ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਜਸਤੀਨ ਗਾਰਦਰ: ਦਰਸ਼ਨ ਦਾ ਗਲਪਕਾਰ

Posted On December - 17 - 2016

ਮਨਮੋਹਨ

ਜਸਤੀਨ ਗਾਰਦਰ

ਜਸਤੀਨ ਗਾਰਦਰ

ਪਿਛਲੇ ਹਫ਼ਤੇ ਜਸਤੀਨ ਗਾਰਦਰ ਦੇ ਨਾਵਲ ‘ਸੋਫੀ ਦਾ ਸੰਸਾਰ’ ਦੇ ਦਿਲਚਸਪ ਪਹਿਲੂਆਂ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ ਗਿਆ ਸੀ। ਪੇਸ਼ ਹੈ ਉਸੇ ਜਾਣਕਾਰੀ ਦੀ ਇਕ ਹੋਰ ਕੜੀ।
‘ਸੋਫ਼ੀ’ ਜਾਂ ‘ਸੋਫ਼ੀਆ’ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਪ੍ਰਯੋਗ ਪੱਛਮੀ ਦਰਸ਼ਨ ਦੀ ਹਰ ਕਿਤਾਬ ’ਚ ਦਰਸ਼ਨ ਦੀ ਮੂਲ ਪਰਿਭਾਸ਼ਾ ਦੇਣ ਲਈ ਕੀਤਾ ਜਾਂਦਾ ਹੈ। ‘ਫਿਲੋ-ਸੋਫ਼ੀ’ ਦੋ ਯੂਨਾਨੀ ਸ਼ਬਦਾਂ ਦੇ ਯੋਗ ਨਾਲ ਬਣਿਆ ਸ਼ਬਦ ਹੈ। ‘ਸੋਫ਼ੀ’ ਦਾ ਅਰਥ ਹੈ; ਗਿਆਨ, ਬੁੱਧੀ ਅਤੇ ‘ਫਿਲੋ’ ਦਾ ਭਾਵ ਹੈ; ਪ੍ਰੇਮੀ। ਸਾਰ ਇਹ ਹੋਇਆ ਕਿ ਫ਼ਿਲੋਸਫ਼ੀ ਦਾ ਅਰਥ ਹੈ ਗਿਆਨ ਜਾਂ ਬੁੱਧੀਮਤਾ ਨਾਲ ਪ੍ਰੇਮ। ਦੂਜੇ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਸੋਫ਼ੀ ਦਾ ਸੰਸਾਰ ਬੁੱਧੀਮਤਾ ਅਤੇ ਗਿਆਨ ਦਾ ਸੰਸਾਰ ਹੈ, ਜਿਸ ਨੂੰ ਵੀ ਇਸ ਸੰਸਾਰ ਨਾਲ ਪਿਆਰ ਹੈ ਉਹ ਦਾਰਸ਼ਨਿਕ ਹੈ। ‘ਮੈਂ ਕੌਣ ਹਾਂ?’ ਪ੍ਰਸ਼ਨ ਦਾ ਜਵਾਬ ਆਤਮ ਗਿਆਨ ਪ੍ਰਾਪਤ ਕੀਤੇ ਬਿਨਾਂ ਸੰਭਵ ਨਹੀਂ ਹੈ। ਸੋਫ਼ੀ ਲਈ ਇਸ ਪ੍ਰਸ਼ਨ ਦਾ ਉੱਤਰ ਲੱਭਣਾ ਸਰਲ ਤਾਂ ਨਹੀਂ ਪਰ ਮਹੱਤਵਪੂਰਨ ਹੋ ਜਾਂਦਾ ਹੈ। ਉਹ ਸੋਚਣ ਲਈ ਮਜਬੂਰ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹੈ? ਇਸ ਸੋਚ ’ਚ ਡੁੱਬੀ ਉਹ ਫਿਰ ਲੈਟਰ ਬੌਕਸ ਦੇਖਣ ਜਾਂਦੀ ਹੈ ਕਿ ਉਸ ਨੂੰ ਇਕ ਹੋਰ ਖ਼ਤ ਮਿਲਦਾ ਹੈ ਜਿਸ ’ਤੇ ਇਹ ਪ੍ਰਸ਼ਨ ਲਿਖਿਆ ਹੈ; ‘ਇਹ ਜਗਤ ਕਿੱਥੋਂ ਆਇਆ?’ ਜੀਵਨ ’ਚ ਪਹਿਲੀ ਵਾਰ ਸੋਫ਼ੀ ਨੂੰ ਮਹਿਸੂਸ ਹੋਣ ਲਗਦਾ ਹੈ ਕਿ ਇਨ੍ਹਾਂ ਪ੍ਰਸ਼ਨਾਂ ਦਾ ਜਵਾਬ ਲੱਭਿਆਂ ਬਿਨਾਂ ਉਸ ਲਈ ਜਿਊਂਦੇ ਰਹਿਣਾ ਸੰਭਵ ਨਹੀਂ। ਇਹ ਦੋ ਰਹੱਸਾਤਮਕ ਖ਼ਤ ਉਸ ਦੇ ਪੰਦਰ੍ਹਵੇਂ ਜਨਮ ਦਿਨ ’ਤੇ ਤੋਹਫ਼ਿਆਂ ਵਜੋਂ ਮਿਲਣ ਵਾਲੇ ਖ਼ਤਾਂ ਦੀ ਅਜਿਹੀ ਲੜੀ ਦੀ ਸ਼ਰੂਆਤ ਹੈ ਜਿਸ ਨੇ ਉਸ ਦੇ ਜਨਮ ਦਿਨ ਤੱਕ ਨਿਰੰਤਰ ਚੱਲਣਾ ਹੈ।
ਇਸ ਨਾਵਲ ਦੇ ਆਰੰਭ ਦੇ ਨਾਲ ਹੀ ਪਾਠਕ ਦਾ ਪਰਿਚਯ ਵੀ ਇਸ ਰਹੱਸਾਤਮਕ ਤੇ ਰੌਚਿਕ ਪ੍ਰਸੰਗ ਨਾਲ ਜੋ ਜਾਂਦਾ ਹੈ। ਇਸ ਨਾਵਲ ’ਚ ਦਰਸ਼ਨ ਨੂੰ ਕਿਸੇ ਜਟਿਲ ਸਿਧਾਂਤਕ ਰੂਪ ’ਚ ਪੇਸ਼ ਕਰਨ ਦੀ ਬਜਾਏ ਚੌਦਾਂ ਸਾਲ ਦੀ ਬੱਚੀ ਸੋਫ਼ੀ ਦੇ ਦੈਨਿਕ ਜੀਵਨ ਨੇ ਵਿਵਹਾਰਕ ਰੂਪ ’ਚ ਇਨ੍ਹਾਂ ਪ੍ਰਸ਼ਨਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਹੈ। ਇਸ ’ਚ ਵਿਸ਼ਵ ਦੇ ਅਨੇਕ ਦਾਰਸ਼ਨਿਕਾਂ ਤੇ ਵਿਚਾਰਕਾਂ ਨੇ ਇਨ੍ਹਾਂ ਪ੍ਰਸ਼ਨਾਂ ’ਤੇ ਗੰਭੀਰ ਚਿੰਤਨ ਕੀਤਾ ਹੈ। ‘ਸੋਫ਼ੀ ਦਾ ਸੰਸਾਰ’ ਪੱਛਮੀ ਦਾਰਸ਼ਨਿਕ ਜਿਗਿਆਸਾਵਾਂ ਦੇ ਪੰਝੀ ਸੌ ਵਰ੍ਹਿਆਂ ਦੇ ਲੰਬੇ ਇਤਿਹਾਸ ਨੂੰ ਸਿਮਰਤੀ, ਕਲਪਨਾ ਅਤੇ ਵਿਵੇਕ ਦੇ ਕਮਾਲ ਦੇ ਸੰਯੋਜਨ ਨਾਲ ਪੇਸ਼ ਕੀਤਾ ਗਿਆ ਹੈ।
ਦਰਸ਼ਨ ਸ਼ਾਸਤਰ ਦੇ ਇਤਿਹਾਸ ਉਪਰ ਇਹ ਖ਼ਤੋ ਖ਼ਿਤਾਬਤ ਦਰਸ਼ਨ ਦੇ ਇਕ ਵਿਚਿੱਤਰ ਰਹੱਸਮਈ ਸਿੱਖਿਅਕ ਦੁਆਰਾ ਕੀਤੀ ਜਾਂਦਾ ਹੈ, ਜਿਸ ਦਾ ਨਾਮ ਹੈ ਐਬਰਤੋ ਨੌਕਸ । ਇਨ੍ਹਾਂ ਅਜੀਬ ਖ਼ਤਾਂ ’ਚ ਪ੍ਰਾਚੀਨ ਯੂਨਾਨੀ ਦਾਰਸ਼ਨਿਕਾਂ ਵੱਲੋਂ ਉਠਾਏ ਗਏ ਪ੍ਰਸ਼ਨਾਂ ਅਤੇ ਇਨ੍ਹਾਂ ਦੀਆਂ ਯੁਕਤੀਆਂ ਦੀ ਚਰਚਾ ਆਰੰਭ ਕਰਕੇ ਵੀਹਵੀਂ ਸ਼ਤਾਬਦੀ ਦੇ ਦਾਰਸ਼ਨਿਕਾਂ ਵੱਲੋਂ ਵਿਚਾਰੀਆਂ ਸਮੱਸਿਆਵਾਂ ਅਤੇ ਸਥਾਪਿਤ ਸਿਧਾਂਤਾਂ ਅਤੇ ਤਰਕਾਂ ਦਾ ਸਪਸ਼ਟ ਖ਼ੁਲਾਸਾ ਕੀਤਾ ਗਿਆ ਹੈ।

ਮਨਮੋਹਨ

ਮਨਮੋਹਨ

ਸੁਕਰਾਤ ਤੋਂ ਪਹਿਲੇ ਦੇ ਦਾਰਸ਼ਨਿਕਾਂ ਜਿਵੇਂ ਯੇਲਸ, ਅਨੇਕਸੀਮਾਂਦਰ, ਅਨੇਕਸੀਮੇਨੀਜ਼, ਪਰਮੇਨੀਦੀਜ਼, ਹੈਰਾਕਲਾਈਟਸ, ਡੈਮੋਕਰੀਟੀਸ ਆਦਿ ਦਾਰਸ਼ਨਿਕਾਂ ਦੀ ਚਰਚਾ ਤੋਂ ਸ਼ੁਰੂ ਕਰਦੇ ਹੋਏ ਇਹ ਨਾਵਲ ਅਫ਼ਲਾਤੂਨ, ਅਰਸਤੂ, ਆਗਸਤੀਨ, ਐਕਿਵਨਾਜ਼, ਦੇਕਾਰਤੇ, ਸਿਪੇਨੋਜ਼ਾ, ਲਿਬਨੀਜ਼, ਲਾਕ, ਬਰਕਲੇ, ਹਿਊਮ, ਕਾਂਤ, ਹੀਗਲ, ਕਿਰਕੇਗਾਰਦ, ਮਾਰਕਸ, ਡਾਰਵਿਨ ਅਤੇ ਸਾਰਤਰ ਤੱਕ ਸਾਰੇ ਮਹੱਤਵਪੂਰਨ ਦਾਰਸ਼ਿਨਕਾਂ ਦੇ ਵਿਚਾਰਾਂ ਤੇ ਜਿਗਿਆਸਾਵਾਂ ਅਤੇ ਚਿੰਤਨ ਵਿਧੀਆਂ ਦੀ ਗਾਲਪਿਨਕ-ਵਿਸ਼ਲੇਸ਼ਣੀ ਸਮੀਖਿਆ ਪੇਸ਼ ਕਰਦਾ ਹੈ। ਨਾਰਵੇਜੀਆਈ ਭਾਸ਼ਾ ’ਚ ਲਿਖੇ ਇਸ ਦਾਰਸ਼ਨਿਕ ਨਾਵਲ ਦਾ ਅਨੁਵਾਦ ਲਗਪਗ ਸੱਠ ਤੋਂ ਅਧਿਕ ਭਾਸ਼ਾਵਾਂ ’ਚ ਹੋ ਚੁੱਕਾ ਹੈ ਅਤੇ ਪਿਛਲੇ ਦੋ ਦਹਾਕਿਆਂ ’ਚ ਇਸ ਦੀਆਂ ਪੰਜ ਕਰੋੜ ਤੋਂ ਵੱਧ ਪ੍ਰਤੀਆਂ ਵਿਕ ਚੁੱਕੀਆਂ ਹਨ।
ਆਪਣੇ ਜਾਦੂਈ ਅੰਦਾਜ਼ ’ਚ ‘ਸੋਫ਼ੀ ਦਾ ਸੰਸਾਰ’ ਦਾਰਸ਼ਨਿਕਾਂ ਵੱਲੋਂ ਕੀਤੀਆਂ ਗਈਆਂ ਯੁਕਤੀਆਂ-ਪ੍ਰਿਤਯੁਕਤੀਆਂ, ਸੰਵਾਦ-ਪ੍ਰਿਤਸੰਵਾਦ, ਤਰਕ-ਵਿਤਰਕ ਦੇ ਵਿਸ਼ਲੇਸ਼ਣ ਤੇ ਮੁਲਾਂਕਣ ਦਾ ਬਿਰਤਾਂਤ ਹੈ। ਇਸ ’ਚ ਤਿੰਨ ਮਾਨਵੀ ਖਮਤਾਵਾਂ ਸਿਮਰਤੀ (ਇਤਿਹਾਸ), ਕਲਪਨਾ (ਗਲਪ) ਅਤੇ ਵਿਵੇਕ (ਦਰਸ਼ਨ) ਦੀ ਬੁਣਤ ਇਸ ਢੰਗ ਨਾਲ ਕੀਤੀ ਗਈ ਹੈ ਕਿ ਇਹ ਬਿਰਤਾਂਤ ਮਾਨਵੀ ਜੀਵਨ ਦੇ ਉਦੇਸ਼ ਅਤੇ ਸਾਰਥਕਤਾ ਸਬੰਧੀ ਪ੍ਰਸ਼ਨਾਂ ’ਤੇ ਵਿਚਾਰ ਕਰਨ ਦੀ ਲਲਕ ਨੂੰ ਉਤਸਾਹਿਤ ਕਰਦਾ ਹੈ। ਪੱਛਮੀ ਜਗਤ ’ਚ ਵਿਕਸਤ ਦਰਸ਼ਨ ਨੂੰ ਸੰਪੂਰਨ ਮਾਨਵੀ ਬੌਧਿਕ ਪਰੰਪਰਾਵਾਂ ਦਾ ਅੰਸ਼ ਸਵਿਕਾਰ ਕਰਦੇ ਹੋਏ ਜਸਤੀਨ ਗਾਰਦਰ ਯੂਰਪੀਆਈ ਬੰਧਨ ਤੋਂ ਆਪਣੇ ਆਪ ਨੂੰ ਮੁਕਤ ਰੱਖਣ ’ਚ ਸਫ਼ਲ ਰਿਹਾ ਹੈ।
‘ਸੋਫ਼ੀ ਦਾ ਸੰਸਾਰ’ ਨਾਵਲ ਪਾਠਕ ਨੂੰ ਆਪਣੇ ਵਿਚਾਰ ਮਨਨ ਦੀ ਯੋਗਤਾ ’ਚ ਹੀ ਨਹੀ ਸਸ਼ਕਤ ਬਣਾਉਂਦਾ ਬਲਕਿ ਦਰਸ਼ਨ ਦੀ ਮਨੁੱਖ ਲਈ ਮਹੱਤਤਾ ਪੈਦਾ ਕਰਦਾ ਹੈ ਬਲਕਿ ਮਨੁੱਖ ਨੂੰ ਆਪਣੇ ਆਪ ਤੇ ਜਗਤ ਪ੍ਰਤੀ ਅਧਿਕ ਸਜੱਗ ਅਤੇ ਸੰਵੇਦਨਸ਼ੀਲ ਬਣਾਉਣ ’ਚ ਵੀ ਸਹਾਈ ਹੁੰਦਾ ਹੈ। ਗਿਆਨ, ਸੰਸਕ੍ਰਿਤੀ, ਸੱਭਿਆਚਾਰ, ਨੈਤਿਕਤਾ, ਸੌਂਦਰਯ, ਸੁਹਜ, ਸਾਹਿਤ ਤੇ ਸੂਖ਼ਮ ਕਲਾਵਾਂ ਸਬੰਧੀ ਸਨਾਤਨੀ ਅਤੇ ਸਮਕਾਲਿਕ ਵਿਵਾਦਾਂ ਦੀ ਪੜਚੋਲ ਤੇ ਵਿਵੇਚਨ ਖ਼ਾਸ ਕਰਕੇ ਸਾਡੇ ਦੈਨਿਕ ਜੀਵਨ ਲਈ ਉਨ੍ਹਾਂ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਨੂੰ ਇਸ ’ਚ ਬੜੇ ਰੌਚਿਕ ਢੰਗ ਨਾਲ ਅਤੇ ਸਹਿਜ ਰੂਪ ’ਚ ਸਮਝ ਆ ਜਾ ਸਕਣ ਵਾਲੇ ਵਿਖਿਆਨਾਂ ’ਚ ਪੇਸ਼ ਕੀਤਾ ਗਿਆ ਹੈ। ਇਸ ਨਾਵਲ ਦੀ ਰਹੱਸਾਤਮਕਤਾ ਦੀ ਵਿਸ਼ਿਸ਼ਟਤਾ ਇਸ ਦੇ ਕਥਾ ਬਿਰਤਾਂਤ ਦੀ ਸੰਰਚਨਾ ਅਤੇ ਬਣਤਰ-ਬੁਣਤਰ ਕਾਰਨ ਹੈ। ਕਥਾਨਕ ਨੂੰ ਇਸ ਤਰੀਕੇ ਨਾਲ ਘੜ੍ਹਿਆ ਗਿਆ ਹੈ ਕਿ ਪਾਠਕ ਲਈ ਕਲਪਿਤ ਅਤੇ ਯਥਾਰਥ ਜਾਂ ਅਸਲ ਜਗਤ ਅਤੇ ਚਰਿੱਤਰਾਂ ’ਚ ਅੰਤਰ ਕਰ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਪ੍ਰਤੀਤ ਅਤੇ ਯਥਾਰਥ ’ਚ ਭੇਦ ਕਰਨ ਦੀ ਮੁਸ਼ਕਿਲ ਨੂੰ ਇਸ ਨਾਵਲ ’ਚ ਦਾਰਸ਼ਨਿਕ ਚਿੰਤਨ ਅਤੇ ਸਾਹਿਤਕ ਸੱਚ ਦੇ ਪਰਸਪਰਿਕ ਜਟਿਲ ਸਬੰਧਾਂ ਦਾ ਵਿਵੇਚਨ ਕਰਦੇ ਹੋਏ ਪੇਸ਼ ਕੀਤਾ ਗਿਆ ਹੈ। ਇਸ ਕਿਤਾਬ ਤੋਂ ਪਹਿਲਾਂ ਵੀ ਵਿਲ ਡੂਰਾਂ ਦੀ ਲਿਖੀ ਕਿਤਾਬ ‘ਏ ਸਟੋਰੀ ਆਫ਼ ਫ਼ਿਲਾਸਫੀ’ (ਦਰਸ਼ਨ ਦੀ ਕਹਾਣੀ) ਪਾਠਕਾਂ ’ਚ ਬੜੀ ਲੋਕਪ੍ਰਿਯ ਹੋਈ ਸੀ। ਇਸ ’ਚ ਵਿਲ ਡੂਰਾਂ ਨੇ ਚੁਨਿੰਦਾ ਦਾਰਸ਼ਨਿਕਾਂ ਦੀਆਂ ਜੀਵਨੀਆਂ ’ਚ ਦਿਲਚਸਪ ਹਵਾਲੇ ਲੈ ਕੇ ਦਰਸ਼ਨ ਦੇ ਇਤਿਹਾਸ ਨੂੰ ਇਕ ਕਹਾਣੀ ਵਾਂਗ
ਲਿਖ ਕੇ ਪੇਸ਼ ਕੀਤਾ। ਇਸ ਦੀ ਤੁਲਨਾ ’ਚ ਜਸਤੀਨ ਗਾਰਦਰ ਨੇ ਅਸਤਿੱਤਵਆਤਮਕ ਅਤੇ ਪ੍ਰਤਯਾਤਮਕ ਪੱਧਰ ’ਤੇ ਦਰਪੇਸ਼ ਉਲਝਣਾਂ ਦੇ ਮੂਲ ਸਰੋਤਾਂ ਅਤੇ ਦਾਰਸ਼ਨਿਕ ਯੁਕਤੀਆਂ ਦੀ ਤਾਰਕਿਕ ਸੰਰਚਨਾਵਾਂ ਨੂੰ ਸਪਸ਼ਟ ਕਰਦੇ ਹੋਏ ਸੁਕਰਾਤ ਤੋਂ ਪੂਰਵਲੇ ਚਿੰਤਕਾਂ ਤੋਂ ਲੈ ਕੇ ਵੀਹਵੀਂ ਸਦੀ ਦੇ ਵੱਡੇ ਦਾਰਸ਼ਨਿਕ ਸਾਰਤਰ ਤੱਕ ਪੱਛਮੀ ਦਰਸ਼ਨ ਦੀ ਲੰਬੀ ਯਾਤਰਾ ਦਾ ਬਿਰਤਾਂਤ ਪੇਸ਼ ਕੀਤਾ ਹੈ। ਇਸ ਬਿਰਤਾਂਤ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮਾਨਵੀ ਪ੍ਰਸਥਿਤੀਆਂ ਨੂੰ ਬੇਹਤਰ ਢੰਗ ਨਾਲ ਸਮਝਣ ਲਈ ਦਾਰਸ਼ਨਿਕ ਚਿੰਤਨ ’ਚ ਸ਼ਾਮਿਲ ਹੋਣ ਤੇ ਬਣੇ ਰਹਿਣ ਲਈ ਵਿਚਾਰ ਮੀਮਾਂਸਾ ਇਕ ਜ਼ਰੂਰੀ ਬੌਧਿਕ ਕਰਮ ਹੈ।
ਪੰਜਾਬੀਆਂ ਨੂੰ ‘ਸੋਫ਼ੀ ਦਾ ਸੰਸਾਰ’ ਪੱਛਮੀ ਜਗਤ ’ਚ ਦਰਸ਼ਨ ਦੀ ਪਰੰਪਰਾ ਨੂੰ ਜਾਨਣ ਲਈ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਿਉਂ ਕਿ ਦਰਸ਼ਨ ਅਧਿਐਨ ਅਸਾਂ ਪੰਜਾਬੀਆਂ ਨੂੰ ਸਾਡੀਆਂ ਬਹੁਤ ਸਾਰੀਆਂ ਵਜੂਦੀ ਸਮੱਸਿਆਂ ਨੂੰ ਸਮਝਣ ਲਈ ਮੀਮਾਂਸਕ ਯੋਗਤਾ ਦੇ ਨਾਲ ਨਾਲ ਇਨ੍ਹਾਂ ਨੂੰ ਇਨ੍ਹਾਂ ਦੇ ਸਮਾਧਾਨ ਲਈ ਗਿਆਨਾਤਮਕ ਖਮਤਾ ਵੀ ਪ੍ਰਦਾਨ ਕਰ ਸਕਦਾ ਹੈ।

(ਸਮਾਪਤ)

ਸੰਪਰਕ: 082839-48811


Comments Off on ਜਸਤੀਨ ਗਾਰਦਰ: ਦਰਸ਼ਨ ਦਾ ਗਲਪਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.