ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬੋਲੀਆਂ ਤੇ ਗੀਤਾਂ ਦੀ ਰਚੇਤਾ ‘ਬੇਬੇ’

Posted On December - 24 - 2016

11612cd _bebeਬਲਵਿੰਦਰ ਸਿੰਘ ਭੁੱਲਰ

ਦਹਾਕਿਆਂ ਪਹਿਲਾਂ ਜਦੋਂ ਕਵੀਸ਼ਰੀ ਦਾ ਸਮਾਂ ਸੀ ਤਾਂ ਕਵੀਸ਼ਰ ਲਿਖਾਰੀਆਂ ਦੇ ਲਿਖੇ ਕਿੱਸੇ ਵੀ ਗਾਉਂਦੇ ਅਤੇ ਆਪ ਵੀ ਛੰਦ ਬਣਾ ਕੇ ਸਰੋਤਿਆਂ ਸਾਹਮਣੇ ਪੇਸ਼ ਕਰਦੇ ਸਨ। ਉਦੋਂ ਕਿਹਾ ਜਾਂਦਾ ਸੀ ਕਿ ਕਵੀਸ਼ਰਾਂ ਲਈ ਪਿੰਗਲ ਪੜ੍ਹਣਾ ਅਤੀ ਜ਼ਰੂਰੀ ਹੈ ਜਿਸ ਨੂੰ ਪੜ੍ਹਣ ਨਾਲ ਉਹ ਛੰਦ ਬੰਦੀ ਕਰਨ ਦੀ ਜਾਚ ਸਿੱਖ ਜਾਂਦੇ ਸਨ, ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਰਾਜ ਵਾਲਾ ਦੀ ਬੇਬੇ ਸੁਰਜੀਤ ਕੌਰ ਇੱਕ ਅਜਿਹੀ ਗੀਤਕਾਰ ਤੇ ਦੇਸੀ ਗਾਇਕਾ ਹੈ, ਜਿਸ ਨੇ ਪਿੰਗਲ ਪੜ੍ਹਣਾ ਤਾਂ ਦੂਰ, ਆਪਣੇ ਜੀਵਨ ਵਿੱਚ ਸਕੂਲ ’ਚ ਪੈਰ ਵੀ ਨਹੀਂ ਧਰਿਆ।
ਕਰੀਬ ਅੱਸੀ ਸਾਲ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਰੂਸਰ ਸੈਣੇਵਾਲਾ ਦੇ ਸੱਜਣ ਸਿੰਘ ਤੇ ਹਰ ਕੌਰ ਦੇ ਘਰ ਜਨਮ ਲੈਣ ਵਾਲੀ ਅਤੇ ਸਹੁਰੇ ਘਰ ਥਰਾਜ ਵਾਲਾ ਵਿਖੇ ਪੋਤੇ-ਪੋਤੀਆਂ ਵਿੱਚ ਜੀਵਨ ਬਤੀਤ ਕਰ ਰਹੀ ਸੁਰਜੀਤ ਕੌਰ ਨੇ ਹਜ਼ਾਰਾਂ ਬੋਲੀਆਂ ਰਚ ਦਿੱਤੀਆਂ ਹਨ। ਇਸ ਅਨਪੜ੍ਹ ਬੇਬੇ ਨੇ ਪੰਜਾਬੀ ਦੇ ਪੈਂਤੀ ਅੱਖਰਾਂ ’ਤੇ ਵੀ ਬੋਲੀਆਂ ਰਚ ਕੇ ਮਾਤ ਭਾਸ਼ਾ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ, ਜਿਵੇਂ ‘ੳ ਕਹਿੰਦੈ ਉੱਠ ਖੜ੍ਹ ਤੜਕੇ ਪੜ੍ਹ ਸਤਿਗੁਰ ਦੀ ਬਾਣੀ, ਨੀ ਦਾਤਣ ਕੁਰਲੀ ਕਰ ਲੈ ਸੁਰਜੀਤੋ ਲੈ ਨਿੱਘਾ ਜਾ ਪਾਣੀ।’ ਉਸ ਨੇ ਵਿਆਹ-ਸ਼ਾਦੀਆਂ ਆਦਿ ਪੇਂਡੂ ਪ੍ਰੋਗਰਾਮਾਂ ’ਤੇ ਗਾਏ ਜਾਣ ਵਾਲੇ ਗੀਤ ਜਿਵੇਂ ਜੰਨ ਬੰਨ੍ਹਣੀ, ਜੰਨ ਛੁਡਾਉਣੀ, ਬਾਲੋ, ਸਿੱਠਣੀਆਂ, ਦੋਹੇ, ਜਾਗੋ, ਬੋਲੀਆਂ ਅਤੇ ਗੀਤ ਖੁਦ ਰਚੇ ਹਨ। ਇੰਨਾ ਵੱਡਾ ਪੰਜਾਬੀ ਦਾ ਭੰਡਾਰ ਉਸ ਨੂੰ ਜ਼ੁਬਾਨੀ ਯਾਦ ਹੈ।
ਉਸ ਦੇ ਰਚੇ ਗੀਤਾਂ ਵਿੱਚ ਇੱਕ ਸੁਨੇਹਾ ਵੀ ਹੁੰਦਾ ਹੈ, ਜਿਵੇਂ ਆਪਣੇ ਨਸ਼ਈ ਪਤੀ ਤੋਂ ਦੁਖੀ ਇੱਕ ਧੀ ਦੀ ਪੁਕਾਰ ਦਾ ਗੀਤ ‘ਨੀ ਨਸ਼ਿਆਂ ਨੇ ਢੋਲ ਖਾ ਲਿਆ, ਮੈਥੋਂ ਦੁੱਖ ਦੱਸਿਆ ਨਾ ਜਾਵੇ’ ਅਤੇ ਕਿਸਾਨੀ ਦੀ ਹਾਲਤ ’ਤੇ ‘ਜੱਟਾ ਜਾਗ ਬਈ ਹੁਣ ਜਾਗੋ ਆਈ ਆ’ ਆਦਿ। ਉਸ ਦੇ ਗੀਤਾਂ ਤੇ ਬੋਲੀਆਂ ਵਿੱਚ ਬੇਰੁਜ਼ਗਾਰੀ, ਭਰੂਣ ਹੱਤਿਆ, ਕਿਸਾਨੀ ਦੀ ਆਰਥਿਕ ਮੰਦਹਾਲੀ, ਔਰਤਾਂ ਦੀ ਦਸ਼ਾ, ਦੁੱਖ ਦਰਦ, ਹਾਸਾ ਠੱਠਾ ਤੋਂ ਇਲਾਵਾ ਇਸ਼ਕ ਵੀ ਉਜਾਗਰ ਹੁੰਦਾ ਹੈ। ਜਿਵੇਂ ‘ਵਰਖਾ ਜ਼ੋਬਨ ਦੀ ਕਦਮ ਕਦਮ ’ਤੇ ਪਾਈਏ’, ਅਤੇ ‘ਇਸ਼ਕ ਨਿਮਾਣਾ ਹੈ ਡੁੱਬ ਜਾਣਾ ਸੱਚ ਸੁਰਜੀਤੋ ਕਹਿੰਦੀ, ਚੋਟਾਂ ਇਸ਼ਕ ਦੀਆਂ ਨਰਮ ਕਾਲਜੇ ਸਹਿੰਦੀ’। ਇਸ ਦੇ ਨਾਲ-ਨਾਲ ਉਸ ਦੀਆਂ ਬੋਲੀਆਂ ਵਿੱਚੋਂ ਰੂਹਾਨੀ ਇਸ਼ਕ ਦੀ ਵੀ ਝਲਕ ਮਿਲਦੀ ਹੈ। ਜਿਵੇਂ ‘ਇਹ ਝਲਕ ਸੰਧੂਰੀ ਮੁਖੜੇ ਦੀ, ਮਿੱਤਰਾਂ ਤੋਂ ਵਾਝਾਂ ਸੱਖਣੀ ਐ’।
ਕਈ ਦਹਾਕੇ ਪਹਿਲਾਂ ਜਦੋਂ ਮੁੰਡੇ ਨੂੰ ਸ਼ਗਨ ਪਾਉਣ ਵਾਲੇ ਆਉਂਦੇ, ਜਿਸ ਨੂੰ ਰੋਪਣਾ ਪਾਉਣੀ ਵੀ ਕਹਿੰਦੇ ਸਨ। ਉਸ ਸਮੇਂ ਦੇ ਗੀਤ ਦੋਹੇ ‘ਚਿੱਟੀਆਂ ਪੱਗਾਂ ਬੰਨ੍ਹ ਕੇ ਸਾਡੇ ਕਾਹੇ ਨੂੰ ਆਏ, ਲੜਕੀ ਇਨ੍ਹਾਂ ਦੀ ਖਰੀ ਨੀ ਸੋਹਣੀ ਮੁੰਡਾ ਦੇਖਣ ਆਏ’ ਅਤੇ ਅੰਗਰੇਜ਼ਾਂ ਦੇ ਰਾਜ ਸਮੇਂ ਛੁੱਟੀ ਨਾ ਮਿਲਣ ਤੇ ਫ਼ੌਜੀ ਦੀ ਮੰਗੇਤਰ ਲੜਕੀ ਦੀ ਰੂਹ ਦੀ ਆਵਾਜ਼ ‘ਸਾਡਾ ਸਬਰ ਫਰੰਗੀਆਂ ਨੂੰ ਮਾਰੇ’ ਗੀਤ ਪੇਸ਼ ਕਰਕੇ ਅੱਜ ਵੀ ਉਸ ਸਮੇਂ ਦੇ ਹਾਲਾਤ ਪੇਸ਼ ਕਰਕੇ ਦਿਲਾਂ ਨੂੰ ਟੁੰਬਦੀ ਹੈ।  ਉਸ ਦੇ ਮਨ ’ਚ ਉੱਘੇ ਗਾਇਕ ਗੁਰਦਾਸ ਮਾਨ ਨੂੰ ਮਿਲਣ ਦੀ ਤਾਂਘ ਉੱਠੀ ਤਾਂ ਕਾਫ਼ੀ ਜੱਦੋ-ਜਹਿਦ ਬਾਅਦ ਹੀ ਉਹ ਇਸ ਗਾਇਕ ਨੂੰ ਮਿਲ ਸਕੀ। ਜੇ ਮਿਲੀ ਤਾਂ ਉਸ ਨੇ ਗੁਰਦਾਸ ਮਾਨ ਦੇ ਜੀਵਨ ’ਤੇ ਹੀ ਬੋਲੀਆਂ ਬਣਾ ਦਿੱਤੀਆਂ। ‘ਗਿੱਦੜਬਹੇ ਤੋਂ ਬੰਬੇ ਬਹਿ ਗਿਐਂ ਲਾ ਕੇ ਯਾਰੀ ਤੂੰ’ ਗੀਤ ਸੁਣਾਇਆ ਤਾਂ ਗੁਰਦਾਸ ਵੀ ਉਸ ਦਾ ਮੁਰੀਦ ਹੋ ਗਿਆ। ਫਿਰ ਇੱਕ ਸਮਾਜ ਸੇਵਕ ਪ੍ਰੀਤਮ ਸਿੰਘ ਕੋਟਭਾਈ ਨਾਲ ਉਸ ਦਾ ਸੰਪਰਕ ਹੋਇਆ ਤਾਂ ਉਸ ਨੇ ਕੋਟਭਾਈ ’ਤੇ ਹੀ ਬੋਲੀਆਂ ਬਣਾ ਦਿੱਤੀਆਂ। ਅੱਜਕੱਲ੍ਹ ਉਹ ਪੁਰਾਣੀਆਂ ਵਸਤਾਂ ਇਕੱਤਰ ਕਰਨ ਵਿੱਚ ਵੀ ਲੱਗੀ ਹੋਈ ਹੈ, ਜਿਨ੍ਹਾਂ ਨੂੰ ਕੋਟਭਾਈ ਦੀ ਮਦਦ ਨਾਲ ਵਿਰਾਸਤੀ ਪਿੰਡ ਬਣਾ ਕੇ ਸਥਾਪਤ ਕਰੇਗੀ। ਆਪਣੀ ਵੱਡੀ ਉਮਰ ਦੀ ਪਰਵਾਹ ਨਾ ਕਰਦਿਆਂ ਉਹ ਮੇਲਿਆਂ, ਟੂਰਨਾਮੈਂਟਾਂ ਆਦਿ ’ਚ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ। ਸਿਰ ’ਤੇ ਗਲਾਸ ਮੂਧਾ ਰੱਖ ਕੇ, ਉਸ ਉਪਰ ਘੜਾ ਟਿਕਾ ਕੇ ਜਾਗੋ ਗਾਉਣੀ ਉਸ ਦਾ ਪੁਰਾਣਾ ਸ਼ੌਕ ਹੈ। ਟੈਲੀਵੀਜ਼ਨ, ਰੇਡੀਓ ’ਤੇ ਵੀ ਉਹ ਆਪਣਾ ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ।

ਸੰਪਰਕ: 98882-75913


Comments Off on ਬੋਲੀਆਂ ਤੇ ਗੀਤਾਂ ਦੀ ਰਚੇਤਾ ‘ਬੇਬੇ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.