ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਜਸਤੀਨ ਗਾਰਦਰ: ਦਰਸ਼ਨ ਦਾ ਗ਼ਲਪਕਾਰ

Posted On December - 10 - 2016

ਮਨਮੋਹਨ

ਜਸਤੀਨ ਗਾਰਦਰ

ਜਸਤੀਨ ਗਾਰਦਰ

ਪਿਛਲੇ ਦਿਨੀਂ ਜੇਐਨਯੂ ’ਚ ਪੜ੍ਹਾਉਂਦੇ ਦਰਸ਼ਨ ਸ਼ਾਸਤਰ ਦੇ ਪ੍ਰੋਫ਼ੈਸਰ ਮਿੱਤਰ ਡਾ. ਸੱਤਯ ਪਾਲ ਗੌਤਮ ਦੱਸ ਰਹੇ ਸਨ ਕਿ ਉਨ੍ਹਾਂ ਨੇ ਜਸਤੀਨ ਗਾਰਦਰ ਦੇ ਨਾਵਲ ‘ਸੋਫ਼ੀ’ਜ਼ ਵਰਲਡ’ ਦਾ ਹਿੰਦੀ ’ਚ ਅਨੁਵਾਦ ਕਰ ਦਿੱਤਾ ਹੈ, ਜੋ ਕਿ ਰਾਜਕਮਲ ਪ੍ਰਕਾਸ਼ਨ ਨੇ ਛਾਪਿਆ ਹੈ। ਇਹ ਨਾਵਲ ਮੈਂ ਸੰਨ ਦੋ ਹਜ਼ਾਰ ’ਚ ਆਪਣੀ ਲੇਹ ਪੋਸਟਿੰਗ ਦੌਰਾਨ ਪੜ੍ਹਿਆ ਤੇ ਬਹੁਤ ਪ੍ਰਭਾਵਿਤ ਹੋਇਆ ਸਾਂ। ਇਸ ਦਾ ਪ੍ਰਭਾਵ ਮੇਰੇ ਅਵਚੇਤਨ ’ਚ ਮੈਨੂੰ ਆਪਣਾ ਪਲੇਠਾ ਨਾਵਲ ‘ਨਿਰਵਾਣ’ ਲਿਖਦਿਆਂ ਸਹਿਜੇ ਹੀ ਮਹਿਸੂਸ ਹੋਇਆ। ਦਿੱਲੀ ’ਚ ਪਿੱਛੇ ਜਿਹੇ ਹੋਏ ਵਿਸ਼ਵ ਪੁਸਤਕ ਮੇਲੇ ਦੌਰਾਨ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਰਾਜਕਮਲ ਪ੍ਰਕਾਸ਼ਨ ਤੋਂ ਇਹ ਨਾਵਲ ਮੇਰੇ ਲਈ ਖ਼ਰੀਦ ਲਵੇ। ਇਸ ਦਾ ਮੁੜ ਪਾਠ ਕਰਨ ਬਾਅਦ ਮੈਂ ਸੋਚਿਆ ਕਿ ਪੰਜਾਬੀਆਂ ’ਚ ਜੇਕਰ ਦਰਸ਼ਨ ਅਧਿਐਨ ਪ੍ਰਤੀ ਚੇਟਕ ਪੈਦਾ ਕਰਨੀ ਹੈ ਤਾਂ ਮੈਨੂੰ ਇਸ ਬਾਰੇ ਜ਼ਰੂਰ ਲੇਖ ਲਿਖਣਾ ਚਾਹੀਦਾ ਹੈ।
ਜਸਤੀਨ ਗਾਰਦਰ ਦਾ ਨਾਵਲ ‘ਸੋਫ਼ੀ’ਜ਼ ਵਰਲਡ’ (ਸੋਫ਼ੀ ਦਾ ਸੰਸਾਰ) ਇਕ ਰਹੱਸਪੂਰਨ ਅਤੇ ਰੌਚਿਕ ਨਾਵਲ ਹੈ, ਜੋ ਪੱਛਮੀ ਦਰਸ਼ਨ ਦੇ ਇਤਿਹਾਸ ਭਾਵ ਪੱਛਮੀ ਜਗਤ ਦੇ ਦਰਸ਼ਨ ਦੀ ਗਾਥਾ ਹੀ ਨਹੀਂ ਬਲਕਿ ਦਰਸ਼ਨ ਦੀਆਂ ਮੂਲ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੀ ਇਕ ਗ਼ਹਿਨ ਅਤੇ ਗੰਭੀਰ ਗਲਪ ਪੁਸਤਕ ਵੀ ਹੈ।
ਜਸਤੀਨ ਦਾ ਜਨਮ ਨਾਰਵੇ ਦੀ ਰਾਜਧਾਨੀ ਓਸਲੋ ’ਚ 8 ਅਗਸਤ 1952 ਨੂੰ ਇਕ ਅਧਿਆਪਕ ਪਰਿਵਾਰ ’ਚ ਹੋਇਆ। ਲੇਖਕ ਬਣਨ ਦਾ ਫ਼ੈਸਲਾ ਉਸ ਨੇ 19 ਵਰ੍ਹਿਆਂ ਦੀ ਉਮਰ ’ਚ ਬਾਲ ਸਾਹਿਤ ਲਿਖਣ ਨਾਲ ਕੀਤਾ। ਉਹ ਦੋਸਤੋਵਸਕੀ, ਹਰਮਨ ਹੈੱਸ, ਜਾਰਜ ਲੂਈਸ ਬੋਗਰੇਸ ਅਤੇ ਨਾਰਵੇਜੀਆਈ ਲੇਖਕ ਨੁਤ ਹੈਮਰਸਨ ਤੋਂ ਪ੍ਰਭਾਵਿਤ ਹੋਇਆ। ਜਸਤੀਨ ਦਾ ਪਹਿਲਾ ਕਹਾਣੀ ਸੰਗ੍ਰਹਿ ‘ਨਿਦਾਨ ਅਤੇ ਹੋਰ ਕਹਾਣੀਆਂ’ 1986 ’ਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਉਸ ਦੇ ਦੋ ਨਾਵਲ ‘ਦਾ ਫਰਾਗ ਕੈਸਲ’ (1988) ਅਤੇ ‘ਦਾ ਸੌਲੀਟੀਏਰ ਮਿਸਟਰੀ’ (1990) ਪ੍ਰਕਾਸ਼ਿਤ ਹੋਏ।
‘ਸੋਫ਼ੀ ਦਾ ਸੰਸਾਰ’ ਦੀ ਵੱਡੀ ਸਫ਼ਲਤਾ ਤੋਂ ਬਾਅਦ ਜਸਤੀਨ ਨੇ ਆਪਣਾ ਪੂਰਾ ਸਮਾਂ ਲਿਖਣ ਨੂੰ ਸਮਰਪਿਤ ਕਰ ਦਿੱਤਾ। ਉਦੋਂ ਤੋਂ ਲੈ ਕੇ ਉਸ ਦੇ ਤੇਰ੍ਹਾਂ ਨਾਵਲ ਛਪ ਚੁੱਕੇ ਹਨ। ‘ਸੋਫ਼ੀ ਦਾ ਸੰਸਾਰ’ ਲਈ ਜਸਤੀਨ ਨੂੰ ਕਈ ਕੌਮੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ।
‘ਸੋਫ਼ੀ ਦਾ ਸੰਸਾਰ’ ਲਿਖੇ ਜਾਣ ਪਿੱਛੇ ਵੀ ਇਕ ਘਟਨਾ ਪਈ ਹੈ। ਅੱਸੀਵਿਆਂ ਦੇ ਅੰਤਲੇ ਵਰ੍ਹਿਆਂ ’ਚ ਜਸਤੀਨ ਗਾਰਡਰ ਓਸਲੋ, ਨਾਰਵੇ ਦੇ ਇਕ ਜੂਨੀਅਰ ਕਾਲਜ ’ਚ ਦਰਸ਼ਨ ਸ਼ਾਸਤਰ ਦਾ ਅਧਿਆਪਕ ਸੀ। ਉਹ ਆਪਣੇ ਦਰਸ਼ਨ ਅਧਿਆਪਨ ’ਚ ਪੂਰੀ ਤਰ੍ਹਾਂ ਸਮਰਪਿਤ ਸੀ। ਨਵੇਂ ਵਿਦਿਆਰਥੀਆਂ ’ਚ ਦਰਸ਼ਨ ਦੇ ਅਮੂਰਤ ਪ੍ਰਸ਼ਨਾਂ ਲਈ ਵਧ ਰਹੀ ਅਰੁਚੀ, ਉਦਾਸੀਨਤਾ ਤੇ ਅਕੇਵਾਂ ਉਸ ਲਈ ਚਿੰਤਾ ਦਾ ਵਿਸ਼ਾ ਸੀ। ਇਕ ਦਿਨ ਜਸਤੀਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੀ ਪੜ੍ਹਨਾ ਪਸੰਦ ਕਰਦੇ ਹਨ? ਵਿਦਿਆਰਥੀਆਂ ਦਾ ਇਕਸੁਰ ਜਵਾਬ ਸੀ; ਰਹੱਸਮਈ ਨਾਵਲ। ਇਹ ਸੁਣ ਜਸਤੀਨ ਨੇ ਨਿਰਾਸ਼ ਹੋਣ ਦੀ ਬਜਾਏ ਇਹ ਫ਼ੈਸਲਾ ਕੀਤਾ ਕਿ ਉਹ ਇਕ ਰਹੱਸਮਈ ਨਾਵਲ ਲਿਖ ਕੇ ਵਿਦਿਆਰਥੀਆਂ ’ਚ ਮਾਨਵੀ ਜੀਵਨ ਨਾਲ ਸਬੰਧਿਤ ਗੂੜ੍ਹ ਪ੍ਰਸ਼ਨਾਂ ਬਾਰੇ ਰੁਚੀ ਪੈਦਾ ਕਰੇਗਾ। ਜਸਤੀਨ ਦਾ ਸੋਚਣਾ ਸੀ ਕਿ ਇਨ੍ਹਾਂ ਜਟਿਲ ਤੇ ਅਮੂਰਤ ਦਾਰਸ਼ਨਿਕ ਪ੍ਰਸ਼ਨਾਂ ਦੀ ਮਹੱਤਤਾ ਨੂੰ ਨਕਾਰਣ ਜਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਮਹਾਨ ਮਾਨਵੀ ਵਿਰਾਸਤ ’ਚ ਭਾਗੀਦਾਰੀ ਦਾ ਅਧਿਕਾਰ ਖੁੱਸ ਜਾਂਦੈ।
ਇੰਝ ਜਸਤੀਨ ਗਾਰਦਰ ਨੇ ਰਹੱਸਾਤਮਕ ਨਾਵਲ ‘ਸੋਫ਼ੀ ਦਾ ਸੰਸਾਰ’ ਲਿਖ ਕੇ ਪੱਛਮੀ ਦਰਸ਼ਨ ਦੇ ਵਿਕਾਸ ਦਾ ਸਜੀਵ ਚਿਤਰਣ ਬੜੇ ਮੌਲਿਕ ਰੂਪ ’ਚ ਪੇਸ਼ ਕੀਤਾ। ਇਸ ਨਾਵਲ ’ਚ ਉਸ ਨੇ ਜਾਦੂਈ ਕਥਾ ਸੰਰਚਨਾ, manmohanਸੱਭਿਆਚਾਰਕ ਇਤਿਹਾਸ ਅਤੇ ਦਾਰਸ਼ਨਿਕ ਚਿੰਤਨ ਵਿਧਾਵਾਂ ਦਾ ਅਦਭੁੱਤ ਸਿਰਜਣਾਤਮਕ ਸੰਯੋਜਨ ਕੀਤਾ ਹੈ। ਇਸ ਨਾਵਲ ’ਚ ਜਸਤੀਨ ਨੇ ਪੱਛਮੀ ਦਰਸ਼ਨ ਦੇ ਵਿਕਾਸ ਦੇ ਇਤਿਹਾਸ ਦੇ ਮਹੱਤਵਪੂਰਨ ਪ੍ਰਸੰਗਾਂ ਦੀ ਚਰਚਾ ਦੇ ਮਾਧਿਅਮ ਰਾਹੀਂ ਵਿਸ਼ਵ, ਜੀਵਨ ਅਤੇ ਮਾਨਵੀ ਅਸਤਿੱਤਵ ਨਾਲ ਜੁੜੇ ਰਹੱਸਾਂ ’ਤੇ ਆਪਣੀ ਗਹਿਨ ਵਿਵੇਚਨਾ ਨੂੰ ਪਾਠਕਾਂ ਮੂਹਰੇ ਵਿਚਾਰ ਹਿੱਤ ਪੇਸ਼ ਕੀਤਾ ਹੈ।
ਦਰਸ਼ਨ ਨਾਲ ਮੂਲ ਰੂਪ ’ਚ ਜੁੜੇ ਦੋ ਹੀ ਪ੍ਰਸ਼ਨ ਮਹੱਤਵਪੂਰਨ ਹਨ; ਪਹਿਲਾ ਮੈਂ ਕੌਣ ਹਾਂ? ਦੂਸਰਾ ਪ੍ਰਸ਼ਨ ਹੈ ਕਿ ਇਹ ਜਗਤ ਕਿਵੇਂ ਹੋਂਦ ’ਚ ਆਇਆ? ਬਾਕੀ ਸਾਰੇ ਪ੍ਰਸ਼ਨ ਇਨ੍ਹਾਂ ਹੀ ਦੋ ਪ੍ਰਸ਼ਨਾਂ ਨਾਲ ਜੁੜੇ ਹਨ। ‘ਸੋਫ਼ੀ ਦਾ ਸੰਸਾਰ’ ਨਾਵਲ ਦਾ ਆਰੰਭ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਸਕੂਲੋਂ ਘਰ ਪਰਤਣ ’ਤੇ ਚੌਦਾਂ ਵਰ੍ਹਿਆਂ ਦੀ ਸੋਫ਼ੀ ਨੂੰ ਲੈਟਰ ਬੌਕਸ ’ਚ ਇਕ ਅਜੀਬ ਰਹੱਸਪੂਰਨ ਖ਼ਤ ਮਿਲਦਾ ਹੈ ਜਿਸ ’ਚ ਲਿਖਿਆ ਹੈ; ਤੂੰ ਕੌਣ ਏਂ?
‘ਸੋਫ਼ੀ’ ਜਾਂ ‘ਸੋਫ਼ੀਆ’ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਪ੍ਰਯੋਗ ਪੱਛਮੀ ਦਰਸ਼ਨ ਦੀ ਹਰ ਕਿਤਾਬ ’ਚ ਦਰਸ਼ਨ ਦੀ ਮੂਲ ਪਰਿਭਾਸ਼ਾ ਦੇਣ ਲਈ ਕੀਤਾ ਜਾਂਦਾ ਹੈ। ‘ਫਿਲੋ-ਸੋਫ਼ੀ’ ਦੋ ਯੂਨਾਨੀ ਸ਼ਬਦਾਂ ਦੇ ਯੋਗ ਨਾਲ ਬਣਿਆ ਸ਼ਬਦ ਹੈ। ‘ਸੋਫ਼ੀ’ ਦਾ ਅਰਥ ਹੈ; ਗਿਆਨ, ਬੁੱਧੀ ਅਤੇ ‘ਫਿਲੋ’ ਦਾ ਭਾਵ ਹੈ; ਪ੍ਰੇਮੀ। ਸਾਰ ਇਹ ਹੋਇਆ ਕਿ ਫ਼ਿਲਾਸਫ਼ੀ ਦਾ ਅਰਥ ਹੈ ਗਿਆਨ ਜਾਂ ਬੁੱਧੀਮਤਾ ਨਾਲ ਪ੍ਰੇਮ।  (ਬਾਕੀ ਅਗਲੇ ਐਤਵਾਰ)
ਸੰਪਰਕ: 082839-48811


Comments Off on ਜਸਤੀਨ ਗਾਰਦਰ: ਦਰਸ਼ਨ ਦਾ ਗ਼ਲਪਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.