ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ ਦੀ ਸਮੱਸਿਆ

Posted On December - 16 - 2016

ਤੇਜਬੀਰ ਸਿੰਘ, ਡਾ. ਗੁਰਿੰਦਰ ਸਿੰਘ ਅਤੇ ਜੁਗਰਾਜ ਸਿੰਘ*

11612CD _2 (6)ਦੁੱਧ ਉਤਪਾਦਨ ਵਿੱਚ ਭਾਰਤ ਵਿਸ਼ਵ ਵਿੱਚ ਪਹਿਲੇ ਨੰਬਰ ’ਤੇ ਹੈ। 1950-51 ਵਿੱਚ 170 ਲੱਖ ਟਨ ਦੁੱਧ ਤੋਂ ਸਾਲ 2012-13 ਤਕ 1330 ਲੱਖ ਟਨ ਦੁੱਧ ਦਾ ਉਤਪਾਦਨ ਹੋਣਾ ਕੋਈ ਸਾਧਾਰਨ ਗੱਲ ਨਹੀਂ ਸੀ। ਉਸ ਸਮੇਂ ਦੇਸ਼ ਵਿੱਚ ਦੁੱਧ ਦੀ ਉਪਲੱਬਧਤਾ 130 ਗ੍ਰਾਮ ਪ੍ਰਤੀ ਵਿਅਕਤੀ ਸੀ ਜੋ ਕਿ 2012-13 ਵਿੱਚ  280 ਗ੍ਰਾਮ ਪ੍ਰਤੀ ਵਿਅਕਤੀ ਤਕ ਪਹੁੰਚ ਗਈ। ਪੰਜਾਬ ਵਿੱਚ ਇਹ ਉਪਲੱਬਧਤਾ 930 ਗ੍ਰਾਮ ਪ੍ਰਤੀ ਵਿਅਕਤੀ ਹੈ। ਪਰ ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ ਇਸ ਉਤਪਾਦਨ ਨੂੰ ਪਿਛਾਂਹ ਖਿੱਚਣ ਦਾ ਕੰਮ ਕਰ ਰਹੀ ਹੈ। ਜਿੰਨੇ ਸਮੇਂ ਵਿੱਚ ਉਪਰੋਕਤ ਦੁੱਧ ਉਤਪਾਦਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਉਨੇ ਹੀ ਸਮੇਂ ਵਿੱਚ ਲੇਵੇ ਦੀ ਸੋਜ ਕਾਰਨ ਹੋਣ ਵਾਲਾ ਨੁਕਸਾਨ ਵੀ ਲਗਪਗ 115 ਗੁਣਾ ਵਧ ਚੁੱਕਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਲੇਵੇ ਦੀ ਗੁੱਝੀ ਸੋਜ ਕਾਰਨ ਜੋ ਨੁਕਸਾਨ ਹੋ ਰਿਹਾ ਹੈ, ਉਸ ਪ੍ਰਤੀ ਪਸ਼ੂ ਪਾਲਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਾਰਨ ਪਸ਼ੂ ਪਾਲਕ ਇਸ ਨੁਕਸਾਨ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਦੋਗਲੀ ਨਸਲ ਦੀਆਂ ਗਾਵਾਂ ਵਿੱਚ ਲੇਵੇ ਦੀ ਗੁੱਝੀ ਸੋਜ ਬਹੁਤ ਹੀ ਜ਼ਿਆਦਾ ਪਾਈ ਜਾਣ ਵਾਲੀ ਸਮੱਸਿਆ ਹੈ। ਕਈ ਵਾਰ ਪਸ਼ੂ ਪਾਲਕ ਪਸ਼ੂ ਦੀ ਖ਼ੁਰਾਕ ਉਪਰ ਵਧੇਰੇ ਧਿਆਨ ਅਤੇ ਬੇਹਿਸਾਬ ਖ਼ਰਚਾ ਕਰ ਦਿੰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਲੋੜੀਂਦਾ ਦੁੱਧ ਉਤਪਾਦਨ ਨਹੀਂ ਮਿਲਦਾ। ਇਸ ਦਾ ਮੁੱਖ ਕਾਰਨ ਵੀ ਲੇਵੇ ਦੀ ਗੁੱਝੀ ਸੋਜ ਹੀ ਹੈ ਜਿਸ ਕਰਕੇ ਪਸ਼ੂ ਵਧੀਆ ਖ਼ੁਰਾਕ ’ਤੇ ਪਲ ਰਿਹਾ ਹੋਣ ਦੇ ਬਾਵਜੂਦ ਲੋੜੀਂਦਾ ਦੁੱਧ ਉਤਪਾਦਨ ਦੇਣ ਤੋਂ ਅਸਮਰਥ ਰਹਿੰਦਾ ਹੈ।
ਸੋਜ ਗ੍ਰਸਤ ਲੇਵੇ ਤੋਂ ਦੁੱਧ ਘੱਟ ਮਿਲਣ ਕਰਕੇ ਅਤੇ ਇਲਾਜ ਲਈ ਦਵਾਈਆਂ ’ਤੇ ਖ਼ਰਚਾ ਹੋਣ ਕਰਕੇ ਜਿੱਥੇ ਆਰਥਿਕ ਨੁਕਸਾਨ ਹੁੰਦਾ ਹੈ, ਉੱਥੇ ਐਂਟੀਬਾਇਓਟਿਕ ਦਵਾਈਆਂ ਦੀ ਵਜ੍ਹਾ ਕਰਕੇ ਦੁੱਧ ਨਸ਼ਟ ਵੀ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸੋਜ ਗ੍ਰਸਤ ਲੇਵੇ ਤੋਂ ਲਿਆ ਗਿਆ ਦੁੱਧ ਵੀ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। 1962 ਵਿੱਚ ਪਹਿਲੀ ਵਾਰ ਲੇਵੇ ਦੀ ਸੋਜ ਤੋਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ 52 ਕਰੋੜ 9 ਲੱਖ ਰੁਪਏ ਆਂਕਿਆ ਗਿਆ ਸੀ ਜੋ ਕਿ ਮੌਜੂਦਾ ਸਮੇਂ ਵਿੱਚ ਵਧ ਕੇ 6053 ਕਰੋੜ 21 ਲੱਖ ਤਕ ਪਹੁੰਚ ਚੱਕਾ ਹੈ। ਇਸ ਵਿੱਚੋਂ ਲੇਵੇ ਦੀ ਗੁੱਝੀ ਸੋਜ ਕਾਰਨ ਹੋਣ ਵਾਲਾ ਨੁਕਸਾਨ 4365 ਕਰੋੜ 32 ਲੱਖ ਰੁਪਏ ਬਣਦਾ ਹੈ। ਜੋ ਕਿ ਲਗਪਗ 70 ਤੋਂ 80 ਫ਼ੀਸਦੀ ਹੈ। ਜਿਸ ਪਸ਼ੂ ਨੂੰ ਲੇਵੇ ਦੀ ਪ੍ਰਤੱਖ ਸੋਜ ਹੋ ਜਾਵੇ, ਉਹ ਇਲਾਜ ਉਪਰੰਤ ਕਦੇ ਵੀ ਪਹਿਲਾਂ ਜਿੰਨਾ ਦੁੱਧ ਉਤਪਾਦਨ ਨਹੀਂ ਕਰ ਸਕਦਾ।
ਕਾਰਨ: ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ, ਜੋ ਗੰਦਗੀ ਵਿੱਚ ਪਨਪਦੇ ਕਿਟਾਣੂਆਂ ਤੋਂ ਹੁੰਦੀ ਹੈ। ਚੁਆਈ ਤੋਂ ਬਾਅਦ ਜਦੋਂ ਪਸ਼ੂ ਬੈਠ ਜਾਂਦਾ ਹੈ ਤਾਂ ਇਹ ਕਿਟਾਣੂ ਥਣਾਂ ਦੇ ਖੁੱਲ੍ਹੇ ਹੋਏ ਸੁਰਾਖਾਂ ਰਾਹੀਂ ਲੇਵੇ ਅੰਦਰ ਚਲੇ ਜਾਂਦੇ ਹਨ ਅਤੇ ਇਨਫੈਕਸ਼ਨ ਕਰਕੇ ਲੇਵੇ ਦੀ ਸੋਜ ਕਰ ਦਿੰਦੇ ਹਨ। ਪਸ਼ੂ ਦੇ ਬੈਠਣ ਵਾਲਾ ਥਾਂ ਜਿੰਨਾ ਗੰਦਾ ਹੋਵੇਗਾ, ਇਨਫੈਕਸ਼ਨ ਦੇ ਆਸਾਰ ਵੀ ਉਨੇ ਹੀ ਜ਼ਿਆਦਾ ਹੋਣਗੇ। ਆਮ ਤੌਰ ’ਤੇ ਦੋ ਚੁਆਈਆਂ ਵਿੱਚ 12-12 ਘੰਟੇ ਦਾ ਅੰਤਰ ਰੱਖਿਆ ਜਾਂਦਾ ਹੈ। ਪਰ ਜੇਕਰ ਪ੍ਰਬੰਧਾਂ ਦੀ ਘਾਟ ਕਾਰਨ ਇਹ ਵਕਫ਼ਾ ਬਦਲਦਾ ਰਹੇ ਤਾਂ ਵੀ ਲੇਵੇ ਦੀ ਸੋਜ ਦੇ ਆਸਾਰ ਵਧ ਜਾਂਦੇ ਹਨ।
ਲੇਵੇ ਦੀ ਸੋਜ ਤੋਂ ਬਚਾਅ ਲਈ ਪਸ਼ੂਆਂ ਦੇ ਸ਼ੈੱਡ, ਆਲੇ-ਦੁਆਲੇ ਅਤੇ ਪਸ਼ੂਆਂ ਦੀ ਸਾਫ਼-ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ। ਲੇਵੇ ਉੱਪਰ ਲੱਗੀ ਕੋਈ ਸੱਟ ਖ਼ਾਸ ਤੌਰ ’ਤੇ ਥਣਾਂ ਦੇ ਸੁਰਾਖ ਉੱਪਰ ਜੇਕਰ ਕੋਈ ਸੱਟ ਲੱਗ ਜਾਵੇ ਅਤੇ ਜ਼ਖ਼ਮ ਹੋ ਜਾਣ ਤਾਂ ਸਮਝੋ ਲੇਵੇ ਦੀ ਸੋਜ ਹੋਣ ਦੇ ਪੂਰੇ ਆਸਾਰ ਹਨ। ਲੇਵੇ ਦੀ ਸੋਜ ਦਾ ਮੌਸਮ ਨਾਲ ਵੀ ਸਬੰਧ ਹੁੰਦਾ ਹੈ। ਗਰਮੀਆਂ ਵਿੱਚ ਖ਼ਾਸ ਕਰ ਬਰਸਾਤਾਂ ਵਿੱਚ ਕਿਟਾਣੂਆਂ ਦੇ ਵਧਣ-ਫੁੱਲਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਇਸ ਕਾਰਨ ਲੇਵੇ ਦੀ ਸੋਜ ਗਰਮੀਆਂ ਅਤੇ ਬਰਸਾਤਾਂ ਵਿੱਚ ਵਧੇਰੇ ਹੁੰਦੀ ਹੈ। ਜੇਕਰ ਪਸ਼ੂਆਂ ਦਾ ਸ਼ੈੱਡ ਖੁੱਲ੍ਹਾ ਅਤੇ ਹਵਾਦਾਰ ਨਾ ਹੋਵੇ ਤਾਂ ਵੀ ਲੇਵੇ ਦੀ ਸੋਜ ਵਧੇਰੇ ਹੁੰਦੀ ਹੈ। ਜੇਕਰ ਸ਼ੈੱਡ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ, ਸੁੱਕ ਜਲਦੀ ਨਾ ਬਦਲੀ ਜਾਵੇ, ਦੁੱਧ ਚੋਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਸਫ਼ਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਵੀ ਲੇਵੇ ਦੀ ਸੋਜ ਵਾਰ ਵਾਰ ਹੁੰਦੀ ਰਹਿੰਦੀ ਹੈ।
ਲੇਵੇ ਦੀ ਸੋਜ ਵਿੱਚ ਖ਼ੁਰਾਕੀ ਤੱਤ ਵੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਜੇਕਰ ਪਸ਼ੂ ਖ਼ੁਰਾਕ ਵਿੱਚ ਵਿਟਾਮਿਨ ‘ਈ’, ‘ਏ’ ਅਤੇ ਖਣਿਜ ਤੱਤ ਜਿਵੇਂ ਤਾਂਬਾ ਤੇ ਜਿੰਕ ਆਦਿ ਸ਼ਾਮਲ ਕੀਤੇ ਜਾਣ ਤਾਂ ਪਸ਼ੂ ਦੀ ਅੰਦਰੂਨੀ ਬਿਮਾਰੀ ਨਾਲ ਲੜਨ ਦੀ ਸਮੱਰਥਾ ਬਣੀ ਰਹਿੰਦੀ ਹੈ। ਅਜਿਹੇ    ਵਿੱਚ ਪਸ਼ੂ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ। ਜੇਕਰ ਇਹ ਖ਼ੁਰਾਕੀ ਤੱਤਾਂ ਦੀ ਘਾਟ ਹੋਵੇ ਤਾਂ ਵੀ ਲੇਵੇ ਦੀ ਸੋਜ ਵਧੇਰੇ ਹੁੰਦੀ ਹੈ।
ਰੋਗ ਦੀ ਪਛਾਣ:
ਕੈਲੀਫੋਰਨੀਆ ਮੈਸਟਾਈਟਸ ਟੈਸਟ (ਸੀ.ਐਮ.ਟੀ.): ਇਹ ਟੈਸਟ ਬਹੁਤ ਹੀ ਸੌਖਾ ਅਤੇ ਤੁਰੰਤ ਨਤੀਜੇ ਦਿਖਾਉਣ ਵਾਲਾ ਟੈਸਟ ਹੁੰਦਾ ਹੈ, ਜੋ ਪਸ਼ੂ ਪਾਲਕ ਆਪ ਵੀ ਆਸਾਨੀ ਨਾਲ ਕਰ ਸਕਦੇ ਹਨ। ਇਸ ਲਈ ਹਮੇਸ਼ਾਂ ਤਾਜ਼ਾ ਦੁੱਧ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਵਿਧੀ: ਇਸ ਟੈਸਟ ਦੀ ਕਿੱਟ ਵਿੱਚ ਇੱਕ ਪੈਡਲ ਉਪਲਬੱਧ ਹੁੰਦਾ ਹੈ ਜਿਸ ਉੱਪਰ ਚਾਰ ਕੌਲੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਚਾਰਾਂ ਕੌਲੀਆਂ ਵਿੱਚ ਚਾਰ ਥਣਾਂ ਤੋਂ ਇੱਕ-ਇੱਕ ਧਾਰ ਮਾਰ ਕੇ ਕਿੱਟ ਵਿੱਚ ਹੀ ਉਪਲਬੱਧ ਘੋਲ ਦੁੱਧ ਦੇ  ਬਰਾਬਰ ਮਾਤਰਾ ਵਿੱਚ ਘੋਲ ਲੈ ਕੇ ਚਾਰਾਂ ਕੌਲੀਆਂ ਵਿੱਚ ਰਲਾ ਕੇ ਪੈਡਲ ਨੂੰ ਹਿਲਾਇਆ ਜਾਂਦਾ ਹੈ ਤਾਂ ਜੋ ਘੋਲ ਅਤੇ ਦੁੱਧ ਚੰਗੀ ਤਰ੍ਹਾਂ ਰਲ ਜਾਣ। ਦੋਵਾਂ ਨੂੰ ਰਲਾਉਣ ਤੋਂ ਬਾਅਦ ਜੇਕਰ ਦੁੱਧ ਵਿੱਚ ਕੋਈ ਤਬਦੀਲੀ ਨਾ ਆਵੇ ਤਾਂ ਸਮਝੋ ਲੇਵਾ ਤੰਦਰੁਸਤ ਹੈ। ਪਰ ਜੇਕਰ ਦੁੱਧ ਪਹਿਲਾਂ ਨਾਲੋਂ ਕੁਝ ਗਾੜ੍ਹਾ ਹੋ ਕੇ ਫਿਰ ਪਹਿਲਾਂ ਵਰਗਾ ਹੋ ਜਾਵੇ ਤਾਂ ਬਿਮਾਰੀ ਦਾ ਸ਼ੱਕ ਕੀਤਾ ਜਾ ਸਕਦਾ ਹੈ।
ਜੇਕਰ ਘੋਲ ਗਾੜਾ ਹੋਵੇ ਪਰ ਬਹੁਤ ਜ਼ਿਆਦਾ ਗਾੜ੍ਹਾ ਨਾ ਹੋਵੇ ਤਾਂ ਗੁੱਝੀ ਸੋਜ ਦਾ ਪਤਾ ਲਗਦਾ ਹੈ। ਜੇਕਰ ਘੋਲ ਇੰਨਾ ਕੁ ਗਾੜਾ ਹੋ ਜਾਵੇ ਕਿ ਕੌਲੀਆਂ ਦੇ ਕਿਨਾਰਿਆਂ ਉਪਰ ਚਿੰਬੜ ਜਾਵੇ ਅਤੇ ਕੌਲੀਆਂ ਦੇ ਕਿਨਾਰਿਆਂ ਤੋਂ ਉਤਰੇ ਹੀ ਨਾ ਤਾਂ ਲੇਵੇ ਦੀ ਸੋਜ ਬਹੁਤ ਗੰਭੀਰ ਹੁੰਦੀ ਹੈ।
ਰੋਕਥਾਮ ਤੇ ਬਚਾਆਂ:
w    ਪਸ਼ੂ ਦਾ ਪਿੱਛਾ ਤੇ ਲੇਵਾ ਸਾਫ਼ ਰੱਖੋ।
w    ਫਰਸ਼ ਅਤੇ ਪਸ਼ੂ ਦੇ ਥਣ ਸੁੱਕੇ ਰੱਖੋ।
w    ਬਿਮਾਰ ਪਸ਼ੂਆਂ ਦੀ ਚੁਆਈ ਅਖੀਰ ਵਿੱਚ ਕਰੋ ਅਤੇ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ। ਪਸ਼ੂ ਨੂੰ ਪਾਣੀ ਚੁਆਈ ਤੋਂ ਪਹਿਲਾਂ ਅਤੇ ਪੱਠੇ ਤੇ ਫੀਡ ਚੁਆਈ ਤੋਂ ਬਾਅਦ ਪਾਓ। ਇਸ ਨਾਲ ਪਸ਼ੂ ਚੁਆਈ ਤੋਂ ਬਾਅਦ ਖੜ੍ਹਾ ਰਹੇਗਾ ਅਤੇ ਥਣਾਂ ਤੇ ਸੁਰਾਖ ਬੰਦ ਹੋਣ ਨੂੰ ਸਮਾਂ ਮਿਲ ਜਾਵੇਗਾ, ਜਿਸ ਨਾਲ ਬਿਮਾਰੀ ਹੋਣ ਦੇ ਆਸਾਰ ਘਟ ਜਾਂਦੇ ਹਨ।
*   ਥਣਾਂ ਅਤੇ ਲੇਵੇ ਉੱਪਰ ਜ਼ਖ਼ਮ ਨਾ ਹੋਣ ਦਿਓ।
*    ਸ਼ੈੱਡ ਹਵਾਦਾਰ ਅਤੇ ਰੌਸ਼ਨੀ ਭਰਪੂਰ ਹੋਵੇ ਅਤੇ ਸੁੱਕ ਵਿੱਛੀ ਹੋਵੇ।
*    ਵਧੇਰੇ ਨੁਕਸਾਨ ਤੋਂ ਬਚਣ ਲਈ ਹਰ ਮਹੀਨੇ ਲੇਵੇ ਦੀ ਸੋਜ ਦਾ ਟੈਸਟ ਕਰਦੇ ਰਹੋ।
*    ਚੁਆਈ ਪੂਰੇ ਹੱਥ ਨਾਲ ਕਰੋ ਅਤੇ ਅੰਗੂਠੇ ਨਾਲ ਨਾ ਕਰੋ, ਜੇਕਰ ਚੁਆਈ ਮਸ਼ੀਨ ਨਾਲ ਕਰਨੀ ਹੈ ਤਾਂ ਹਰ ਪਸ਼ੂ ਲਈ ਮਸ਼ੀਨ ਸਾਫ਼ ਕਰਕੇ ਵਰਤੋ।
*    ਪਸ਼ੂਆਂ ਦੀ ਬਿਮਾਰੀ ਨਾਲ ਲੜਨ ਦੀ ਸਮਰਥਾ ਵਧਾਉਣ ਲਈ ਵਿਟਾਮਿਨ ਅਤੇ ਧਾਤਾਂ ਦਾ ਚੂਰਾ ਖ਼ੁਰਾਕ ਵਿੱਚ ਜ਼ਰੂਰ ਸ਼ਾਮਿਲ ਕਰੋ।
*    ਸ਼ੈੱਡ ਦੇ ਅੰਦਰ ਅਤੇ ਆਲੇ-ਦੁਆਲੇ ਸਫ਼ਾਈ ਰੱਖੋ ਅਤੇ ਮੱਖੀ-ਮੱਛਰ ਨਾ ਪਨਪਣ ਦਿਓ।
*    ਪਸ਼ੂਆਂ ਨੂੰ ਦੁੱਧੋ ਸਕਾਉਣ ਤੋਂ ਪਹਿਲਾਂ ਟਿਊਬਾਂ ਜ਼ਰੂਰ ਚੜ੍ਹਾਓ।
*    ਚੁਆਈ ਤੋਂ ਬਾਅਦ ਥਣਾਂ ਨੂੰ ਟੀਟ ਡਿਪ ਵਿੱਚ ਡੋਬਾ ਦਿਓ, ਟੀਟ ਡਿਪ ਬਣਾਉਣ ਦਾ ਤਰੀਕਾ ਤਿੰਨ ਹਿੱਸੇ ਪੋਵੀਡੋਨ ਆਇਓਡੀਨ ਅਤੇ ਇੱਕ ਹਿੱਸਾ ਗਲਿਸਰੀਨ ਮਿਕਸ ਕਰਕੇ ਖੁੱਲ੍ਹੇ ਮੂੰਹ ਵਾਲੀ ਬੋਤਲ ਵਿੱਚ ਰੱਖ ਲਓ।
ਜਦੋਂ ਵੀ ਤੁਸੀਂ ਆਪਣੇ ਫਾਰਮ ’ਤੇ ਲੇਵੇ ਦੀ ਸੋਜ ਦੇਖੋ ਤਾਂ ਫੋਰਨ ਇਸ ਦੇ ਇਲਾਜ ਲਈ ਮਾਹਿਰ ਪਸ਼ੂਆਂ ਦੇ ਡਾਕਟਰ ਦੀ ਸਲਾਹ ਲਓ। ਕੋਈ ਵੀ ਦੇਸੀ ਇਲਾਜ ਨਾ ਕਰੋ। ਇਨ੍ਹਾਂ ਕਰਕੇ ਜਿੰਨਾ ਕੀਮਤੀ ਸਮਾਂ ਬਰਬਾਦ ਕਰਦੇ ਜਾਉਗੇ, ਉਨਾ ਹੀ ਤੁਹਾਡਾ ਆਰਥਿਕ ਨੁਕਸਾਨ ਵਧਦਾ ਜਾਏਗਾ। ਇਸ ਲਈ ਪਸ਼ੂਆਂ ਨੂੰ ਲੇਵੇ ਦੀ ਸੋਜ ਤੋਂ ਬਚਾਓ ਅਤੇ ਵਧੇਰੇ ਮੁਨਾਫ਼ਾ ਕਮਾਓ।
*ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ (ਨਵਾਂ ਸ਼ਹਿਰ)
ਸੰਪਰਕ: 98161-89066


Comments Off on ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ ਦੀ ਸਮੱਸਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.