ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬੰਦ ਹੋਵੇ ਵਿਆਹਾਂ ’ਤੇ ਫਜ਼ੂਲ ਖ਼ਰਚ

Posted On December - 26 - 2016

12612CD _MARRIAGE PALACEਵਿਆਹ ਦੀ ਰਸਮ ਬਹੁਤ ਪਵਿੱਤਰ ਅਤੇ ਪਰਿਵਾਰਕ ਜੀਵਨ ਦੀ ਸਭ ਤੋਂ ਮੁੱਢਲੀ ਰਸਮ ਹੈ। ਇਸ ਸਮਾਜਿਕ ਰਸਮ ਨੂੰ ਮੁੱਢ ਕਦੀਮ ਤੋਂ ਹੀ ਬੜੇ ਸਲੀਕੇ ਅਤੇ ਸੰਜਮ ਨਾਲ ਪੂਰਾ ਕੀਤਾ ਜਾਂਦਾ ਰਿਹਾ ਹੈ। ਸਾਡੇ ਸੱਭਿਆਚਾਰ ਵਿੱਚ ਮਰਦ ਔਰਤ ਦੇ ਰਿਸ਼ਤੇ ਨੂੰ ਵਿਆਹ ਤੋਂ ਬਾਅਦ ਹੀ ਮਾਨਤਾ ਦਿੱਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਰਸਮ ਬੜੇ ਪਿਆਰ ਉਲਾਸ ਅਤੇ ਸਾਦਗੀ ਨਾਲ ਨਿਭਾਈ ਜਾਂਦੀ ਸੀ, ਪਰ ਸਮੇਂ ਦੀ ਤੇਜ਼ ਰਫ਼ਤਾਰ ਅਤੇ ਨੈਤਿਕ ਕੀਮਤਾਂ ਵਿੱਚ ਆਈ ਗਿਰਾਵਟ ਨਾਲ ਵਿਆਹ ਦੀ ਰਸਮ ਬਣਾਉਟੀ ਅਤੇ ਹੋਛੇਪਣ ਦਾ ਸ਼ਿਕਾਰ ਹੋ ਚੁੱਕੀ ਹੈ। ਖ਼ਾਸ ਕਰਕੇ ਮੈਰਿਜ ਪੈਲੇਸ ਕਲਚਰ ਆਉਣ ਤੋਂ ਬਾਅਦ ਇਸ ਰਸਮ ਵਿੱਚ ਬੇਲੋੜੀ ਹੁੱਲੜਬਾਜ਼ੀ ਭਾਰੂ ਹੋ ਚੁੱਕੀ ਹੈ। ਇਸ ਤੋਂ  ਵੀ ਅੱਗੇ ਡੀ.ਜੇ. ਅਤੇ ਭੜਕੀਲੇ ਆਰਕੈਸਟਰਾ ਨੇ ਇਸ ਨੂੰ ਸ਼ੋਰ ਸ਼ਰਾਬੇ ਅਤੇ ਸ਼ਰਾਰਤੀ ਸ਼ਰਾਬੀ ਅਨਸਰਾਂ ਦੇ ਹਵਾਲੇ ਕਰ ਦਿੱਤਾ ਹੈ।
ਵਿਆਹਾਂ ਵਿੱਚ ਫਜ਼ੂਲ ਖ਼ਰਚੀ, ਫੋਕੀ ਦਿਖਾਵਟ ਅਤੇ ਹੁੱਲੜਬਾਜ਼ੀ ਦਾ ਵਰਤਾਰਾ ਦਿਨੋਂ ਦਿਨ ਵਧ ਰਿਹਾ ਹੈ। ਬਹੁਤੇ ਲੋਕ ਪੰਜਾਬੀ ਵਿਆਹਾਂ ਵਿੱਚ ਚੱਲ ਰਹੀ ਸ਼ੋਸ਼ੇਬਾਜ਼ੀ ਬਾਰੇ ਚਿੰਤਤ ਹਨ। ਮੌਜੂਦਾ ਸਮੇਂ ਜ਼ਿਆਦਾਤਰ ਵਿਆਹ ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਕਿਰਾਇਆ ਪੰਜਾਹ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਲੱਖ ਰੁਪਏ ਤਕ ਹੈ। ਸਜਾਵਟ ਤੇ ਲਾਈਟਿੰਗ ਦਾ ਖ਼ਰਚਾ ਵੱਖਰਾ ਹੁੰਦਾ ਹੈ, ਉਨ੍ਹਾਂ ਦੇ ਨਾਲ ਹੀ ਕਤਾਰ ਬਣਾਈ ਵੇਟਰਾਂ ਦੀ ਇੱਕ ਪੂਰੀ ਫ਼ੌਜ ਹੱਥਾਂ ਵਿੱਚ ਭਾਂਤ-ਭਾਂਤ ਦੀਆਂ ਖਾਣ ਵਾਲੀਆਂ ਚੀਜ਼ਾਂ ਲਈ ਫਿਰਦੀ ਨਜ਼ਰ ਆਉਂਦੀ ਹੈ। ਜਿੰਨਾ ਵੇਟਰਾਂ ਦਾ ਪਹਿਰਾਵਾ ਮਹਿੰਗਾ ਉੰਨਾ ਹੀ ਉਨ੍ਹਾਂ ਦਾ ਕਿਰਾਇਆ ਜ਼ਿਆਦਾ ਹੁੰਦਾ ਹੈ। ਵਿਆਹ ਵਿੱਚ ਖਾਣ ਨੂੰ ਇੰਨਾ ਕੁਝ ਹੁੰਦਾ ਹੈ ਕਿ ਬਹੁਤਿਆਂ ਨੂੰ ਤਾਂ ਪਤਾ ਨਹੀਂ ਕੀ ਖਾਣਾ, ਕਿੰਨਾ ਖਾਣਾ ਅਤੇ ਕਿਵੇਂ ਖਾਣਾ ਹੈ? ਬਹੁਤੇ ਲੋਕ ਥੋੜ੍ਹਾ ਜਿਹਾ ਚੱਖਦੇ ਤੇ ਬਾਕੀ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ। ਸਟੇਜ ’ਤੇ ਨੱਚਣ-ਗਾਉਣ ਵਾਲੀਆਂ ਆਰਕੈਸਟਰਾ ਕੁੜੀਆਂ ਐਨੀ ਉੱਚੀ ਆਵਾਜ਼ ਵਿੱਚ ਡੀ.ਜੇ. ’ਤੇ ਨਾਚ ਗਾਣਾ ਕਰਦੀਆਂ ਹਨ ਕਿ ਕਮਜ਼ੋਰ ਦਿਲ ਵਾਲੇ ਦਾ ਹਾਲ ਦੇ ਅੰਦਰ ਬੈਠਣਾ ਦੁੱਭਰ ਹੋ ਜਾਂਦਾ ਹੈ। ਬਰਾਤੀਆਂ ਵਿੱਚ ਸਿਰਫ਼ ਮੁੰਡੇ ਹੀ ਨਹੀਂ, ਹਰ ਉਮਰ ਦੇ ਮਹਿਮਾਨ ਉਨ੍ਹਾਂ ਨਾਲ ਨੱਚਣ ਅਤੇ ਭੱਦੀਆਂ ਹਰਕਤਾਂ ਕਰਨ ਲਈ ਤਿਆਰ ਹੁੰਦੇ ਹਨ। ਫਾਇਰ ਕਰਨਾ ਵੀ ਲੋਕਾਂ ਨੇ ਇਸ ਹੁੱਲੜਬਾਜ਼ੀ ਦਾ ਹਿੱਸਾ ਅਤੇ ਫੈਸ਼ਨ ਬਣਾ ਲਿਆ ਹੈ।
ਵਿਆਹ ਦੋ ਪਰਿਵਾਰਾਂ ਦਾ ਨਿੱਜੀ ਮਸਲਾ ਹੈ ਤੇ ਸਮਾਜਿਕ ਪੱਧਰ ’ਤੇ ਨਜ਼ਦੀਕੀ ਰਿਸ਼ਤੇਦਾਰ, ਦੋਸਤ ਅਤੇ ਆਂਢੀ-ਗੁਆਂਢੀ ਹੀ ਵਿਆਹ ਵਿੱਚ ਬੁਲਾਉਣੇ ਚਾਹੀਦੇ ਹਨ, ਪਰ ਲੋਕਾਂ ਦਾ ਵਹਿਮ ਹੈ ਕਿ ਪੈਲੇਸ ਵਿੱਚ ਜਿੰਨੀ ਜ਼ਿਆਦਾ ਭੀੜ ਹੋਵੇਗੀ ਸ਼ਾਇਦ ਉਨ੍ਹਾਂ ਦਾ ਇਸ ਨਾਲ ਰੁਤਬਾ ਵਧੇਗਾ। ਵਿਆਹ ਵਾਲੇ ਮੁੰਡੇ ਕੁੜੀ ਦਾ ਪਹਿਰਾਵਾ ਵੇਖ ਕੇ 18ਵੀਂ ਸਦੀ ਦੀਆਂ ਰਿਆਸਤਾਂ ਦੇ ਰਾਜਕੁਮਾਰ/ ਰਾਜਕੁਮਾਰੀਆਂ ਦੀ ਯਾਦ ਆ ਜਾਂਦੀ ਹੈ ਜੋ ਜ਼ਿਆਦਾਤਰ ਮਹਿੰਗੇ ਕਿਰਾਏ ’ਤੇ ਲਿਆ ਹੁੰਦਾ ਹੈ। ਕੁੜੀ ਦਾ ਮੇਕਅੱਪ ਵੀ ਭਾਰੀ ਅਤੇ ਖ਼ਰਚੀਲਾ ਹੁੰਦਾ ਹੈ।

ਬਲਜੀਤ ਪਾਲ ਸਿੰਘ

ਬਲਜੀਤ ਪਾਲ ਸਿੰਘ

ਵਿਆਹਾਂ ’ਚ ਕੀਤੀ ਜਾਣ ਵਾਲੀ ਸਜਾਵਟ, ਮੈਰਿਜ ਪੈਲੇਸਾਂ ਦਾ ਕਿਰਾਇਆ ਅਤੇ ਨੱਚਣ-ਗਾਉਣ ’ਤੇ ਕੀਤੇ ਜਾਣ ਵਾਲੇ ਖ਼ਰਚ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਤਾਂ ਸਭ ਤੋਂ ਵੱਡਾ ਖ਼ਰਚ ਭੋਜਨ ਉੱਤੇ ਕੀਤਾ ਜਾਂਦਾ ਹੈ। ਮੈਰਿਜ ਪੈਲੇਸ ਵਿੱਚ 4-5 ਘੰਟਿਆਂ ਵਿੱਚ 15-29 ਲੱਖ ਰੁਪਿਆ ਫੂਕ ਦਿੰਦੇ ਹਾਂ। ਇਸ ਤੋਂ ਇਲਾਵਾ ਦਾਜ, ਗਹਿਣਿਆਂ ਤੇ ਕੱਪੜਿਆਂ ’ਤੇ ਵੀ ਮੋਟਾ ਖ਼ਰਚ ਹੁੰਦਾ ਹੈ। ਜਿੰਨਾ ਖ਼ਰਚ ਇੱਕ ਪਰਿਵਾਰ ਵਿਆਹ ਵਿੱਚ ਕਰਦਾ ਹੈ, ਉਸ ਨਾਲ ਭਵਿੱਖ ’ਚ ਕਈ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਹੈ। ਆਰਥਿਕ ਪੱਖੋਂ ਖੁਸ਼ਹਾਲ ਪਰਿਵਾਰਾਂ ਵੱਲੋਂ ਜਿੰਨਾ ਪੈਸਾ ਵਿਆਹਾਂ ’ਤੇ ਖ਼ਰਚਿਆ ਜਾ ਰਿਹਾ ਹੈ, ਉਸ ਨਾਲ ਇੱਕ ਮੱਧਵਰਗੀ ਪਰਿਵਾਰ ਉਮਰ ਭਰ ਦੀਆਂ ਰੋਟੀਆਂ ਖਾ ਸਕਦਾ ਹੈ। ਜਿਸ ਅਮੀਰ ਵਿਅਕਤੀ ਕੋਲ ਪੈਸਾ ਹੋਵੇ ਉਹ ਤਾਂ ਖ਼ਰਚ ਕਰਦਾ ਹੀ ਹੈ, ਸਥਿਤੀ ਉਦੋਂ ਚਿੰਤਾਜਨਕ ਹੁੰਦੀ ਹੈ ਜਦੋਂ ਨਿਮਨ ਜਾਂ ਔਸਤ ਆਮਦਨ ਵਾਲੇ ਪਰਿਵਾਰ ਵੀ ਵਿੱਤੋਂ ਬਾਹਰ ਹੋ ਕੇ ਖਰਚ ਕਰਦੇ ਹਨ। ਪੇਂਡੂ ਕਿਸਾਨ ਕਈ ਵਾਰ ਬੈਂਕ ਤੋਂ ਵੱਡੀਆਂ ਲਿਮਟਾਂ ਨਾਲ ਲੱਖਾਂ ਰੁਪਏ ਕਰਜ਼ਾ ਲੈ ਕੇ ਵਿਆਹ ’ਤੇ ਖ਼ਰਚਾ ਕਰਦੇ ਹਨ, ਬਾਅਦ ਵਿੱਚ ਇਹ ਕਰਜ਼ਾ ਭਾਵੇਂ ਖ਼ੁਦਕੁਸ਼ੀ ਦਾ ਕਾਰਨ ਹੀ ਬਣ ਜਾਵੇ।
ਸਾਦੇ ਵਿਆਹਾਂ ਨੂੰ ਲੋਕ ਆਪਣੀ ਮਾਣ ਅਤੇ ਇੱਜ਼ਤ ਨਾਲ ਜੋੜ ਲੈਂਦੇ ਹਨ, ਜਦੋਂ ਕਿ ਇਹ ਮਾਨਤਾ ਸਰਾਸਰ ਗ਼ਲਤ ਹੈ। ਚਮਕ ਦਮਕ ਵਾਲੇ ਵਿਆਹ ਜਿੱਥੇ ਨਿੱਜੀ ਪੱਧਰ ’ਤੇ ਜੇਬਾਂ ’ਚ ਡਾਕੇ ਮਾਰ ਰਹੇ ਹਨ, ਉੱਥੇ ਹੀ ਦੇਸ਼ ਦੀ ਆਰਥਿਕਤਾ ਲਈ ਵੀ ਨੁਕਸਾਨਦਾਇਕ ਹਨ। ਇਹ ਸਭ ਕੁਝ ਅਸੀਂ ਸਿਰਫ਼ ਆਪਣੀ ਫੋਕੀ ਹਾਉਮੈ ਨੂੰ ਪੱਠੇ ਪਾਉਣ ਲਈ ਹੀ ਕਰ ਰਹੇ ਹਾਂ ਕਿਉਂਕਿ ਇਨ੍ਹਾਂ ਸ਼ੋਸ਼ਿਆਂ ਦੀ ਕੋਈ ਉਪਯੋਗਤਾ ਨਹੀਂ। ਭਾਰਤੀ ਵਿਆਹਾਂ ’ਚ 30 ਫ਼ੀਸਦੀ ਦੇ ਕਰੀਬ ਭੋਜਨ ਵਿਅਰਥ ਹੁੰਦਾ ਹੈ। ਤਿੰਨ ਕੁ ਘੰਟੇ ਚੱਲਣ ਵਾਲੇ ਵਿਆਹ ’ਤੇ ਮਾਪੇ ਆਪਣੀ ਤੀਹ ਸਾਲਾਂ ਦੀ ਕਮਾਈ ਉੱਡਾ ਦਿੰਦੇ ਹਨ। ਸਮਾਜਿਕ ਅਤੇ ਕਾਨੂੰਨੀ ਪੱਧਰ ’ਤੇ ਵਿਆਹ ਦੀ ਵੀ ਉੰਨੀ ਮਾਨਤਾ ਹੈ, ਜੇ ਇਹ ਸਾਦੇ ਤਰੀਕੇ ਨਾਲ ਹੋ ਜਾਵੇ। ਵਿਆਹ ਮੌਕੇ ਮਿਲਣੀਆਂ ਲਈ ਕੰਬਲਾਂ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਇੱਕ ਵਿਆਹ ਦੇ ਤਿੰਨ-ਚਾਰ ਵੱਖ-ਵੱਖ ਸਮਾਗਮਾਂ ’ਤੇ ਹੁੰਦੇ ਫਜ਼ੂਲ ਖ਼ਰਚ ਨੂੰ ਵੀ ਸੀਮਿਤ ਕਰਨ ਦੀ ਜ਼ਰੂਰਤ ਹੈ। ਦਿਖਾਵਾ ਅਤੇ ਫਜ਼ੂਲ ਖ਼ਰਚੀ ਕਰਨ ਦੀ ਥਾਂ ਸੰਜਮ ਅਤੇ ਸਾਦੇ ਵਿਆਹਾਂ ਵੱਲ ਮੁੜੀਏ। ਇਹੀ ਨਿੱਜੀ ਅਤੇ ਸਮਾਜਿਕ ਭਲਾਈ ਹੈ।
ਂਸੰਪਰਕ: 94173-24432


Comments Off on ਬੰਦ ਹੋਵੇ ਵਿਆਹਾਂ ’ਤੇ ਫਜ਼ੂਲ ਖ਼ਰਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.