ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਦਸਮੇਸ਼ ਪਿਤਾ ਅਤੇ ਆਪੇ ਗੁਰ ਚੇਲਾ ਦਾ ਸੰਕਲਪ

Posted On December - 27 - 2016

ਸ਼ਮਸ਼ੇਰ ਸਿੰਘ ਸੋਹੀ

12712cd _Guru Gobind Singh Ji 25ਮਹਾਨ ਕਵੀ, ਸੰਤ ਸਿਪਾਹੀ, ਸਰਬੰਸਦਾਨੀ, ਬਹਾਦਰ ਜਰਨੈਲ ਅਤੇ ਖ਼ਾਲਸਾ ਪੰਥ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿੱਚ ਹੋਇਆ। ਗੁਰੂ ਜੀ ਦੇ ਪ੍ਰਕਾਸ਼ ਸਮੇਂ ਸਾਰੇ ਪਟਨਾ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ ਤੇ ਪਿਤਾ ਗੁਰੂ ਤੇਗ਼ ਬਹਾਦਰ ਜੀ, ਜੋ ਕਿ ਉਸ ਸਮੇਂ ਧਰਮ ਪ੍ਰਚਾਰ ਹਿੱਤ ਅਸਾਮ ਦੇ ਦੌਰੇ ਉੱਤੇ ਸਨ, ਨੂੰ ਵਧਾਈ ਭੇਜੀ ਗਈ।
ਗੁਰੂ ਜੀ ਦਾ ਬਚਪਨ ਪਟਨਾ ਵਿੱਚ ਹੀ ਬੀਤਿਆ। ਗੁਰੂ ਜੀ ਨੇ ਬਚਪਨ ਵਿੱਚ ਸ਼ਸਤਰ ਵਿੱਦਿਆ ਦੇ ਨਾਲ ਨਾਲ ਹਿੰਦੀ, ਫ਼ਾਰਸੀ, ਬ੍ਰਜ, ਉਰਦੂ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਵੀ ਨਿਪੁੰਨਤਾ ਹਾਸਲ ਕੀਤੀ। ਠਸਕੇ ਦੇ ਰਹਿਣ ਵਾਲੇ ਸੱਯਦ ਭੀਖਣ ਸ਼ਾਹ ਨੂੰ ਜਦੋਂ ਗੁਰੂ ਜੀ ਦੇ ਪਟਨਾ ਸਾਹਿਬ ਵਿੱਚ ਪ੍ਰਕਾਸ਼ ਹੋਣ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਦੋ ਮੁਰੀਦਾਂ ਨੂੰ ਨਾਲ ਲੈ ਕੇ ਪਟਨਾ ਪਹੁੰਚ ਗਿਆ। ਉਸ ਸਮੇਂ ਗੁਰੂ ਜੀ ਨੇ ਭੀਖਣ ਸ਼ਾਹ ਦੁਆਰਾ ਲਿਆਂਦੀਆਂ ਦੋ ਕੁੱਜੀਆਂ ਉਤੇ ਆਪਣੇ ਹੱਥ ਧਰਦਿਆਂ ਇਸ ਗੱਲ ਦਾ ਪ੍ਰਮਾਣ ਦਿੱਤਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ।
ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਦੂਜੇ ਧਰਮ ਨੂੰ ਬਚਾਉਣ ਲਈ ਦਿੱਲੀ ਵਿੱਚ ਦਿੱਤੀ ਸ਼ਹਾਦਤ ਤੋਂ ਬਾਅਦ ਬਾਲਕ ਗੋਬਿੰਦ ਰਾਏ ਨੇ ਗੁਰਗੱਦੀ ਸੰਭਾਲ ਲਈ। 1699 ਦੀ ਵਿਸਾਖੀ ਦੇ ਸ਼ੁੱਭ ਦਿਹਾੜੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਸ਼ਮਸ਼ੀਰ ਨਾਲ ਸਟੇਜ ਉੱਤੇ ਆ ਕੇ ਸਾਰੀ ਆਈ ਸੰਗਤ ਵਿੱਚੋਂ ਪੰਜ ਸਿਰਾਂ ਦੀ ਮੰਗ ਕੀਤੀ। ਜਿਨ੍ਹਾਂ ਨੂੰ ਬਾਅਦ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਥਾਪਿਆ ਤੇ ਪੰਜ ਪਿਆਰੇ ਹੋਣ ਦਾ ਵਰ ਬਖ਼ਸ਼ਿਆ। ਵੱਖਰੀਆਂ ਜਾਤਾਂ ਵਾਲੇ ਪੰਜ ਸਿੰਘਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਸਮਾਜ ਵਿੱਚ ਚਿਰਾਂ ਤੋਂ ਚੱਲੀ ਆ ਰਹੀ ਜਾਤ ਪਾਤ ਦੀ ਕੁਪ੍ਰਥਾ ਨੂੰ ਖ਼ਤਮ ਕੀਤਾ। ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਪੰਜ ਕਕਾਰ ਦਾ ਅਨੋਖਾ ਵਰਦਾਨ ਦੇ ਕੇ ਸਿੱਖਾਂ ਦੀ ਨਿਵੇਕਲੀ ਪਛਾਣ ਬਣਾਈ। ਗੁਰੂ ਜੀ ਨੇ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਛਕ ਕੇ ਗੁਰੂ ਤੇ ਸਿੱਖ ਵਿਚਲੇ ਫ਼ਰਕ ਨੂੰ ਦੂਰ ਕੀਤਾ। ਇਸੇ ਲਈ ਭਾਈ ਗੁਰਦਾਸ ਦੂਜੇ ਨੇ ਲਿਖਿਆ ਹੈ:
ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਬਾਣੀਆਂ ਵਿੱਚੋਂ ਜਾਪੁ ਸਾਹਿਬ, ਸਵੈਯੇ 33, ਸ਼ਬਦ ਹਜ਼ਾਰੇ, ਜਫ਼ਰਨਾਮਾ ਆਦਿ ਮੁੱਖ ਹਨ। ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਸਨ। ਗੁਰੂ ਜੀ ਦੀ ਚੰਡੀ ਦੀ ਵਾਰ ਬੀਰ ਰਸ ਭਰਪੂਰ ਰਚਨਾ ਹੈ।
ਕਲਗੀਧਰ ਦਸਮੇਸ਼ ਪਿਤਾ ਨੂੰ ਮੁਗ਼ਲ ਹਾਕਮਾਂ ਨਾਲ ਕਈ ਯੁੱਧ ਲੜਨੇ ਪਏ। ਚਮਕੌਰ ਦੀ ਗੜ੍ਹੀ ਦੀ ਜੰਗ ਜਿਸ ਸੂਝ ਤੇ ਤਕਨੀਕ ਨਾਲ ਗੁਰੂ ਜੀ ਨੇ ਲੜੀ ਸੰਸਾਰ ਵਿੱਚ ਅਜੇ ਤਕ ਕੋਈ ਵੀ ਜਰਨੈਲ ਅਜਿਹੀ ਸੂਝ ਨਹੀਂ ਦਿਖਾ ਸਕਿਆ। ਮਾਛੀਵਾੜਾ, ਆਲਮਗੀਰ ਤੇ ਰਾਏਕੋਟ ਨੂੰ ਹੁੰਦੇ ਹੋਏ ਗੁਰੂ ਜੀ ਦੀਨਾ ਕਾਂਗੜ ਦੇ ਸਥਾਨ ਉੱਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਔਰੰਗਜ਼ੇਬ ਦੇ ਹੁਕਮ ਰਾਹੀਂ ਆਪਣੇ ਨਾਲ ਹੋਈਆਂ ਵਧੀਕੀਆਂ ਤੇ ਜ਼ੁਲਮਾਂ ਦਾ ਵਰਣਨ ਜ਼ਫ਼ਰਨਾਮਾ ਰਾਹੀਂ ਕੀਤਾ। ਇਸ ਖਤ ਨੂੰ ਪੜ੍ਹ ਕੇ ਔਰੰਗਜ਼ੇਬ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸ ਨੇ ਅਸਿੱਧੇ ਤੌਰ ਉੱਤੇ ਹਾਰ ਮੰਨ ਲਈ। ਮੁਕਤਸਰ ਸਾਹਿਬ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਜੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਗਏ। ਇੱਥੇ ਹੀ ਉਨ੍ਹਾਂ ਨੇ ਭਾਈ ਮਨੀ ਸਿੰਘ ਪਾਸੋਂ ਆਦਿ ਗ੍ਰੰਥ ਸਾਹਿਬ ਮੁੜ ਲਿਖਵਾਇਆ ਤੇ ਇਸ ਵਿੱਚ ਨੌਵੇ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਉੱਤੇ ਹੁੰਦੇ ਅਨਿਆਂ ਤੇ ਧਾਰਮਿਕ ਕੱਟੜਪੁਣੇ ਵਿਰੁੱਧ ਲੜਾਈ ਲੜ ਕੇ ਆਪਣੇ ਪਿਤਾ, ਮਾਤਾ, ਚਾਰ ਸਾਹਿਬਜ਼ਾਦਿਆਂ ਤੇ ਅਣਗਿਣਤ ਸਿੰਘਾਂ ਨੂੰ ਦੇਸ਼, ਧਰਮ ਤੋਂ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਵਿਸ਼ਵ ਵਿੱਚ ਹੋਰ ਕਿਤੇ ਨਹੀਂ ਮਿਲਦੀ। ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਸਮਾਜਿਕ ਕੁਰੀਤੀਆਂ ਦੀ ਜੜ੍ਹ ਮੁਕਾ ਕੇ ਮਜ਼ਲੂਮਾਂ ਦੀ ਰੱਖਿਆ ਲਈ ਅੱਗੇ ਆਈਏ ਤੇ ਗੁਰੂ ਜੀ ਵੱਲੋਂ ਬਖ਼ਸ਼ਿਸ਼ ਕੀਤੇ ਕੁਰਬਾਨੀ ਦੇ ਸਿਧਾਂਤ ਨੂੰ ਅਗਾਂਹ ਤੋਰਨ ਲਈ ਯਤਨਸ਼ੀਲ ਹੋਈਏ। ਇਸ ਵਾਰ ਦਸਮੇਸ਼ ਪਿਤਾ ਦਾ 350 ਸਾਲਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਸੰਪਰਕ: 9876474671


Comments Off on ਦਸਮੇਸ਼ ਪਿਤਾ ਅਤੇ ਆਪੇ ਗੁਰ ਚੇਲਾ ਦਾ ਸੰਕਲਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.