ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਬਾਰਹਮਾਹ ਤੁਖਾਰੀ ਦੀ ਕਾਵਿਕ ਦ੍ਰਿਸ਼ਟੀ

Posted On December - 24 - 2016

ਮਨਮੋਹਨ ਸਿੰਘ ਦਾਊਂ

12412cd _bambiha birdਲੋਕ ਸਾਹਿਤ ਵਿਚ ਬਾਰਹਮਾਹ ਲੋਕਪ੍ਰਿਯ ਕਾਵਿ-ਰੂਪ ਮੰਨਿਆ ਜਾਂਦਾ ਰਿਹਾ ਹੈ। ਪਹਿਲਾਂ-ਪਹਿਲਾਂ ਬਾਰਹਮਾਹ ਵਿਚ ਵਿਛੋੜੇ ਤੇ ਪੀੜ ਦੇ ਵਰਣਨ ਦੀ ਹੀ ਬਹੁਲਤਾ ਹੁੰਦੀ ਸੀ। ਕੁਝ ਸਮੇਂ ਬਾਅਦ ਪ੍ਰੀਤ-ਪੀੜਾਂ ਦੇ ਵਿਸ਼ਲੇਸ਼ਣ ਨੇ ਇਸ ਨੂੰ ਸਰੋਦੀ ਰਚਨਾ ਬਣਾ ਦਿੱਤਾ। ਪੰਜਾਬੀ ਸਾਹਿਤ ਤੋਂ ਬਿਨਾਂ ਉੱਤਰੀ ਭਾਰਤ ਦੀਆਂ ਬਹੁਤ ਸਾਰੀਆਂ ਬੋਲੀਆਂ ਵਿਚ ਵੀ ਇਸ ਕਾਵਿ-ਰੂਪ ਦੇ ਨਮੂਨੇ ਮਿਲਦੇ ਹਨ। ਪੰਜਾਬੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦਾ ਬਾਰਹਮਾਹ ਤੁਖਾਰੀ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਇਸ ਤੋਂ ਪਿੱਛੋਂ ਇਹ ਕਾਵਿ-ਰੂਪ ਅਠਾਰ੍ਹਵੀਂ ਤੇ ਉਨੀਵੀਂ ਸਦੀ ਵਿਚ ਪੂਰੇ ਜੋਬਨ ਨਾਲ ਵਿਗਸਤ ਹੋਇਆ ਤੇ ਇਸ ਲੋਕ-ਕਾਵਿ ਨੇ ਪੰਜਾਬੀ ਦੀ ਸ਼ਿੰਗਾਰ-ਰਸ ਕਵਿਤਾ ਨੂੰ ਅਮੀਰ ਕੀਤਾ।
ਬਾਰਹਮਾਹਾ ਤੁਖਾਰੀ ਗੁਰੂ ਨਾਨਕ ਦੇਵ ਦੀਆਂ ਬੌਧਿਕ ਤੇ ਦਾਰਸ਼ਨਿਕ ਬਾਣੀਆਂ ਨਾਲੋਂ ਬਹੁਤ ਭਾਵੁਕ ਤੇ ਵਿਭਿੰਨ ਹੈ। ਇਸ ਵਿਚ ਭਾਵੁਕਤਾ ਦਾ ਜਾਦੂ-ਨਸ਼ਾ ਹੈ। ਮੂਲ ਰੂਪ ਵਿਚ ਇਸ ਰਚਨਾ ਦਾ ਵਿਸ਼ਾ ਮਨੁੱਖੀ ਆਤਮਾ ਅਤੇ ਪ੍ਰਮਾਤਮਾ ਦਾ ਵਿਛੋੜਾ ਤੇ ਮਿਲਾਪ ਦਾ ਬ੍ਰਿਤਾਂਤ ਹੈ। ਪ੍ਰੰਤੂ ਗੁਰੂ ਜੀ ਨੇ ਮਨੁੱਖੀ ਜੀਵ ਆਤਮਾ ਲਈ ਪੰਜਾਬ ਦੀ ਮਾਣ-ਮੱਤੀ ਸੁਹਾਗਣ ਇਸਤਰੀ ਦਾ ਚਿੰਨ੍ਹ ਵਰਤਿਆ ਹੈ ਜਿਹੜੀ ਆਪਣੇ ਪਿਆਰੇ ਪਤੀ ਦੀ ਉਡੀਕ ਵਿਚ ਬਹੁਤ ਬਿਹਬਲ ਹੈ। ਪਰਮਾਤਮਾ ਲਈ ਉਨ੍ਹਾਂ ਨੇ ਕੰਤਿ ਜਾਂ ਪ੍ਰਿਆ ਚਿੰਨ੍ਹ ਵਰਤੇ ਹਨ। ਇੰਜ ਇਹ ਰਚਨਾ ਧਰਤੀ ’ਤੇ ਵਸਦੇ ਦੋ ਪ੍ਰੇਮੀ-ਪਾਤਰਾਂ ਦੀ ਇਕ ਸੁੰਦਰ ਪ੍ਰੀਤ-ਕਰੀੜਾ ਬਣ ਜਾਂਦੀ ਹੈ। ਮੇਲ ਉਦੋਂ ਹੁੰਦਾ ਹੈ ਜਦੋਂ ਸ਼ੁਭ ਕਰਮਾਂ ਦੇ ਫਲ ਵੱਲੋਂ ਪ੍ਰਭੂ ਕੰਤਿ ਦੀ ਮਿਹਰ ਜੀਵ ਇਸਤਰੀ ਤੇ ਹੁੰਦੀ ਹੈ:
ਸਾਜਨ ਮਿਲੇ ਸਹਿਜ ਸੁਭਾਇ।।
ਹਰਿ ਸਿਉ ਪ੍ਰੀਤਿ ਬਣੀ।।

ਮਨਮੋਹਨ ਸਿੰਘ ਦਾਊਂ

ਮਨਮੋਹਨ ਸਿੰਘ ਦਾਊਂ

ਗੁਰੂ ਜੀ ਦੀ ਇਸ ਸੁੰਦਰ ਰਚਨਾ ਦੀਆਂ ਕੁੱਲ 17 ਪਉੜੀਆਂ ਹਨ, ਜਿਨ੍ਹਾਂ ਨੂੰ ਅਸੀਂ 17 ਵਿਚਾਰ-ਪ੍ਰਧਾਨ ਨਿੱਕੀਆਂ ਤੇ ਸੰਪੂਰਨ ਕਵਿਤਾਵਾਂ ਕਹਿ ਸਕਦੇ ਹਾਂ। ਇਹ ਰਚਨਾ ਤੁਖਾਰੀ ਛੰਤ ਵਿਚ ਹੋਣ ਕਾਰਨ ਪਾਠਕ ਦੇ ਮਨ ਉਤੇ ਬੜਾ ਮਿੱਠਾ ਜਿਹਾ ਪ੍ਰਭਾਵ ਛੱਡਦੀ ਹੈ। ‘ਤੁਖਾਰੀ’ ਵਿਛੋੜੇ ਦਾ ਤੇ ‘ਛੰਤ’ ਮਿਲਾਪ ਦਾ ਰਾਗ ਮੰਨਿਆ ਜਾਂਦਾ ਹੈ। ਇਨ੍ਹਾਂ ਦੋਹਾਂ ਰਾਗਾਂ ਦਾ ਸੁੰਦਰ-ਸੁਮੇਲ ਇਸ ਰਚਨਾ ਨੂੰ ਆਸ਼ਾਵਾਦੀ ਰੰਗ ਪ੍ਰਦਾਨ ਕਰਦਾ ਹੈ। ਇਹ ਰਚਨਾ ਗੁਰੂ ਜੀ ਦੇ ਅੰਤਲੇ ਸਮੇਂ ਦੀ ਮੰਨੀ ਜਾਂਦੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਦੇ ਅਖੀਰਲੇ ਬੁਢੇਪੇ ਸਮੇਂ, ਬਾਰ ਦੇ ਇਲਾਕੇ ਨੂੰ ਖੂਬਸੂਰਤ ਚਿੱਤਰਾਂ ਰਾਹੀਂ ਪਿਆਰਿਆ ਹੈ। ਉਹ ਲਿਖਦੇ ਹਨ:
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ।।
ਬਨ-ਫੂਲੇ ਮੰਝਿ ਬਾਰਿ ਮੈਂ ਪਿਰੁ ਘਰੁ ਬਾਹੁੜੈ।।
ਸਾਲ ਦੇ ਬਾਰਾਂ ਦੇਸੀ ਮਹੀਨਿਆਂ ਦਾ ਵਰਣਨ, ਪਾਠਕ ਦੇ ਸਾਹਮਣੇ ਬਾਰਾਂ ਰੰਗੀਨ ਤਸਵੀਰਾਂ ਚਿੱਤਰਨ ਵਿਚ, ਇਹ ਰਚਨਾ ਇਕ ਨਿਪੁੰਨ ਚਿੱਤਰਕਾਰ ਦੀਆਂ ਕਿਰਤਾਂ ਦੀ ਨੁਮਾਇਸ਼ ਬਣ ਜਾਂਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਕੁਦਰਤ ਦੇ ਮਹਾਨ ਕਵੀ ਸਨ। ਸੰਖੇਪਤਾ ਤੇ ਪ੍ਰਬੀਨਤਾ ਨਾਲ ਸਥਾਨਕ-ਰੰਗ ਚਿੱਤਰਨ ਵਿਚ ਬਾਰਹਮਾਹ ਗੁਰੂ ਜੀ ਦੀ ਇਕ ਉਤਕ੍ਰਿਸ਼ਟ ਰਚਨਾ ਮੰਨੀ ਜਾ ਸਕਦੀ ਹੈ।
ਲੋਕ-ਗੁਰੂ ਨਾਨਕ ਬਾਰਹਮਾਹ ਦੇ ਸ਼ੁਰੂ ਵਿਚ ਹੀ ਲੋਕ-ਬੋਲੀ ਵਿਚ ਜੀਵ-ਆਤਮਾ ਨੂੰ ‘ਸੁਹਾਗਣ ਨਾਰੇ’ ਤੇ ਪਰਮਾਤਮਾ ਨੂੰ ‘ਪ੍ਰਿਅ’ ਤੇ ‘ਬੇਲੀ’ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ। ਪ੍ਰਭੂ ਤੋਂ ਵਿਛੜੇ ਮਨੁੱਖੀ-ਹਿਰਦੇ ਨੂੰ ਬਬੀਹਾ, ਜੀਭ ਨੂੰ ਕੋਇਲ ਤੇ ਜੀਵ ਇਸਤਰੀ ਨੂੰ ਸਾਧਨ ਪੇਂਡੂ-ਚਿੰਨ੍ਹਾਂ ਰਾਹੀਂ ਬਿਆਨ ਕਰਕੇ ਗੁਰੂ ਜੀ ਪੰਜਾਬ ਦੇ ਬਾਗਾਂ ਤੇ ਪੰਛੀਆਂ ਪ੍ਰਤੀ ਹਿਤ ਨੂੰਉਜਾਗਰ ਕਰਦੇ ਹਨ। ਵਰਖਾ-ਰੁੱਤ ਦੀਆਂ ਸੁਹਾਵਣੀਆਂ ਘੜੀਆਂ ਨੂੰ ਸੰਖੇਪ-ਸ਼ਬਦਾਂ ਰਾਹੀਂ ਗਿੱਲੇ ਬੁਰਸ਼ ਦੀ ਛੁਹ ਦਿੰਦੇ ਹਨ।
ਬਾਰਾਂ ਮਹੀਨਿਆਂ ਵਿਚ ਜਿਥੇ ਗੁਰੂ ਜੀ ਨੇ ਕੁਦਰਤ ਦੇ ਦ੍ਰਿਸ਼ਾਂ ਨੂੰ ਉਲੀਕਿਆ ਹੈ ਉਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਿਯੋਗਣ-ਇਸਤਰੀ ਦੇ ਜੋਬਨ ਉਤੇ ਮੌਸਮ ਤੇ ਰੁੱਤ ਦੇ ਅਸਰਾਂ ਨੂੰ ਮਨੋਵਿਸ਼ਲੇਸ਼ਨ ਦੇ ਢੰਗ ਨਾਲ ਬਿਆਨਿਆ ਹੈ। ਸੁਘੜ ਪਤਨੀ ਦੇ ਹਿਰਦੇ ਦੀ ਵੇਦਨਾ ਨੂੰ ਲੋਕ-ਗੀਤਾਂ ਵਾਂਗ ਸਰਲਤਾ ਨਾਲ ਬਿਆਨ ਕੀਤਾ ਹੈ।
ਚੇਤ  ਤੇ ਵੈਸਾਖ ਦੇ ਮਹੀਨਿਆਂ ਵਿਚ ਪੰਜਾਬ ਦੀ ਧਰਤੀ ਨੂੰ ਬਸੰਤ-ਰੁੱਤ ਹਰਿਆ-ਭਰਿਆ ਕਰ ਦਿੰਦੀ ਹੈ। ਫੁੱਲਾਂ ਉਤੇ ਭੌਰੇ ਨਸ਼ੇ ਵਿਚ ਘੁੰਮਦੇ ਹਨ, ਟਹਿਣੀਆਂ ਉਤੇ ਕੂਲੇ-ਕੂਲੇ ਤੇ ਹਰੇ-ਹਰੇ ਪੱਤੇ ਨਵੇਂ ਜੀਵਨ ਨੂੰ ਸੁਨੇਹਾ ਦਿੰਦੇ ਹਨ। ਬਿਰਛ ਸਾਵੀ ਪੁਸ਼ਾਕ ਪਹਿਨਦੇ ਹਨ ਜਿਵੇਂ ਕੁਦਰਤ ਵਿਚ ਕਾਦਰ ਨਜ਼ਰ ਆਉਣ ਲੱਗ ਪੈਂਦਾ ਹੈ। ਗੁਰੂ ਜੀ ਸੰਖੇਪ ਸ਼ਬਦਾਂ ਵਿਚ ਲਿਖਦੇ ਹਨ:
ਚੇਤ ਬਸੰਤ ਭਲਾ ਭਵਰ ਸੁਹਾਵੜੇ।।
ਪੰਜਾਬ ਵਿਚ ਜੇਠ-ਹਾੜ ਵਿਚ ਸਖਤ ਗਰਮੀ ਪੈਂਦੀ ਹੈ। ਦੂਰ-ਦੂਰ ਤੀਕਰ ਸੁੱਕੀ ਧਰਤੀ ਤਪਦੀ ਰਹਿੰਦੀ ਹੈ। ਸੂਰਜ ਦਾ ਅਗਨ-ਰੱਥ ਧੁੱਪ ਸੁਟਦਾ ਰਹਿੰਦਾ ਹੈ। ਅਜਿਹੇ ਰੁੱਖੇ ਤੇ ਗਰਮ ਮੌਸਮ ਦਾ ਚਿੱਤਰ ਖਿੱਚ ਕੇ ਗੁਰੂ ਜੀ ਨੇ ਪ੍ਰਭੂ ਤੋਂ ਵਿਛੜੀ ਜੀਵ-ਇਸਤਰੀ ਦੀ ਮਾਨਸਿਕ ਹਾਲਤ ਨੂੰ ਅਭਿਵਿਅਕਤ ਕੀਤਾ ਹੈ।
ਇੰਜ ਹੀ ਸਾਵਣ ਤੇ ਭਾਦੋਂ ਦੇ ਮਹੀਨੇ ਵਰਖਾ ਰੁੱਤ ਤੇ ਸ਼੍ਰੋਮਣੀ ਮਹੀਨੇ ਹਨ। ਕਾਲੀਆਂ ਘਨਘੋਰ ਘਟਾਵਾਂ ਉਠਦੀਆਂ ਹਨ। ਬਿਜਲੀਆਂ ਲਿਸ਼ਕਦੀਆਂ ਹਨ। ਧਰਤੀ ’ਤੇ ਪਾਣੀ ਹੋ ਜਾਂਦਾ ਹੈ। ਟੋਭੇ ਤੇ ਛੱਪੜ ਉੱਛਲ-ਉੱਛਲ ਹੱਸਦੇ ਹਨ। ਧਰਤੀ ਨੂੰ ਜੋਬਨ ਚੜ੍ਹਦਾ ਹੈ। ਇਹ ਸਾਰਾ ਕੁਝ ਗੁਰੂ ਸਾਹਿਬ ਆਪਣੇ ਸੁੰਦਰ ਸ਼ਬਦਾਂ ਵਿਚ ਟਕਸਾਲੀ ਸਿੱਕੇ ਵਾਂਗ ਘੜ ਦਿੰਦੇ ਹਨ:
ਸਾਵਣਿ ਸਰਸ ਮਨਾ। ਘਣ ਵਰਸਹਿ ਰੁਤਿ ਆਏ।
ਮੈ ਮਨਿ-ਤਨਿ ਸਹੁ ਭਾਵਹ ਪਿਰ ਪਰਦੇਸਿ ਸਿਧਾਏ।
ਇੰਜ ਗੁਰੂ ਸਾਹਿਬ ਪੰਜਾਬ ਦੇ ਮੌਸਮਾਂ, ਰੁੱਤਾਂ, ਰਾਤਾਂ, ਪੰਛੀਆਂ, ਕੀੜਿਆਂ, ਜੀਵਾਂ ਆਦਿ ਨੂੰ ਆਪਣੇ ਬਾਰਹਮਾਹ ਵਿੱਚ ਨਿੱਜੀ ਤਜਰਬੇ ਦਾ ਰੰਗ ਚਾੜ੍ਹਦੇ ਹਨ। ਪ੍ਰਭੂ ਦੀ ਮਿਹਰ ਬਿਨਾਂ ਮਨੁੱਖੀ ਆਤਮਾ ਜਿੰਦ-ਹੀਣ ਹੋ ਜਾਂਦੀ ਹੈ। ਕੱਤਕ ਬਾਰੇ ਕਹਿੰਦੇ ਹਨ:
ਕਤਕਿ ਕਿਰਤੁ ਪਇਆ।
ਜੋ ਪ੍ਰਭੁ ਭਾਇਆ।।
ਦੀਪਕੁ ਸਹਿਜਿ ਬਲੈ। ਤਤਿ ਜਲਾਇਆ।।
ਪੋਹ-ਮਾਘ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਸਖਤ ਸਰਦੀ ਪੈਂਦੀ ਹੈ। ਠੰਢੀ ਹਵਾ ਮਨੁੱਖਾਂ ਤੇ ਪੰਛੀਆਂ ਨੂੰ ਕਾਂਬਾ ਚੜ੍ਹਾ ਕੇ ਸੁੰਨ ਕਰ ਦਿੰਦੀ ਹੈ। ਰਾਤਾਂ ਲੰਮੀਆਂ ਤੇ ਸਰਦ ਹੋ ਜਾਂਦੀਆਂ ਹਨ। ਸਰਦੀ ਨਾਲ ਬਿਰਖਾਂ ਦੇ ਪੱਤੇ ਝੜ ਜਾਂਦੇ ਹਨ। ਜੀਵ-ਆਤਮਾ ਪ੍ਰਭੂ ਪਿਆਰ ਤੋਂ ਸੱਖਣੀ ਡਰ ਜਾਂਦੀ ਹੈ ਤੇ ਰਸਹੀਣ ਅਵਸਥਾ ’ਚ ਤਰਲਾ ਕਰਦੀ ਹੈ:-
ਪੋਖਿ ਤੁਖਾਰੁ ਪੜੈ ਵਣ ਤ੍ਰਿਣ ਰਸੁ ਸੋਖੈ।।
ਆਵਤ ਕੀ ਨਾਹੀ ਮਨਿ
ਤਨਿ ਵਸਹਿ ਮੁਖੇ।।
ਇੰਜ ਹੀ ਉਹ ਮਾਘ ਬਾਰੇ ਲਿਖਦੇ ਹਨ:
ਮਾਘਿ ਪਨੀਤ ਭਾਈ
ਤੀਰਥੁ ਅੰਤਰਿ ਜਾਨਿਆ।।
ਗੁਰੂ ਸਾਹਿਬ ਦੀ ਮਹਾਨ ਆਤਮਾ ਨੇ ਬਾਰਹਮਾਹ ਵਿੱਚ ਆਸ਼ਾਵਾਦ ਕਲਾ ਦੀਆਂ ਸਿਖਰਾਂ ਛੂਹੀਆਂ ਹਨ। ਉਨ੍ਹਾਂ ਦੀ ਨਰੋਈ ਸ਼ੈਲੀ ਤੇ ਨਰੋਆ ਸ਼ਿਲਪ ਪੰਜਾਬੀ ਸਾਹਿਤ ਨੂੰ ਵਡਮੁੱਲਾ ਖਜ਼ਾਨਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਬੋਲੀ ਦੀ ਸੁੰਦਰਤਾ ਲਈ ਸਮਾਸੀ ਸ਼ਬਦਾਂ ਦੀ ਜੜਤ ਕੀਤੀ ਹੈ ਜਿਵੇਂ ਕਿਰਤੁ ਕਰੰਮਾ, ਬਿਰਾਹ ਬਿਧਰੋ, ਸੁਖ ਸੁਹੰਮਾ, ਗੁਣ ਗਹਿਲੀ ਆਦਿ।
ਇੰਜ ਬਾਰਹਮਾਹ ਦੀ ਰਚਨਾ ਇਕ ਲੜੀ-ਬੱਧ ਤੇ ਛੰਦ-ਪ੍ਰਬੰਧ ਕਾਵਿ ਹੈ। ਇਸ ਦੀ ਸ਼ੈਲੀ ਵਿੱਚ ਸੰਜਮ ਤੇ ਸੁਝਾਊ ਹੈ। ਡਾ. ਤਾਰਨ ਸਿੰਘ ਦੇ ਕਥਨ ਅਨੁਸਾਰ ‘‘ਗੁਰੂ ਸਾਹਿਬ ਦੀ ਸਾਰੀ ਰਚਨਾ ਵਿੱਚੋਂ ਸ਼ੈਲੀ ਦਾ ਰਸ ਇਸ ਕਵਿਤਾ ਵਿੱਚ ਵੱਧ ਹੈ ਜੋ ਮਿਲਾਪ ਤੇ ਦਰਦ  ਇਸ ਰਚਨਾ ਵਿੱਚ ਹੈ, ਹੋਰ ਕਿਤੇ ਨਹੀਂ।’’  ਪੰਜਾਬੀ ਸਾਹਿਤ ਵਿੱਚ ਕੁਦਰਤ ਦੇ ਦ੍ਰਿਸ਼-ਚਿੱਤਰ ਦੇਣ ਵਿੱਚ ਇਕ ਰਚਨਾ ਨਾਲ ਕੋਈ ਹੋਰ ਰਚਨਾ ਤੁਲਨਾ ਨਹੀਂ ਕਰ ਸਕਦੀ।

ਸੰਪਰਕ: 98151-23900


Comments Off on ਬਾਰਹਮਾਹ ਤੁਖਾਰੀ ਦੀ ਕਾਵਿਕ ਦ੍ਰਿਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.