ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ

Posted On December - 9 - 2016

ਡਾ. ਰਣਜੀਤ ਸਿੰਘ
10912CD _PUNJAB BUFFLOਹੁਣ ਸਰਦੀ ਵਿੱਚ ਵਾਧਾ ਹੋ ਗਿਆ ਹੈ। ਇਸ ਲਈ ਲਗਾਏ ਨਵੇਂ ਬੂਟਿਆਂ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਇਨ੍ਹਾਂ ਉੱਤੇ ਛੌਰਾ ਕਰਕੇ ਕੋਰੇ ਤੋਂ ਬਚਾਉਣਾ ਚਾਹੀਦਾ ਹੈ। ਪੁਰਾਣੇ ਬੂਟਿਆਂ ਨੂੰ ਦੇਸੀ ਰੂੜੀ ਪਾ ਦੇਣੀ ਚਾਹੀਦੀ ਹੈ। ਇੱਕ ਸਾਲ ਦੇ ਬੂਟੇ ਨੂੰ ਪੰਜ ਕਿਲੋ ਰੂੜੀ ਪਾਈ ਜਾਵੇ। ਪਤਝੜੀ ਬੂਟਿਆਂ ਦੀ ਕਾਂਟ-ਛਾਂਟ ਦਾ ਵੀ ਇਹ ਢੁਕਵਾਂ ਸਮਾਂ ਹੈ। ਅਗਲੇ ਮਹੀਨੇ ਨਵੇਂ ਪੱਤਝੜੀ ਬੂਟੇ ਲਗਾਏ ਜਾਣੇ ਹਨ। ਇਨ੍ਹਾਂ ਬਾਰੇ ਹੁਣ ਫ਼ੈਸਲਾ ਕਰ ਲੈਣਾ ਚਾਹੀਦਾ ਹੈ। ਬੂਟੇ ਲਗਾਉਣ ਲਈ ਇੱਕ ਮੀਟਰ ਡੂੰਘਾ ਤੇ ਇੱਕ ਮੀਟਰ ਘੇਰੇ ਵਾਲਾ ਟੋਆ ਪੁੱਟਿਆ ਜਾਵੇ। ਇਸ ਨੂੰ ਅੱਧੀ ਉਪਰਲੀ ਮਿੱਟੀ ਤੇ ਅੱਧੀ ਰੂੜੀ ਰਲਾ ਕੇ ਭਰ ਦਿੱਤਾ ਜਾਵੇ। ਬੂਟੇ ਪੀਏਯੂ, ਸਰਕਾਰੀ ਜਾਂ ਕਿਸੇ ਭਰੋਸੇਯੋਗ ਨਰਸਰੀ ਤੋਂ ਖ਼ਰੀਦੇ ਜਾਣ। ਜੇ ਬਾਗ਼ ਵਿੱਚ ਕੋਈ ਫ਼ਸਲ ਨਹੀਂ ਬੀਜੀ ਤਾਂ ਇਸ ਨੂੰ ਹਲ ਨਾਲ ਵਾਹ ਦੇਣਾ ਚਾਹੀਦਾ ਹੈ। ਵਹਾਈ ਕਰਨ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਤੇ ਹਾਨੀਕਾਰਕ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਇਸ ਮਹੀਨੇ ਕਿੰਨੂ ਤਿਆਰ ਹੋ ਜਾਂਦਾ ਹੈ। ਕਿੰਨੂ ਤੋੜਨ ਲਈ ਕਟਰ ਦੀ ਵਰਤੋਂ ਕੀਤੀ ਜਾਵੇ।
ਠੰਢ ਵਿੱਚ ਡੰਗਰਾਂ ਦਾ ਵੀ ਧਿਆਨ ਰੱਖਣਾ ਵੀ ਅਹਿਮ ਹੁੰਦਾ ਹੈ। ਪਸ਼ੂਆਂ ਨੂੰ ਦਿਨ ਸਮੇਂ ਧੁੱਪ ਵਿੱਚ ਬੰਨ੍ਹੋ। ਰਾਤ ਨੂੰ ਝੁੱਲ ਪਾਵੋ ਤੇ ਅੰਦਰ ਬੰਨ੍ਹੋ ਤੇ ਫਰਸ਼ ’ਤੇ ਸੁਕ ਪਾਵੋ। ਨਵੇਂ ਜੰਮੇ ਕੱਟੜੂ ਵੱਛੜੂ ਠੰਢ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ। ਡੰਗਰਾਂ ਨੂੰ ਮਲ੍ਹੱਪ ਰਹਿਤ ਵੀ ਕਰ ਦੇਣਾ ਚਾਹੀਦਾ ਹੈ। ਸਰਦੀ ਵਿੱਚ ਖੁਸ਼ਕੀ ਵਧਣ ਕਰਕੇ ਫਟੇ ਹੋਏ ਜਾਂ ਜ਼ਖ਼ਮੀ ਥਣਾਂ ਨੂੰ ਗਲਿਸਰੀਨ ਅਤੇ ਆਇਓਡੀਨ (1:4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਇਨ੍ਹੀਂ ਦਿਨੀਂ ਪਸ਼ੂਆਂ ਨੂੰ ਨਿਰੋਲ ਹਰਾ-ਚਾਰਾ ਵੀ ਪਾਇਆ ਜਾਵੇ ਸਗੋਂ ਇਸ ਵਿੱਚ ਤੂੜੀ ਰਲਾ ਕੇ ਪਾਉਣਾ ਚਾਹੀਦਾ ਹੈ। ਮੁਰਗੀਆਂ ਦੇ ਸ਼ੈਡਾਂ ਨੂੰ ਪੱਲੀਆਂ ਨਾਲ ਢੱਕ ਦੇਣਾ ਚਾਹੀਦਾ ਹੈ। ਚੂਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਹੁਣ ਗੰਨੇ ਦੀ ਕਟਾਈ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਅਗੇਤੀਆਂ ਕਿਸਮਾਂ ਦੀ ਕਟਾਈ ਇਸ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਜੇ ਮੋਢੀ ਫ਼ਸਲ ਰੱਖਣੀ ਹੈ ਤਾਂ ਕਟਾਈ ਅਗਲੇ ਮਹੀਨੇ ਕੀਤੀ ਜਾਵੇ। ਮੋਢੀ ਫ਼ਸਲ ਰੱਖਣ ਲਈ ਗੰਨੇ ਦੀ ਕਟਾਈ ਪਿੱਛੋਂ ਖੇਤ ਵਿੱਚੋਂ ਖੋਰੀ ਕੱਢ ਕੇ ਪਾਣੀ ਲਗਾ ਦੇਵੋ। ਜੇ ਖੰਡ ਮਿੱਲ ’ਤੇ ਗੰਨਾ ਵੇਚਣ ਵਿੱਚ ਦਿੱਕਤ ਹੋ ਰਹੀ ਹੈ ਤਾਂ ਗੁੜ ਤੇ ਸ਼ਕਰ ਬਣਾਏ ਜਾ ਸਕਦੇ ਹਨ। ਵਧੀਆ ਵੇਲਣਾ ਲਗਾਵੋ ਤਾਂ ਜੋ ਪੂਰਾ ਰਸ ਕੱਢਿਆ ਜਾ ਸਕੇ। ਕੜ੍ਹਦੀ ਰਸ ਦੀ ਸਫ਼ਾਈ ਲਈ ਸੋਡੇ ਦੀ ਥਾਂ ਸੁਖਲਾਈ ਨਾਮਕ ਬੂਟੀ ਵਰਤੀ ਜਾ ਸਕਦੀ ਹੈ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਪਹਾੜੀਆਂ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਸੁਖਲਾਈ ਦੇ ਛਿਲਕੇ ਨੂੰ 24 ਘੰਟੇ ਭਿਉ ਕੇ ਰੱਖੋ। ਇਸ ਨੂੰ ਮਲ ਕੇ ਗਾੜ੍ਹਾ ਘੋਲ ਬਣਾ ਲਵੋ। ਇੱਕ ਲਿਟਰ ਘੋਲ ਨਾਲ 100 ਲਿਟਰ ਰਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਗੁੜ ਵਿੱਚ ਖੁਸ਼ਕ ਮੇਵੇ ਪਾ ਕੇ ਇਸ ਨੂੰ ਮਠਿਆਈ ਦੇ ਰੂਪ ਵਿੱਚ ਵੀ ਵੇਚਿਆ ਜਾ ਸਕਦਾ ਹੈ।
ਆਲੂ ਇੱਕ ਰੋਕੜੀ ਸਬਜ਼ੀ ਹੈ ਜਿਸ ਹੇਠ ਪੰਜਾਬ ਵਿੱਚ ਸਭ ਤੋਂ ਵੱਧ ਰਕਬਾ ਹੈ। ਆਲੂਆਂ ਦੀਆਂ ਪੰਜਾਬ ਵਿੱਚ ਦੋ ਫ਼ਸਲਾਂ ਲਈਆਂ ਜਾਂਦੀਆਂ ਹਨ। ਸਤੰਬਰ ਦੇ ਅਖ਼ੀਰ ਵਿੱਚ ਪਹਿਲੀ ਫ਼ਸਲ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਤੇ ਦੂਜੀ ਫ਼ਸਲ ਜਨਵਰੀ ਵਿੱਚ ਲਗਾਈ ਜਾਂਦੀ ਹੈ। ਇਸ ਫ਼ਸਲ ਦੀ ਸਫ਼ਲਤਾ ਬੀਜ ਉੱਤੇ ਨਿਰਭਰ ਕਰਦੀ ਹੈ। ਇਸ ਕਰਕੇ ਸਿਫ਼ਾਰਸ਼ ਕੀਤੀ ਕਿਸਮ ਦੇ ਵਧੀਆ ਬੀਜ ਦਾ ਪਹਿਲਾਂ ਹੀ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜੇ ਬਹੁਤੇ ਰਕਬੇ ਵਿੱਚ ਕਾਸ਼ਤ ਕਰਨੀ ਹੈ ਤਾਂ ਕੁਝ ਅਗੇਤੀਆਂ ਤੇ ਕੁਝ ਪਿਛੇਤੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ, ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਜਯੋਤੀ, ਕੁਫ਼ਰੀ ਪੁਸ਼ਕਰ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ ਜਦੋਂ ਕਿ ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ।
ਹੁਣ ਪੁੱਟਿਆ ਜਾ ਰਿਹਾ ਆਲੂ ਵੀ ਬੀਜ ਲਈ ਵਰਤਿਆ ਜਾ ਸਕਦਾ ਹੈ ਪਰ ਇਸ ਦੀ ਨੀਂਦ ਤੋੜਨੀ ਚਾਹੀਦੀ ਹੈ। ਇਹ ਨੀਂਦ ਤੋੜਣ ਲਈ ਕੱਟੇ ਹੋਏ ਆਲੂਆਂ ਨੂੰ 1 ਫ਼ੀਸਦੀ (10 ਗ੍ਰਾਮ) ਥਾਇਉਯੂਰੀਆ ਅਤੇ ਇੱਕ ਮਿਲੀਗ੍ਰਾਮ ਗਿਬਰੈਲਿਕ ਏਸਿਡ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਬਣਾਏ ਘੋਲ ਵਿੱਚ ਇੱਕ ਘੰਟੇ ਲਈ ਡੁਬੋ ਕੇ ਰੱਖੋ। ਇਨ੍ਹਾਂ ਆਲੂਆਂ ਨੂੰ 24 ਘੰਟੇ ਛਾਂਵੇ ਖਿਲਾਰ ਕੇ ਸੁਕਾਇਆ ਜਾਵੇ। ਇੱਕ ਏਕੜ ਵਿੱਚ ਕੋਈ 15 ਕੁਇੰਟਲ ਬੀਜ ਪੈਂਦਾ ਹੈ। ਬਿਜਾਈ ਕਰਨ ਤੋਂ ਤੁਰੰਤ ਪਿੱਛੋਂ ਪਹਿਲਾ ਪਾਣੀ ਦੇ ਦੇਣਾ ਚਾਹੀਦਾ ਹੈ। ਪਾਣੀ ਹਲਕਾ ਦੇਣਾ ਚਾਹੀਦਾ ਹੈ। ਅਗੇਤੀਆਂ ਕਿਸਮਾਂ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੀਆਂ ਹਨ ਜਦੋਂਕਿ ਦੂਜੀਆਂ ਕਿਸਮਾਂ 10-15 ਦਿਨ ਵੱਧ ਲੈਂਦੀਆਂ ਹਨ।
ਆਲੂਆਂ ਵਾਂਗ ਪਿਆਜ਼ ਵੀ ਇੱਕ ਹੋਰ ਰੋਕੜੀ ਫ਼ਸਲ ਹੈ ਜਿਨ੍ਹਾਂ ਦੀ ਵਰਤੋਂ ਸਾਰੀਆਂ ਸਬਜ਼ੀਆਂ ਵਿੱਚ ਕੀਤੀ ਜਾਂਦੀ ਹੈ। ਪਿਆਜ਼ ਦਾ ਝਾੜ ਵੀ ਆਲੂਆਂ ਦੇ ਬਰਾਬਰ ਹੀ ਹੈ ਪਰ ਖ਼ਰਚਾ ਤੇ ਮਿਹਨਤ ਘੱਟ ਕਰਨੀ ਪੈਂਦੀ ਹੈ। ਪਿਆਜ਼ ਦੀ ਕੀਮਤ ਆਲੂਆਂ ਤੋਂ ਹਮੇਸ਼ਾ ਵੱਧ ਹੀ ਰਹਿੰਦੀ ਹੈ। ਜੇ ਪਨੀਰੀ ਤਿਆਰ ਹੈ ਤਾਂ ਇਸ ਨੂੰ ਪੁੱਟ ਕੇ ਹੁਣ ਖੇਤ ਵਿੱਚ ਲਗਾਇਆ ਜਾ ਸਕਦਾ ਹੈ।
ਪੰਜਾਬ ਵਿੱਚ ਕਾਸ਼ਤ ਲਈ ਪੀਆਰਓ-6, ਪੰਜਾਬ ਵਾਈਟ ਅਤੇ ਪੰਜਾਬ ਨਰੋਆ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇ ਆਪ ਪਨੀਰੀ ਤਿਆਰ ਨਹੀਂ ਕੀਤੀ ਤਾਂ ਕਿਸੇ ਭਰੋਸੇਯੋਗ ਵਸੀਲੇ ਤੋਂ ਢੁਕਵੀਂ ਉਮਰ ਦੀ ਅਤੇ ਸਿਫ਼ਾਰਸ਼ ਕੀਤੀ ਕਿਸਮ ਦੀ ਪਨੀਰੀ ਲੈਣੀ ਚਾਹੀਦੀ ਹੈ। ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਪਨੀਰੀ ਲਗਾਈ ਜਾਵੇ। ਪਨੀਰੀ ਲਗਾਉਣ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜੀ ਦੇ ਪ੍ਰਤੀ ਏਕੜ ਪਾਏ ਜਾਣ। ਨਦੀਨਾਂ ਦੀ ਰੋਕਥਾਮ ਲਈ ਜੇ ਗੋਡੀ ਸੰਭਵ ਨਾ ਹੋ ਸਕੇ ਤਾਂ ਨਦੀਨ ਨਾਸ਼ਕ ਸਟੋਂਪ 30 ਈਸੀ 750 ਮਿਲੀਲਿਟਰ 200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਇਹ ਛਿੜਕਾਅ ਪਨੀਰੀ ਲਗਾਉਣ ਤੋਂ ਇੱਕ ਹਫ਼ਤੇ ਦੇ ਅੰਦਰ ਕਰਨਾ ਜ਼ਰੂਰੀ ਹੈ।

ranjit1ਕਿਸਾਨਾਂ ਲਈ ਦਸੰਬਰ ਦੇ ਦੂਜੇ ਪੰਦਰਵਾੜੇ ਦੇ ਕੰਮ
* ਨਵੇਂ ਲਗਾਏ ਬੂਟਿਆਂ ਨੂੰ ਠੰਢ ਤੇ ਕੋਰੇ ਤੋਂ ਬਚਾਉਣਾ ਚਾਹੀਦਾ ਹੈ।
* ਪਤਝੜੀ ਬੂਟਿਆਂ ਦੀ ਕਾਂਟ-ਛਾਂਟ ਦਾ ਵੀ ਇਹ ਢੁਕਵਾਂ ਸਮਾਂ ਹੈ।
* ਪਸ਼ੂਆਂ ਨੂੰ ਦਿਨ ਸਮੇਂ ਧੁੱਪ ਵਿੱਚ ਬੰਨ੍ਹੋ ਅਤੇ ਰਾਤ ਨੂੰ ਅੰਦਰ ਬੰਨ੍ਹੋ।
* ਮੁਰਗੀਆਂ ਦੇ ਸ਼ੈਡਾਂ ਨੂੰ ਪੱਲੀਆਂ ਨਾਲ ਢਕ ਦੇਣਾ ਚਾਹੀਦਾ ਹੈ।
* ਪਿਆਜ਼ ਦੀ ਤਿਆਰ ਪਨੀਰੀ ਨੂੰ ਖੇਤਾਂ ਵਿੱਚ ਲਾਇਆ ਜਾ ਸਕਦਾ ਹੈ।


Comments Off on ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.