ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਬਾਲ ਕਿਆਰੀ

Posted On December - 24 - 2016

11312cd _christmasਸੂਰਜ ਦਾ ਨੂਰ
ਬ੍ਰਹਿਮੰਡ ਵਿੱਚ ਇੱਕ ਵੱਡਾ ਤਾਰਾ,
ਇਹ ਹੈ ਸਾਡਾ ਸੂਰਜ ਪਿਆਰਾ ।
ਅੱਗ ਦਾ ਗੋਲ਼ਾ ਚਮਕ ਹੈ ਲਾਲ,
ਬੇਅੰਤ ਊਰਜਾ ਰੱਖੀ ਸੰਭਾਲ।
ਭਾਵੇਂ ਸਾਥੋਂ ਦੂਰ ਬੜਾ ਹੈ,
ਫਿਰ ਵੀ ਇਸ ਦਾ ਨੂਰ ਬੜਾ ਹੈ।
ਗਰਮੀਆਂ ਦੇ ਵਿੱਚ ਕੱਢੇ ਤ੍ਰਾਹ,
ਲੋਕਾਂ ਦੇ ਸੁੱਕ ਜਾਂਦੇ ਸਾਹ।
ਜਦ ਵਗਦੀਆਂ ਫਿਰ ਸੀਤ ਹਵਾਵਾਂ,
ਸਭ ਤੱਕਣ ਸੂਰਜ ਦੀਆਂ ਰਾਹਵਾਂ।
ਕੁੱਲ ਦੁਨੀਆਂ ਦੀ ਹੋਂਦ ਦਾ ਮਾਲਕ,
ਧਰਤੀ ’ਤੇ ਜੀਵਨ ਦਾ ਚਾਲਕ।
ਧਰਤੀ ਸੂਰਜ ਵਿੱਚ  ਚੰਨ ਆਵੇ,
ਇਹ ਵਰਤਾਰਾ ਸੂਰਜ ਗ੍ਰਹਿਣ ਕਹਾਵੇ।
ਚੰਨ ਸੂਰਜ ਵਿੱਚ ਆਈ ਧਰਤੀ,
ਚੰਨ ਗ੍ਰਹਿਣ ਦਾ ਕਾਰਨ ਬਣਦੀ।
ਸਾਡਾ ਸੂਰਜ  ਬੜਾ ਕਮਾਲ,
ਸਭ ਦਾ ਰੱਖਦਾ ਪੂਰਾ ਖਿਆਲ।
ਆਓ, ਸੂਰਜ ਮੱਥੇ ਧਰੀਏ,
ਰੌਸ਼ਨ ਚਾਰ ਚੁਫ਼ੇਰਾ ਕਰੀਏ।
– ਸੁਖਦੇਵ ਸ਼ਰਮਾ ਧੂਰੀ

ਕ੍ਰਿਸਮਸ ਦੀ ਕਹਾਣੀ
ਬੜੀ ਦੇਰ ਦੀ ਗੱਲ ਹੈ,
ਕੋਈ ਵੀਰ ਸੌ ਸਾਲ ਦੀ ਗੱਲ ਹੈ,
ਬਈ ਬੈਤਲਹਮ ਦੀ ਗੱਲ ਹੈ।
ਇੱਕ ਚਮਕਿਆ ਸੀ ਤਾਰਾ,
ਤੇ ਚਾਨਣ ਹੋਇਆ ਭਾਰਾ,
ਰੌਸ਼ਨ ਹੋ ਉਠਿਆ ਜੱਗ ਸਾਰਾ।
ਰੱਬੀ ਦੂਤ ਆਕਾਸ਼ੀ ਆਏ,
ਚਰਵਾਹੇ ਸਭ ਆਣ ਜਗਾਏ,
ਯਸੂ ਜਨਮ ਦੀ ਖ਼ਬਰ ਲਿਆਏ।
‘ਰਾਜਾ ਇੱਕ ਆਇਆ ਨਿਆਰਾ ਹੈ,
ਮਰੀਅਮ ਦੀ ਅੱਖ ਦਾ ਤਾਰਾ ਹੈ,
ਉਹ ਜੱਗ ਦਾ ਤਾਰਨਹਾਰਾ ਹੈ।’
ਚਰਵਾਹੇ ਦਰਸ਼ਨ ਨੂੰ ਆਏ,
ਛੋਟੇ ਲੇਲੇ ਭੇਂਟ ਚੜ੍ਹਾਏ,
ਹੱਥ ਜੋੜ ਕੇ ਸ਼ੀਸ਼ ਨਿਵਾਏ।
ਤਿੰਨ ਨਜੂਮੀ ਦੂਰੋਂ ਆਏ,
ਸੋਨਾ, ਮੁੱਰ, ਲੂਬਾਨ ਲਿਆਏ,
ਭੇਟਾ ਕੀਤੇ, ਦਰਸ਼ਨ ਪਾਏ।
ਰਾਜਾ ‘ਹੈਰੋਦੀਸ’ ਘਬਰਾਇਆ,
ਇਹ ਕਿਹੜਾ ਹੈ ਰਾਜਾ ਆਇਆ,
ਮੰਤਰੀਆਂ ਨੂੰ ਹੁਕਮ ਸੁਣਾਇਆ।
‘ਸਭ ਨਵਜੰਮੇ ਬਾਲ ਮਰਵਾਓ,
ਆਪਾਂ ਆਪਣਾ ਰਾਜ ਬਚਾਓ,
ਨਵੇਂ ਰਾਜ ਨੂੰ ਮਾਰ ਮੁਕਾਓ।’’
ਪਰ ਮਰੀਅਮ, ਯੂਸਫ਼ ਜਾ ਚੁੱਕੇ ਸੀ,
ਨੂਰੀ ਜੋਤ ਬਚਾ ਚੁੱਕੇ ਸੀ,
ਗੀਤ ਸ਼ੁਕਰ ਦੇ ਗਾ ਚੁੱਕੇ ਸੀ।
ਛੋਟਾ ਯਸੂ ਜੱਗ ’ਤੇ ਆਇਆ,
ਵੱਡਾ ਦਿਨ ਹੈ ਅਸੀਂ ਮਨਾਇਆ,
ਲੱਖਾਂ ਖੁਸ਼ੀਆਂ ਨਾਲ ਲਿਆਇਆ।
– ਜੋਧ ਸਿੰਘ ਮੋਗਾ

ਬਚਪਨ ਦੀਆਂ ਕਹਾਣੀਆਂ
ਬਚਪਨ ਵਿੱਚ ਕਹਾਣੀਆਂ,
ਬੱਚੇ ਨੂੰ ਅਸੀਂ ਜੋ ਸੁਣਾਈਆਂ,
ਵੱਡਾ ਹੋ ਕੇ ਉਸ ਦੇ , ਇਹ ਕੰਮ ਕਿਉਂ ਨਾ ਆਈਆਂ?
‘ਇਮਾਨਦਾਰੀ ਹੈ ਚੰਗੀ ਨੀਤੀ’
‘ਸਿਰ ਨੀਵਾਂ ਹੰਕਾਰ ਦਾ’
‘ਜਿੱਤ ਹਮੇਸ਼ਾ ਸੱਚ ਦੀ’ ਉਸ ਨੂੰ
ਕਿਤੇ ਨਾ ਇਹ ਥਿਆਈਆਂ।
‘ਲਾਲਚ  ਬੁਰੀ ਬਲਾ ਹੈ’  ਉਸ ਨੂੰ ਕਰਨ
ਹੈਰਾਨ ਹਕੀਕਤਾਂ,  ਜਦ ਸਰਦੇ-ਪੁੱਜਦੇ ਲੁੱਟਦੇ,
ਮਾੜੇ ਨੂੰ ਵਾਂਗ ਕਸਾਈਆਂ ।
‘ਅਦਲੇ ਦਾ ਬਦਲਾ’ ਸਿਖਾ ਕੇ,
ਸੋਚੋ ਕੀ ਅਸੀਂ ਖੱਟਿਆ?
‘ਏਕੇ ਦੇ ਵਿੱਚ ਬਰਕਤ’ ਭੁੱਲ ਗਈ,
ਠੱਗ ਲਿਆ ਜਦ ਭਾਈਆਂ ।
‘ਚਲਾਕ ਲੂੰਬੜੀ’ ਢੁਕ ਰਹੀ ਹੈ,
ਪੂਰੀ ਅੱਜ ਦੇ ਵਕਤ ’ਤੇ,
ਭੋਲ਼ੇਪਨ ਦਾ ਕੋਈ  ਮੁੱਲ ਨਾ,
ਹਰ ਕਦਮ ’ਤੇ ਖਾਈਆਂ।
ਹਰ ਚਿਹਰੇ ’ਤੇ ਇੱਕ ਮੁਖੌਟਾ, ਕਈ ਰੂਪ ਦੀ ਦੁਨੀਆਂ,
ਇਹੀ ਗੱਲਾਂ ਕਿਉਂ ਨਾ ‘ਰਾਜੀ’ ਬੱਚੇ ਨੂੰ ਸਮਝਾਈਆਂ।
– ਕਰਮਜੀਤ ਸਿੰਘ ਗਰੇਵਾਲ

ਪਾਣੀ ਦੀ ਦੁਰਵਰਤੋਂ
ਸਾਡੇ ਸਰ ਨੇ ਕਿਹਾ ਮੰਮੀ
ਪਿਆਰੇ ਬੱਚਿਓ ਪਾਣੀ ਬਚਾਓ।
ਪਾਣੀ ਦੀ ਦੁਰਵਰਤੋਂ ਜੋ ਕਰਦੇ,
ਉਹਨਾਂ ਨੂੰ ਤੁਸੀਂ  ਸਮਝਾਓ।
ਕੁਦਰਤ ਦੇ ਉਹ ਦੁਸ਼ਮਣ ਨੇ
ਪਾਣੀ ਜੋ ਅਜਾਂਈ ਗਵਾਉਂਦੇ।
ਪਿਆਰੇ ਬੱਚਿਓ ਤੁਹਾਡੇ ਨਾਲ,
ਬੜਾ ਵੱਡਾ ਵੈਰ ਕਮਾਉਂਦੇ  ।
ਤਰਲੇ ਪਾ ਕੇ ਉਨ੍ਹਾਂ ਨੂੰ ਆਖੋ,
ਸਾਡੇ ਉਤੇ ਤਰਸ  ਖਾਓ।
ਪਾਣੀ ਦੀ ਦੁਰਵਰਤੋਂ ਜੋ ਕਰਦੇ…।
ਟੈਂਕੀ ਭਰਨ ਤੋਂ ਪਹਿਲਾਂ ਹੀ,
ਮੋਟਰ ਆਪਣੀ ਬੰਦ ਕਰੋ।
ਕੋਈ ਟੂਟੀ ਲੀਕ ਨਾ ਹੋਵੇ,
ਆਖੋ ਚੰਗੇ ਪ੍ਰਬੰਧ ਕਰੋ।
ਇਕ ਬੂੰਦ ਵੀ ਪਾਣੀ ਦੀ
ਐਵੇਂ ਨਾ  ਅਜਾਂਈ ਗਵਾਓ।
ਪਾਣੀ ਦੀ ਦੁਰਵਰਤੋਂ ਜੋ ਕਰਦੇ…।
ਭਰੇ ਖੂਹ ਕਦੋਂ ਦੇ ਸੁੱਕੇ,
ਨਲਕਿਆਂ ਦੇ ਵੀ ਪਾਣੀ ਮੁੱਕੇ।
ਪਾਣੀ ਦੀ ਦੁਰਵਰਤੋਂ ਤੋਂ,
ਅਜੇ ਵੀ ਅਸੀਂ ਨਹੀਓਂ ਰੁਕੇ।
ਅਮਰੀਕ ਤਲਵੰਡੀ ਦਾ ਸੁਨੇਹਾ,
ਘਰ-ਘਰ ਵਿੱਚ ਕਹਿੰਦੇ ਪੁਚਾਓ।
ਪਾਣੀ ਦੀ ਦੁਰਵਰਤੋਂ ਜੋ ਕਰਦੇ…।
– ਅਮਰੀਕ ਸਿੰਘ ਤਲਵੰਡੀ ਕਲਾਂ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.