤਾਂ 2, 4-ਡੀ ਜਾਂ ਲੀਡਰ/ਐੱਸ ਐਫ਼ 10 ਸਫਲ/ ਮਾਰਕਸਲਫੋ, ਐਟਲਾਂਟਿਸ, ਟੋਟਲ/ ਮਾਰਕਪਾਵਰ ਨਦੀਨ ਨਾਸ਼ਕ ਨਾ ਵਰਤੋਂ। ਪਰ ਆਈਸੋਪ੍ਰੋਟਯੂਰਾਨ / ਟੌਪਿਕ/ ਪੁਆਇੰਟ/ ਮੌਲਾਹ / ਰਕਸ਼ਕ / ਪਲੱੱਸ / ਜੈ ਵਿਜੈ / ਟੌਪਲ / ਮਾਰਕਕਲੋਡੀਨਾ / ਕੋਲੰਬਸ, ਪਿਊਮਾ ਪਾਵਰ ਨਦੀਨ ਨਾਸ਼ਕ ਵਰਤ ਸਕਦੇ ਹੋ। ਏਮ/ਅਫਿਨਟੀ ਨਦੀਨ ਨਾਸ਼ਕ ‘ਬਟਨ ਬੂਟੀ’ ਨੂੰ ਮਾਰਦਾ ਹੈ। ਅਕੋਰਡ ਪਲੱਸ ਪੀ ਬੀ ਡਬਲਯੂ 550 ਕਿਸਮ ਉੱਤੇ ਨਾ ਛਿੜਕੋ।   ਸਮੇਂ-ਸਮੇਂ ਸਿਰ ਖੇਤਾਂ ਦਾ ਸਰਵੇਖਣ (ਖ਼ਾਸ ਤੌਰ ’ਤੇ ਪਹਾੜੀ ਇਲਾਕਿਆਂ ਵਿੱਚ) ਕਰਦੇ ਰਹੋ। ਜੇ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਫ਼ਸਲ ’ਤੇ ਨਜ਼ਰ ਆਉਣ ਤਾਂ 120 ਗ੍ਰਾਮ ਨਟੀਵੋ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜ਼ੋਲ ਜਾਂ ਸਟਿਲਟ ਦਾ ਛਿੜਕਾਅ 200 ਮਿਲੀਲਿਟਰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
ਤੇਲ ਬੀਜ ਅਤੇ ਸਰ੍ਹੋਂ: ਕੋਰੇ ਤੋਂ ਬਚਾਉਣ ਲਈ ਸਰ੍ਹੋਂ, ਰਾਇਆ ਅਤੇ ਗੋਭੀ ਸਰ੍ਹੋਂ ਨੂੰ ਪਾਣੀ ਦਿਓ। ਝੁਲਸ ਰੋਗ ਅਤੇ ਚਿੱਟੀ ਕੁੰਗੀ ਦੇ ਹਮਲੇ ਦੀ ਰੋਕਥਾਮ ਲਈ 250 ਗ੍ਰਾਮ ਬਲਾਈਟੌਕਸ ਜਾਂ ਇੰਡੋਫ਼ਿਲ ਐੱਮ-45 ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਓ। ਪਹਿਲਾ ਛਿੜਕਾਅ ਫ਼ਸਲ ਦੀ ਬਿਜਾਈ ਦੇ 75 ਦਿਨਾਂ ਬਾਅਦ ਕਰੋ ਅਤੇ ਦੂਜਾ ਛਿੜਕਾਅ 15 ਦਿਨਾਂ ਬਾਅਦ ਦੁਹਰਾਓ। ਸਰ੍ਹੋਂ ਅਤੇ ਰਾਇਆ ਦੀ ਫ਼ਸਲ ਨੂੰ ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ ਏਕਾਲਕਸ 25 ਤਾਕਤ ਜਾਂ ਮੈਲਾਥੀਆਨ 50 ਤਾਕਤ ਜਾਂ 600 ਮਿਲੀਲਿਟਰ ਡਰਸਬਾਨ/ਕੋਰੇਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ ਜਾਂ 4 ਕਿਲੋ ਥਿਮਟ 10 ਜੀ (ਫੋਰੇਟ) ਜਾਂ 13 ਕਿਲੋ ਫਿਊਰਾਡਾਨ 3 ਜੀ ਦਾ ਛੱਟਾ ਮਾਰ ਕੇ ਪਿੱਛੋਂ ਹਲਕਾ ਪਾਣੀ ਲਾ ਦਿਓ। ਰੋਗਰ ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ। ਸਾਗ ਵਾਲੀ ਫ਼ਸਲ ’ਤੇ ਚੇਪੇ ਦੀ ਰੋਕਥਾਮ ਕਰਨ ਲਈ ਸਿਰਫ਼ ਮੈਲਾਥੀਆਨ 50 ਤਾਕਤ ਹੀ ਵਰਤੋ ਅਤੇ ਸੱਤ ਦਿਨਾਂ ਤਕ ਸਾਗ ਨਾ ਤੋੜੋ।
ਸੂਰਜਮੁਖੀ: ਸੂਰਜਮੁਖੀ ਖ਼ਾਸ ਕਰਕੇ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਬਿਜਾਈ ਵੱਟਾਂ ’ਤੇ ਕਰੋ ਅਤੇ ਵੱਟਾਂ ਵਿਚਕਾਰ ਫਾਸਲਾ 2 ਫੁੱਟ ਅਤੇ ਬੂਟਿਆਂ ਦਰਮਿਆਨ ਫਾਸਲਾ ਇੱਕ ਫੁੱਟ ਰੱਖੋ। ਬੀਜ ਵੱਟ ਦੇ ਦੱਖਣ ਵਾਲੇ ਪਾਸੇ ਬੀਜੋ। ਸੂਰਜਮੁਖੀ ਵਿੱਚ 24 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ)/ਏਕੜ ਬਿਜਾਈ ਵੇਲੇ ਪਾਓ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਨੂੰ ਤਰਜੀਹ ਦਿਉ ਕਿਉਂਕਿ ਇਸ ਵਿੱਚ ਗੰਧਕ ਵੀ ਹੁੰਦੀ ਹੈ ਜਿਹੜੀ ਸੂਰਜਮੁਖੀ ਲਈ ਬਹੁਤ ਜ਼ਰੂਰੀ ਹੈ। ਰੇਤਲੀਆਂ ਜ਼ਮੀਨਾਂ ਵਿੱਚ ਅੱਧਾ ਯੂਰੀਆ ਬਿਜਾਈ ਵੇਲੇ ਅਤੇ ਅੱਧਾ ਪਹਿਲਾ ਪਾਣੀ ਲਾਉਣ ਵੇਲੇ ਪਾਓ। ਜੇ ਆਲੂਆਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੈ ਤਾਂ ਸੂਰਜਮੁਖੀ ਨੂੰ 12 ਕਿਲੋ ਨਾਈਟ੍ਰੋਜਨ (25 ਕਿਲੋ ਯੂਰੀਆ) ਪਾਓ। ਜੇ ਸੂਰਜਮੁਖੀ ਤੋਰੀਏ ਤੋਂ ਬਾਅਦ ਬੀਜਣਾ ਹੋਵੇ ਤਾਂ ਖੇਤ ਵਿੱਚ 10 ਟਨ ਰੂੜੀ ਪ੍ਰਤੀ ਏਕੜ ਸਿਫ਼ਾਰਿਸ਼ ਕੀਤੀਆਂ ਖਾਦਾਂ ਨਾਲ ਵਰਤੋ। ਹਲਕੀਆਂ ਅਤੇ ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਨੂੰ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪਾ ਦਿਓ; ਪਰ ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪੋਟਾਸ਼ ਦੀ ਮਾਤਰਾ ਦੁੱਗਣੀ ਪਾਓ। ਜੇ ਬਿਜਾਈ ਫਰਵਰੀ ਤਕ ਪਛੇਤੀ ਹੁੰਦੀ ਜਾਪੇ ਤਾਂ ਸੂਰਜਮੁਖੀ ਦੀ ਪਨੀਰੀ ਰਾਹੀਂ ਕਾਸ਼ਤ ਕੀਤੀ ਜਾ ਸਕਦੀ ਹੈ।
ਕਮਾਦ: ਕਮਾਦ ਦੀਆਂ ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ, ਜੋ ਜਨਵਰੀ ਦੇ ਅਖ਼ੀਰ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ, ਦੀ ਪੀੜਾਈ ਅਤੇ ਕਟਾਈ (ਮਿੱਲਾਂ ਲਈ) ਸ਼ੁਰੂ ਕਰ ਦਿਓ। ਬੀਜ ਲਈ ਰੱਖੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹੋ। ਕੋਰੇ ਤੋਂ ਪ੍ਰਭਾਵਿਤ ਬੀਜ ਘੱਟ ਉੱਗਦਾ ਹੈ। ਮੁੱਢੇ ਰੱਖਣ ਵਾਲੇ ਕਮਾਦ ਦੀ ਕਟਾਈ ਜ਼ਮੀਨ ਦੀ ਪੱਧਰ ’ਤੇ ਕਰੋ ਜਿਸ ਨਾਲ ਫੁਟਾਰਾ ਚੰਗਾ ਹੁੰਦਾ ਹੈ। ਖੋਰੀ ਤੁਰੰਤ ਸਾੜ ਦਿਓ। ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ ਅਤੇ ਗੰਨੇ ਦੀਆਂ ਕਤਾਰਾਂ ਵਿਚਕਾਰ ਹਲ ਵਾਹ ਦਿਓ ਤਾਂ ਜੋ ਨਦੀਨਾਂ ਦੀ ਰੋਕਥਾਮ ਹੋ ਸਕੇ। ਤਰਾਈ ਗੜੂੰਏਂ ਦੀਆਂ ਸੁੰਡੀਆਂ ਮੁੱਢਾਂ ਜਾਂ ਸ਼ਾਖਾਂ ’ਤੇ ਦਿਖਾਈ ਦੇਣ ਤਾਂ ਪ੍ਰਭਾਵਿਤ ਬੂਟੇ ਇਕੱਠੇ ਕਰਕੇ ਨਸ਼ਟ ਕਰ ਦਿਓ।
ਮੈਂਥਾ (ਜਪਾਨੀ ਪੁਦੀਨਾ): ਇਸ ਫ਼ਸਲ ਦੀ ਬਿਜਾਈ ਲਈ ਜਨਵਰੀ ਦਾ ਦੂਸਰਾ ਪੰਦਰਵਾੜਾ ਬਹੁਤ ਹੀ ਢੁੱਕਵਾਂ ਸਮਾਂ ਹੈ। ਇੱਕ ਏਕੜ ਲਈ ਦੋ ਕੁਇੰਟਲ ਤਾਜ਼ੀਆਂ ਪੁੱਟੀਆਂ 5-8 ਸੈਂਟੀਮੀਟਰ ਲੰਬੀਆਂ ਜੜ੍ਹਾਂ ਚਾਹੀਦੀਆਂ ਹਨ। ਇਨ੍ਹਾਂ ਜੜ੍ਹਾਂ ਨੂੰ ਬੀਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ 0.1 ਫ਼ੀਸਦੀ ਕਾਰਬੈਨਡੇਜ਼ਿਮ 50 ਘੁਲਣਸ਼ੀਲ ਦੇ ਘੋਲ ਵਿੱਚ 5-10 ਮਿੰਟ ਭਿਉਂ ਲਓ। 50 ਲਿਟਰ ਪਾਣੀ ਦਾ ਘੋਲ 40 ਕਿਲੋ ਜੜ੍ਹਾਂ ਲਈ ਬਹੁਤ ਹੈ। ਇਨ੍ਹਾਂ ਜੜ੍ਹਾਂ ਨੂੰ 45 ਸੈਂਟੀਮੀਟਰ ਦੀ ਦੂਰੀ ’ਤੇ ਕਤਾਰਾਂ ਵਿੱਚ ਬੀਜੋ। ਬੀਜਣ ਤੋਂ ਬਾਅਦ ਹਲਕਾ ਪਾਣੀ ਦੇ ਦਿਓ। ਬਿਜਾਈ ਵੇਲੇ 10-15 ਟਨ ਦੇਸੀ ਰੂੜੀ, 33 ਕਿਲੋ ਯੂਰੀਆ ਅਤੇ ਇੱਕ ਕੁਇੰਟਲ ਸਿੰਗਲ ਸੁਪਰਫਾਸਫੇਟ ਵੀ ਪਾਓ। 33 ਕਿਲੋ ਯੂਰੀਆ ਦੀ ਦੂਸਰੀ ਕਿਸ਼ਤ ਬਿਜਾਈ ਤੋਂ 40 ਦਿਨਾਂ ਬਾਅਦ ਪਾਓ। ਨਦੀਨਾਂ ਨੂੰ ਰੋਕਣ ਲਈ ਫ਼ਸਲ ਉੱਗਣ ਤੋਂ ਪਹਿਲਾਂ ਗੋਲ 23.5 ਤਾਕਤ 350 ਮਿਲੀਲਿਟਰ, ਕਾਰਮੈਕਸ 80 ਤਾਕਤ 300 ਗ੍ਰਾਮ (ਡਾਈਯੂਰੋਨ) ਜਾਂ ਸਟੌਂਪ ੩੦ ਤਾਕਤ ਇੱਕ ਲਿਟਰ ਜਾਂ ਆਈਸੋਪ੍ਰੋਟਯੂਰਾਨ 75 ਤਾਕਤ 400 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਇਕਸਾਰ ਛਿੜਕਾਅ ਕਰੋ।
ਚਾਰੇ ਦੀ ਕਾਸ਼ਤ: ਜੇ ਜਵੀਂ ਦੀਆਂ ਦੋ ਕਟਾਈਆਂ ਲੈਣੀਆਂ ਹੋਣ ਤਾਂ ਇੱਕ ਕਟਾਈ ਜਨਵਰੀ ਵਿੱਚ ਲਵੋ। ਜਿਸ ਖੇਤ ਵਿੱਚ ਬੂੰਈਂ (ਪੋਆ ਘਾਹ) ਨਦੀਨ ਬਹੁਤ ਹੋਵੇ, ਉੱਥੋਂ ਦੋ ਕਟਾਈਆਂ ਨਾ ਲਵੋ। ਬਰਸੀਮ/ਸ਼ਫਤਲ ਦਾ ਬੀਜ ਬਣਾਉਣ ਲਈ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਕਰ ਸਕਦੇ ਹੋ। ਜੇ ਲੂਸਣ ਬੀਜਿਆ ਹੋਵੇ ਤਾਂ ਉਸ ਦੀ ਸੰਭਾਲ ਇਸ ਤਰ੍ਹਾਂ ਕਰੋ ਕਿ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਇਹ ਚਾਰਾ ਦੇਵੇ। ਬਰਸੀਮ ਦੇ ਤਣੇ ਦਾ ਗਲਣਾ ਕਈ ਵਾਰ ਜ਼ਿਆਦਾ ਨਮੀ ਹੋਣ ਕਰਕੇ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬਰਸੀਮ ਦੀ ਕਟਾਈ ਮਗਰੋਂ ਖੇਤ ਨੂੰ ਧੁੱਪ ਲੱਗਣ ਦਿਉ। ਗਲੇ-ਸੜੇ ਬੂਟੇ ਨਸ਼ਟ ਕਰ ਦਿਓ। ਬਾਵਿਸਟਨ/ ਡੈਰੋਸਿਲ/ ਐਗਰੋਜ਼ਿਮ/ਜੇ.ਕੇ. ਸਟੀਨ 400 ਗ੍ਰਾਮ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਘੋਲ ਕੇ ਪਹਿਲੇ ਲੌਅ ਤੋਂ ਤੁਰੰਤ ਬਾਅਦ ਛਿੜਕੋ।
ਸਬਜ਼ੀਆਂ-
ਆਲੂ: ਬਹਾਰ ਰੁੱਤ ਦੇ ਆਲੂਆਂ ਦੀ ਬਿਜਾਈ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਖ਼ਤਮ ਕਰ ਦੇਣੀ ਚਾਹੀਦੀ ਹੈ। ਜੇ ਪੱਤਝੜ ਵਾਲੀ ਫ਼ਸਲ ਤੋਂ ਤਿਆਰ ਕੀਤਾ ਬੀਜ ਬਹਾਰ ਦੇ ਮੌਸਮ ਵਾਲੀ ਫ਼ਸਲ ਲਈ ਵਰਤਣਾ ਹੋਵੇ ਤਾਂ ਬੀਜ ਦਾ ਸੁੱਤਾਪਣ ਜਗਾਉਣ ਜਾਂ ਆਲੂ ਵਿੱਚ ਨਾ ਉੱਗਣ ਦੀ ਸ਼ਕਤੀ ਖ਼ਤਮ ਕਰਨ ਲਈ ਆਲੂਆਂ ਦੇ ਛੋਟੇ ਟੁਕੜੇ (ਹਰ ਇੱਕ ਟੁਕੜੇ ’ਤੇ ਦੋ ਅੱਖਾਂ ਜ਼ਰੂਰ ਹੋਣ) ਬਣਾ ਕੇ ਉਨ੍ਹਾਂ ਨੂੰ ਇੱਕ ਪ੍ਰਤੀਸ਼ਤ ਥਾਇਓ ਯੂਰੀਆ ਘੋਲ ਅਤੇ ਇੱਕ ਪੀ ਪੀ ਐਮ ਜ਼ਿਬਰੈਲਿਕ ਐਸਿਡ (ਇੱਕ ਮਿਲੀਗ੍ਰਾਮ ਤੇਜ਼ਾਬ ਅਤੇ ਇੱਕ ਲਿਟਰ ਪਾਣੀ) ਵਿੱਚ ਇੱਕ ਘੰਟਾ ਡੋਬੋ। ਇਸ ਸੋਧੇ ਹੋਏ ਬੀਜ ਨੂੰ 24 ਘੰਟਿਆਂ ਲਈ ਛਾਵੇਂ ਪਤਲੀਆਂ ਤਹਿਆਂ ਵਿੱਚ ਵਿਛਾ ਕੇ ਸੁਕਾਉ। ਬਹਾਰ ਰੁੱਤੇ ਆਲੂ ਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ 250 ਮਿਲੀਲਿਟਰ ਮੋਨਸਰਨ 100 ਲਿਟਰ ਪਾਣੀ ਵਿੱਚ 10 ਮਿੰਟ ਲਈ ਡੋਬੋ। 20 ਟਨ ਦੇਸੀ ਰੂੜੀ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫਾਸਫੋਰਸ (155 ਕਿਲੋ ਸਿੰਗਲ ਸੁਪਰਫਾਸਫੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਆਲੂਆਂ ਦੀ ਫ਼ਸਲ ’ਤੇ ਅਗੇਤੇ ਅਤੇ ਪਿਛੇਤੇ ਝੁਲਸ ਰੋਗ ਤੋਂ ਰੋਕਥਾਮ ਲਈ 500-700 ਗ੍ਰਾਮ ਇੰਡੋਫਿਲ ਐਮ-45/ਕਵਚ/ਮਾਸ ਐਮ-45/ਮਾਰਕਜ਼ੈਬ ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਤੇਲੇ ਦੇ ਹਮਲੇ ਨੂੰ ਘਟਾਉਣ ਲਈ 300 ਮਿਲੀਲਿਟਰ ਰੋਗਰ 30 ਤਾਕਤ ਜਾਂ ਮੈਟਾਸਿਸਟਾਕਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਇਨ੍ਹਾਂ ਜ਼ਹਿਰਾਂ ਦਾ ਛਿੜਕਾਅ ਫ਼ਸਲ ਦੀ ਪੁਟਾਈ ਤੋਂ 3 ਹਫ਼ਤੇ ਪਹਿਲਾਂ ਬੰਦ ਕਰ ਦਿਓ।
ਪਿਆਜ਼: ਜਨਵਰੀ ਦੇ ਪਹਿਲੇ ਪੰਦਰਵਾੜੇ 4-6 ਹਫ਼ਤੇ ਪੁਰਾਣੀ ਪਨੀਰੀ ਖੇਤ ਵਿੱਚ ਲਾ ਦਿਉ। 10-15 ਸੈਂਟੀਮੀਟਰ ਲੰਬੀ ਪਨੀਰੀ ਚੰਗੀ ਫ਼ਸਲ ਪੈਦਾ ਕਰਦੀ ਹੈ। 20 ਟਨ ਗਲੀ ਸੜੀ ਦੇਸੀ ਰੂੜੀ, 45 ਕਿਲੋ ਯੂਰੀਆ ਖਾਦ, 125 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਅਤੇ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਦੇ ਹਿਸਾਬ ਪਾਓ। ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ 1.0 ਲਿਟਰ ਪ੍ਰਤੀ ਏਕੜ ਜਾਂ ਸਟੌਂਪ 30 ਤਾਕਤ 750 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕੋ ਅਤੇ ਬਾਅਦ ਵਿੱਚ ਨਦੀਨ ਉਗਣ ’ਤੇ ਇੱਕ ਗੋਡੀ ਵੀ ਕਰੋ ਜਾਂ ਗੋਲ 23.5 ਤਾਕਤ 380 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ ਕਰਕੇ 100 ਦਿਨਾਂ ਪਿੱਛੋਂ ਇੱਕ ਗੋਡੀ ਕਰੋ। ਪਨੀਰੀ ਲਾ ਕੇ ਪਹਿਲਾ ਪਾਣੀ ਲਾਉਣ ਤੋਂ ਇੱਕ ਹਫ਼ਤੇ ਦੇ ਅੰਦਰ ਨਦੀਨ ਨਾਸ਼ਕ ਦਾ ਛਿੜਕਾਅ ਕਰੋ।
ਜਾਮਣੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਫ਼ਸਲ ’ਤੇ 600 ਗ੍ਰਾਮ ਇੰਡੋਫ਼ਿਲ ਐੱਮ-45 ਨੂੰ 200 ਮਿਲੀਲਿਟਰ ਟ੍ਰੀਟੇਨ ਜਾਂ ਅਲਸੀ ਦੇ ਤੇਲ ਵਿੱਚ ਮਿਲਾਓ। ਹੁਣ ਇਸ ਘੋਲ ਨੂੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਓ। ਦਸ ਦਿਨਾਂ ਦੇ ਵਕਫ਼ੇ ’ਤੇ ਇਹ ਛਿੜਕਾਅ ਦੁਹਰਾਓ। ਗੰਢਿਆਂ ਦੇ ਮੈਗਟ ਵਧ ਰਹੇ ਗੰਢਿਆਂ ਨੂੰ ਖਾਂਦੇ ਹਨ ਅਤੇ ਪੱਤਿਆਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ 4 ਕਿਲੋ ਥਿਮਟ 10-ਜੀ ਪ੍ਰਤੀ ਏਕੜ ਦੇ ਹਿਸਾਬ ਪ੍ਰਭਾਵਤ ਖੇਤਾਂ ਤੇ ਵਰਤੋਂ ਅਤੇ ਬਾਅਦ ਵਿੱਚ ਹਲਕਾ ਪਾਣੀ ਲਾ ਦਿਓ।


Comments Off on ਜਨਵਰੀ ਮਹੀਨੇ ਦੇ ਖੇਤੀ ਰੁਝੇਵੇਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.