ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ

Posted On December - 2 - 2016

Seeding the soilਡਾ. ਅਮਰੀਕ ਸਿੰਘ*
ਮਿੱਟੀ ਦੀ ਅਹਿਮੀਅਤ ਨੂੰ ਮੁੱਖ ਰਖਦਿਆਂ 5 ਦਸੰਬਰ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ, ਪਾਣੀ ਅਤੇ ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਂਦੇ ਪਦਾਰਥ ਮਿਲਦੇ ਹਨ ਪਰ ਬਹੁਤ ਲੰਮੇ ਸਮੇਂ ਤਕ ਮਿੱਟੀ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਗਿਆ। ਮਿੱਟੀ ਦੀ ਮਹੱਤਤਾ ਨੂੰ ਮੁੱਖ ਰਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਬਾਕੀ ਲੋਕਾਂ ਅੰਦਰ ਮਿੱਟੀ ਦੀ ਵਿਗੜ ਰਹੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਜ਼ਰਖ਼ੇਜ਼ ਮਿੱਟੀ ਬੰਜਰ ਬਣਨ ਦੇ ਨੇੜੇ ਪਹੁੰਚ ਗਈ ਹੈ। ਜੇ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਜਿਨ੍ਹਾਂ ਨਾਲ ਇਸ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਤੋਂ ਸਿਹਤਮੰਦ ਭੋਜਣ ਪ੍ਰਾਪਤ ਕਰ ਸਕੀਏ।
dr amrik singh gurdaspurਮਿੱਟੀ ਦਾ ਪ੍ਰਦੂਸ਼ਣ ਵਧਣ ਕਾਰਨ ਮਿੱਟੀ ਵਿੱਚ ਮੌਜੂਦ ਸੂੂਖਮ ਜੀਵਾਂ ਦੀ ਹੋਂਦ ਨੂੰ ਖ਼ਤਰਾ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਿਕ ਇੱਕ ਗ੍ਰਾਮ ਮਿੱਟੀ ਵਿੱਚ ਲੱਖਾਂ ਸੂਖਮ ਜੀਵ ਜੰਤੂ ਹੁੰਦੇ ਹਨ, ਜੋ ਫ਼ਸਲਾਂ ਦੇ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਗਾਲਣ ਦਾ ਕੰਮ ਕਰਦੇ ਹਨ। ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ 0.02 ਫ਼ੀਸਦੀ ਤੋਂ 0.25 ਫ਼ੀਸਦੀ ਜੈਵਿਕ ਮਾਦਾ ਰਹਿ ਗਿਆ ਹੈ ਜਦੋਂਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ-ਘੱਟ 0.45 ਫ਼ੀਸਦੀ ਹੋਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਿਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰਨ ਲਈ ਵੱਧ ਤੋਂ ਵੱਧ ਹਰੀ ਖਾਦ, ਦੇਸੀ ਰੂੜੀ, ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸਾਨਾਂ ਦੁਆਰਾ ਫ਼ਸਲਾਂ ਤੋਂ ਵਧੇਰੇ ਮੁਨਾਫ਼ੇ ਦੇ ਲਾਲਚਵੱਸ ਖੇਤਾਂ ਵਿੱਚ ਲੋੜ ਤੋਂ ਵੱਧ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਮਿੱਠੀ ਖ਼ੁਸ਼ਬੋ ਦਿੰਦੀ ਮਿੱਟੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਬਿਨਾਂ ਖਾਦ ਦੀ ਵਰਤੋਂ ਕੀਤਿਆਂ ਫ਼ਸਲਾਂ ਦੀ ਕਾਸ਼ਤ ਕਰਨਾ ਅਸੰਭਵ ਹੋ ਗਿਆ ਹੈ।
ਪੰਜਾਬ ਵਿੱਚ ਕੁੱੱਲ 17.61 ਲੱਖ ਗਾਵਾਂ ਅਤੇ 50.03 ਲੱਖ ਮੱਝਾਂ ਹਨ, ਜਿਨ੍ਹਾਂ ਤੋਂ ਤਕਰੀਬਨ 40,000 ਟਨ ਸੁੱਕਾ ਗੋਹਾ ਰੋਜ਼ਾਨਾਂ ਪੈਦਾ ਹੁੰਦਾ ਹੈ। ਪੀ.ਏ.ਯੂ. ਦੇ ਮਾਹਿਰਾਂ ਮੁਤਾਬਿਕ ਜੇ ਇਸ ਸੁੱਕੇ ਗੋਹੇ ਨੂੰ ਸਹੀ ਤਰੀਕੇ ਨਾਲ ਦੇਸੀ ਰੂੜੀ ਵਿੱਚ ਬਦਲਿਆ ਜਾਵੇ ਤਾਂ ਰੋਜ਼ਾਨਾ 30 ਲੱਖ ਰੁਪਏ ਦੀ ਯੂੂਰੀਆ ਤੋਂ ਇਲਾਵਾ ਬਹੁਤ ਸਾਰੀ ਮਾਤਰਾ ਵਿੱਚ ਛੋਟੇ ਖ਼ੁਰਾਕੀ ਤੱਤ ਪ੍ਰਾਪਤ ਹੋ ਸਕਦੇ ਹਨ। ਪਰ ਅਗਿਆਨਤਾ ਕਾਰਨ ਬਹੁਤ ਸਾਰਾ ਗੋਹਾ ਜਾਂ ਤਾਂ ਸਾੜ ਦਿੱਤਾ ਜਾਂਦਾ ਹੈ ਜਾਂ ਸਹੀ ਤਰੀਕੇ ਨਾਲ ਦੇਸੀ ਰੂੜੀ ਤਿਆਰ ਨਾ ਕਰਨ ਨਾਲ ਵੱਡੀ ਮਾਤਰਾ ਵਿੱਚ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਕਣਕ ਦੀ ਕਾਸ਼ਤ ਤਕਰੀਬਨ 40 ਲੱਖ ਹੈਕਟੇਅਰ ਅਤੇ ਝੋਨੇ ਦੀ ਤਕਰੀਬਨ 26 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ। ਇਸ ਤੋਂ ਤਕਰੀਬਨ 24 ਮਿਲੀਅਨ ਟਨ ਪਰਾਲੀ/ਨਾੜ ਪੈਦਾ ਹੁੰਦਾ ਹੈ। ਇੰਨੀ ਵੱਡੀ ਮਾਤਰਾ ਵਿੱਚ ਨਾੜ/ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟ੍ਰੋਜਨ, 0.48 ਲੱਖ ਟਨ ਫਾਸਫੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਜੇ ਏਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਅਤੇ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹ ਕੇ ਦਬਾ ਦਿੱਤਾ ਜਾਵੇ ਤਾਂ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇ ਨਾਲ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਘਟਾਈ ਜਾ ਸਕਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖ਼ਰਾਬ ਹੋਣ ਤੋਂ ਬਚਾਈਏ। ਫ਼ਸਲ਼ਾਂ ਨੂੰ ਰਸਾਇਣਕ ਅਤੇ ਜੈਵਿਕ ਖਾਦਾਂ ਦੀ ਸੰਤੁਲਤ ਵਰਤੋਂ ਖੇਤੀ ਉਤਪਾਦਨ ਨੂੰ ਚਿਰਸਥਾਈ ਕੀਤਾ ਜਾਵੇ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਕਰਵਾਉਣ ਉਪਰੰਤ ਰਿਪੋਰਟ ਦੇ ਆਧਾਰ ’ਤੇ ਕੀਤੀ ਜਾਵੇ। ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣ ਕਰਕੇ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਘਾਟ ਅਤੇ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸੇਮ ਦੀ ਸਮੱਸਿਆ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਮਿੱਟੀ ਦੀ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕਰਦਾ ਹੈ।
ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਇਸ ਵੇਲੇ ਡੀਏਪੀ 4.03 ਲੱਖ ਟਨ, ਯੂਰੀਆ 12.75 ਲੱਖ ਟਨ, ਐਨਪੀਕੇ (ਮਿਸ਼ਰਤ) 18,681 ਲੱਖ ਟਨ ਅਤੇ 22,941 ਲੱਖ ਟਨ ਪੋਟਾਸ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਘੂ ਖ਼ੁਰਾਕੀ ਤੱਤਾਂ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ। ਇਸ ਨਾਲ ਜ਼ਮੀਨ ਵਿੱਚ ਖ਼ੁਰਾਕੀ ਤੱਤਾਂ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਇਸ ਕਾਰਨ ਮਨੁੱਖਾਂ ਅਤੇ ਪਸ਼ੂੂਆਂ ਵਿੱਚ ਛੋਟੇ ਖ਼ੁਰਾਕੀ ਤੱਤਾਂ ਜਿਵੇਂ ਜਿੰਕ, ਪੋਟਾਸ਼ ਤੇ ਕੈਲਸ਼ੀਅਮ ਆਦਿ ਦੀ ਘਾਟ ਕਾਰਨ ਕਈ ਨਵੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਅਨੁਸਾਰ ਕਿਸਾਨਾਂ ਦੁਆਰਾ ਪਸ਼ੂਆਂ ਦੇ ਚਾਰੇ ਲਈ ਕਾਸ਼ਤ ਕੀਤੀਆਂ ਜਾ ਰਹੀਆਂ ਫ਼ਸਲਾਂ ਜਿਵੇਂ ਬਰਸੀਮ, ਬਾਜਰਾ ਅਤੇ ਚਰੀ ਵਿੱਚ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨਾ ਕਰਨ ਕਰਕੇ ਹਿਮੋਗਲੋਬਿਨ ਯੂਰੀਆ ਨਾਮ ਦੀ ਬਿਮਾਰੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਚਾਰੇ ਦੀਆਂ ਫ਼ਸਲਾਂ ਵਿੱਚ ਯੂਰੀਆ ਖਾਦ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਕਰਨੀ ਅਤੇ ਫਾਸਫੈਟਿਕ ਖਾਦਾਂ ਦੀ ਵਰਤੋਂ ਘੱਟ ਕਰਨੀ ਹੈ। ਯੂਰੀਆ ਦੀ ਵਧੇਰੇ ਵਰਤੋਂ ਨਾਲ ਪਸ਼ੂਆਂ ਵਿੱਚ ਨਾਈਟ੍ਰੇਟ ਅਤੇ ਨਾਈਟ੍ਰਾਈਟ ਦੇ ਜ਼ਹਿਰੀਲੇਪਣ ਕਾਰਨ ਕਈ ਵਾਰ ਇਹ ਪਸ਼ੂਆਂ ਦੀ ਮੌਤ ਦਾ ਕਾਰਨ ਵੀ ਬਣਦਾ ਹੈ।
(ਬਾਕੀ ਅਗਲੇ ਸ਼ਨਿਚਰਵਾਰ)
*ਭੌਂ ਪਰਖ ਅਫ਼ਸਰ, ਪਠਾਨਕੋਟ
ਸੰਪਰਕ: 94630-71919


Comments Off on ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.