ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਨਵਾਂ ਹੱਲ

Posted On December - 16 - 2016

11612CD _DSC_5223ਡਾ. ਬਲਵਿੰਦਰ ਸਿੰਘ ਸਿੱਧੂ*

ਆਜ਼ਾਦੀ ਤੋਂ ਬਾਅਦ ਦੇਸ਼ ਸਾਹਮਣੇ ਖ਼ੁਰਾਕ ਸਮੱਸਿਆ ਦੇ ਹੱਲ ਲਈ ਅਨਾਜ ਦਾ ਉਤਪਾਦਨ ਵਧਾਉਣਾ ਵੱਡੀ ਚੁਣੌਤੀ ਸੀ। ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਕਾਸ਼ਤ ਹੇਠ ਰਕਬਾ ਪਿਛਲੇ ਪੰਜਾਹ ਸਾਲਾ ਦੌਰਾਨ ਲਗਾਤਾਰ ਵਧਿਆ ਹੈ। ਸਾਉਣੀ 2016 ਦੌਰਾਨ ਝੋਨੇ ਦੀ ਫ਼ਸਲ ਹੇਠ ਰਿਕਾਰਡ 30.10 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਜਿਸ ਤੋਂ 200 ਲੱਖ ਟਨ ਤੋਂ ਵੱਧ ਪਰਾਲੀ ਉਤਪੰਨ ਹੋਈ।  ਬਾਸਮਤੀ ਨੂੰ ਛੱਡ ਕੇ ਬਾਕੀ ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਇਸ ਕਰਕੇ ਬਹੁਤ ਵੱਡੀ ਮਾਤਰਾ ਵਿੱਚ ਪਰਾਲੀ ਖੇਤਾਂ ਵਿੱਚ ਹੀ ਰਹਿ ਜਾਂਦੀ ਹੈ ਕਿਉਂਕਿ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਰਹਿ ਜਾਂਦਾ ਹੈ। ਇਸ ਲਈ ਉਨ੍ਹਾਂ ਵੱਲੋਂ ਅਗਲੀ ਫ਼ਸਲ ਦੀ ਬਿਜਾਈ ਸਮੇਂ-ਸਿਰ ਕਰਨ ਲਈ ਝੋਨੇ ਦੀ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ।   ਅਨੁਮਾਨ ਹੈ ਕਿ ਇੱਕ ਟਨ ਪਰਾਲੀ ਦੇ ਜਲਾਉਣ ਨਾਲ ਆਰਗੈਨਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਦਾ ਨੁਕਸਾਨ ਹੁੰਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਾਲ ਧਰਤੀ ਦੀ ਨਮੀਂ, ਫ਼ਾਇਦੇਮੰਦ ਕੀਟਾਣੂਆਂ ਅਤੇ ਮਿੱਟੀ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਦਾ ਹੈ,  ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਮਨੁੱਖੀ ਸਾਹ ਸਬੰਧੀ ਬਿਮਾਰੀਆਂ ਵਧਦੀਆਂ ਹਨ, ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਂਦੀਆਂ ਹਨ। ਪਰਾਲੀ ਦੀ ਸਮੱਸਿਆ ਨਾਲ ਨਜਿੱਠਣਾ ਇਸ ਮੌਕੇ ਵੱਡੀ ਸਮੱਸਿਆ ਬਣੀ ਹੋਈ ਹੈ।
11612CD _DSC_5186ਹਾਲਾਂਕਿ ਪਰਾਲੀ ਨੂੰ  ਬਾਲਣ ਦੇ ਰੂਪ ਵਿੱਚ ਇਸਤੇਮਾਲ ਕਰਕੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ।  ਇਸ ਦੇ ਨਾਲ ਨਾਲ ਪਰਾਲੀ ਦੇ ਬਰਿੱਕਟਸ ਅਤੇ ਪੈਲਟਸ ਬਣਾ ਕੇ ਇਸ ਦੀ ਬਾਲਣ ਵੱਜੋਂ ਵਰਤੋਂ ਵੀ ਪ੍ਰਚੱਲਿਤ ਹੋ ਰਹੀ ਹੈ।   ਰਾਜ ਵਿੱਚ ਗੱਤਾ ਬਣਾਉਣ ਵਾਲੇ ਉਦਯੋਗਾਂ ਵੱਲੋਂ ਵੀ ਤਕਰੀਬਨ ਇੱਕ ਲੱਖ ਟਨ ਪਰਾਲੀ ਦਾ ਸਾਲਾਨਾ ਇਸਤੇਮਾਲ ਕੀਤਾ ਜਾਂਦਾ ਹੈ। ਥਰਮੋਕੋਲ ਅਤੇ ਪਲਾਸਟਿਕ ਦੀ ਪੈਕਿੰਗ ਸਮੱਗਰੀ ਦੀ ਜਗ੍ਹਾ ’ਤੇ ਵੀ ਪਰਾਲੀ ਤੋਂ ਬਣੀ ਸਮੱਗਰੀ ਨੂੰ ਵਰਤਿਆ ਜਾ ਸਕਦਾ ਹੈ। ਪਰਾਲੀ ਦੀ ਵਰਤੋਂ ਇਥੇਨੋਲ ਦੇ ਉਤਪਾਦਨ ਲਈ ਕੱਚੇ ਮਾਲ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ।  ਪਰਾਲੀ ਤੋਂ ਬਾਇਓਗੈਸ ਬਣਾਉਣ ਲਈ ਵੀ ਤਕਨੀਕ ਵਿਕਸਿਤ ਹੋ ਚੁੱਕੀ ਹੈ। ਇਸ ਗੈਸ ਨੂੰ ਰਸੋਈ ਵਿੱਚ ਘਰੇਲੂ ਕੰਮ ਲਈ ਅਤੇ ਖੇਤਾਂ ਵਿੱਚ ਲਿਸਟਰ ਇੰਜਣਾਂ ਵਿੱਚ ਡੀਜ਼ਲ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਪਰਾਲੀ ਨੂੰ ਇਕੱਠਾ ਕਰਨ ਲਈ ‘ਰੇਕਸ’ ਅਤੇ ਗੰਢਾਂ ਬਣਾਉਣ ਲਈ ‘ਬੇਲਰ’ ਦੀ ਵਰਤੋਂ ਕੀਤੀ ਜਾਂਦੀ ਹੈ।  ਕਣਕ ਦੀ ਬਿਜਾਈ ਲਈ ਸਮੇਂ ਦੀ ਘਾਟ ਹੋਣ ਕਰਕੇ ਕੁਝ ਹੱਦ ਤਕ ਹੀ ਪਰਾਲੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ ਪਰ ਕਿਸਾਨ ਮਸ਼ੀਨਰੀ ਮਹਿੰਗੀ ਹੋਣ ਕਰਕੇ ਇਸ ਵਿਧੀ ਨੂੰ ਅਪਣਾਉਣ ਤੋਂ ਗ਼ੁਰੇਜ਼ ਕਰਦੇ ਹਨ।  ਉਹ ਪਰਾਲੀ ਨੂੰ ਅੱਗ ਲਗਾਉਣਾ ਆਪਣੀ ਮਜਬੂਰੀ ਸਮਝਦੇ ਹਨ ਕਿਉਂਕਿ ਹਾਲੇ ਤਕ ਉਨ੍ਹਾਂ ਨੂੰ  ਪਰਾਲੀ ਨੂੰ ਸੰਭਾਲਣ ਦਾ ਕੋਈ ਤੇਜ਼ ਤੇ ਸਾਰਥਕ ਹੱਲ ਨਹੀਂ ਮਿਲ ਰਿਹਾ ਜਿਸ ਸਦਕਾ ਉਹ ਪਰਾਲੀ ਨੂੰ ਆਪਣੇ ਖੇਤਾਂ ਵਿੱਚ ਸੰਭਾਲ ਸਕਣ।
ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਲਈ ਕਟਰ ਚੌਪਰ ਕਮ ਸਪਰੈੱਡਰ ਮਸ਼ੀਨ ਦੀ ਵਰਤੋਂ ਉਤਸ਼ਾਹਿਤ ਕੀਤੀ ਜਾ ਰਹੀ ਹੈ ਜੋ ਕਿ ਪਰਾਲੀ ਦੇ ਕੁਤਰੇ ਕਰਕੇ ਇਸ ਨੂੰ ਖੇਤਾਂ ਵਿੱਚ ਖਿਲਾਰਦੀ ਹੈ। ਪਰ ਇਹ ਮਸ਼ੀਨ ਕੰਬਾਈਨ ਤੋਂ ਬਾਅਦ ਫਿਰ ਚਲਾਉਣੀ ਪੈਂਦੀ ਹੈ। ਇਸ ਦੇ ਚਲਾਉਣ ਉੱਪਰ ਤਕਰੀਬਨ 1500 ਰੁਪਏ ਪ੍ਰਤੀ ਏਕੜ ਖ਼ਰਚ ਆਉਂਦਾ ਹੈ ਤੇ ਕੰਮ ਵੀ ਵਧ ਜਾਂਦਾ ਹੈ ਅਤੇ ਸਮਾਂ ਵੀ ਲਗਦਾ ਹੈ।  ਇਸ ਮਸ਼ੀਨ ਦੀ ਕੀਮਤ ਤਕਰੀਬਨ ਦੋ ਲੱਖ ਰੁਪਏ ਹੈ।
ਹੈਪੀ ਸੀਡਰ ਜੋ ਕਿ ਝੋਨੇ ਦੇ ਨਾੜ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਲਈ ਬਣਾਇਆ ਗਿਆ ਹੈ, ਵੀ ਇੱਕ ਢੁੱਕਵਾਂ ਹੱਲ ਹੈ। ਪਰ ਇਸ ਦੀ ਵਰਤੋਂ ਲਈ ਕੰਬਾਈਨ ਨਾਲ ਕਟਾਈ ਕਰਨ ਤੋਂ ਬਾਅਦ ਪਰਾਲੀ ਦੇ ਉਪਰਲੇ ਨਾੜ ਨੂੰ ਇੱਕਸਾਰ ਖੇਤਾਂ ਵਿੱਚ ਖਿਲਾਰਨ ਵਾਸਤੇ ਲੇਬਰ ਦੀ ਲੋੜ ਦੇ ਕਾਰਨ ਇਸ ਨੂੰ ਕਿਸਾਨਾ ਵੱਲੋਂ ਹੁੰਗਾਰਾ ਨਹੀਂ ਮਿਲਿਆ।  ਪੀਏਯੂ ਦੇ ਸਾਇੰਸਦਾਨਾਂ ਵੱਲੋਂ 2006 ਵਿੱਚ ਇੱਕ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਤਿਆਰ ਕੀਤਾ ਗਿਆ ਸੀ। ਇਸ ਨੂੰ ਕੰਬਾਈਨ ਹਾਰਵੈਸਟਰ ਦੇ ਨਾਲ ਫਿੱਟ ਕਰਕੇ ਪਰਾਲੀ ਨੂੰ ਖੇਤ ਵਿੱਚ ਇੱਕਸਾਰ ਖਿਲਾਰਿਆ ਜਾ ਸਕਦਾ ਹੈ।  ਪਰ ਹੁਣ ਇਸ ਸਿਸਟਮ ਵਿੱਚ ਕੁਝ ਤਬਦੀਲੀਆਂ ਕਰਨ ਉਪਰੰਤ ਸੁਪਰ ਐਸ.ਐਮ.ਐਸ. ਤਕਨੀਕ ਇਜ਼ਾਦ ਕੀਤੀ ਹੈ। ਇਸ ਨਾਲ ਖੇਤਾਂ ਵਿੱਚ ਪਰਾਲੀ ਕੁਤਰਾ ਕਰਕੇ ਇੱਕ ਸਾਰ ਖਿਲਾਰੀ ਜਾ ਸਕਦੀ ਹੈ।  ਇਸ ਸਿਸਟਮ ਦੀ ਬਾਜ਼ਾਰ ਵਿੱਚ ਗੁਰਦੀਪ ਕੰਬਾਈਨਜ਼ ਨਾਭਾ ਵੱਲੋਂ ਮਸ਼ੀਨਾਂ ’ਤੇ ਫਿਟਿੰਗ ਕੀਤੀ ਜਾ ਰਹੀ ਹੈ।  ਇਹ ਸਿਸਟਮ ਕੰਬਾਈਨ ਦੇ ਪਿਛਲੇ ਹਿੱਸੇ ਵਿੱਚ ਇਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ ਕਿ ਜਦੋਂ ਕੰਬਾਈਨ ਵਿੱਚੋਂ ਝੋਨੇ ਦੀ ਪਰਾਲੀ ਬਾਹਰ ਨਿਕਲਦੀ ਹੈ ਤਾਂ ਇਹ ਪਰਾਲੀ ਇਸ ਕਟਰ-ਕਮ-ਸਪਰੈੱਡਰ ਵਿੱਚ ਦੀ ਲੰਘਦੀ ਹੈ ਜਿਸ ਨਾਲ ਇਹ ਸਿਸਟਮ ਪਰਾਲੀ ਦੇ ਚਾਰ ਤੋਂ ਛੇ ਇੰਚ ਤਕ ਦੇ ਟੁਕੜੇ ਕਰ ਦਿੰਦਾ ਹੈ।  ਇਹ ਟੁਕੜੇ ਖੇਤ ਵਿੱਚ ਇੱਕ ਚਾਦਰ ਵਾਂਗ ਵਿਛ ਜਾਂਦੇ ਹਨ ਅਤੇ ਜ਼ਮੀਨ ਉੱਪਰ ਮਲਚਿੰਗ ਦਾ ਕੰਮ ਕਰਦੇ ਹਨ।  ਪਿਛਲੇ ਸਾਲ ਇਸ ਤਕਨੀਕ ਨਾਲ ਕੇ.ਵੀ.ਕੇ. ਅਤੇ ਯੂਨੀਵਰਸਿਟੀ ਦੇ ਖੇਤਰੀ ਸਟੇਸ਼ਨਾਂ ’ਤੇ ਪ੍ਰਯੋਗ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਨਤੀਜਿਆਂ ਨੂੰ ਸਨਮੁੱਖ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਤਕਨੀਕ ਦੀ ਵਰਤੋਂ ਦੀ ਸਿਫ਼ਾਰਸ਼ ਵੀ ਕਰ ਦਿੱਤੀ ਗਈ ਹੈ।  ਇਸ ਸਾਲ ਬੋਰਲਾਗ ਇੰਸਟੀਚਿਊਟ ਫਾਰ ਸਾਊਥ ਏਸ਼ੀਆ ਦੇ ਲਾਡੋਵਾਲ ਵਿਖੇ ਫਾਰਮ ਤੇ ਇਸ ਤਕਨੀਕ ਨਾਲ ਤਕਰੀਬਨ 350 ਏਕੜ ਕਣਕ ਦੀ ਬਿਜਾਈ ਕੀਤੀ ਗਈ ਹੈ। ਇਸ ਦੌਰਾਨ ਦੇਖਿਆ ਗਿਆ ਹੈ ਕਿ ਕੰਬਾਈਨ ਨਾਲ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ।  ਇਸ ਸਿਸਟਮ ਦੀ ਵਰਤੋਂ ਨਾਲ ਹੈਪੀਸੀਡਰ ਨੂੰ ਚਲਾਉਣ ਸਮੇਂ ਦਰਪੇਸ਼ ਮੁਸ਼ਕਿਲਾਂ ’ਤੇ ਵੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਇੱਕ ਹੈਪੀਸੀਡਰ ਨਾਲ ਸਵੇਰੇ ਜਲਦੀ ਕੰਮ ਸ਼ੁਰੂ ਕਰਕੇ ਸ਼ਾਮ ਤਕ ਤਕਰੀਬਨ ਅੱਠ ਤੋਂ ਦਸ ਏਕੜ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।  ਪੰਜਾਬ ਵਿੱਚ ਤਕਰੀਬਨ 90-95 ਫ਼ੀਸਦੀ ਰਕਬੇ ਦੀ ਕਟਾਈ ਕੰਬਾਈਨ ਹਾਰਵੈਸਟਰ ਨਾਲ ਕਿਰਾਏ ’ਤੇ ਲੈ ਕੇ ਕਰਵਾਈ ਜਾਂਦੀ ਹੈ ਅਤੇ ਜੇਕਰ ਇਹ ਕੰਬਾਈਨ ਓਪਰੇਟਰ ਹੈਪੀਸੀਡਰ ਵੀ ਕਿਰਾਏ ’ਤੇ ਮੁਹੱਈਆ ਕਰਵਾਉਣ ਲੱਗ ਪੈਣ ਤਾਂ ਤਕਰੀਬਨ 2600 ਰੁਪਏ ਪ੍ਰਤੀ ਏਕੜ (1200 ਕਟਾਈ ਲਈ ਅਤੇ 1400 ਹੈਪੀਸੀਡਰ ਨਾਲ ਬਿਜਾਈ ਲਈ) ਖ਼ਰਚ ਕਰਕੇ ਕਿਸਾਨ ਇੱਕ ਦਿਨ ਵਿੱਚ ਹੀ 10 ਏਕੜ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਤਰ੍ਹਾਂ ਇਸ ਤਕਨੀਕ ਦੀ ਵਰਤੋਂ ਨਾਲ ਸਮੇਂ ਅਤੇ ਖ਼ਰਚੇ ਦੋਵਾਂ ਦੀ ਬੱਚਤ ਹੁੰਦੀ ਹੈ।  ਜੇਕਰ ਕੋਈ ਕਿਸਾਨ ਪਰਾਲੀ ਨੂੰ ਇਕੱਠੀ ਕਰਨਾ ਚਾਹੁੰਦਾ ਹੋਵੇ ਤਾਂ ਇੱਕ ਕਵਰ ਜੋ ਕਿ ਮਸ਼ੀਨ ਵਿੱਚ ਪਹਿਲਾਂ ਹੀ ਮੌਜੂਦ ਹੈ ਦੀ ਵਰਤੋਂ ਨਾਲ ਉਹ ਬਿਨਾ ਕੁਤਰਾ ਕੀਤੀ ਪਰਾਲੀ ਵੀ ਪ੍ਰਾਪਤ ਕਰ ਸਕਦਾ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਰਾਜ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਰਾਜ ਸਰਕਾਰ ਨੂੰ ਅਜਿਹੇ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਜੁਰਮਾਨਾ ਕਰਨ ਲਈ ਆਦੇਸ਼ ਦਿੱਤੇ ਹਨ। ਇਸ ਲਈ ਰਾਜ ਸਰਕਾਰ ਸੂਬੇ ਵਿੱਚ ਚੱਲ ਰਹੀਆਂ ਸਾਰੀਆਂ ਕੰਬਾਈਨ ਹਾਰਵੈਸਟਰਾਂ ’ਤੇ ਇਹ ਸਿਸਟਮ ਲਗਾਉਣਾ ਲਾਜ਼ਮੀ ਕਰਨ ਲਈ ਕਾਨੂੰਨੀ ਉਪਬੰਧ ਕਰਨ ਲਈ ਵਿਚਾਰ ਕਰ ਰਹੀ ਹੈ। ਕਿਸਾਨਾਂ ਨੂੰ ਸਬਸਿਡੀ ਉੱਤੇ ਹੈਪੀ ਸੀਡਰ ਖ਼ਰੀਦਣ ਲਈ ਅਤੇ ਇਨ੍ਹਾਂ ਨੂੰ ਖੇਤੀ ਮਸ਼ੀਨਰੀ ਸੇਵਾ ਕੇਂਦਰਾਂ ’ਤੇ ਕਿਰਾਏ ਉੱਤੇ ਉਪਲੱਬਧ ਕਰਵਾਉਣ ਲਈ ਵੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।  ਇਨ੍ਹਾਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਲਈ ਉਤਸ਼ਾਹਿਤ ਕਰਨ ਵਾਸਤੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਵੀ ਜ਼ਰੂਰਤ ਹੈ।
ਸੰਸਾਰ ਵਿੱਚ ਵਾਤਾਵਰਣ ’ਤੇ ਹੋ ਰਹੀ ਬਹਿਸ ਵਿੱਚ ਰੁੱਖਾਂ ਦੀ ਕਟਾਈ, ਵਧ ਰਹੇ ਪ੍ਰਦੂਸ਼ਣ, ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਵਿਕਸਿਤ ਦੇਸ਼ਾਂ ਦੀ ਨਾਂਹ-ਪੱਖੀ ਭੂਮਿਕਾ ਆਦਿ ਦੀ ਗੱਲ ਚਲਦੀ ਹੈ ਪਰ ਕੁੱਲ ਮਿਲਾ ਕੇ ਵਾਤਾਵਰਣ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਮੁੱਖ ਕੇਂਦਰ ਕੇਵਲ ਮਨੁੱਖ ਹੀ ਹੈ।  ਕਿਸਾਨਾਂ ਨੂੰ ਵੀ ਪਰਾਲੀ ਸੰਭਾਲ ਲਈ ਵਿਕਸਿਤ ਹੋਈਆਂ ਨਵੀਂਆਂ ਤਕਨੀਕਾਂ ਨੂੰ ਵਰਤ ਕੇ ਸਵੱਛ ਵਾਤਾਵਰਣ ਲਈ ਸਰਕਾਰ ਦੇ ਉਪਰਾਲਿਆਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਲਈ ਆਓ ਅਸੀਂ ਸਭ ਮਿਲ ਕੇ ਆਪਣੇ ਚੌਗਿਰਦੇ ਦੀ ਸੁਚੱਜੀ ਸਾਂਭ-ਸੰਭਾਲ, ਕੁਦਰਤੀ ਸੰਤੁਲਨ ਅਤੇ ਇਸ ਦੇ ਕੁਦਰਤੀ ਸੁਹੱਪਣ ਨੂੰ ਬਣਾਈ ਰੱਖਣ ਵਿੱਚ ਦ੍ਰਿੜਤਾ ਨਾਲ ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ੁਸ਼ਹਾਲ ਤੇ ਸਵੱਛ ਜੀਵਨ ਜਿਉਣਯੋਗ ਵਾਤਾਵਰਣ ਦੇ ਸਕੀਏ।
*ਕਮਿਸ਼ਨਰ ਖੇਤੀਬਾੜੀ, ਪੰਜਾਬ


Comments Off on ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਨਵਾਂ ਹੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.