ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੇਬਾਕ ਪੰਜਾਬੀ ਸਪੂਤ ਤੇ ਸ਼ਾਇਰ – ਉਸਤਾਦ ਦਾਮਨ

Posted On December - 31 - 2016

ਡਾ. ਸੁਖਦੇਵ ਸਿੰਘ

13112cd _Daman 20ਰੂਸ ਦੇ ਮਹਾਨ ਲੇਖਕ ਲਿਓ ਟਾਲਸਟਾਏ, ਸ਼ੋਲੋਖੋਵ, ਬਰਤਾਨੀਆ ਦੇ ਚਾਰਲਸ ਡਿਕਨਜ਼, ਜਾਨ ਕੀਟਸ, ਅਮਰੀਕਾ ਦੇ ਜੋਨ ਸਟੈਨਬੈਕ, ਲਾਤੀਨੀ ਅਮਰੀਕਾ ਦੇ ਮਾਰਕੁਏਜ਼, ਭਾਰਤ ਦੇ ਮੁਨਸ਼ੀ ਪ੍ਰੇਮ ਚੰਦ, ਟੈਗੋਰ ਅਤੇ ਪੰਜਾਬੀ ਦੇ ਗੁਰਦਿਆਲ ਸਿੰਘ ਵਰਗੇ ਲੇਖਕਾਂ ਨੇ ਆਪਣੇ ਜੀਵਨ ਦੇ ਆਲੇ-ਦੁਆਲੇ ਉਪਜੇ ਇਨਸਾਨੀ ਦਰਦ ਅਤੇ ਅਮਾਨਵੀ ਕਦਰਾਂ-ਕੀਮਤਾਂ ਨੂੰ ਲਿਖਤਾਂ ਵਿੱਚ ਉਜਾਗਰ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹਾ ਗਿਆਨ ਭੰਡਾਰ ਉਪਜਾਇਆ ਜਿਹੜਾ ਰਹਿੰਦੀ ਦੁਨੀਆ ਤਕ ਕਿਸੇ ਨਾ ਕਿਸੇ ਰੂਪ ਵਿੱਚ ਅਮਰ ਰਹੇਗਾ। ਅਜਿਹਾ ਹੀ ਇਕ ਸੰਘਰਸ਼ਸ਼ੀਲ ਪੰਜਾਬੀ ਮਾਂ ਬੋਲੀ ਦਾ ਜਾਇਆ ਹੋਇਆ ਹੈ ‘ਉਸਤਾਦ ਦਾਮਨ’ ਜਿਸ ਦਾ ਮੁੱਢਲਾ ਨਾਮ ਸੀ ਚਿਰਾਗ਼ਦੀਨ। ਇਸ ਸ਼ਾਇਰ ਦੀ ਨਿੱਜੀ ਜ਼ਿੰਦਗੀ ਭਾਵੇਂ ਵਧੇਰੇ ਕਰਕੇ ਗੁਰਬਤ, ਸੰਘਰਸ਼ ਅਤੇ ਫਾਕਿਆਂ ਵਿਚ ਗੁਜਰੀ ਪ੍ਰੰਤੂ ਇਸ ਮਾਂ ਦੇ ਪੁੱਤ ਨੇ ਕਿਸੇ ਅੱਗੇ ਪੱਲਾ ਨਹੀਂ ਅੱਡਿਆ ਸਗੋਂ ਆਵਾਮ ਦੇ ਹੱਕਾਂ ਦੀ ਗੱਲ ਕੀਤੀ ਅਤੇ ਬਹੁਤ ਵਾਰੀ ਖਮਿਆਜਾ ਵੀ ਭੁਗਤਣਾ ਪਿਆ।  ਉਸਤਾਦ ਦਾਮਨ ਦੇ ਕੰਮ ਦਾ ਪਾਠ ਕਰਨ ਉਪਰੰਤ ਉਸ ਅਜ਼ੀਮ ਸ਼ਾਇਰ ਬਾਰੇ ਕੁਝ ਲਿਖਣਾ ਇਕ ਅਕੀਦਤ ਵਾਂਗੂ ਲੱਗਿਆ। ਇਸ ਸ਼ਾਇਰ ਦੀ ਠੇਠ ਪੰਜਾਬੀ ਤੇ ਲੇਖਣੀ ਦੀ ਪੁਖ਼ਤਗੀ ਹਰ ਬੰਦ/ਸ਼ੇਅਰ ਵਿਚ ਮਿਲਦੀ ਹੈ। ਦੁਖ ਤੇ ਸੰਘਰਸ਼ ਮਗਰੋਂ ਇਨਸਾਨ ਦੀ ਸਖਸ਼ੀਅਤ ਵਿੱਚ ਪਰਪੱਕਤਾ ਆਉਣ ਬਾਰੇ ਸ਼ਾਇਰ ਲਿਖਦਾ ਹੈ:
ਗਿਰੀਆਂ ਉਦੋਂ ਬਦਾਮਾਂ ’ਚੋਂ ਬਾਹਰ ਆਵਣ  
ਜਦੋਂ ਉਨ੍ਹਾਂ ’ਤੇ ਸੱਟਾਂ ਪੈਂਦੀਆਂ ਨੇ
ਮਾਰਕ ਟਵੈਨ ਆਪਣੇ ਪ੍ਰਸਿੱਧ ਕਥਨ ਵਿੱਚ ਲਿਖਦਾ ਹੈ ਕਿ ‘‘ਮੂਰਖ ਨਾਲ ਗੱਲਬਾਤ ਨਾ ਕਰੋ ਕਿਉਂਕਿ ਉਹ ਤੁਹਾਨੂੰ ਆਪਣੇ ਪੱਧਰ ’ਤੇ ਲੈ ਜਾਵੇਗਾ ਅਤੇ ਆਪਣੇ ਤਜਰਬੇ ਨਾਲ ਤੁਹਾਨੂੰ ਮਾਤ ਵੀ ਦੇ ਦੇਵੇਗਾ।’’ ਉਸਤਾਦ ਦਾਮਨ ਨੂੰ ਸ਼ਾਇਦ ਆਪਣੇ ਜੀਵਨ ਵਿੱਚ ਅਜਿਹਾ ਪ੍ਰਤੀਤ ਹੋਇਆ ਅਤੇ ਉਸ ਨੇ ਮੂਰਖਤਾਈ ਤੋਂ ਬਚ ਕੇ ਆਪਣੇ ਕੰਮਾਂ ਵਿੱਚ ਮਸਰੂਫੀਅਤ ਨੂੰ ਵਧੇਰੇ ਢੁੱਕਵਾਂ ਮੰਨਿਆ:
ਦਾਮਨਾ ਚਾਹਨਾਂ ਏਂ ਜੇ ਤੂੰ ਜ਼ਰਬ ਲਗੇ,
ਵਿੱਚ ਜਾਹਿਲਾਂ ਦਨਾਈ ਤਕਸੀਮ ਨਾ ਕਰ।
ਆਪਣੀ ਜਿੰਦਗੀ ਤੇ ਆਪਣੇ ਕੰਮਾਂ ਨੂੰ ਸਿਰੇ ਲਾਉਣ ਲਈ ਹਰੇਕ ਪ੍ਰਾਣੀ ਨੂੰ ਘਾਲਣਾ ਘਾਲਣੀ ਪੈਂਦੀ ਹੈ। ਭਗਤ ਕਬੀਰ ਵਰਗੇ ਵੱਡੇ ਪੁਰਸ਼ ਵੀ ਮੰਨਦੇ ਹਨ ਕਿ ‘‘ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੇ ਖੇਤ।’’ ਉਸਤਾਦ ਦਾਮਨ ਨੇ ਜੀਵਨ ਦੀਆਂ ਠੇਸਾਂ ਖਾ ਆਪਣੀ ਮੰਜ਼ਿਲ ਪਾਉਣ ਦੀ ਤਾਕੀਦ ਕੀਤੀ ਅਤੇ ਕਲਮਬੱਧ ਕੀਤਾ:
ਬੰਦਾ ਕਰੇ ਤੇ ਕੀਹ ਨਹੀਂ ਕਰ ਸਕਦਾ
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ
ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤੇ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਮੁੱਢ ਕਦੀਮ ਤੋਂ ਹੀ ਰਾਜਨੀਤੀਵਾਨ ਆਪਣੀ ਕੁਰਸੀ ਬਚਾਉਣ ਖਾਤਰ ਤਰ੍ਹਾਂ ਤਰ੍ਹਾਂ ਦੇ ਢੌਂਗ ਰਚਾ ਕੇ ਆਮ ਇਨਸਾਨਾਂ ਨੂੰ ਉਲਝਾਈ ਰੱਖਦੇ ਹਨ। ਭਾਰਤ-ਪਾਕਿ ਵੰਡ ਸਰੀਰ ਦੇ ਦੋ ਟੁਕੜੇ ਵਾਂਗ ਸੀ     ਪਰ ਇਸ ਵੰਡ ਪਿੱਛੋਂ ਤਣਾਅ ਹੋਰ ਵੀ ਵਧਦਾ ਗਿਆ ਜਿਸ ਨੂੰ ਹੋਰ ਅਨੇਕਾਂ ਸੰਵੇਦਨਸ਼ੀਲ ਲੋਕਾਂ ਵਾਂਗ ਉਸਤਾਦ ਦਾਮਨ ਨੂੰ ਵੀ ਬਹੁਤ ਚੁੱਭਿਆ।   ਆਪਣੀ ਇਸ ਪੀੜ ਨੂੰ ਉਹ ਇਸ ਤਰ੍ਹਾਂ ਲਿਖਦਾ ਹੈ:
ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ
ਨਾ ਹੀ ਗੀਤਾ ਨਾਲ ਕੁਰਆਨ ਦੀ ਏ
ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ
ਸਾਰੀ ਗੱਲ ਇਹ ਨਫ਼ੇ-ਨੁਕਸਾਨ ਦੀ ਏ।
ਦੇਸ਼ ਦੀ ਵੰਡ ਤੋਂ ਬਾਅਦ ਨਹਿਰੂ ਨੇ ਉਸਤਾਦ ਦਾਮਨ ਨੂੰ ਹਿੰਦੁਸਤਾਨ ਵਿੱਚ ਵਸਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਲਾਹੌਰ ਨੂੰ ਤਰਜੀਹ ਦਿੱਤੀ। ਪਾਕਿਸਤਾਨ ਵਿੱਚ ਚੌਧਰੀ ਜ਼ਹੂਰ ਨੇ ਉਸਤਾਦ ਦਾਮਨ ਨੂੰ ਭਾਰਤੀ ਸਫ਼ਾਰਤਖਾਨੇ ਵਿੱਚ ਮੁਲਾਜ਼ਮਤ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਵਿੱਚ ਸਾਂਝ ਵਧੇਗੀ  ਪ੍ਰੰਤੂ ਏਸ ਅਲਬੇਲੇ ਕਵੀ ਦਾ ਜਵਾਬ ਸੀ  ‘‘ਸਾਂਝ ਦੀ ਬੁਨਿਆਦ ਤਾਂ ਆਵਾਮ ਹੁੰਦੀ ਏ ਪਰ ਤੁਹਾਡੀ ਪਾਕਿਸਤਾਨੀ ਹਕੂਮਤ ਵਿੱਚ ਤਾਂ ਆਵਾਮ ਹੈ ਹੀ ਨਹੀਂ- ਖ਼ਾਸ ਈ ਖ਼ਾਸ ਏ।’’ ਵੰਡ ਤੋਂ ਬਾਅਦ ਇਕ ਮੁਸ਼ਾਇਰਾ ਕੀਤਾ ਗਿਆ ਜਿਸ ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਬਿਰਾਜਮਾਨ ਸਨ। ਤਤਕਾਲੀ ਕਲਾਮਿ-ਏ-ਸ਼ਾਇਰ ਵੀ ਅਮਰ ਹੋ ਨਿਬੜਿਆ ਹੈ:
ਭਾਵੇਂ ਮੂੰਹੋਂ ਨਾ ਕਹੀਏ, ਪਰ ਵਿਚੋਂ ਵਿਚੀ
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ
ਲਾਲੀ ਅੱਖੀਆਂ ਦੀ ਪਈ ਦਸਦੀ ਏ
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆ।
ਨਿਆਂ ਅਤੇ ਅਨਿਆਂ ਦੀ ਕਸ਼ਮਕਸ਼ ਵੀ ਉਦੋਂ ਤੋਂ ਹੀ ਹੈ ਜਦੋਂ ਤੋਂ ਇਨਸਾਨਾਂ ਨੇ ਕਬੀਲਿਆਂ, ਸਮੂਹਾਂ ਅਤੇ ਸੰਗਠਤ ਸਮਾਜਾਂ ਵਿੱਚ ਰਹਿਣਾ ਸ਼ੁਰੂ ਕੀਤਾ। ਵੇਲੇ-ਵੇਲੇ ਦੇ ਵਿਦਵਾਨਾਂ ਨੇ ਸੱਚ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਵਾਰ ਸਮੇਂ ਦੀਆਂ ਸਰਕਾਰਾਂ ਦਾ ਦਮਨ ਵੀ ਝੱਲਣਾ ਪਿਆ। ਉਸਤਾਦ ਦਾਮਨ ਵੀ ਏਸ ਪੱਖੋਂ ਲੇਖਕਾਂ ਬਾਰੇ ਅਜਿਹੀ ਹੀ ਤਸ਼ਬੀਹ ਕਰਦਾ ਹੈ:
ਮੇਰੇ ਖਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ
ਖੰਡ ਨੂੰ ਖੰਡ ਜ਼ਹਿਰ ਨੂੰ ਜ਼ਹਿਰ ਆਖੇ
ਜੋ ਕੁਝ ਹੁੰਦਾ ਹੈ ਹੋਵੇ ਨਾ ਡਰੇ ਹਰਗਿਜ਼
ਰਹਿਮ ਰਹਿਮ ਨੂੰ ਕਹਿਰ ਨੂੰ ਕਹਿਰ ਆਖੇ।
ਪ੍ਰਗਤੀਵਾਦੀ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਉਸਤਾਦ ਦਾਮਨ ਪੂੰਜੀਵਾਦ ਅਤੇ ਅਮੀਰਾਂ ਦੇ ਵਰਤਾਰੇ ਖਿਲਾਫ਼ ਸੀ।
ਆਪਣੀ ਮਾਂ ਬੋਲੀ ਪ੍ਰਤੀ ਹਰ ਬਾਸ਼ਿੰਦੇ ਦਾ ਧਰਮ ਹੁੰਦਾ ਹੈ। ਰਸੂਲ ਹਮਜ਼ਾਤੋਵ, ਜਿਸ ਨੇ ਆਪਣੀ ਪ੍ਰਸਿੱਧ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਵਿਚਾਰ ਪ੍ਰਗਟ ਕੀਤਾ ਹੈ ਕਿ ਜੇ ਕਿਸੇ ਨੂੰ ਮਾੜਾ ਬੋਲਣਾ ਹੋਵੇ ਤਾਂ ਕਹੀਏ ‘ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ’। ਕਹਿੰਦੇ ਹਨ ਮੁਸਲਮਾਨ ਹੋਣ ਕਰਕੇ ਉਸਤਾਦ ਦਾਮਨ ਨੂੰ ਬਹੁਤ ਲੋਕਾਂ ਨੇ ਉਰਦੂ ਜ਼ਬਾਨ ਵਿਚ ਸਾਹਿਤ ਰਚਣ ਅਤੇ ਬੋਲਣ ਲਈ ਕਿਹਾ। ਇਸ ਕਵੀ ਨੇ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਜੋ ਅਲਫ਼ਾਜ ਵਰਤੇ ਹਨ ਉਹ ਵੀ ਪੰਜਾਬੀ ਸਾਹਿਤ ਵਿਚ ਹਮੇਸ਼ਾ ਯਾਦ ਕੀਤੇ ਜਾਣਗੇ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ
ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਓਂ
ਉਹ ਮਾਂ ਛੱਡ ਦੇ ਤੇ ਗਰਾਂ ਛੱਡਦੇ
ਜੇ ਪੰਜਾਬੀ, ਪੰਜਾਬੀ ਕੂਕਣਾ ਈ
ਜਿੱਥੇ ਖਲਾ ਖਲੋਤਾ ਏ ਉਹ ਥਾਂ ਛੱਡ ਦੇ
ਮੈਨੂੰ ਇੰਜ ਲਗਦਾ ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਵਾਰਿਸ ਸ਼ਾਹ ਵਾਂਗ ਉਸਤਾਦ ਦਾਮਨ ਦੇ ਬੰਦਾਂ ਤੇ ਟੋਟਕਿਆਂ ਵਿੱਚ ਮਨੁੱਖੀ ਜ਼ਿੰਦਗੀ ਬਾਰੇ ਅਟੱਲ ਸਚਾਈ ਭਾਸਦੀ ਹੈ। ਮੁਹੰਮਦ ਰਫੀ ਵਰਗੇ ਵੱਡੇ ਗਾਇਕ ਵੀ ਉਸਤਾਦ ਦਾਮਨ ਨੂੰ ਮਹਾਨ ਮੰਨਦੇ ਸਨ। ਉਨ੍ਹਾਂ ਦੇ ਰੈਣ-ਬਸੇਰੇ ਦੀ ਹਾਲਤ ਨੂੰ ਦੇਖਦਿਆਂ ਰਫੀ ਨੇ ਦਾਮਨ ਦੀ ਨਾਂਹ-ਨੁੱਕਰ ਕਰਦਿਆਂ ਵੀ ਇਕ ਹਜ਼ਾਰ ਮੁਹੱਈਆ ਕਰਵਾਇਆ। ਕਹਿੰਦੇ ਹਨ ਉਸਤਾਦ ਦਾਮਨ ਆਪਣੇ ਗੁਰੂ ਹਮਦਮ ਤੇ ਮਿੱਤਰ ਫੈਜ਼ ਅਹਿਮਦ ਫੈਜ਼ ਨੂੰ ਬਹੁਤ ਸਤਿਕਾਰ ਦਿੰਦਾ ਸੀ। ਜ਼ਿੰਦਗੀ ਵਿੱਚ ਜਿੱਥੇ ਪਹਿਲਾਂ ਪੁੱਤਰ, ਪਤਨੀ ਤੇ ਇੱਕ ਮੁਤਬੰਨੇ ਪੁੱਤ ਦੀ ਮੌਤ ਦਾ ਸੱਲ ਝੱਲਿਆ, ਉਥੇ ਉਸ ਦੇ ਉਸਤਾਦ ਤੇ ਫੈਜ਼ ਦੀ ਮੌਤ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਅਤੇ ਨਤੀਜੇ ਵਜੋਂ ਕੁਝ ਮਹੀਨਿਆਂ ਬਾਅਦ ਹੀ ਇਹ ਬੇਬਾਕ ਤੇ ਫ਼ੱਕਰ ਸ਼ਾਇਰ 3 ਦਸੰਬਰ 1984 ਨੂੰ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ।

ਸੰਪਰਕ: 94177-15730


Comments Off on ਬੇਬਾਕ ਪੰਜਾਬੀ ਸਪੂਤ ਤੇ ਸ਼ਾਇਰ – ਉਸਤਾਦ ਦਾਮਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.