ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

‘ਤਫ਼ਤੀਸ਼’ ਨਾਵਲ ਦੀ ਅਣਖੀਲੀ ਪਾਤਰ – ਕਾਂਤਾ

Posted On December - 10 - 2016

ਮਿੱਤਰ ਸੈਨ ਮੀਤ
11012CD _TAFTEESH_3ਤਫ਼ਤੀਸ਼ ਨੂੰ ਪ੍ਰਕਾਸ਼ਿਤ ਹੋਇਆਂ 25 ਤੋਂ ਵੱਧ ਸਾਲ ਹੋ ਗਏ ਹਨ। ਪਹਿਲੇ ਸਾਲ ਤੋਂ ਸ਼ੁਰੂ ਹੋਈ ਚਰਚਾ ਹੁਣ ਤੱਕ ਜਾਰੀ ਹੈ। ਪਹਿਲੀ ਪੀੜ੍ਹੀ ਦੇ ਚਿੰਤਕ ਪ੍ਰੋ. ਅਤਰ ਸਿੰਘ ਤੋਂ ਲੈ ਕੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਡਾ. ਰਮਿੰਦਰ ਤੱਕ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸਦੀ ਛਾਣਬੀਣ ਕੀਤੀ ਹੈ। ਹੁਣ ਤੱਕ ਚਾਰ ਪੀਐਚ.ਡੀ ਅਤੇ ਕੁਝ ਐਮ.ਫਿਲ ਦੀਆਂ ਡਿਗਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਖੋਜ ਕਾਰਜਾਂ ਨੇ ਵੀ ਨਾਵਲ ਦੇ ਕੁਝ ਛੁਪੇ ਪੱਖ ਸਾਹਮਣੇ ਲਿਆਂਦੇ ਹਨ।
ਪਰ ਬਹੁਤੀ ਚਰਚਾ ਨਾਵਲ ਦੇ ਕਲਾਤਮਿਕ ਪੱਖਾਂ ਜਾਂ ਪੁਲੀਸ ਸੱਭਿਆਚਾਰ ਦੀ ਯਥਾਰਥਕ ਪੇਸ਼ਕਾਰੀ ’ਤੇ ਹੋਈ ਹੈ।
ਭਰਪੂਰ ਚਰਚਾ ਦੇ ਬਾਵਜੂਦ ਮੈਨੂੰ ਲਗਦਾ ਹੈ ਕਿ ਚੇਤੰਨ ਤੌਰ ’ਤੇ ਨਾਵਲ ਵਿਚ ਪੇਸ਼ ਕੀਤੇ ਸਮਾਜ ਦੇ ਕਈ ਹੋਰ ਮਹੱਤਵਪੂਰਨ ਸਰੋਕਾਰ ਅਤੇ ਵੱਖ-ਵੱਖ ਵਰਗਾਂ ਦੀ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਬਹੁਤ ਸਾਰੇ ਪਾਤਰ ਪੁਲੀਸ ਦੀ ਭੀੜ ਵਿਚ ਗੁਆਚ ਕੇ ਰਹਿ ਗਏ ਹਨ। ਉਨ੍ਹਾਂ ਵਿਚੋਂ ਇੱਕ ਹੈ ਪੀੜਤ ਨਾਰੀ ਵਰਗ ਦੀ ਪ੍ਰਤੀਨਿਧਤਾ ਕਰਦੀ ਤਫ਼ਤੀਸ਼ ਨਾਵਲ ਦੀ ਪਾਤਰ ਕਾਂਤਾ (ਕਾਂਡ 22)। ਸੁਘੜ ਸਿਆਣੀ ਅਤੇ ਸੁਚੇਤ ਸੁਆਣੀ -ਕਾਂਤਾ। ਕਾਂਤਾ, ਤਫ਼ਤੀਸ਼ ਨਾਵਲ ਦੇ ਕੇਂਦਰੀ ਪਾਤਰ ਬੰਟੀ ਦੀ ਮਾਂ ਹੈ। ਉਹ ਦਸਵੀਂ ਪਾਸ, ਕਰੀਬ 32 ਸਾਲ ਦੀ ਉਮਰ ਅਤੇ ਛੋਟੇ ਸ਼ਹਿਰ ਵਿਚ ਰਹਿਣ ਵਾਲੀ ਇਕ ਆਮ ਸੁਆਣੀ ਹੈ। ਨਿਮਨ ਮੱਧ-ਵਰਗੀ ਪਰਿਵਾਰ ਦੀ ਨੂੰਹ ਹੈ। ਕਾਂਤਾ ਦਾ ਸਹੁਰਾ ਪਰਿਵਾਰ ਧਾਰਮਿਕ ਬਿਰਤੀ ਵਾਲਾ ਅਤੇ ਸੰਸਕਾਰੀ ਹੈ। ਤਿੰਨ ਪੀੜ੍ਹੀਆਂ ਤੋਂ ਕੁਦਰਤੀ ਕਰੋਪੀਆਂ ਕਾਰਨ ਦੁੱਖ ਭੋਗ ਰਿਹਾ ਹੈ। ਬਜ਼ੁਰਗਾਂ ਦਾ ਵਿਚਾਰ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਜਨਮ-ਜਨਮਾਤਰਾਂ ਦਾ ਹੈ। ਇਸ ਸੰਸਕਾਰ ਤੇ ਫੁੱਲ ਚੜ੍ਹਾਉਂਦੇ ਹੋਏ ਕਾਂਤਾ ਦੇ ਸਹੁਰੇ ਦੀ ਮਾਂ ਭਰ ਜਵਾਨੀ ਵਿਚ ਵਿਧਵਾ ਹੋ ਕੇ ਬੁਢਾਪੇ ਤੱਕ ਰੰਡੇਪਾ ਭੋਗਦੀ ਹੈ। ਲਾਲਾ ਜੀ ਦੀ ਪਤਨੀ ਵੀ ਜਵਾਨੀ ਵਿਚ ਹੀ ਉਸ ਦਾ ਸਾਥ ਛੱਡ ਗਈ ਸੀ। ਪੁੱਤ ਦੇ ਪਾਲਣ-ਪੋਸ਼ਣ ਨੂੰ ਪਹਿਲ ਦਿੰਦੇ ਹੋਏ, ਦੁਬਾਰਾ ਵਿਆਹ ਕਰਾਉਣ ਦੀ ਥਾਂ ਉਸ ਨੇ ਇਕੱਲੇ ਰਹਿਣ ਦਾ ਫੈਸਲਾ ਕੀਤਾ। ਉਸੇ ਤ੍ਰਾਸਦੀ ਦਾ ਹੁਣ ਕਾਂਤਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਸਾਲ ਪਹਿਲਾਂ ਪਤੀ ਦੇ ਸੜਕ ਹਾਦਸੇ ਵਿਚ ਮਰਨ ਕਾਰਨ ਉਸ ਉੱਪਰ  ਦੁੱਖਾਂ ਦਾ ਪਹਾੜ ਟੁੱਟਾ ਹੋਇਆ ਹੈ। ਪਰ ਕਾਂਤਾ ਦੀ ਸੋਚ ਸਹੁਰੇ ਅਤੇ ਸਹੁਰੇ ਦੀ ਮਾਂ ਨਾਲੋਂ ਵੱਖ ਹੈ। ਉਹ ‘ਮਰਿਆਂ ਨਾਲ ਮੋਹ’ ਰੱਖਣ ਅਤੇ ‘ਉਮਰ ਭਰ ਇਕੱਲੀ ਰਹਿਣ ਦੇ ਹੱਕ ਵਿਚ ਨਹੀਂ ਹੈ। ਉਹ ਦੁਬਾਰਾ ਵਿਆਹ ਕਰਵਾ ਕੇ ਨਵੇਂ ਸਿਰਿਓਂ ਜ਼ਿੰਦਗੀ ਜਿਊਣ ਦੇ ਹੱਕ ਵਿਚ ਹੈ। ਬਲਦੇਵ ਦੀ ਮੌਤ ਤੋਂ ਬਾਅਦ ਉਹ ਵਿਆਹ ਕਰਾਉਣਾ ਚਾਹੁੰਦੀ ਹੈ। ਪਰ ਤਿੰਨ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਉਹ ਕੁਝ ਦੇਰ ਲਈ ਫੈਸਲਾ ਟਾਲ ਦਿੰਦੀ ਹੈ। ਬੰਟੀ ਦੀ ਮੌਤ ਬਾਅਦ ਉਸ ਨੂੰ ਆਪਣੀ ਅਤੇ ਬੱਚੀਆਂ ਦੀ ਸੁਰੱਖਿਆ ਲਈ ਦੂਜਾ ਵਿਆਹ ਕਰਾਉਣਾ ਜ਼ਰੂਰੀ ਜਾਪਣ ਲੱਗ ਪੈਂਦਾ ਹੈ। ਆਪਣੇ ਨਾਲੋਂ ਵੱਧ ਫਿਕਰ ਉਸਨੂੰ ਬੇਟੀਆਂ ਦਾ ਹੈ। ਉਹ ‘ਹਰ ਤਰ੍ਹਾਂ ਦੀ ਕੁਰਬਾਨੀ’ ਦੇ ਕੇ ਅਜਿਹਾ ਸਾਥੀ ਲੱਭਣ ਦਾ ਵਿਚਾਰ ਰਖਦੀ ਹੈ ਜੋ ਉਸ ਦੀਆਂ ਧੀਆਂ ਨੂੰ ‘ਪਿਓ ਦਾ ਪਿਆਰ ਦੇਣ ਲਈ ਤਿਆਰ ਹੋਵੇ’। ਇਹ ਫੈਸਲਾ ਕਾਂਤਾ ਦੇ ਆਧੁਨਿਕ ਸੋਚ ਦੀ ਧਾਰਨੀ ਹੋਣ ਦਾ ਸੂਚਕ ਹੈ।
ਕਾਂਤਾ ਮਰਦ ਪ੍ਰਧਾਨ ਪਰਿਵਾਰ ਵਿਚ ਵਿਸ਼ਵਾਸ ਰੱਖਣ ਵਾਲੇ ਟੱਬਰ ਦਾ ਅੰਗ ਹੈ। ਵਡੇਰਿਆਂ ਦਾ ਵਿਸ਼ਵਾਸ ਹੈ ਕਿ ਕੁਲ ਅਤੇ ਗੋਤ ਨੂੰ ਅੱਗੇ ਤੋਰਨ ਲਈ ਘਰ ਵਿਚ ਮਰਦ ਵਾਰਿਸ ਦਾ ਹੋਣਾ ਜ਼ਰੂਰੀ ਹੈ। ਕਾਂਤਾ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਘੱਟੋ-ਘੱਟ ਇੱਕ ਪੁੱਤਰ ਨੂੰ ਜਨਮ ਜ਼ਰੂਰ ਦੇਵੇ। ਕਾਂਤਾ ਦੇ ਜਦੋਂ ਪਹਿਲੀ ਲੜਕੀ ਪੈਦਾ ਹੁੰਦੀ ਹੈ ਤਾਂ ਘਰ ਵਿਚ ਨਿਰਾਸ਼ਾ ਛਾਉਂਦੀ ਹੈ। ਪਰ ਕਾਂਤਾ ਨੂੰ ਕੋਈ ਗ਼ਮ ਨਹੀਂ। ਉਲਟਾ ਉਹ ਖੁਸ਼ੀ ਮਨਾਉਂਦੀ ਹੈ। ਦੂਜੀ ਬੇਟੀ ਦੇ ਪੇਟ ਵਿਚ ਆਉਣ ’ਤੇ ਪਤੀ ਵਲੋਂ ਭਰੂਣ ਦੇ ਸੈਕਸ ਦੇ ਟੈਸਟ ਲਈ ਜ਼ਿੱਦ ਕੀਤੀ ਜਾਂਦੀ ਹੈ। ਕਾਂਤਾ ਭਰੂਣ ਹੱਤਿਆ ਦੇ ਵਿਰੁੱਧ ਹੈ। ਉਹ ਬੇਟੀਆਂ ਨੂੰ ਬੇਟਿਆਂ ਬਰਾਬਰ ਸਮਝਦੀ ਹੈ। ਪੁੱਤਰ ਦੀ ਘਾਟ ਕਿਸੇ ਮੁੰਡੇ ਨੂੰ ਗੋਦ ਲੈ ਕੇ ਜਾਂ ਜਵਾਈ ਨੂੰ ਘਰ ਰੱਖ ਕੇ ਪੂਰੀ ਕਰਨ ਦੇ ਹੱਕ ਵਿੱਚ ਹੈ। ਉਹ ਆਪਣੇ ਵਿਚਾਰ ਨੂੰ ਅਮਲੀ ਰੂਪ ਦੇਣ ਵਿਚ ਕਾਮਯਾਬ ਵੀ ਹੁੰਦੀ ਹੈ। ਭਰੂਣ ਦੇ ਸੈਕਸ ਦਾ ਟੈਸਟ ਨਹੀਂ ਕਰਾਉਣ ਦਿੰਦੀ। ਤੀਜੇ ਬੱਚੇ ਦੇ ਪੇਟ ਵਿਚ ਆਉਣ ’ਤੇ  ਪਰਿਵਾਰ ਨੂੰ ਸੀਮਤ ਰੱਖਣ ਲਈ ਕਾਂਤਾ ਖੁਦ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਉਹ ਗਰਭਪਾਤ ਕਰਵਾਉਣਾ ਚਾਹੁੰਦੀ ਹੈ। ਪਰ ਪਰਿਵਾਰ ਭਰੂਣ ਦਾ ਸੈਕਸ ਟੈਸਟ ਕਰਵਾ ਕੇ, ਭਰੂਣ ਦੇ ਮੁੰਡਾ ਹੋਣ ਦੀ ਸਥਿਤੀ ਵਿਚ, ਬੱਚੇ ਨੂੰ ਜਨਮ ਦਿਵਾਉਣਾ ਚਾਹੁੰਦਾ ਹੈ। ਇੱਕ ਸੁਘੜ ਔਰਤ ਦਾ ਸਬੂਤ ਦਿੰਦੇ ਹੋਏ ਇਸ ਵਾਰ ਕਾਂਤਾ ਆਪਣੇ ਵਿਚਾਰਾਂ ਨੂੰ ਪਰਿਵਾਰ ’ਤੇ ਨਹੀਂ ਠੋਸਦੀ। ਪਰਿਵਾਰ ਵਿੱਚ ਤਰੇੜ ਨਾ ਪਵੇ, ਇਸ ਲਈ ਸਥਿਤੀਆਂ ਅਨੁਸਾਰ ਢਲ ਕੇ, ਨਾ ਚਾਹੁੰਦੇ ਹੋਏ ਵੀ ਭਰੂਣ ਦੇ ਸੈਕਸ ਦੇ ਟੈਸਟ ਲਈ ਸਹਿਮਤੀ ਪ੍ਰਗਟਾ ਦਿੰਦੀ ਹੈ। ਕੁਦਰਤ ਉਸ ਦਾ ਸਾਥ ਦਿੰਦੀ ਹੈ।  ਮੁੰਡੇ ਬੰਟੀ ਦੇ ਰੂਪ ਵਿਚ ਤੀਜੇ ਬੱਚੇ ਨੂੰ ਜਨਮ ਦਿੰਦੀ ਹੈ। ਸੀਮਤ ਪਰਿਵਾਰ ਅਤੇ ਧੀਆਂ ਪ੍ਰਤੀ ਉਸ ਦੀ ਸੋਚ ਉਸ ਨੂੰ ਸਮੇਂ ਦੇ ਹਾਣ ਦੀ ਸੋਚ ਰੱਖਣ ਵਾਲੀਆਂ ਇਸਤਰੀਆਂ ਵਿਚ ਲਿਆ ਖੜ੍ਹਾਉਂਦੀ ਹੈ। ਕਾਂਤਾ ਦਾ ਪਤੀ ਬਲਦੇਵ ਬੈਂਕ ਵਿਚ ਮੁਲਾਜ਼ਮ ਸੀ। ਉਸ ਦੀ ਮੌਤ ਤੋਂ ਬਾਅਦ ਕਾਂਤਾ ਨੂੰ ਉਸ ਦੀ ਥਾਂ ਨੌਕਰੀ ਮਿਲ ਸਕਦੀ ਸੀ। ਪਰ ਰੂੜੀਵਾਦੀ ਸਹੁਰੇ ਨੂੰ ਕਾਂਤਾ ਦਾ ‘ਮਰਦਾਂ ‘ਚ ਬੈਠ ਕੇ ਹੀਂ-ਹੀਂ ਕਰਨਾ’ ਪਸੰਦ ਨਹੀਂ ਸੀ। ਉਸ ਨੇ ਕਾਂਤਾ ਦੇ ਨੌਕਰੀ ਕਰਨ ’ਤੇ ਇਤਰਾਜ਼ ਕੀਤਾ। ਅਚਾਨਕ ਆਈ ਮੁਸੀਬਤ ਕਾਰਨ ਕਾਂਤਾ ਖੁਦ ਪੂਰੀ ਤਰ੍ਹਾਂ ਅੰਦਰੋਂ ਟੁੱਟੀ ਹੋਈ ਸੀ। ਜੇ ਤਿੰਨ ਬੱਚਿਆਂ ਦੀ ਮਾਂ ਨਾ ਹੁੰਦੀ ਤਾਂ ਸ਼ਾਇਦ ਉਹ ‘ਸੰਨਿਆਸ’ ਤੱਕ ਲੈ ਲੈਂਦੀ। ਸੁਘੜ ਕਾਂਤਾ ਸਹੁਰੇ ਨਾਲ ਸਹਿਮਤ ਹੋ ਗਈ। ਬਦਲੀਆਂ ਪ੍ਸਥਿਤੀਆਂ ਵਿਚ ਜਿਉਂ ਹੀ ਜ਼ਿੰਦਗੀ ਜਿਊਣੀ ਮੁਸ਼ਕਲ ਹੋਈ, ਉਸ ਨੇ ਆਪਣਾ ਪਹਿਲਾ ਵਿਚਾਰ ਬਦਲ ਲਿਆ।  ਨੌਕਰੀ ਕਰਨ ਦਾ ਮਨ ਬਣਾ ਲਿਆ। ਚੋਰੀ-ਛੁਪੇ ਉਹ ਰੁਜ਼ਗਾਰ ਦਫ਼ਤਰ ਵਿਚ ਆਪਣਾ ਨਾਂ ਵੀ ਦਰਜ ਕਰਵਾ ਆਈ। ਲੋੜ ਪੈਣ ’ਤੇ ਸਹੁਰੇ ਦਾ ਵਿਰੋਧ ਕਰਨ ਦਾ ਮਨ ਵੀ ਬਣਾ ਲਿਆ। ਕਿਸੇ ਨਿਜੀ ਸਵਾਰਥ ਲਈ ਨਹੀਂ। ਸਗੋਂ ਪਰਿਵਾਰ ਦੀ ਭਲਾਈ ਲਈ। ਬੰਟੀ ਦੀ ਮੌਤ ਬਾਅਦ ਜਦੋਂ ਸਰਕਾਰ ਵੱਲੋਂ ਉਸ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਹੋਈ ਤਾਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾ ਕੇ ਮੁੱਖ ਮੰਤਰੀ ਤੋਂ ਨਿਯੁਕਤੀ ਪੱਤਰ ਲੈ ਲੈਦੀਂ ਹੈ। ਪਤਾ ਹੈ ਜੇ ਹੁਣ ਉਚਿਤ ਰੁਜ਼ਗਾਰ ਦਾ ਪ੍ਰਬੰਧ ਨਾ ਹੋਇਆ ਤਾਂ ਉਸ ਦਾ ਤੇ ਉਸ ਦੀਆਂ ਧੀਆਂ ਦੇ  ਭਵਿੱਖ ਨੂੰ ਧੁੰਦਲਾ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਇਹ ਉਸ ਦੇ ਸਿਆਣੀ ਹੋਣ ਦਾ ਇੱਕ ਹੋਰ ਪ੍ਰਮਾਣ ਹੈ।
ਕਾਂਤਾ ਵਿਚ ਪ੍ਰਤੀਕੂਲ ਪ੍ਰਸਥਿਤੀਆਂ ਵਿਰੁੱਧ ਬਵਾਗਤ ਕਰਨ ਦਾ ਮਾਦਾ ਹੈ। ਬੰਟੀ ਬਿਸਕੁਟਾਂ ਦਾ ਸ਼ੌਕੀਨ ਸੀ। ਅਗਵਾ ਹੋਣ ਵਾਲੇ ਦਿਨ ਉਸ ਨੂੰ ਬਿਸਕੁਟ ਨਸੀਬ ਨਹੀਂ ਸਨ ਹੋਏ। ਮੰਗ ਪੂਰੀ ਨਾ ਹੋਣ ਕਾਰਨ ਉਸ ਨੂੰ ਰੋਣਾ-ਧੋਣਾ ਅਤੇ ਮਾਂ ਦੀਆਂ ਝਿੜਕਾਂ ਖਾਣੀਆਂ ਪਈਆਂ ਸਨ। ਬੰਟੀ ਦੇ ਮਰਨ ਤੇ ਮਮਤਾ ਅਤੇ ਭਾਵੁਕਤਾ ਵਸ ਕਾਂਤਾ ਨੇ ਫੈਸਲਾ ਕੀਤਾ ਸੀ ਕਿ ਅੱਗੋਂ ਤੋਂ ਇਸ ਘਰ ਵਿਚ ਬਿਸਕੁਟ ਨਹੀਂ ਆਉਣਗੇ। ਮੁੱਖ ਮੰਤਰੀ ਦੇ ਸਵਾਗਤ ਦੀਆਂ ਤਿਆਰੀਆਂ ਸਮੇਂ ਘਰ ਵਿਚ ਆਏ ਬਿਸਕੁਟਾਂ ਨੂੰ ਦੇਖ ਕੇ ਉਹ ਤਹਿਸ਼ ਵਿਚ ਆ ਜਾਂਦੀ ਹੈ। ਉਸ ਨੂੰ ਲਗਦਾ ਹੈ ਜਿਵੇਂ ਉਹ ‘ਅਣਚਾਹੀ ਚੀਜ਼ ਬਣ ਗਈ ਹੈ ਅਤੇ ਹੁਣ ਉਸ ਦੀ ਇਸ ਘਰ ਵਿਚ ‘ਕੋਈ ਗੱਲ ਮੰਨੀ ਨਹੀਂ ਜਾਇਆ ਕਰੇਗੀ’। ਉਸ ਅੰਦਰਲਾ ਵਿਦਰੋਹ ਪ੍ਰਚੰਡ ਰੂਪ ਧਾਰਨ ਕਰਦਾ ਹੈ। ਵਿਰੋਧ ਪ੍ਰਗਟ ਕਰਨ ਲਈ ਉਹ ਬੱਚੀਆਂ ਦੇ ਹੱਥਾਂ ਵਿਚ ਫੜੇ ਬਿਸਕੁਟਾਂ ਨੂੰ ‘ਗਿਰਝ ਵਾਂਗ ਝਪਟ’ ਕੇ ਨਾਲੀ ਵਿਚ ਸੁੱਟ ਦਿੰਦੀ ਹੈ। ਲੋੜ ਪੈਣ ’ਤੇ ਆਪਣੇ ਵਿਦਰੋਹੀ ਸੁਭਾਅ ਦਾ ਪ੍ਰਗਟਾਵਾ ਕਰਨ ਤੋਂ ਉਹ ਨਹੀਂ ਝਿਜਕਦੀ।
ਕਾਂਤਾ ਚੇਤਨ ਅਤੇ ਆਲੇ-ਦੁਆਲੇ ਦੀ ਰਾਜਨੀਤਕ ਸਥਿਤੀ ਤੋਂ ਸੁਚੇਤ ਹੈ। ਉਸ ਦੀ ਧਾਰਨਾ ਹੈ ਕਿ ਪ੍ਰਾਂਤ ਵਿਚ ਫੈਲੀ ਅਰਾਜਕਤਾ ਲਈ ਸਿਆਸੀ ਧਿਰਾਂ ਅਤੇ ਸਰਕਾਰ ਦੀ ਪ੍ਰਤੀਨਿਧਤਾ ਕਰਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ। ਬੰਟੀ ਦੇ ਕਤਲ ਦਾ ਕਾਰਨ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਹਨ। ਇਸ ਲਈ  ਉਹ ਚਾਹੁੰਦੀ ਹੈ ਕਿ ‘ਮੁੱਖ ਮੰਤਰੀ ਦੇ ਮਨਹੂਸ ਪੈਰ ਘਰ ਵਿਚ ਪੈਣ ਨਾ’। ਆਪਣੇ ਮਨ ਦੀ ਭੜਾਸ ਉਹ ਆਪਣੇ ਸਹੁਰੇ ਅੱਗੇ ਕੱਢ ਵੀ ਦਿੰਦੀ ਹੈ। ਪਰ ਸੁਘੜਤਾ ਦਾ ਸਬੂਤ ਦਿੰਦੇ ਹੋਏ, ਆਪਣੇ ਸਹੁਰੇ ਦੀ ਬੇਵਸੀ ਅੱਗੇ ਹਥਿਆਰ ਸੁੱਟ ਦਿੰਦੀ ਹੈ ਅਤੇ ਮੁੱਖ ਮੰਤਰੀ ਨੂੰ ਘਰ ਬੁਲਾਉਣ ’ਤੇ ਰਾਜ਼ੀ ਹੋ ਜਾਂਦੀ ਹੈ।
ਮੁੱਖ ਮੰਤਰੀ ਦੀ ਆਮਦ ’ਤੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ ਉਸ ’ਤੇ ਕਾਂਤਾ ਨੂੰ ਸਖਤ ਵਿਰੋਧ ਹੈ। ਬੰਟੀ ਦੇ ਅਗਵਾ ਹੋਣ ਦੇ ਦਿਨ ਤੋਂ ਹੀ ਉਸ ਨੇ ਖਾਣਾ-ਪੀਣਾ ਅਤੇ ਪਹਿਨਣਾ-ਪਚਰਨਾ ਛੱਡ ਦਿੱਤਾ ਸੀ। ਉਸ ਦੀ ਸ਼ਕਲ-ਸੂਰਤ ਭੂਤਨੀਆਂ ਵਰਗੀ ਬਣੀ ਹੋਈ ਸੀ। ਮੁੱਖ ਮੰਤਰੀ ਦੇ ਸਵਾਗਤ ਦਾ ਵਿਰੋਧ ਕਰਨ ਲਈ ਰੋਸ ਵਜੋਂ ਉਹ ਖੇਸ ਤਾਣ ਕੇ ਪੈ ਜਾਂਦੀ ਹੈ। ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਨਾ ਆਪਣੇ ਵਾਲਾਂ ਨੂੰ ਕੰਘੀ ਕਰਦੀ ਹੈ ਅਤੇ ਨਾ ਹੀ ਕੱਪੜੇ ਬਦਲਦੀ ਹੈ। ਯੁਵਾ ਸੰਘ ਦਾ ਕਾਰਕੁਨ ਦਰਸ਼ਨ ਜਦੋਂ ਉਸ ਨੂੰ ਤਿਆਰ ਹੋਣ ਲਈ ਕਹਿੰਦਾ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ। ‘ਤਿਆਰ ਹੋਣ ਨੂੰ ਮੈਂ ਮੁਕਲਾਵੇ ਜਾਣੈ?’ ਕਹਿ ਕੇ ਉਹ ਆਪਣੇ ਮਨ ਦੀ ਵੇਦਨਾ ਅਤੇ ਗੁੱਸਾ ਪ੍ਰਗਟ ਕਰਦੀ ਹੈ। ਪਰ ਸਹੁਰੇ ਦੇ ਮਿੰਨਤ-ਤਰਲਾ ਕਰਨ ’ਤੇ ਉਸ ਦੀ ਇੱਜ਼ਤ ਬਚਾਉਣ ਲਈ, ਇਕ ਸਿਆਣੀ ਔਰਤ ਵਾਂਗ ਉਹ ਆਪਣੇ ਫੈਸਲੇ ਨੂੰ ਬਦਲ ਦਿੰਦੀ ਹੈ। ਮਨ ’ਤੇ ਪੱਥਰ ਰੱਖ ਕੇ ਮੁੱਖ ਮੰਤਰੀ ਨੂੰ ਮਿਲਣ ਚਲੀ ਜਾਂਦੀ ਹੈ।
ਮੁੱਖ ਮੰਤਰੀ ਪ੍ਰਤੀ ਉਸ ਦਾ ਗੁੱਸਾ ਠੰਢਾ ਨਹੀਂ ਹੁੰਦਾ। ਮੁੱਖ ਮੰਤਰੀ ਦੇ ਨੇੜੇ ਬੈਠਣ ਜਾਂ ਉਸ ਨਾਲ ਫੋਟੋਆਂ ਖਿਚਾਉਣ ਤੋਂ ਉਸ ਨੂੰ ਚਿੜ ਹੈ। ਉਹ ਸਿਰ ਸੁੱਟੀ ਬੈਠੀ ਰਹਿੰਦੀ ਹੈ। ਕਾਂਤਾ ਅਣਖੀਲੀ ਔਰਤ ਹੈ। ਉਹ ਆਪਣੇ ਬੱਚੇ ਦੀ ਮੌਤ ਦਾ ਮੁੱਲ ਨਹੀਂ ਵੱਟਣਾ ਚਾਹੁੰਦੀ। ਜਦੋਂ ਮੁੱਖ ਮੰਤਰੀ ਇਕ ਵੱਡੀ ਰਕਮ ਦਾ ਚੈੱਕ ਉਸ ਨੂੰ ਭੇਟ ਕਰਨ ਲਗਦਾ ਹੈ ਤਾਂ ਉਹ ‘ਬੰਟੀ ਦੀ ਜਾਨ ਦੀ ਕੀਮਤ ਲੈਣ ਲਈ ਤਿਆਰ ਨਹੀਂ’ ਹੁੰਦੀ। ਉਹ ਚੈੱਕ ਲਈ ‘ਹੱਥ ਫੈਲਾਉਣੋਂ ਨਾਂਹ’ ਕਰ ਦਿੰਦੀ ਹੈ। ਉਸ ਦਾ ਇਹ ਵਿਦਰੋਹ ਰੰਗ ਦਿਖਾਉਂਦਾ ਹੈ। ਘਬਰਾਇਆ ਮੁੱਖ ਮੰਤਰੀ ਕਾਂਤਾ ਨੂੰ ਨੌਕਰੀ ਦੇਣ ਦੀ ਅਗਲੀ ਪੇਸ਼ਕਸ਼ ਕਰਨ ਤੋਂ ਝਿਜਕਦਾ ਹੈ। ਕਾਂਤਾ ਬੁੱਧੂ ਨਹੀਂ ਹੈ। ਉਸਨੂੰ ਯਥਾਰਥਕ ਆਰਥਿਕ ਪ੍ਰਸਥਿਤੀਆਂ ਦੀ ਸੂਝ ਹੈ। ਹਰ ਗੱਲ ’ਤੇ ਵਿਰੋਧ ਕਰਨ ਦੀ ਥਾਂ ਉਹ ਆਪਣੇ ਭਵਿੱਖ ਨੂੰ ਆਰਥਿਕ ਤੌਰ ’ਤੇ ਸੁਰੱਖਿਅਤ ਕਰਨ ਲਈ ਨੌਕਰੀ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਂਦੀ ਹੈ।  ਪਤਾ ਹੈ ਨੌਕਰੀ ਲੈਣਾ ਕੋਈ ਖੈਰਾਤ ਲੈਣਾ ਨਹੀਂ ਹੈ। ਮਿਹਨਤ ਕਰਕੇ ਖਾਣਾ ਕਿਸੇ ਦੇ ਅਹਿਸਾਨ ਥੱਲੇ ਦਬਣਾ ਨਹੀਂ ਹੈ। ਸਿਆਣਪ ਦਾ ਸਬੂਤ ਦਿੰਦੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਦੀ ਹੈ। ਆਪਣੀ ਲੋੜ ਪੂਰੀ ਕਰ ਲੈਂਦੀ ਹੈ ਅਤੇ ਸਹੁਰੇ ਨੂੰ ਬੇਵਜ੍ਹਾ ਬੇਇੱਜ਼ਤ ਹੋਣ ਤੋਂ ਵੀ ਬਚਾ ਲੈਂਦੀ ਹੈ। ਇਹ ਹੈ ਸਾਡੀ ਸੁਘੜ ਸਿਆਣੀ ਅਤੇ ਸੁਚੇਤ ਸੁਆਣੀ – ਕਾਂਤਾ।
Mittar Sen Meetਪ੍ਰਸ਼ਨ ਉੱਠਦਾ ਹੈ ਕਿ ਮਰਿਆਦਾਵਾਂ ਵਿਚ ਰਹਿ ਕੇ, ਪਰਿਵਾਰ ਨੂੰ ਇਕਜੁੱਟ ਰੱਖਦੇ ਹੋਏ, ਇਸਤਰੀ ਦੀ ਆਾਜ਼ਾਦੀ ਲਈ ਸੰਘਰਸ਼ਸ਼ੀਲ ਅਤੇ ਲੋੜ ਪੈਣ ’ਤੇ ਸ਼ਕਤੀਸ਼ਾਲੀ ਸੱਤਾ ਵਿਰੁਧ ਵਿਦਰੋਹ ਕਰਨ ਤੋਂ ਵੀ ਨਾ ਝਿਜਕਣ ਵਾਲੀ, ਨਾਰੀ ਚੇਤਨਾ ਦੀ ਪ੍ਰਤੀਕ, ਨਾਵਲ ਦੀ ਇਸ ਅਣਖੀਲੀ ਪਾਤਰ ਕਾਂਤਾ ਵੱਲ ਪਾਠਕਾਂ, ਚਿੰਤਕਾਂ ਖਾਸ ਕਰ ਨਾਰੀ ਚੇਤਨਾ ਅਤੇ ਨਾਰੀ ਦੇ ਸਸ਼ਕਤੀਕਰਣ ਦੀ ਵਕਾਲਤ ਕਰਨ ਵਾਲੀਆਂ ਧਿਰਾਂ ਦਾ ਧਿਆਨ ਕਿਉਂ ਨਹੀਂ ਗਿਆ? ਸਾਹਿਤਕ ਜਗਤ ਵਿਚ ਬਣਦਾ ਸਥਾਨ ਉਸ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ?
ਸੰਪਰਕ: 98556-3177


Comments Off on ‘ਤਫ਼ਤੀਸ਼’ ਨਾਵਲ ਦੀ ਅਣਖੀਲੀ ਪਾਤਰ – ਕਾਂਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.