ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’

Posted On December - 24 - 2016

11212cd _naurangaਸਰਦੀਆਂ ਦੇ ਮੌਸਮ ਵਿੱਚ ਇੱਕ ਵਾਰ ਸਵੇਰੇ 8 ਵਜੇ ਦੇ ਕਰੀਬ ਮੈਂ ਅਤੇ ਮੇਰੇ ਪਤੀ ਬਠਿੰਡੇ ਤੋਂ ਦਮਦਮਾ ਸਾਹਿਬ ਵਾਲੇ ਰਸਤੇ ਦਿੱਲੀ ਜਾ ਰਹੇ ਸੀ। ਇਸ ਦੌਰਾਨ ਇੱਕ ਥਾਂ ਸੜਕ ’ਤੇ ਕਾਨਿਆਂ ਦੇ ਪਿੱਛੇ ਇੱਕ ਬੀੜ ਅਤੇ ਛੱਪੜ ਆ ਗਏ। ਬੀੜ ਵਿੱਚ ਵੱਡੇ ਦਰੱਖ਼ਤਾਂ ਦੇ ਕਈ ਝੁੰਡ ਸਨ। ਦਰੱਖ਼ਤਾਂ ਦੇ ਨੇੜੇ ਵਾਲੇ ਕਾਨੇ ਦੇ ਬੂਝੇ ਵੱਲੋਂ ਉੱਚੀ-ਉੱਚੀ ਦੋ ਸੀਟੀਆਂ ਵੱਜੀਆਂ, ਜਦੋਂ ਕੁਝ ਦੇਰ ਬਾਅਦ ਫਿਰ ਉਹ ਸੀਟੀਆਂ ਵੱਜੀਆਂ ਤਾਂ ਅਸੀਂ ਦੇਖਿਆ ਕਾਨਿਆਂ ਦੀਆਂ ਜੜ੍ਹਾਂ ਕੋਲ ਜ਼ਮੀਨ ’ਤੇ ਬਟੇਰੇ ਜਿੱਡਾ, ਮਖਮਲੀ ਦਿਖ ਅਤੇ ਬਹੁਤ ਸਾਰੇ ਰੰਗਾਂ ਵਾਲਾ ਪੰਛੀ ਸੀ। ਉਹ ਪੰਛੀ ਨੌਰੰਗਾ ਸੀ। ਇਸ ਦੇ ਇਨ੍ਹਾਂ ਰੰਗਾਂ ਕਰਕੇ ਹੀ ਉਸ ਦਾ ਨਾਂ ‘ਨੌਰੰਗਾ’ ਹੈ।
ਇਸ ਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਪਿੱਟਾ’, ‘ਬੰਗਾਲ ਪਿੱਟਾ’ ਅਤੇ ‘ਪੇਂਟਿਡ ਥਰੱਸ਼’ ਕਹਿੰਦੇ ਹਨ। ‘ਪਿੱਟਾ’ ਲਫਜ਼ ਤੇਲਗੂ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ‘ਛੋਟਾ ਪੰਛੀ’। ਇਸ ਦਾ ਤਕਨੀਕੀ ਨਾਮ ‘ਪਿੱਟਾ ਬਰੈਕਿਉਰਾ’ ਹੈ। ਇਨ੍ਹਾਂ ਦੀਆਂ 32 ਜਾਤੀਆਂ ਦੇ ਪਰਿਵਾਰ ਨੂੰ ‘ਪਿੱਟੀਡੇਈ’ ਕਹਿੰਦੇ ਹਨ। ਇਹ ਹਿੰਦ ਮਹਾਂਦੀਪ ਦੀ ਉਪਜ ਸਾਰੇ ਹਿੰਦ ਮਹਾਂਦੀਪ ਵਿੱਚ ਘੁੰਮਦਾ ਰਹਿੰਦਾ ਹੈ। ਗਰਮੀਆਂ ਵਿੱਚ ਇਹ ਪੱਛਮੀ ਪਾਕਿਸਤਾਨ ਦੇ ਉੱਤਰ ਵਿਚਲੀਆਂ ਪਹਾੜੀਆਂ ਤੋਂ ਹਿਮਾਲਿਆ ਵਿੱਚ ਨੇਪਾਲ ਤੱਕ ਅਤੇ ਮੱਧਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬੱਚੇ ਦੇਣ ਲਈ ਜਾਂਦਾ ਹੈ ਅਤੇ ਸਰਦੀਆਂ ਵਿੱਚ ਭਾਰਤ ਤੋਂ ਸ਼੍ਰੀ ਲੰਕਾ ਤੱਕ ਜਾਂਦਾ ਹੈ।
ਨੌਰੰਗੇ ਗੂੜ੍ਹੇ, ਚਮਕੀਲੇ-ਬਹੁਰੰਗੇ ਅਤੇ ਸ਼ਰਮਾਕਲ ਪਰ ਚੇਤਨ ਪੰਛੀ ਹੁੰਦੇ ਹਨ। ਇਹ 18 ਤੋਂ 20 ਸੈਂਟੀਮੀਟਰ ਲੰਬੇ ਹੁੰਦੇ ਹਨ। ਇਨ੍ਹਾਂ ਦੀ ਚੁੰਝ ਸੰਗਤਰੀ-ਭੂਰੇ ਰੰਗ ਦੀ ਹੁੰਦੀ ਹੈ ਜਿਸ ਦਾ ਅਖ਼ੀਰਲਾ ਸਿਰਾ ਕਾਲਾ ਹੁੰਦਾ ਹੈ। ਇਨ੍ਹਾਂ ਦੀਆਂ ਗੂੜ੍ਹੀਆਂ ਭੂਰੀਆਂ ਅੱਖਾਂ ਦੇ ਉਪਰੋਂ ਇੱਕ ਚੌੜੀ ਕਾਲੀ ਪੱਟੀ ਲੰਘਦੀ ਹੈ ਅਤੇ ਇੱਕ ਕਾਲੀ ਪੱਟੀ ਮੱਥੇ ਤੋਂ ਸਿਰ ਦੇ ਵਿਚਕਾਰ ਦੀ ਪਿੱਠ ਵੱਲ ਜਾਂਦੀ ਹੈ। ਗਰਦਨ ਅਤੇ ਠੋਡੀ ਚਿੱਟੀ, ਪਰ ਛਾਤੀ ਅਤੇ ਢਿੱਡ ਦਾ ਅਗਲਾ ਹਿੱਸਾ ਸੰਗਤਰੀ-ਪੀਲਾ ਹੁੰਦਾ ਹੈ, ਢਿੱਡ ਦਾ ਪਿਛਲਾ ਪਾਸਾ ਸੁਰਖ ਲਾਲ ਹੁੰਦਾ ਹੈ। ਪਿੱਠ ਵਾਲਾ ਪਾਸਾ ਹਰਾ ਅਤੇ ਪਰ ਨੀਲੀ ਭਾ ਵਾਲੇ ਹਰੇ ਹੁੰਦੇ ਹਨ, ਪਰਾਂ ਉੱਤੇ ਗੂੜੇ ਨੀਲੇ ਰੰਗ ਦੇ ਨਿਸ਼ਾਨ ਦੇ ਨਾਲ ਚਿੱਟੇ ਅਤੇ ਕਾਲੇ ਨਿਸ਼ਾਨ ਵੀ ਹੁੰਦੇ ਹਨ। ਇਨ੍ਹਾਂ ਦੀ ਗੂੜ੍ਹੀ ਨੀਲੀ ਪੂਛ ਦਾ ਸਿਰਾ ਕਾਲਾ ਹੁੰਦਾ ਹੈ। ਇਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਪੰਜੇ ਗੁਲਾਬੀ ਹੁੰਦੇ ਹਨ। ਇਹ ਆਪਣੇ ਛੋਟੇ ਗੋਲ ਪਰਾਂ ਨਾਲ ਲੰਬੀਆਂ ਦੂਰੀਆਂ ਤੈਅ ਕਰਦੇ ਹਨ, ਪਰ   ਬਹੁਤੇ ਤਾਕਤਵਰ ਨਾ ਹੋਣ ਕਰਕੇ ਛੇਤੀ ਹੀ ਥੱਕ ਵੀ ਜਾਂਦੇ ਹਨ।
ਇਹ ਵੱਡੇ ਦਰੱਖ਼ਤਾਂ ਦੇ ਹੇਠ ਤੋਂ ਗੰਡੋਏ, ਸੁੰਡੀਆਂ ਅਤੇ ਹੋਰ ਕੀੜੇ-ਮਕੌੜੇ ਫੜ੍ਹ ਕੇ ਖਾਂਦੇ ਹਨ। ਸਵੇਰੇ-ਸ਼ਾਮ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਆਪਣੀ ਧੌਣ ਅਕੜਾ ਕੇ ਚੁੰਝ ਅਸਮਾਨ ਵੱਲ ਚੁੱਕ ਕੇ ਉੱਚੀ-ਉੱਚੀ ਇਕੱਠੀਆਂ ਦੋ ਸੀਟੀਆਂ ਕਈ ਵਾਰ ਮਾਰਦੇ ਹਨ। ਜਦੋਂ ਇੱਕ ਪੰਛੀ ਸੀਟੀ ਮਾਰਦਾ ਹੈ ਤਾਂ ਹੋਰ ਕਈ ਪੰਛੀ ਉਸ ਦੇ ਜਵਾਬ ਵਿੱਚ ਸੀਟੀਆਂ ਮਾਰਦੇ ਹਨ। ਇਨ੍ਹਾਂ ਦੀ ਸਵੇਰੇ-ਸਵੇਰੇ ਸੀਟੀਆਂ ਮਾਰਨ ਦੀ ਆਦਤ ਕਰਕੇ ਸ਼੍ਰੀਲੰਕਾ ਵਿੱਚ ਇਨ੍ਹਾਂ ਨੂੰ ‘ਛੇ ਵਜੇ ਵਾਲਾ ਪੰਛੀ’ ਵੀ ਕਹਿੰਦੇ ਹਨ।
ਮਾਦਾ ਅਤੇ ਨਰ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ। ਸਿਰਫ਼ ਮਾਦਾ ਦੇ ਸਿਰ ਉਪਰਲੀ ਕਾਲੀ ਪੱਟੀ ਘੱਟ ਚੌੜੀ ਹੁੰਦੀ ਹੈ। ਆਪਣੇ ਵੰਸ਼ ਨੂੰ ਅੱਗੇ ਵਧਾਉਣ ਲਈ ਗਰਮੀਆਂ ਸ਼ੁਰੂ ਹੋਣ ’ਤੇ ਨਵੇਂ ਖੰਭ ਉਗਾ ਕੇ ਇਹ ਇਕੱਠੇ ਹੋ ਕੇ 30-50 ਪੰਛੀਆਂ ਦੀਆਂ ਡਾਰਾਂ ਵਿੱਚ ਪਹਾੜਾਂ ’ਤੇ 1200 ਤੋਂ 2000 ਮੀਟਰ ਦੀ ਉੱਚਾਈ ’ਤੇ ਚੜ੍ਹਦੇ ਹਨ। ਉੱਥੇ ਨਰ ਜ਼ਮੀਨ ’ਤੇ ਜਾਂ ਝਾੜੀਆਂ ਵਿੱਚ ਜ਼ਮੀਨ ਤੋਂ 1 ਮੀਟਰ ਦੀ ਉੱਚਾਈ ਤਕ ਇੱਕ ਗੋਲ ਜਿਹਾ ਆਲ੍ਹਣਾ ਘਾਹ-ਫੂਸ ਅਤੇ ਪੱਤਿਆਂ ਨਾਲ 4 ਤੋਂ 5 ਦਿਨਾਂ ਵਿੱਚ ਬਣਾਉਂਦੇ ਹਨ। ਮਾਦਾ ਉਸ ਵਿੱਚ 4 ਤੋਂ 5 ਚਮਕੀਲੇ ਚਿੱਟੇ ਅੰਡੇ ਦਿੰਦੀ ਹੈ। ਨਰ ਅਤੇ
ਮਾਦਾ ਅੰਡੇ ਸੇਕਣ ਵਿੱਚ ਵਾਰੀਆਂ ਲਾਉਂਦੇ ਹਨ
ਅਤੇ 14 ਤੋਂ 16 ਦਿਨਾਂ ਵਿੱਚ ਬੋਟ ਕੱਢ ਲੈਂਦੇ ਹਨ।
ਬੋਟਾਂ ਦੀ ਸੇਵਾ ਵੀ ਦੋਨੋਂ ਹੀ ਰਲਕੇ ਕਰਦੇ ਹਨ। ਅੰਡਿਆਂ ਵਿੱਚੋਂ ਨਿਕਲਣ ਸਮੇਂ ਬੱਚਿਆਂ ਦੀਆਂ ਅੱਖਾਂ ਬੰਦ ਅਤੇ ਸਰੀਰ ’ਤੇ ਖੰਭ ਨਹੀਂ ਹੁੰਦੇ ਅਤੇ ਖਾਣ-ਪੀਣ ਦੇ ਨਾਲ ਸਰੀਰ ਗਰਮ ਰੱਖਣ ਅਤੇ ਆਲ੍ਹਣਾ ਸਾਫ਼ ਰੱਖਣ ਲਈ ਉਨ੍ਹਾਂ ਨੂੰ ਮਾਤਾ-ਪਿਤਾ ਦੀ ਪੂਰੀ ਲੋੜ ਪੈਂਦੀ ਹੈ। ਜਵਾਨ ਬੱਚੇ ਦੇਖਣ ਨੂੰ ਆਪਣੇ ਮਾਤਾ-ਪਿਤਾ ਵਰਗੇ ਹੀ ਲੱਗਦੇ ਹਨ, ਬਸ ਉਨ੍ਹਾਂ ਦੇ ਰੰਗ
ਘੱਟ ਚਮਕੀਲੇ ਹੁੰਦੇ ਹਨ। ਭਾਰਤ ਸਰਕਾਰ ਨੇ
ਅਪਰੈਲ 1975 ਵਿੱਚ ਇਸ ਪੰਛੀ ਦੀ ਤਸਵੀਰ ਵਾਲੀ
25 ਪੈਸੇ ਦੀ ਟਿਕਟ ਜਾਰੀ ਕੀਤੀ ਸੀ।
ਸੰਪਰਕ: 98140-05552


Comments Off on ਬਹੁਤ ਸ਼ਰਮਾਕਲ ਹੁੰਦਾ ਹੈ ‘ਨੌਰੰਗਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.