ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਬਹੁਪੱਖੀ ਸ਼ਖ਼ਸੀਅਤ ‘ਭਾਈ ਛੈਲਾ ਪਟਿਆਲੇ ਵਾਲਾ’

Posted On December - 24 - 2016

11512cd _chailaਹਰਦਿਆਲ ਸਿੰਘ ਥੂਹੀ

ਪਟਿਆਲਾ ਦੇ ਸੰਗੀਤ ਕਲਾਕਾਰਾਂ ਦੀ ਭਾਰਤੀ ਤੇ ਪੰਜਾਬੀ ਸੰਗੀਤ ਨੂੰ ਮਹੱਤਵਪੂਰਨ ਦੇਣ ਹੈ। ਇਨ੍ਹਾਂ ਕਲਾਕਾਰਾਂ ਵਿੱਚੋਂ ਹੀ ਭਾਈ ਛੈਲਾ ਇੱਕ ਨਾਮਵਰ ਗਾਇਕ ਤੇ ਸੰਗੀਤਕਾਰ ਹੋਇਆ ਹੈ। ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ‘ਭਾਈ ਛੈਲਾ ਪਟਿਆਲੇ ਵਾਲਾ’ ਕਹਿੰਦਾ ਸੀ। ਭਾਈ ਛੈਲਾ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ। ਉਹ ਗਾਇਕ ਅਤੇ ਸੰਗੀਤਕਾਰ ਹੋਣ ਦੇ ਨਾਲ-ਨਾਲ ਇੱਕ ਉੱਚ ਕੋਟੀ ਦਾ ਫ਼ਿਲਮੀ ਅਦਾਕਾਰ    ਵੀ ਸੀ।
ਪਟਿਆਲਾ ਦੇ ਸੰਗੀਤ ਕਲਾਕਾਰਾਂ ਨੂੰ ਸ਼ਾਹੀ ਸਰਪ੍ਰਸਤੀ ਪ੍ਰਾਪਤ ਸੀ। ਇਹ ਮਹਾਰਾਜਾ ਪਟਿਆਲਾ ਦੇ ਸ਼ਾਹੀ ਸੰਗੀਤਕਾਰਾਂ ਵਿੱਚੋਂ ਸਨ। ਭਾਈ ਛੈਲਾ ਭਾਵੇਂ ਪਟਿਆਲਾ ਦਾ ਜੰਮਪਲ ਨਹੀਂ ਸੀ, ਪਰ ਲੰਬਾ ਸਮਾਂ ਪਟਿਆਲਾ ਵਿਖੇ ਰਹਿਣ ਕਰਕੇ, ਪਟਿਆਲੇ ਦੇ ਸੰਗੀਤ ਕਲਾਕਾਰਾਂ ਵਿੱਚ ਉਸ ਦਾ ਨਾਂ ‘ਭਾਈ ਛੈਲਾ ਪਟਿਆਲੇ ਵਾਲਾ’ ਪੈ ਗਿਆ ਜਿਸ ਨਾਲ ਉਹ ਸੰਗੀਤ ਦੀ ਦੁਨੀਆਂ ਵਿੱਚ ਮਸ਼ਹੂਰ ਹੋਇਆ। ਭਾਈ ਛੈਲੇ ਦਾ ਸਬੰਧ ਮੂਲ ਰੂਪ ਵਿੱਚ ਤਰਨ ਤਾਰਨ ਦੇ ਰਬਾਬੀਆਂ ਨਾਲ ਸੀ। ਇਸ ਬਾਰੇ ਲੋਕ ਧਾਰਾ ਦੇ ਵਿਦਵਾਨ ਖੋਜੀ ਬਲਵੀਰ ਸਿੰਘ ਕੰਵਲ ਲਿਖਦੇ ਹਨ,‘‘ਭਾਈ ਛੈਲੇ ਦਾ ਜਨਮ 13 ਦਸੰਬਰ 1895 ਨੂੰ ਹੋਇਆ। ਉਸ ਦਾ ਸਬੰਧ ਤਰਨ ਤਾਰਨ ਦੇ ਰਬਾਬੀਆਂ ਨਾਲ ਸੀ। ਭਾਵੇਂ ਉਹ ਤਰਨ ਤਾਰਨ ਦਾ ਜੰਮਪਲ ਸੀ, ਪਰ ਆਮ ਕਰਕੇ ਪਟਿਆਲਾ ਰਹਿਣ ਕਾਰਨ ਉਹ ‘ਪਟਿਆਲੇ ਵਾਲਾ’ ਕਰਕੇ ਜਾਣਿਆਂ ਜਾਂਦਾ ਰਿਹਾ।’’ -(ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ ਪੰਨਾ 192)
ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਆਪਣੀ ਰਿਆਸਤ ਦੇ ਕਲਾਕਾਰਾਂ ਅਤੇ ਪਹਿਲਵਾਨਾਂ ਨੂੰ ਬਹੁਤ ਮਾਣ ਦਿੰਦੇ ਸਨ। ਇੱਥੋਂ ਤਕ ਕਿ ਦੂਸਰੀਆਂ ਰਿਆਸਤਾਂ ਦੇ ਬਹੁਤ ਸਾਰੇ ਕਾਲਕਾਰ ਇਥੇ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਉਨ੍ਹਾਂ ਤੋਂ ਇਨਾਮ ਪ੍ਰਾਪਤ ਕਰਦੇ ਸਨ। ਉਹ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਉਂਦੇ ਸਨ। ਭਾਈ ਛੈਲੇ ਨੇ ਆਪਣੇ ਗੀਤਾਂ ਵਿੱਚ ਇੱਕ ਤਵਾ 1928 ਵਿੱਚ ਹੋਏ ਕੁਸ਼ਤੀ ਮੁਕਾਬਲੇ ਦੀ ਘਟਨਾ ਬਾਰੇ ਵੀ ਰਿਕਾਰਡ ਕਰਵਾਇਆ। ਇਹ ਮੁਕਾਬਲਾ ਪਟਿਆਲਾ ਰਿਆਸਤ ਦੇ ਪਹਿਲਵਾਨ ਇਮਾਮ ਬਖ਼ਸ਼ ਅਤੇ ਸਿਆਲਕੋਟੀ ਪਹਿਲਵਾਨ ਗੂੰਗੇ ਵਿੱਚ ਹੋਇਆ ਸੀ। ਇਸ ਵਿੱਚ ਭਾਈ ਛੈਲੇ ਨੇ ਮਹਾਰਾਜੇ ਦੀ ਭਰਪੂਰ ਉਸਤਤ ਕੀਤੀ ਹੋਈ ਹੈ।
ਸੰਗੀਤ ਘਰਾਣੇ ਨਾਲ ਸਬੰਧਤ ਹੋਣ ਕਾਰਨ ਭਾਵੇਂ ਭਾਈ ਛੈਲਾ ਸ਼ਾਸਤਰੀ ਸੰਗੀਤ ਨੂੰ ਪਰਨਾਇਆ ਹੋਇਆ ਸੀ। ਫਿਰ ਵੀ ਉਸ ਨੇ ਲੋਕ ਸੰਗੀਤ ਦਾ ਪੱਲਾ ਨਹੀਂ ਛੱਡਿਆ ਅਤੇ ਬਹੁਤ ਸਾਰੇ ਲੋਕ ਗੀਤ ਰਿਕਾਰਡ ਕਰਵਾਏ। ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਵਿੱਚ ਉਸ ਦੀ ਰਿਕਾਰਡਿੰਗ ਹੋਈ ਮਿਲਦੀ ਹੈ। ਸੰਸਾਰ ਪ੍ਰਸਿੱਧ ਕੰਪਨੀ ਐਚ.ਐਮ.ਵੀ. ਨੇ ਉਸ ਨੂੰ ਸਭ ਤੋਂ ਵੱਧ ਰਿਕਾਰਡ ਕੀਤਾ। ਇਸ ਤੋਂ ਇਲਾਵਾ ‘ਦਿ ਟਵਿਨ’ ਕੰਪਨੀ ਨੇ ਵੀ ਉਸ ਦੀ ਆਵਾਜ਼ ਨੂੰ ਰਿਕਾਰਡ ਕੀਤਾ। ਉਸ ਦੇ ਰਿਕਾਰਡ ਲੋਕ ਗੀਤਾਂ ਦੇ ਕੁਝ ਮੁੱਖੜਿਆਂ ਵਿੱਚ ਸ਼ਾਮਿਲ ਹਨ।
‘ਮੈਨੂੰ ਖੇੜਿਆਂ ਦੇ ਨਾਲ ਨਾ ਤੋਰ ਬਾਬਲਾ।
‘ਆਪੇ ਖੋਲ੍ਹ ਕੇ ਰਾਜ਼ ਸੁਣਾ ਦਿੱਤਾ।
‘ਵੈਰੀ ਉਠ ਗਿਆ, ਕਬੀਲਦਾਰੀ ਗਲ਼ ਪਾ ਕੇ।
‘ਨੀ ਗਰਮੀ ਨੇ ਫੂਕ ਸੁੱਟੀ
‘ਆਹੋ ਨੀ ਕਿਹੜੀ ਐਂ ਤੂੰ ਸਾਗ਼ ਤੋੜਦੀ
ਇਸ ਤੋਂ ਇਲਾਵਾ ਭਾਈ ਛੈਲਾ ਦੀ ਹੋਰ ਰਿਕਾਰਡਿੰਗ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਹੋ ਸਕਦੈ ਕੁਝ ਉੱਦਮੀ ਸੰਗੀਤ ਪ੍ਰੇਮੀਆਂ ਕੋਲ ਇਨ੍ਹਾਂ ਤੋਂ ਬਿਨਾਂ ਹੋਰ ਰਿਕਾਰਡਿੰਗ ਵੀ ਹੋਵੇ ਜਿਸ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੈ।
ਭਾਈ ਛੈਲਾ ਨੇ ਲੋਕ ਗੀਤਾਂ ਤੋਂ ਇਲਾਵਾ ਬਹੁਤ ਸਾਰੇ ਸਮਾਜਿਕ, ਧਾਰਮਿਕ ਗੀਤ ਰਿਕਾਰਡ ਕਰਵਾਏ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਨਮੂਨੇ ਵਜੋਂ ਕੁਝ ਵੰਨਗੀਆਂ ਪੇਸ਼ ਹਨ-
ਹਮ ਘਰਿ ਸਾਜਨ ਆਏ।
‘ਕਰ ਰਖਾ ਹੈ ਤੇਜ਼ ਖ਼ੰਜ਼ਰ ਆਜ਼ਮਾਨੇ ਕੇ ਲੀਏ।’
‘ਯਾਰ ਨੇ ਚੁਟਕੀ ਮੇਂ ਆਪਣਾ ਫਿਰ ਲਗਾ ਰਖਾ ਹੈ ਤੀਰ’
ਚੌਥੇ ਦਹਾਕੇ ਦੇ ਅੱਧ ਵਿਚਕਾਰ ਭਾਈ ਛੈਲਾ ਫ਼ਿਲਮ ਨਗਰ ਬੰਬਈ (ਮੁੰਬਈ) ਚਲਾ ਗਿਆ, ਇਥੇ ਉਸ ਨੇ ਕੁਝ ਹਿੰਦੀ ਫ਼ਿਲਮਾਂ ਲਈ ਸੰਗੀਤ ਵੀ ਦਿੱਤਾ ਜੋ ਚੌਥੇ ਦਹਾਕੇ ਵਿੱਚ ਬਣੀਆਂ। ਇਨ੍ਹਾਂ ਵਿੱਚ ਸੰਜੀਵ ਮੂਰਤੀ    – 1935, ਸਤੀ ਤੋਰਲ    – 1935, ਨਾਰੀ ਰਾਜ- 1936, ਪ੍ਰੇਮ ਕੀ ਦੇਵੀ    – 1936, ਮਿਸਟਰ 420-1937 ਆਦਿ ਫ਼ਿਲਮਾਂ ਸ਼ਾਮਿਲ ਸਨ।
ਫ਼ਿਲਮ ‘ਸੰਜੀਵ ਮੂਰਤੀ’ ਵਿੱਚ ਉਸ ਨੇ ਪ੍ਰਮੁੱਖ ਅਦਾਕਾਰ ਦੀ ਭੂਮਿਕਾ ਵੀ ਨਿਭਾਈ। ਇਸ ਪ੍ਰਕਾਰ ਭਾਈ ਛੈਲਾ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਸੀ ਜਿਸ ਨੇ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਨੂੰ ਇੱਕੋ ਜਿਹਾ ਮਾਣ ਦਿੱਤਾ। ਦੇਸ਼ ਵੰਡ ਵੇਲੇ ਭਾਈ ਛੈਲਾ ਪਾਕਿਸਤਾਨ ਚਲਾ ਗਿਆ। ਉੱਧਰ ਪਿਸ਼ਾਵਰ ਰੇਡੀਓ ਵਿਖੇ ਕਈ ਸਾਲ ਬਤੌਰ ਰਬਾਬੀ ਨੌਕਰੀ ਕੀਤੀ। ਨੌਕਰੀ ਤੋਂ ਫ਼ਾਰਗ ਹੋਣ ਤੋਂ ਬਾਅਦ ਆਪਣੇ ਅੰਤਿਮ ਸਮੇਂ ਤੱਕ ਲਾਹੌਰ ਰਿਹਾ। ਇਸ ਤੱਥ ਦਾ ਬਿਆਨ ਲੇਖਕ ਬਲਵੀਰ ਸਿੰਘ ਕੰਵਲ ਆਪਣੀ ਪੁਸਤਕ ‘ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ਵਿੱਚ ਕਰਦੇ ਹਨ’, ‘‘ਪਾਕਿਸਤਾਨ ਬਣਿਆਂ ਤਾਂ ਇਹ ਕਲਾਕਾਰ ਉੱਧਰ ਚਲਾ ਗਿਆ। ਕਈ ਸਾਲ ਰੇਡੀਓ ਪਾਕਿਸਤਾਨ ਪੇਸ਼ਾਵਰ ਵਿਖੇ ਰਬਾਬ ਵਜਾਉਂਦਾ ਰਿਹਾ ਅਤੇ ਉੱਥੋਂ ਸੇਵਾ ਮੁਕਤ ਹੋ ਕੇ ਕਈ ਵਰ੍ਹੇ ਲਾਹੌਰ ਰਹਿੰਦਾ ਰਿਹਾ। ਆਖ਼ਰ 10 ਜੁਲਾਈ 1983 ਨੂੰ ਆਪ ਦਾ ਦਿਹਾਂਤ ਹੋ ਗਿਆ।’’
ਲੋੜ ਹੈ ਅਜਿਹੇ ਕਲਾਕਾਰਾਂ ਦੀ ਰਿਕਾਰਡਿੰਗ ਨੂੰ ਇਕੱਠਾ ਕਰਨ ਦੀ ਤਾਂ ਕਿ ਇਹ ਭਵਿੱਖ ਲਈ ਸਾਂਭੀ ਜਾ ਸਕੇ।

ਸੰਪਰਕ: 84271-00341


Comments Off on ਬਹੁਪੱਖੀ ਸ਼ਖ਼ਸੀਅਤ ‘ਭਾਈ ਛੈਲਾ ਪਟਿਆਲੇ ਵਾਲਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.