ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਦਾਦਾ-ਦਾਦੀ ਨਾਲ ਸਾਂਝ

Posted On December - 17 - 2016

ਗੁਰਸ਼ਰਨ ਸਿੰਘ ਨਰੂਲਾ

ਫੋਟੋ:ਅਮਰਜੀਤ ਸਿੰਘ ਮਾਨ

ਫੋਟੋ:ਅਮਰਜੀਤ ਸਿੰਘ ਮਾਨ

ਅਨੂਠਾ ਰਿਸ਼ਤਾ ਹੈ ਦਾਦੇ-ਪੋਤੇ ਦਾ, ਪਰ ਜਦੋਂ ਮੈਂ ਇਸ ਰਿਸ਼ਤੇ ਦਾ ਵਿਸ਼ਲੇਸ਼ਣ ਕਰਨ ਲੱਗਾ ਹਾਂ ਤਾਂ ਮੈਂ ਇਸ ਰਿਸ਼ਤੇ ਵਿੱਚੋਂ ਦਾਦੀ ਅਤੇ ਪੋਤੀ ਨੂੰ ਮਨਫ਼ੀ ਨਹੀਂ ਕਰ ਰਿਹਾ। ਉਨ੍ਹਾਂ ਦੋਵਾਂ ਦੀ ਸਾਂਝ ਦਾ ਮਹੱਤਵ ਵੀ ਬਰਾਬਰ ਦਾ ਹੈ।
ਜਦੋਂ ਦੋ ਛੋਟੇ ਬੱਚੇ ਆਪਸ ਵਿੱਚ ਝਗੜ ਪੈਂਦੇ ਹਨ ਤਾਂ ਨਾਰਾਜ਼ ਹੋ ਕੇ ਇੱਕ ਦੂਜੇ ਦੀ ਸ਼ਿਕਾਇਤ ਲੈ ਕੇ ਕਿਸ ਕੋਲ ਪਹੁੰਚਦੇ ਹਨ? ਬਹੁਤ ਵਾਰੀ ਆਪਣੇ ਦਾਦਾ-ਦਾਦੀ ਕੋਲ। ਪਰ ਜੇ ਉਹ ਆਪਣੇ ਮਾਪਿਆਂ ਨਾਲ ਹੀ ਕਿਸੇ ਮੰਗ ਨਾ ਮੰਨੇ ਜਾਣ ਕਰਕੇ ਨਾਰਾਜ਼ ਹੋ ਜਾਣ ਤਾਂ ਡੁਸਕਦੇ ਦਾਦੀ ਮਾਂ ਦੀ ਗੋਦੀ ਵਿੱਚ ਜਾ ਬੈਠਣਗੇ। ਇਸ ਦੇ ਕਈ ਕਾਰਨ ਹਨ। ਇੱਕ ਕਾਰਨ ਤਾਂ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਦਾਦਾ-ਦਾਦੀ ਦਾ ਅਹੁਦਾ ਵੱਡਾ ਹੈ। ਉਨ੍ਹਾਂ ਕੋਲ ਉਨ੍ਹਾਂ ਦੇ ਮਾਪਿਆਂ ਨੂੰ ਝਿੜਕਣ ਅਤੇ ਸਮਝਾਉਣ ਦਾ ਅਧਿਕਾਰ ਹੈ। ਦੂਜਾ ਉਨ੍ਹਾਂ ਕੋਲ ਲੰਬੇ ਜੀਵਨ ਦਾ ਅਨੁਭਵ ਹੈ। ਉਹ ਸਹਿਜ ਅਵਸਥਾ ਵਿੱਚ ਪਹੁੰਚ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਗੱਲ ਨਿਪਟਾਉਣ ਦਾ ਤਰੀਕਾ ਆਉਂਦਾ ਹੈ। ਵੈਸੇ ਵੀ ਸਮੇਂ ਦੀ ਗਤੀ ਨੇ ਬੱਚਿਆਂ ਨੂੰ ਸਿਖਾ ਦਿੱਤਾ ਹੈ ਕਿ ਸਿਰਫ਼ ਉਹੀ ਉਨ੍ਹਾਂ ਦੇ ਅੱਥਰੂ ਪੂੰਝ ਸਕਦੇ ਹਨ। ਉਨ੍ਹਾਂ ਦੀ ਗਲਵਕੜੀ ਅਤੇ ਗੋਦ ਵਿੱਚ ਵੱਖਰਾ ਜਿਹਾ ਨਿੱਘ ਹੁੰਦਾ ਹੈ। ਦਾਦਾ-ਦਾਦੀ ਬੱਚਿਆਂ ਲਈ ਵਰਦਾਨ ਹਨ। ਜਿੰਨਾਂ ਦੇ ਦਾਦਾ-ਦਾਦੀ ਨਹੀਂ ਹੁੰਦੇ, ਉਹ ਬੱਚੇ ਅਭਾਗੇ ਹੁੰਦੇ ਹਨ।
ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਦਾਦੀ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀ ਸੁਣਾਇਆ ਕਰਦੀ ਸੀ। ਉਹ ਰਾਜਾ ਰਾਣੀ ਦੀਆਂ ਕਹਾਣੀਆਂ, ਜਾਦੂਈ ਪਰੀਆਂ ਦੀਆਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਸੁਪਨਿਆਂ ਵਾਲੀਆਂ ਦੁਨੀਆਂ ਵਿੱਚ ਲੈ ਜਾਂਦੀਆਂ ਸਨ ਅਤੇ ਉਹ ਮਿੱਠੀ ਨੀਂਦ ਸੌਂ ਜਾਂਦੇ ਸਨ। ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਨੂੰ ਬਹੁਤ ਕਹਾਣੀਆਂ ਆਉਂਦੀਆਂ ਸਨ। ਕਈ ਤਾਂ ਐਨੀਆਂ ਲੰਬੀਆਂ ਚਲੀਆ ਜਾਂਦੀਆਂ ਸਨ ਕਿ ਕਈ ਦਿਨ ਚੱਲਦੀਆਂ ਸਨ। ਉਸ ਵਕਤ ਗਲੀ ਵਿੱਚ ਮੰਜੀਆਂ ਡਾਹ ਕੇ ਸੌਣ ਦਾ ਰਿਵਾਜ ਸੀ ਅਤੇ ਜਦੋਂ ਮੇਰੇ ਦਾਦਾ ਜੀ ਕਹਾਣੀ ਸੁਣਾਉਣ ਲੱਗਦੇ ਤਾਂ ਗਲੀ ਦੇ ਹੋਰ ਬੱਚੇ ਹੀ ਨਹੀਂ, ਸਗੋਂ ਕੁਝ ਵਡੇਰੇ ਵੀ ਉਨ੍ਹਾਂ ਦੀ ਮੰਜੀ ਦੁਆਲੇ ਬੈਠਦੇ ਸਨ। ਹੁਣ ਭਾਵੇਂ ਬੱਚਿਆਂ ਦੀ ਰੁਚੀ ਇਨ੍ਹਾਂ ਕਹਾਣੀਆਂ ਵਿੱਚ ਨਹੀਂ ਰਹੀ, ਪਰ ਫਿਰ ਵੀ ਉਨ੍ਹਾਂ ਦੀ ਜਗਿਆਸਾ ਕਾਇਮ ਹੈ। ਉਹ ਉਨ੍ਹਾਂ ਕੋਲੋਂ ਹੋਰ ਤਜਰਬੇ ਦੀਆਂ ਗੱਲਾਂ ਪੁੱਛਣ ਲਈ ਬੈਠ ਜਾਂਦੇ ਹਨ। ਮਨੋਵਿਗਿਆਨੀ ਕਹਿੰਦੇ ਹਨ ਕਿ ਜਿੰਨਾ ਇੱਕ ਬੱਚਾ ਦਸ ਸਾਲਾਂ ਤੱਕ ਸਿਖ ਲੈਂਦਾ ਹੈ, ਅਗਲੇ ਚਾਲੀ ਸਾਲਾਂ ਵਿੱਚ ਸਿੱਖਦਾ ਹੈ। ਭਾਵ ਬੱਚੇ ਦੀ ਜਗਿਆਸਾ ਬੜੀ ਤੀਬਰ ਅਤੇ ਤੀਖਣ ਹੁੰਦੀ ਹੈ। ਉਹ ਸਭ ਕੁਝ ਜਲਦੀ ਤੋਂ ਜਲਦੀ ਗ੍ਰਹਿਣ ਕਰਨਾ ਚਾਹੁੰਦੇ ਹਨ। ਇਸ ਮਨੋਵਿਗਿਆਨਕ ਭੁੱਖ ਨੇ ਦਾਦਾ-ਦਾਦੀ ਦੀ ਹੋਂਦ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ। ਅਜੋਕੇ ਯੁੱਗ ਵਿੱਚ ਜਦੋਂ ਬੱਚੇ ਦੇ ਮਾਪੇ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਕੋਲ ਬੱਚਿਆਂ ਲਈ ਪੂਰਾ ਸਮਾਂ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਵਿੱਚ ਊਰਜਾ ਅਤੇ ਇੱਛਾ ਸ਼ਕਤੀ ਹੁੰਦੀ ਹੈ। ਫਿਰ ਇਹ ਕੰਮ ਦਾਦਾ- ਦਾਦੀ ਨੂੰ ਹੀ ਕਰਨਾ ਪੈਂਦਾ ਹੈ। ਜੇ ਦਾਦਾ-ਦਾਦੀ ਪੜ੍ਹੇ ਲਿਖੇ ਹੋਣ ਤਾਂ ਗੱਲ ਸੋਨੇ ’ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਅੱਜਕੱਲ੍ਹ ਬੱਚਿਆਂ ਨੂੰ ਟਿਊਸ਼ਨ ’ਤੇ ਭੇਜਣ ਦਾ ਰਿਵਾਜ ਬਹੁਤ ਹੋ ਗਿਆ। ਜੇ ਦਾਦਾ-ਦਾਦੀ ਇਹ ਖੱਪਾ ਭਰ ਵੀ ਦੇਣ ਤਾਂ ਬੱਚਿਆਂ ਨੂੰ ਟਿਊਸ਼ਨ ਦੀ ਲੋੜ ਹੀ ਨਹੀਂ ਪੈਂਦੀ। ਜੇ ਬੱਚਿਆਂ ਦੀ ਨੀਂਹ ਮਜ਼ਬੂਤ ਹੋ ਜਾਵੇ ਤਾਂ ਵੱਡੀ ਪੜ੍ਹਾਈ ਲਈ ਉਹ ਆਪਣੇ ਜੋਗੇ ਹੋ ਜਾਂਦੇ ਹਨ। ਵੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਨੌਕਰੀ ਪੇਸ਼ਾ ਮਾਵਾਂ ਥਾਣੇਦਾਰਾਂ ਵਾਂਗ ਬੱਚਿਆਂ ’ਤੇ ਰੋਹਬ ਝਾੜਦੀਆਂ ਹਨ, ਨਤੀਜੇ ਵਜੋਂ ਜਾਂ ਤਾਂ ਬੱਚੇ ਦੀ ਅੰਦਰਲੀ ‘ਆਜ਼ਾਦ ਸੋਚ’ ਬਿਲਕੁਲ ਮਰ ਜਾਂਦੀ ਹੈ ਜਾਂ ਉਹ ਵਿਦਰੋਹ ਵਿੱਚ ਆ ਜਾਂਦੇ ਹਨ। ਦੋਹਾਂ ਹਾਲਤਾਂ ਵਿੱਚ ਸਿੱਟੇ ਮਾੜੇ ਨਿਕਲਦੇ ਹਨ। ਦਾਦਾ-ਦਾਦੀ ਇੰਜ ਨਹੀਂ ਕਰਦੇ। ਉਨ੍ਹਾਂ ਕੋਲ ਵਿਹਲ ਹੁੰਦੀ ਹੈ। ਉਹ ਬੱਚਿਆਂ ਦੀ ਗੱਲ ਸੁਣਦੇ ਵੀ ਹਨ, ਗੌਲ਼ਦੇ ਵੀ ਹਨ ਅਤੇ ਚੰਗੇ ਨਿਰਣਾਇਕ ਵਾਂਗ ਫੈਸਲਾ ਕਰਦੇ ਹਨ। ਬੱਚਿਆਂ ਦੀਆਂ ਸ਼ਿਕਾਇਤਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ, ਜਿਵੇਂ ਮੈਂ ਅੱਜ ਇਹ ਸਬਜ਼ੀ ਨਹੀਂ ਖਾਣੀ। ਦਾਦੀ ਨੂੰ ਬੱਚਿਆਂ ਦੇ ਖਾਣ-ਪੀਣ ਸਬੰਧੀ ਰੁਚੀ ਤੇ ਪਸੰਦਗੀ ਦਾ ਗਿਆਨ ਵਧੇਰੇ ਹੁੰਦਾ ਹੈ ਅਤੇ ਉਹ ਪੂਰਾ ਕਰਨ ਯੋਗ ਵੀ ਹੁੰਦੀ ਹੈ ਅਤੇ ਕਰਦੀ ਵੀ ਹੈ, ਪਰ ਜ਼ਿੰਦਗੀ ਵਿੱਚ ਪੜ੍ਹਾਈ ਤੋਂ ਇਲਾਵਾ ਹੋਰ ਜਾਣਕਾਰੀ ਵੀ ਲੋੜੀਂਦੀ ਹੈ। ਆਪਣੇ ਧਾਰਮਿਕ ਵਿਰਸੇ ਦਾ ਗਿਆਨ ਵੀ ਬੱਚੇ ਜ਼ਿਆਦਾਤਰ ਆਪਣੇ ਵਡੇਰਿਆਂ ਤੋਂ ਹੀ ਸਿੱਖਦੇ ਹਨ। ਘਰੇਲੂ ਸੱਭਿਆਚਾਰ, ਸ਼ਿਸ਼ਟਾਚਾਰ ਜਿਵੇਂ ਆਏ ਗਏ ਦੀ ਸੇਵਾ, ਸਵਾਗਤ, ਵੱਡਿਆਂ ਦਾ ਆਦਰ ਤੇ ਹੋਰ ਕਦਰਾਂ ਕੀਮਤਾਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਆਪਣੇ ਨਿੱਤ ਪ੍ਰਤੀ ਵਿਹਾਰ ਵਿੱਚ ਸ਼ਾਮਲ ਕਰਨਾ ਵੀ ਉਹ ਵੱਡਿਆਂ ਨੂੰ ਦੇਖ ਕੇ ਜਾਂ ਉਨ੍ਹਾਂ ਕੋਲੋਂ ਸੁਣ ਸਮਝ ਕੇ ਸਿੱਖਦੇ ਹਨ। ਮਾਪਿਆਂ ਅਤੇ ਵਡੇਰਿਆਂ ਦੇ ਬੱਚਿਆਂ ਪ੍ਰਤੀ ਵਤੀਰੇ ਵਿੱਚ ਬਹੁਤ ਫ਼ਰਕ ਹੁੰਦਾ ਹੈ। ਦੋਹਾਂ ਦਾ ਉਦੇਸ਼ ਤਾਂ ਇੱਕੋ ਹੁੰਦਾ ਹੈ: ਬੱਚਿਆਂ ਨੂੰ ਹਰ ਪੱਖੋਂ ਯੋਗ ਬਣਾਉਣਾ, ਪਰ ਤਰੀਕਾ ਵੱਖ-ਵੱਖ ਹੁੰਦਾ ਹੈ। ਕੰਮ ਕਾਰ ਤੋਂ ਆਏ ਮਾਪੇ ਥੱਕੇ ਟੁੱਟੇ ਹੁੰਦੇ ਹਨ। ਉਹ ਕਈ ਵਾਰੀ ਆਪਣੇ ਵਰਤਾਓ ਵਿੱਚ ਮੇਲ ਨਹੀਂ ਲਿਆ ਪਾਉਂਦੇ ਅਤੇ ਹਿੰਸਕ ਹੋ ਜਾਂਦੇ ਹਨ। ਦੋਵਾਂ ਧਿਰਾਂ, ਦਾਦਾ-ਦਾਦੀ ਤੇ ਪੋਤਾ-ਪੋਤੀ ਇੱਕ ਦੂਜੇ ਦੇ ਪੂਰਕ ਹਨ। ਦਾਦਾ-ਦਾਦੀ ਕੋਲ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੁੰਦਾ ਹੈ। ਉਹ ਹਮੇਸ਼ਾਂ ਉਸ ਨੂੰ ਸਾਂਝਾ ਕਰਨ ਲਈ ਤਤਪਰ ਹੁੰਦੇ ਹਨ। ਉਨ੍ਹਾਂ ਦੇ ਪੁੱਤਰ ਵਿੱਚ ਅਕੇਵਾਂ ਆ ਜਾਂਦਾ ਹੈ। ਕੰਮ ਦਾ ਬੋਝ ਉਸ ਕੋਲੋਂ ਕੋਮਲਤਾ ਖੋਹ ਲੈਂਦਾ ਹੈ। ਇਸ ਦੇ ਉਲਟ ਬੱਚਿਆਂ ਨੂੰ ਉਨ੍ਹਾਂ ਕੋਲੋਂ ਵੱਧ ਸੁਣਨ ਅਤੇ ਦੱਸਣ ਨੂੰ ਹੁੰਦਾ ਹੈ। ਇਸ ਕੰਮ ਲਈ ਦਾਦਾ-ਦਾਦੀ ਤਿਆਰ ਬੈਠੇ ਹੁੰਦੇ ਹਨ। ਉਹ ਚੰਗਾ ਕਰਨ ’ਤੇ ਉਨ੍ਹਾਂ ਦਾ ਉਤਸ਼ਾਹ ਵੀ ਵਧਾਉਂਦੇ ਹਨ। ਬੱਚਿਆਂ ਦੇ ਠੀਕ ਵਿਕਾਸ ਲਈ ਮਾਪਿਆਂ ਦਾ ਯੋਗਦਾਨ ਵੀ ਜ਼ਰੂਰੀ ਹੈ। ਘਰਾਂ ਵਿੱਚ ਕਈ ਵਾਰ ਇਹ ਬਹਿਸ ਵੀ ਛਿੜ ਜਾਂਦੀ ਹੈ ਕਿ ਦਾਦੇ ਦਾ ਮੋਹ ਪੋਤਰੇ ਨਾਲ ਵਧੇਰੇ ਹੁੰਦਾ ਹੈ ਕਿ ਪੋਤੀ ਨਾਲ। ਦਾਦਾ ਕਿਉਂਕਿ ਆਪਣੇ ਪੋਤੇ ਨੂੰ ਆਪਣੇ ਪੁੱਤਰ ਵਾਂਗ ਗੱਭਰੂ ਹੋਇਆ ਵੇਖਣਾ ਚਾਹੁੰਦਾ ਹੈ। ਉਹ ਉਸ ਦੇ ਸਰੀਰਿਕ ਵਿਕਾਸ ਬਾਰੇ ਜ਼ਿਆਦਾ ਚਿੰਤਤ ਹੁੰਦਾ ਹੈ। ਦਾਦੀ ਦਾ ਮੋਹ ਵੀ ਪੋਤੇ ਨਾਲ ਵਧੇਰੇ ਮੰਨਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਵਿਚਾਰਾਂ ਅਧੀਨ ਸੋਚਦੀ ਹੈ ਕਿ ਉਸ ਨਾਲ ਖ਼ਾਨਦਾਨ ਦਾ ਨਾਂ ਰੌਸ਼ਨ ਹੋਏਗਾ। ਇਹ ਮਿੱਥ ਹੈ। ਮੈਨੂੰ ਆਪਣੀ ਪੋਤੀ ਨਾਲ ਜ਼ਿਆਦਾ ਪਿਆਰ ਹੈ ਤੇ ਉਸ ਨੂੰ ਮੇਰੇ ਨਾਲ। ਕੁਝ ਵੀ ਹੋਵੇ ਦਾਦਾ- ਦਾਦੀ ਦਾ ਪੋਤਾ-ਪੋਤੀ ਨਾਲ ਆਂਦਰਾਂ ਦਾ ਸਾਕ ਹੁੰਦਾ ਹੈ। ਨਾ ਕੋਈ ਘੱਟ ਤੇ ਨਾ ਕੋਈ ਵੱਧ।
ਸੰਪਰਕ: 93165-44777


Comments Off on ਦਾਦਾ-ਦਾਦੀ ਨਾਲ ਸਾਂਝ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.