ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਮਹਿਲਾਂ ਵਾਲੇ ਘਰ ਵੇ ਮੇਰਾ ਉੱਡੇ ਡੋਰੀਆ…

Posted On December - 31 - 2016

ਗੱਜਣਵਾਲਾ ਸੁਖਮਿੰਦਰ

12012cd _sneh lata and dedaar sandhuਜ਼ਿੰਦਗੀ ਵਿੱਚ ਸੁੱਤੇ-ਸਿੱਧ ਵਾਪਰੇ  ਕਈ ਲਮਹੇਂ, ਕਈ ਪ੍ਰਸੰਗ ਜਿਨ੍ਹਾਂ ਦੀ ਆਪਣੇ ਵਰਤਮਾਨ ਵਿੱਚ  ਖਾਸ ਅਹਿਮੀਅਤ ਨਹੀਂ ਹੁੰਦੀ, ਪਰ ਚਿਰ ਪੈਣ ’ਤੇ ਜਦ  ਉਨ੍ਹਾਂ ਪਲਾਂ ਦੀ ਕਦੇ ਗੱਲ ਛਿੜਦੀ ਹੈ ਤਾਂ ਉਹ ਗੱਲ ਰੂਹਾਨੀਅਤ ਦੇ ਵਰਕਿਆਂ ਦੀ ਤਹਿਰੀਰ ਬਣ ਜਾਂਦੀ ਹੈ। ਗੀਤਕਾਰ ਸ਼ਮਸ਼ੇਰ ਸੰਧੂ ਨੇ ਦੀਦਾਰ ਸੰਧੂ ਤੇ ਉਸ ਨਾਲ ਗਾਉਣ ਵਾਲੀ ਸਨੇਹਲਤਾ ਦੀ ਇੱਕ ਰੌਚਕ ਗੱਲ ਸੁਣਾਈ ਜਿਨ੍ਹਾਂ ਨੇ  ਪੰਜਾਬੀ ਦੁਨੀਆਂ ਨੂੰ ਰਸੀਲੇ ਤੇ ਦਰਦੀਲੇ ਗੀਤ ਦਿੱਤੇ। ਸਨੇਹਲਤਾ,  ਦੀਦਾਰ ਸੰਧੂ ਨਾਲ ਆਪਣਾ  ਗੀਤ ਜੇ ਬਣਜੇਂ ਵਚੋਲਣ ਮੇਰੀ… ਗਾ ਕੇ ਸਦਾ ਲਈ  ਕੋਠਿਆਂ ’ਤੇ ਵਜਦੇ ਸਪੀਕਰਾਂ ’ਤੇ ਹਾਜ਼ਰੀ ਦੇਣ ਤੋਂ ਵੰਚਿਤ ਹੋ ਗਈ ਸੀ। ਫਿਰ ਉਹ ਯੂ.ਪੀ. ਦੇ ਸ਼ਹਿਰ ਮੇਰਠ ਵਿਆਹੀ ਗਈ। ਉਹ ਘਰ ਗ੍ਰਹਿਸਤੀ ਦੇ ਕੰਮਾਂ ਵਿੱਚ ਰੁੱਝ ਗਈ। ਸਮਾਂ ਬੀਤਦਾ ਗਿਆ, ਅਖਾੜਿਆਂ  ਮੇਲਿਆਂ  ਦੀਆਂ  ਗੱਲਾਂ ਵਾਲਾ ਉਸ ਦਾ ਅਤੀਤ ਵਿਸਰ  ਗਿਆ ਤੇ ਉਸ ਦਾ ਜੀਵਨ ਕਬੀਲਦਾਰੀ  ਵਿੱਚ   ਮਸਰੂਫ਼ ਹੋ ਗਿਆ।
ਅਕਸਰ ਲੋਕਾਂ ਵਿੱਚ ਧਾਰਨਾ ਪਾਈ ਜਾਂਦੀ ਹੈ ਕਿ ਕਈ ਬੰਦੇ ਆਪਣੇ ਬਟੂਏ ਨੂੰ ਬਹੁਤ ਹੀ   ਬਰਕਤ ਵਾਲਾ ਜਾਣ ਕੇ ਉਸ ਨੂੰ  ਬਦਲਦੇ  ਨਹੀਂ, ਚਾਹੇ ਉਹ ਕਿੰਨਾ ਵੀ ਗੰਦਾ, ਉਧੜਿਆ,ਘਸਿਆ ਹੋਵੇ।  ਇਸੇ ਤਰ੍ਹਾਂ ਸਨੇਹਲਤਾ ਕੋਲ ਵੀ ਇੱਕ   ਪੁਰਾਣਾ ਪਰਸ  ਸੀ ਜੋ ਉਸ ਨੇ ਇਸੇ ਸੋਚ ਹੇਠ ਸਾਂਭ ਕੇ ਰੱਖਿਆ ਸੀ। ਉਹ ਖਾਸ  ਕੰਮ ਲਈ ਜਦ ਕਿਧਰੇ ਜਾਂਦੀ ਤਾਂ ਉਸ ਪਰਸ ਨੂੰ ਉਚੇਚੇ ਤੌਰ ’ਤੇ ਨਾਲ ਲੈ ਕੇ ਜਾਂਦੀ।
ਸ਼ਮਸ਼ੇਰ ਸੰਧੂ ਦੱਸਦਾ ਹੈ ਕਿ ਸਨੇਹਲਤਾ ਜਦੋਂ ਦੀਦਾਰ ਸੰਧੂ ਨਾਲ ਸਟੇਜ ’ਤੇ  ਗਾਉਂਦੀ ਹੁੰਦੀ ਸੀ ਤਾਂ ਉਸ ਵੇਲੇ ਜਦ ਦੀਦਾਰ ਤੂੰਬੀ ਨੂੰ ਸੁਰ ’ਚ ਕਰਦਾ ਹੋਇਆ ਤਾਰ ਨੂੰ ਕੱਸਦਾ ਜਾਂ  ਢਿੱੱਲੀ ਕਰਦਾ ਤਾਂ ਕਦੇ ਕਦੇ ਤਾਰ ਟੁੱਟ ਜਾਂਦੀ ਤਾਂ ਘੋੜੀ (ਡੀਟੀ)  ਭੁੜਕ ਕੇ ਡਿੱਗ ਪੈਂਦੀ। ਉਹ ਸਾਜ਼ਿੰਦਿਆਂ ਕੋਲੋਂ ਜਾਂ ਸਨੇਹਲਤਾ ਕੋਲੋਂ  ਘੋੜੀ ਲੈ ਕੇ  ਤੂੰਬੀ  ਸੁਰ ਕਰ ਲੈਂਦਾ।
ਉਹ  ਥੱਲੇ ਡਿੱਗੀ ਹੋਈ ਘੋੜੀ ਜਦੋਂ ਬਾਅਦ ਵਿੱਚ ਮਿਲ ਜਾਂਦੀ ਤਾਂ ਸਨੇਹਲਤਾ ਚੁੱਕ ਕੇ ਆਪਣੇ ਉਸ ਲੱਕੀ ਪਰਸ ’ਚ ਪਾ ਲੈਂਦੀ। ਇਸ ਤਰ੍ਹਾਂ ਅਖਾੜੇ ਲੱਗਦੇ ਰਹੇ, ਘੋੜੀਆਂ ਡਿੱਗਦੀਆਂ ਰਹੀਆਂ ਤੇ ਸਨੇਹਲਤਾ ਘੋੜੀਆਂ  ਪਰਸ ’ਚ ਪਾਉਂਦੀ ਰਹੀ।
ਸਮਾਂ ਬੀਤਣ ’ਤੇ  ਸਨੇਹਲਤਾ ਗੀਤ ਦੁਨੀਆਂ ਨੂੰ ਭੁੱਲ ਭੁਲਾ ਗਈ ਸੀ। ਨਵੇਂ ਗੀਤਕਾਰ,  ਨਵੇਂ ਗਵੱਈਏ ਆ ਚੁੱਕੇ ਸਨ। ਦੀਦਾਰ ਸੰਧੂ  ਨਾਲ ਗਾਉਣ ਵਾਲੀਆਂ ਨੂਰੀ, ਕੁਲਦੀਪ ਕੌਰ, ਪਰਮਿੰਦਰ ਸੰਧੂ ਆਦਿ  ਜੁੜਦੀਆਂ ਗਈਆਂ।  ਫੋਨ ਦੀ  ਸੁਵਿਧਾ ਨਾ ਹੋਣ ਕਰ ਕੇ ਦੀਦਾਰ ਸੰਧੂ ਤੇ ਸਨੇਹਲਤਾ ਵਿੱਚ  ਆਪਸੀ ਗੱਲਾਂ ਹੋਈਆਂ ਨੂੰ ਮੁੱਦਤਾਂ ਹੋ ਗਈਆਂ ਸਨ। ਉੱਧਰ ਪਰਿਵਾਰਕ ਵਿਵਹਾਰ  ਵਿੱਚ ਵਿਚਰਦਿਆਂ ਦੀਦਾਰ ਸੰਧੂ ਨਾਲ ਗਾਏ ਸਦਾ ਬਹਾਰ  ਹੋਏ ਗੀਤ  – ਨਾ ਕਰ ਮੈਨੂੰ ਪਿਆਰ, ਪਿਆਰ ਕਰ ਫਿਰ ਔਖਾ ਹੋਵੇਂਗਾ, ਜਦ ਮੈਂ ਡੋਲੀ ਚੜ੍ਹ ਗਈ ਕੀਹਦੇ ਗਲ ਲਗ ਰੋਵੇਂਗਾ,  ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਆਦਿ ਬਹੁਤ ਹੀ ਲੋਕਾਂ ਦੇ ਮੂੰਹਾਂ ’ਤੇ ਚੜ੍ਹੇ ਮਨੋਹਰ ਗੀਤ ਸਨੇਹਲਤਾ ਨੂੰ ਭੁੱਲ ਭੁਲਾ ਗਏ ਸਨ।
ਇੱਕ ਦਿਨ ਉਹ ਪਰਿਵਾਰ ਸਮੇਤ ਕਿਸੇ ਵਿਆਹ ਪਾਰਟੀ ’ਤੇ  ਗਈ ਸੀ। ਖਾਣ-ਪਾਨ ਪਿੱਛੋਂ  ਜਦੋਂ ਉਹ ਘਰ ਆਈ ਤਾਂ ਜਾਣ ਵੇਲੇ ਘਰ ਦੀ ਚਾਬੀ ਪਤਾ ਨਹੀਂ ਉਸ ਨੇ  ਕਿਥੇ ਰੱਖ ਲਈ ਸੀ। ਉਸ ਨੇ ਆਪਣਾ ਪਰਸ ਫਰੋਲ ਮਾਰਿਆ। ਚਾਬੀ ਕਿਤੋਂ ਨਾ ਲੱਭੀ। ਪਰਸ ਦੀਆਂ  ਅੰਦਰ ਬਾਹਰ ਦੀਆਂ ਸਾਰੀਆਂ ਜੇਬ੍ਹਾਂ  ਉਸ ਨੇ ਵਾਰ ਵਾਰ ਖੋਲ੍ਹ ਕੇ ਵੇਖੀਆਂ, ਪਰ ਚਾਬੀ ਨਹੀਂ ਮਿਲ ਰਹੀ ਸੀ। ਫਰੋਲਾ ਫਰੋਲੀ ਕਰਦਿਆਂ  ਉਸ ਨੂੰ ਚਾਬੀ ਤਾਂ ਨਾ ਮਿਲੀ, ਪਰ ਇਕ  ਨਿੱਕੀ ਜੇਬ੍ਹ ਵਿੱਚੋਂ  ਚਾਰ ਕੁ ਟੁਕੜੀਆਂ  ਉਸ ਦੇ ਪੋਟਿਆਂ ਨੂੰ ਛੂਹ ਗਈਆਂ। ਉਸ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਵੇਖਿਆ। ਉਹ  ਦੀਦਾਰ ਦੀ ਤੂੰਬੀ ਦੀਆਂ ਘੋੜੀਆਂ ਸਨ। ਉਸ ਨੂੰ ਭੋਰਾ ਭਰ  ਵੀ ਚੇਤਾ ਨਹੀਂ ਸੀ ਕਿ  ਇਹ ਅਜੇ ਵੀ ਲੰਮੇ ਅਰਸੇ ਤੋਂ ਪਰਸ ਵਿੱਚ  ਲੁਕੀਆਂ ਹੋਣਗੀਆਂ। ਉਹ ਹੱਥਾਂ ’ਤੇ ਰੱਖ ਕੇ ਕਿੰਨਾ ਚਿਰ ਉਨ੍ਹਾਂ  ਨੂੰ ਟੋਂਹਦੀ ਰਹੀ, ਦੀਦਾਰ ਨਾਲ ਲਾਏ ਅਖਾੜਿਆਂ ਦਾ ਚਿੰਤਨ ਕਰਦੀ ਰਹੀ। ਉਸ ਨੂੰ ਦੀਦਾਰ ਨਾਲ  ਗਾਏ ਹੰਢਾਏ ਗੀਤ ਚੇਤੇ ਆਏ ‘ਬੋਲ ਮੇਰਿਆ ਮਾਹੀਆ ਵੇ ਮੈਂ ਸੌਂ ਜਾਵਾਂ ਕੇ ਨਾ…, ਜੋੜੀ ਜਦੋਂ ਚੁਬਾਰੇ ਚੜ੍ਹਦੀ… ਆਦਿ ਜਿਨ੍ਹਾਂ  ਗੀਤਾਂ ਲਈ ਇਹ ਘੋੜੀਆਂ  ਦੀਦਾਰ ਦੀ ਟੁਣਕਦੀ ਤੂੰਬੀ ਦਾ ਸ਼ਿੰਗਾਰ ਬਣੀਆਂ।
ਫਿਰ ਸਮਾਂ ਪਾ ਕੇ ਇੱਕ ਦਿਨ ਸਨੇਹਲਤਾ ਵਿਆਹ ’ਤੇ   ਲੁਧਿਆਣੇ ਆਈ ਸੀ। ਉਸ ਵਿਆਹ ’ਤੇ  ਦੀਦਾਰ ਸੰਧੂ ਵੀ ਪੁਹੰਚਿਆ ਸੀ। ਦੋਨਾਂ ਦਾ ਬੜੇ ਚਿਰਾਂ ਬਾਅਦ ਮੇਲ ਹੋਇਆ। ਫੁਰਸਤ ਦੇ ਪਲ ਜਾਣ ਉਹ ਇੱਕ ਪਾਸੇ ਹੋ ਕੇ ਬੈਠ ਗਏ। ਵਰਤਮਾਨ ਅਤੇ  ਅਤੀਤ ਦੀਆਂ ਗੱਲਾਂ ਚੱਲੀਆਂ। ਗੱਲਾਂ ਗੱਲਾਂ ਵਿੱਚ ਸਨੇਹਲਤਾ ਨੇ  ਘੋੜੀਆਂ ਨਿਕਲਣ ਦੀ ਗੱਲ ਸਾਂਝੀ ਕੀਤੀ।
ਉਸ ਨੇ ਆਪਣੇ  ਲੱਕੀ ਪਰਸ ’ਚੋਂ  ਸਾਂਭ ਕੇ ਰੱਖੀਆਂ ਘੋੜੀਆਂ ਕੱਢ ਕੇ ਦੀਦਾਰ ਦੇ ਹੱਥ ਦੀ ਤਲੀ ’ਤੇ ਰੱਖੀਆਂ ਤਾਂ ਦੀਦਾਰ ਵੇਖ ਕੇ ਮੰਤਰ ਮੁਗਧ ਹੋ ਗਿਆ। ਉਸ ਦੇ ਮਨ-ਮਸਤਕ ’ਚੋਂ ਸਨੇਹਲਤਾ ਨਾਲ ਗਾਏ – ਮਹਿਲਾਂ ਵਾਲੇ ਘਰ ਵੇ ਮੇਰਾ ਉੱਡੇ ਡੋਰੀਆ ..ਕਿਤੇ ਮੇਲ ਹੋਣਗੇ ਐਵੇਂ ਨਾ ਜਾਈਏ ਮਰ ਨੀਂ… ਗਾਏ  ਗੀਤਾਂ ਦੀਆਂ ਸਤਰਾਂ ਦਾ ਉਭਾਰ ਹੋਇਆ। ਉਸ ਦੀਆਂ ਅੱਖਾਂ ’ਚ  ਪਾਣੀ ਸਿੰਮ ਆਇਆ। ਆਪਣੀ ਤਲੀ ’ਤੇ ਪਈਆਂ ਘੋੜੀਆਂ ਨੂੰ ਅਦੁੱਤੀ ਜਾਣ ਕੇ ਉਸ ਨੇ ਆਪਣੀਆਂ ਅੱਖਾਂ ਪੂੰਝ ਕੇ  ਦੋ  ਘੋੜੀਆਂ  ਆਪਣੇ ਕੋਲ ਰੱਖ ਲਈਆਂ ਤੇ ਦੂਜੀਆਂ  ਦੋ ਵਾਪਸ ਸਨੇਹਲਤਾ  ਦੇ ਪਰਸ ਵਿੱਚ ਪਾ ਦਿੱਤੀਆਂ।

ਸੰਪਰਕ: 99151-06449


Comments Off on ਮਹਿਲਾਂ ਵਾਲੇ ਘਰ ਵੇ ਮੇਰਾ ਉੱਡੇ ਡੋਰੀਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.