ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਨੋਟਬੰਦੀ ਦੀ ਮਾਰ ਵਿੱਚ ਬੌਲੀਵੁੱਡ ਦਾ ਜੁਗਾੜ

Posted On December - 24 - 2016

ਸੁਰਿੰਦਰ ਮੱਲ੍ਹੀ

ਫ਼ਿਲਮ ‘ਬੇਫ਼ਿਕਰੇ’ ਦੇ ਇੱਕ ਦ੍ਰਿਸ਼ ਵਿੱਚ ਰਣਵੀਰ ਸਿੰਘ ਤੇ ਵਾਣੀ ਕਪੂਰ

ਫ਼ਿਲਮ ‘ਬੇਫ਼ਿਕਰੇ’ ਦੇ ਇੱਕ ਦ੍ਰਿਸ਼ ਵਿੱਚ ਰਣਵੀਰ ਸਿੰਘ ਤੇ ਵਾਣੀ ਕਪੂਰ

ਬੌਲੀਵੁੱਡ ਦਾ ਪੈਸੇ ਨਾਲ ਬੜਾ ਦਿਲਚਸਪ ਸਬੰਧ ਸ਼ੁਰੂ ਤੋਂ ਹੀ ਰਿਹਾ ਹੈ। ਦਰਅਸਲ, ਮੁੰਬਈਆ ਸਨਅਤ ਦਾ ਆਧਾਰ ਹੀ ਇਹ ਸੀ ਕਿ ਮੁੰਬਈ ਦੇ ਕੁਝ ਧਨਾਢ ਲੋਕ ਫ਼ਿਲਮਾਂ ਲਈ ਪੈਸਾ ਲਗਾਉਣ ਲਈ ਤਿਆਰ ਹੋ ਗਏ ਸਨ, ਜਦੋਂ ਕਿ ਦੇਸ਼ ਦੇ ਬਾਕੀ ਭਾਗਾਂ ਵਿੱਚ ਇਸ ਪੇਸ਼ੇ ਨੂੰ ਅਨੈਤਿਕ ਸਮਝਿਆ ਜਾਂਦਾ ਸੀ। ਦਾਦਾ ਸਾਹਿਬ ਫ਼ਾਲਕੇ ਨੂੰ ਇਸ ਮਜਬੂਰੀ ਕਰਕੇ ਹੀ ਨਾਸਿਕ ਤੋਂ ਮੁੰਬਈ ਆਉਣਾ ਪਿਆ ਸੀ।
ਦਿਲਚਸਪ ਗੱਲ ਇਹ ਵੀ ਹੈ ਕਿ ਇੱਕ ਪਾਸੇ ਤਾਂ ਕਾਲਾ ਧਨ ਹਿੰਦੀ ਸਿਨਮਾ ਜਗਤ ਲਈ ਆਧਾਰ ਸ਼ਿਲਾ ਬਣਿਆ ਤਾਂ ਦੂਜੇ ਪਾਸੇ ਇਸ ਰਾਸ਼ਟਰੀ ਸਿਨਮਾ ਨੇ ਆਪਣੀਆਂ ਫ਼ਿਲਮਾਂ ਦੇ ਆਰੰਭ ਵਿੱਚ ਪੈਸੇ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਇਆ ਸੀ। ‘ਨਯਾ ਦੌਰ’ ਅਤੇ ‘ਪੈਗ਼ਾਮ’ ਵਰਗੀਆਂ ਫ਼ਿਲਮਾਂ ਵਿੱਚ ਪੂੰਜੀਪਤੀਆਂ ਨੂੰ ਸੰਵੇਦਨਹੀਣ ਅਤੇ ਕਠੋਰ ਪ੍ਰਵਿਰਤੀ ਦੇ ਦਿਖਾਇਆ ਗਿਆ ਸੀ, ਜਦੋਂ ਕਿ ਸਾਧਾਰਨ ਵਿਅਕਤੀ ਨੂੰ ਸਵੱਛ ਭਾਵਨਾ ਦਾ ਸੋਮਾ ਦੱਸਿਆ ਗਿਆ ਸੀ।

‘ਦੰਗਲ’ ਫ਼ਿਲਮ ਦਾ ਇੱਕ ਦਿ੍ਸ਼।

‘ਦੰਗਲ’ ਫ਼ਿਲਮ ਦਾ ਇੱਕ ਦਿ੍ਸ਼।

ਅਨੇਕਾਂ ਹੀ ਫ਼ਿਲਮਾਂ ਵਿੱਚ ਅਮੀਰੀ ਨੂੰ ਭੰਡਿਆ ਗਿਆ ਅਤੇ ਗ਼ਰੀਬੀ ਦੇ ਸੋਹਲੇ ਗਾਏ ਗਏ ਸਨ। ‘ਅਸਲੀ ਨਕਲੀ’ , ‘ਦੋ ਬਦਨ’ ਅਤੇ ‘ਸਸੁਰਾਲ’ ਵਰਗੀਆਂ ਫ਼ਿਲਮਾਂ ਦੇ ਮਾਧਿਅਮ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪਿਆਰ ਦੇ ਅੱਗੇ ਪੈਸੇ ਦੀ ਕੋਈ ਮਹੱਤਤਾ ਨਹੀਂ। ਕਾਰਨ? ਗ਼ਰੀਬ ਵਿਅਕਤੀ ਦਾ ਦਿਲ ਅਮੀਰ ਹੁੰਦਾ ਹੈ, ਜਦੋਂ ਕਿ ਅਮੀਰ ਆਦਮੀ ਦਾ ਦਿਲ, ਜ਼ਾਲਮ ਪ੍ਰਵਿਰਤੀ ਦਾ ਬਣਿਆ ਹੋਇਆ ਹੁੰਦਾ ਹੈ। ਬਹੁਤ ਸਾਰੇ ਗੀਤਾਂ ਵਿੱਚ ਵੀ ਇਸ ਅਮੀਰੀ-ਗ਼ਰੀਬੀ ਦੇ ਫ਼ਾਸਲੇ ਦਾ ਚਿਤਰਣ ਕੀਤਾ ਗਿਆ। ਰਾਜ ਕਪੂਰ ਦੀਆਂ ‘ਜਾਗਤੇ ਰਹੋ’ ਵਰਗੀਆਂ ਫ਼ਿਲਮਾਂ ਵਿੱਚ ਸਿੱਧਾ ਅਮੀਰ ਲੋਕਾਂ ’ਤੇ ਵਿਅੰਗ ਵੀ ਕੀਤਾ ਗਿਆ ਸੀ। ਪਰ ਸਾਡਾ ਅਸਲੀ ਮੁੱਦਾ ਪੈਸੇ ਅਤੇ ਬੌਲੀਵੁੱਡ ਦੇ ਸਿਧਾਂਤਾਂ ਦਾ ਮੁਲਾਂਕਣ ਕਰਨਾ ਹਰਗ਼ਿਜ਼ ਨਹੀਂ ਹੈ, ਬਲਕਿ ਇਹ ਸਿੱਧ ਕਰਨਾ ਹੈ ਕਿ ਇਨ੍ਹਾਂ ਦੋਹਾਂ ਦੇ ਦਰਮਿਆਨ ਵਿਡੰਬਨਾ ਸਦਾ ਹੀ ਰਹੀ ਹੈ। ਕਹਿਣ ਦਾ ਭਾਵ ਕਿ ਬੌਲੀਵੁੱਡ ਵਿੱਚ ਪਦਾਰਥਵਾਦੀ ਪ੍ਰਵਿਰਤੀਆਂ ਤੋਂ ਲਾਭ ਉਠਾ ਕੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਰਗਰਮ ਰੱਖਣ ਦੀ ਯੋਗਤਾ ਹੈ। ਸਪੱਸ਼ਟ ਹੈ ਕਿ ਇਸ ਝੁਕਾਅ ਦਾ ਕੋਈ ਤਰਕ ਪੂਰਨ ਆਧਾਰ ਨਹੀਂ ਹੁੰਦਾ ਹੈ। ਮੌਕਾਪ੍ਰਸਤੀ ਵਧੇਰੇ ਹੁੰਦੀ ਹੈ।

‘ਡੀਅਰ ਜ਼ਿੰਦਗੀ’ ਫ਼ਿਲਮ ਦਾ ਦਿ੍ਸ਼।

‘ਡੀਅਰ ਜ਼ਿੰਦਗੀ’ ਫ਼ਿਲਮ ਦਾ ਦਿ੍ਸ਼।

ਮੌਜੂਦਾ ਸਮੇਂ ਵਿੱਚ ਨੋਟਬੰਦੀ ਕਰਕੇ ਆਮ ਆਦਮੀ ਭਾਵੇਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਪਰ ਬੌਲੀਵੁੱਡ ਨੇ ਆਪਣਾ ਜੁਗਾੜ ਫਿਰ ਵੀ ਲੱਭ ਲਿਆ ਹੈ। ਇੱਥੇ ਇਹ ਵੀ ਕਹਿਣਾ ਅਨੁਚਿਤ ਹੋਵੇਗਾ ਕਿ ਨੋਟਬੰਦੀ ਦਾ ਫ਼ਿਲਮ ਜਗਤ ’ਤੇ ਕੋਈ ਅਸਰ ਨਹੀਂ ਹੈ। ਸੱਚਾਈ ਤਾਂ ਇਹ ਹੈ ਕਿ ਆਮ ਆਦਮੀ ਦੀ ਤਰ੍ਹਾਂ ਬੌਲੀਵੁੱਡ ਦੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ‘ਰੌਕ ਆਨ-2’ ਅਤੇ ‘ਫੋਰਸ-2’ ਦਾ ਬਾਕਸ ਆਫ਼ਿਸ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਦਰਸ਼ਕਾਂ ਕੋਲ ਪੈਸੇ ਦੀ ਕਮੀ ਹੈ। ਉਨ੍ਹਾਂ ਲਈ ਤਾਂ ਰੋਟੀ-ਪਾਣੀ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਸਿਨਮਾ ਕਿਉਂਕਿ ਮਨੋਰੰਜਨ ਪ੍ਰਧਾਨ ਕਲਾ ਹੈ, ਇਸ ਲਈ ਉਹ ਇਸ ਤੋਂ ਦੂਰੀ ਬਣਾ ਸਕਦੇ ਹਨ।
ਇਹ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਪੈਸੇ ਦੀ ਤੰਗੀ ਕਰਕੇ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਫ਼ਿਲਮਸਾਜ਼ਾਂ ਨੂੰ ਵੀ ਬਹੁਤ ਸਾਰਾ ਲੈਣ-ਦੇਣ ਰੋਜ਼ਾਨਾ ਖ਼ਰਚੇ ਕਰਨ ਦੇ ਅਨੁਸਾਰ ਹੀ ਕਰਨਾ ਪੈਂਦਾ ਹੈ। ਰੋਜ਼ਾਨਾ ਦਿਹਾੜੀ ਲੈਣ ਵਾਲਿਆਂ ਵਿੱਚ ਐਕਸਟਰਾ ਪ੍ਰਮੁੱਖ ਤੌਰ ’ਤੇ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਗੀਤਾਂ ਦੀ ਰਿਕਾਰਡਿੰਗ ਅਤੇ ਸੈੱਟ ਲਗਾਉਣ ਵੇਲੇ ਖ਼ਰਚੇ ਵੀ ਤਤਕਾਲ ਰੂਪ ਵਿੱਚ ਦੇਣੇ ਹੁੰਦੇ ਹਨ। ਪੈਸੇ ਦੀ ਕਮੀ ਆਉਣ ਨਾਲ ਇਹ ਸਾਰੀਆਂ ਨਿਰਮਾਣ ਪ੍ਰਕਿਰਿਆਵਾਂ ਰੁਕ ਜਾਂਦੀਆਂ ਹਨ।

ਫ਼ਿਲਮ ‘ਰੌਕ ਆਨ-2’ ਦੇ ਪ੍ਰਚਾਰ ਦੌਰਾਨ ਫ਼ਰਹਾਨ ਅਖ਼ਤਰ ਤੇ ਸ਼ਰਧਾ ਕਪੂਰ।

ਫ਼ਿਲਮ ‘ਰੌਕ ਆਨ-2’ ਦੇ ਪ੍ਰਚਾਰ ਦੌਰਾਨ ਫ਼ਰਹਾਨ ਅਖ਼ਤਰ ਤੇ ਸ਼ਰਧਾ ਕਪੂਰ।

ਸਥਿਤੀ ਤਾਂ ਇਹ ਵੀ ਹੈ ਕਿ ਬਹੁਤ ਸਾਰੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਵੀ ਅੱਗੇ ਪਾ ਦਿੱਤਾ ਗਿਆ ਹੈ। ਪ੍ਰਿਅੰਕਾ ਚੋਪੜਾ ਦੀ ਪੰਜਾਬੀ ਫ਼ਿਲਮ ‘ਸਰਵਣ’ ਪਹਿਲਾਂ 9 ਦਸੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਨੋਟਬੰਦੀ ਕਰ ਕੇ ਇਸ ਦੀ ਰਿਲੀਜ਼ ਦੀ ਮਿਤੀ 13 ਜਨਵਰੀ ਨਿਰਧਾਰਤ ਕੀਤੀ ਗਈ ਸੀ। ਇਸੇ ਤਰ੍ਹਾਂ ਹੀ ‘ਵਜਹਾ ਤੁਮ ਹੋ’ ਨੂੰ 2 ਦਸੰਬਰ ਨੂੰ ਪ੍ਰਦਰਸ਼ਿਤ ਕਰਨਾ ਸੀ, ਪਰ ਇਸ ਦੀ ਰਿਲੀਜ਼ ਵੀ ਕੁਝ ਹਫ਼ਤੇ ਅੱਗੇ ਪਾ ਦਿੱਤੀ ਸੀ। ਹਿਤੇਨ ਪਟੇਲ ਦੀ ‘30 ਮਿਨਟਸ’ ਵੀ ਇਸੇ ਕਸ਼ਮਕਸ਼ ਵਿੱਚ ਲੰਘ ਰਹੀ ਹੈ। ਪਾਈਪ ਲਾਈਨ ਵਿੱਚ ਹੋਰ ਵੀ ਕਈ ਫ਼ਿਲਮਾਂ ਹਨ।
ਨੋਟਬੰਦੀ ਦਾ ਸਭ ਤੋਂ ਬੁਰਾ ਪ੍ਰਭਾਵ ਤਾਂ ਸਿੰਗਲ ਸਕਰੀਨ ਸਿਨਮਾ ਘਰਾਂ ’ਤੇ ਹੀ ਪਿਆ ਹੈ। ਕਾਰਨ ਇਹ ਹੈ ਕਿ ਇਸ ਸ਼੍ਰੇਣੀ ਦੇ ਦਰਸ਼ਕਾਂ ਕੋਲ ਡੈਬਿਟ ਕਾਰਡ ਜਾਂ ਪੀਟੀਐੱਮ ਦੀ ਸਹੂਲਤ ਨਹੀਂ ਹੁੰਦੀ, ਜਿਸ ਦੇ ਆਧਾਰ ’ਤੇ ਉਹ ਨੈੱਟ ਰਾਹੀਂ ਆਪਣੀਆਂ ਟਿਕਟਾਂ ਖ਼ਰੀਦ ਸਕਣ। ਸਿੰਗਲ ਸਕਰੀਨ ਦੇ ਦਰਸ਼ਕ ਸਿਰਫ਼ ਆਪਣੀ ਜੇਬ   ਵਿੱਚੋਂ ਪੈਸੇ ਖ਼ਰਚ ਕੇ ਹੀ ਸਿਨਮਾ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹਨ।
‘ਫੋਰਸ-2’ ਵਰਗੀ 49 ਕਰੋੜ ਨਾਲ ਬਣੀ ਫ਼ਿਲਮ ਸਿਰਫ਼ 52 ਕਰੋੜ ਹੀ ਕਮਾ ਸਕੀ ਸੀ ਕਿਉਂਕਿ ਇਸ ਦੇ ਬਹੁਤੇ ਪ੍ਰਿੰਟ ਸਿੰਗਲ ਸਕਰੀਨ ’ਤੇ ਪੇਸ਼ ਕੀਤੇ ਗਏ ਸਨ। ‘ਰੌਕ ਆਨ-2’ ਦਾ ਵੀ ਇਸੇ ਕਰ ਕੇ ਬੁਰਾ ਹਾਲ ਹੋਇਆ ਸੀ। ਸਥਿਤੀ ਤਾਂ ਇਹ ਵੀ ਹੈ ਕਿ ਦਰਸ਼ਕ ਸਿੰਗਲ ਸਕਰੀਨ ਵੱਲ ਮੂੰਹ ਨਹੀਂ ਕਰ ਰਹੇ। ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚੋਂ ਇਸ ਸ਼੍ਰੇਣੀ ਦੇ ਸਿਨਮਾ ਘਰ ਤਾਂ ਬੰਦ ਹੀ ਹੋ ਰਹੇ ਹਨ। ਦਿੱਲੀ ਵਿੱਚ ਲਗਭਗ 12 ਸਿਨਮਾ ਘਰ ਅਜਿਹੇ ਹਨ ਜਿਹੜੇ ਮੰਦੀ ਦੀ ਮਾਰ ਕਾਰਨ ਬੰਦ ਹੋਣ ਕਿਨਾਰੇ ਹਨ। ਕੋਲਕਾਤਾ ਵਿੱਚ ਸਿੰਗਲ ਸਕਰੀਨ ਪਹਿਲਾਂ ਹੀ ਗਾਇਬ ਹੋ ਗਏ ਸਨ ਅਤੇ ਜਿਹੜੇ 10-12 ਹੁਣ ਮੌਜੂਦ ਹਨ, ਉਨ੍ਹਾਂ ਵਿੱਚ ਵੀ ਵੀਰਾਨੀ ਛਾਈ ਹੋਈ ਹੈ। ਮੁੰਬਈ ਦਾ ਮਰਾਠਾ ਮੰਦਿਰ ਕਦੇ ਫ਼ਿਲਮ ਜਗਤ ਦੀ ਰੀੜ੍ਹ ਦੀ ਹੱਡੀ ਹੁੰਦਾ ਸੀ। ਯਸ਼ ਚੋਪੜਾ ਦੀ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅਤੇ  ਕੇ ਆਸਿਫ਼ ਦੀ ‘ਮੁਗ਼ਲੇ ਆਜ਼ਮ’ ਵਰਗੀਆਂ ਯਾਦਗਾਰੀ ਫ਼ਿਲਮਾਂ ਨੇ ਇਸੇ ਸਿਨਮਾ ਘਰ ਵਿੱਚ ਇਤਿਹਾਸ ਰਚਿਆ ਸੀ। ਵਰਤਮਾਨ ਸਮੇਂ ਮਰਾਠਾ ਮੰਦਿਰ ਵੀ ਇੱਕ-ਅੱਧ ਸ਼ੋਅ ਕਰਨ ਤਕ ਸੀਮਿਤ ਰਹਿ ਗਿਆ ਹੈ। ਕੁਝ ਸਮਾਂ ਪਹਿਲਾਂ ਇੱਥੇ ਰਾਤ ਦਾ ਸ਼ੋਅ ਰੱਦ ਕਰਨਾ ਪਿਆ ਸੀ ਕਿਉਂਕਿ ਕੋਈ ਦਰਸ਼ਕ ਹੀ ਨਹੀਂ ਸੀ।

‘ਫੋਰਸ-2’ ਫ਼ਿਲਮ ਦੇ ਦਿ੍ਰਸ਼ ਵਿੱਚ ਜੌਹਨ ਅਬਰਾਹਮ।

‘ਫੋਰਸ-2’ ਫ਼ਿਲਮ ਦੇ ਦਿ੍ਰਸ਼ ਵਿੱਚ ਜੌਹਨ ਅਬਰਾਹਮ।

ਨੋਟਬੰਦੀ ਦੀ ਮਾਰ ਦੇ ਬਾਵਜੂਦ ਬੌਲੀਵੁੱਡ ਨੇ ਆਪਣਾ ਜੁਗਾੜ ਕਰ ਲਿਆ ਹੈ। ਇਸ ਜੁਗਾੜ ਦੀ ਖੋਜ ਸ਼ਾਹਰੁਖ਼ ਖ਼ਾਨ ਦੀ ‘ਰੈੱਡ ਚਿੱਲੀਜ਼ ਐਂਟਰਟੇਨਮੈਂਟ ਨੇ ਕੀਤੀ ਹੈ। ਫ਼ਿਲਮਸਾਜ਼ਾਂ ਦੀ ਇਸ ਵਿਵਸਥਾ ਅਨੁਸਾਰ ਹੁਣ ਉਹ ਸਿੰਗਲ ਸਕਰੀਨ ਦੀ ਥਾਂ ਮਲਟੀਪਲੈਕਸ ਵਿੱਚ ਆਪਣੀਆਂ ਫ਼ਿਲਮਾਂ ਦੇ ਜ਼ਿਆਦਾ ਪ੍ਰਿੰਟ ਪ੍ਰਦਰਸ਼ਿਤ ਕਰਨਗੇ। ਇਸ ਨਾਲ ਉਨ੍ਹਾਂ ਨੂੰ ਵਧੇਰੇ ਪ੍ਰਿੰਟਾਂ (ਸਿੰਗਲ ਸਕਰੀਨ ਲਈ) ਦਾ ਖ਼ਰਚਾ ਨਹੀਂ ਕਰਨਾ ਪਏਗਾ। ਦੂਜੇ ਪਾਸੇ ਮਲਟੀਪਲੈਕਸਾਂ ਵਿੱਚ ਆਨਲਾਈਨ ਟਿਕਟਾਂ ਵਿਕਣ ਨਾਲ ਉਨ੍ਹਾਂ ਨੂੰ ਲਾਭ ਹੋਏਗਾ ਕਿਉਂਕਿ ਆਮ ਤੌਰ ’ਤੇ ਇਹ ਟਿਕਟਾਂ ਮਹਿੰਗੀਆਂ ਹੀ ਹੁੰਦੀਆਂ ਹਨ।
ਫ਼ਿਲਮਸਾਜ਼ਾਂ ਦੀ ਇਸ ਵਿਉਂਤ ਸਦਕਾ ‘ਡੀਅਰ ਜ਼ਿੰਦਗੀ’ ਨੂੰ ਇਸ ਮੰਦੀ ਵਿੱਚ ਵੀ ਭਰਪੂਰ ਲਾਭ ਮਿਲਿਆ ਹੈ। 25 ਕਰੋੜ ਦੀ ਲਾਗਤ ਨਾਲ ਬਣਾਈ ਗਈ ਇਹ ਫ਼ਿਲਮ ਹੁਣ ਤਕ 50 ਕਰੋੜ ਦੀ ਕਮਾਈ ਕਰ ਚੁੱਕੀ ਹੈ। ਸਪੱਸ਼ਟ ਹੈ ਕਿ ਇਸ ਕਿਰਤ ਨੇ ਦੁੱਗਣਾ ਲਾਭ ਕਮਾਇਆ ਹੈ। ਇਸ ਨੁਕਤੇ ਨੂੰ ਪ੍ਰਮੁੱਖ ਰੱਖ ਕੇ ਹੀ ਅਦਿੱਤਿਆ ਚੋਪੜਾ ਨੇ ਵੀ ‘ਬੇਫ਼ਿਕਰੇ’ ਦੇ ਪ੍ਰਿੰਟ ਸਿੰਗਲ ਸਕਰੀਨ ਤੋਂ ਘੱਟ ਕਰਕੇ ਮਲਟੀਪਲੈਕਸਾਂ ਲਈ ਵਧਾ ਦਿੱਤੇ ਹਨ। ਅਜਿਹਾ ਹੀ ਉਪਰਾਲਾ ‘ਦੰਗਲ’ ਦੇ ਫ਼ਿਲਮਸਾਜ਼ ਵੀ ਕਰ ਰਹੇ ਹਨ। ਇਸ ਫ਼ਿਲਮ ਦੇ ਨਿਰਮਾਤਾਵਾਂ ਦਾ ਯਕੀਨ ਸੀ ਕਿ ‘ਦੰਗਲ’ 400 ਤੋਂ 500 ਕਰੋੜ ਤਕ ਦਾ ਵਪਾਰ ਕਰੇਗੀ, ਪਰ ਉਨ੍ਹਾਂ ਦੀਆਂ ਨਜ਼ਰਾਂ ਮਲਟੀਪਲੈਕਸਾਂ ਵੱਲ ਲੱਗੀਆਂ ਹੋਈਆਂ ਹਨ।
ਖ਼ੈਰ ਸਥਿਤੀ ਕੁਝ ਵੀ ਹੋਵੇ, ਇਹ ਤਾਂ ਸਿੱਧ ਹੋ ਹੀ ਜਾਂਦਾ ਹੈ ਕਿ ਪੈਸਾ ਬੌਲੀਵੁੱਡ ਦੀ ਅਸਲੀ ਜਾਨ ਹੈ। ਇਸ ਲਈ ਬੌਲੀਵੁੱਡ ਮਾਇਕ ਸਥਿਤੀ ਸੁਖਾਵੀਂ ਬਣਾਈ ਰੱਖਣ ਲਈ ਵਿਭਿੰਨ ਵਿਡੰਬਨਾਵਾਂ ਨੂੰ ਵੀ ਸਵੀਕਾਰ ਕਰਦਾ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਜੁਗਾੜ ਵੀ ਲੱਭ ਹੀ ਲੈਂਦਾ ਰਿਹਾ ਹੈ। ਲਿਹਾਜ਼ਾ ਨੋਟਬੰਦੀ ਭਾਵੇਂ ਆਮ ਵਿਅਕਤੀ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਵੇ, ਪਰ ਬੌਲੀਵੁੱਡ ਨੇ ਆਪਣਾ ਸੁਰੱਖਿਅਤ ਸਾਧਨ ਤਲਾਸ਼ ਕਰ ਹੀ ਲਿਆ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਇਸ ਬਦਲਾਅ ਕਰਕੇ ਪਰੰਪਰਾਵਾਦੀ ਸਿੰਗਲ ਸਕਰੀਨ ਨੂੰ ਕਾਫ਼ੀ ਧੱਕਾ ਲੱਗਾ ਹੈ।

ਸੰਪਰਕ: 99154-93043


Comments Off on ਨੋਟਬੰਦੀ ਦੀ ਮਾਰ ਵਿੱਚ ਬੌਲੀਵੁੱਡ ਦਾ ਜੁਗਾੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.