ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਮੋਏ ਮਿੱਤਰਾਂ ਦੀ ਜਿਊਂਦੀ ਮੁਹੱਬਤ

Posted On December - 10 - 2016

ਹਰਮੀਤ ਸਿੰਘ ਅਟਵਾਲ

ਡਾ. ਸੰਤੋਖ ਿਸੰਘ ਧੀਰ

ਡਾ. ਸੰਤੋਖ ਸਿੰਘ ਧੀਰ

ਸੰਸਮਰਣ, ਸਿਮ੍ਰਤੀ ਜਾਂ ਯਾਦ ਵਿੱਚ ਆਪਣੀ ਕਿਸਮ ਦਾ ਸੰਸਾਰ ਕਾਰਜਸ਼ੀਲ ਹੁੰਦਾ ਹੈ। ਕਈ ਵਾਰੀ ਯਾਦਾਂ ਦੀ ਇਤਿਹਾਸ ਨਾਲ ਵੀ ਪੂਰਕਤਾ ਹੋ ਜਾਂਦੀ ਹੈ ਜਿਹੜੀ ਮਾਨਵੀ ਭਵਿੱਖ ਨੂੰ ਪ੍ਰਭਾਵਤ ਕਰਨ ਵਿੱਚ ਮਾਅਰਕੇ ਦਾ ਕੰਮ ਕਰਦੀ ਹੈ। ਮਨੁੱਖ ਆਮ ਕਰਕੇ ਯਾਦ ਉਸੇ ਨੂੰ ਹੀ ਕਰਦਾ ਹੈ ਜਿਸ ਨਾਲ ਜ਼ਿੰਦਗੀ ਦਾ ਕੋਈ ਨਾ ਕੋਈ ਪੱਖ ਜੁੜਿਆ ਰਿਹਾ ਹੋਵੇ ਤੇ ਸਬੰਧਤ ਮਨੁੱਖ ਦੇ ਮਨ-ਮਸਤਕ ’ਤੇ ਉਹ ਆਪਣੀ ਨਿਵੇਕਲੀ ਜਿਹੀ ਛਾਪ ਛੱਡ ਗਿਆ ਹੋਵੇ। ਹੋਰਨਾਂ ਖੇਤਰਾਂ ਵਾਂਗ ਸਾਹਿਤਕ ਸੰਸਾਰ ਅੰਦਰ ਵੀ ਇਹ ਭਾਣਾ ਅਕਸਰ ਵਾਪਰਦਾ ਹੈ। ਜਦੋਂ ਕੋਈ ਮਿੱਤਰ ਪਿਆਰਾ ਲੇਖਕ ਇਸ ਜੱਗ ਚੰਦਰੇ ਨੂੰ ਅਲਵਿਦਾ ਆਖ ਜਾਂਦਾ ਹੈ ਤਾਂ ਕਾਲਜੇ ਨੂੰ ਧੂਹ ਪੈਂਦੀ ਹੈ। ਸੀਨੇ ’ਚੋਂ ਲਾਟ ਜਹੀ ਨਿਕਲਦੀ ਹੈ। ਉਦਾਸੀ ਆ ਘੇਰਦੀ ਹੈ ਤੇ ਉਮਰ ਦੇ ਇਸ ਸਿਰੇ ’ਤੇ ਆ ਕੇ ਹੋਣੀ-ਅਣਹੋਣੀ ਦੇ ਸੁਆਲ ਸੋਚਣੀ ਨੂੰ ਘੇਰ ਲੈਂਦੇ ਹਨ। ਕੀ ਇਹੋ ਕੁਝ ਹੀ ਹੈ? ਆਖਰ ਸਰੀਰ ਨੇ ਸੁਆਹ ਹੀ ਹੋਣਾ ਹੈ? ਇਹ ਮਾਇਆ-ਛਾਇਆ, ਪੈਸਾ, ਪਦਵੀ ਤੇ ਪ੍ਰਸਿੱਧੀ ਸਭ ਇਥੇ ਹੀ ਰਹਿ ਜਾਣੇ ਨੇ? ਇਹ ਰਿਸ਼ਤੇਦਾਰੀਆਂ, ਸਾਂਝਾਂ-ਸਕੀਰੀਆਂ ਸਭ ਖਤਮ ਹੋ ਜਾਣੀਆਂ ਨੇ? ਜਦ ਨਾਲ ਹੀ ਕੁਝ ਨਹੀਂ ਜਾਣਾ ਤਾਂ ਫਿਰ ਬੰਦਾ ਟੱਕਰਾਂ ਕਾਹਦੇ ਲਈ ਮਾਰਦਾ ਹੈ? ਸਾਰੀ ਉਮਰ ਮਸ਼ੀਨ ਹੀ ਕਿਉਂ ਬਣਿਆ ਰਹਿੰਦਾ ਹੈ? ਤੇ ਹੋਰ ਅਨੇਕ ਸੁਆਲ ਗ਼ਮਗੀਨ ਕਰਦੇ ਜਾਂਦੇ ਹਨ। ਜਾਣ ਵਾਲਿਆਂ ਤੇ ਜਿਊਣ ਵਾਲਿਆਂ ’ਚ ਜੇ ਕੋਈ ਚੀਜ਼ ਅਨੁਭੂਤਕ ਤੌਰ ’ਤੇ ਸਾਂਝ ਦਾ ਸਬੱਬ ਬਣਦੀ ਹੈ ਤਾਂ ਉਹ ਹੈ ਮੋਹ ਜਿਹੜਾ ਗਏ ਸਾਹਿਤਕਾਰ ਦੀ ਯਾਦ ਨੂੰ ਦੀਵੇ ਵਾਂਗ ਜਗਦੀ ਰੱਖਦਾ ਹੈ। ਲੇਖਕਾਂ ਦਾ ਆਪਣਾ ਭਾਈਚਾਰਾ ਹੁੰਦਾ ਹੈ। ਆਪਣੀ ਮਿੱਤਰਤਾ ਹੁੰਦੀ ਹੈ ਜਿਸ ਦਾ ਮਹਾਤਮ ਸਿਰਫ ਲੇਖਕ ਹੀ ਸਮਝ ਸਕਦੇ ਹਨ। ਖਿੜੇ ਫੁੱਲਾਂ ਦੀ ਖੁਸ਼ਬੋ ਧੁਰ ਅੰਦਰ ਤੱਕ ਸਿਰਫ ਮਾਲੀ ਹੀ ਸਮਝ ਸਕਦਾ ਹੈ।
ਕੁਝ ਦੇਰ ਪਹਿਲਾਂ ਕਪੂਰਥਲੇ ਵਾਲਾ ਜੰਗ ਬਹਾਦਰ ਸਿੰਘ ਘੁੰਮਣ ਵੀ ਚੱਲ ਵਸਿਆ। ਖਬਰ ਪੜ੍ਹ ਕੇ ਬੜਾ ਦੁਖ ਲੱਗਿਆ ਪਰ ਵਿਧੀ ਦੇ ਵਿਧਾਨ ਦਾ ਕੀ ਕੀਤਾ ਜਾ ਸਕਦਾ ਹੈ। ਘੁੰਮਣ ਦੇ ਜਾਣ ਨੇ ਉਸ ਨਾਲ ਜੁੜੀਆਂ ਯਾਦਾਂ ਨੂੰ ਤੁਰੰਤ ਮਨਮਸਤਕ ਦੇ ਅੱਗੇ ਲਿਆ ਖੜ੍ਹਾ ਕੀਤਾ। ਜਦ ਮੇਰਾ  ‘ਧਨ ਲੇਖਾਰੀ ਨਾਨਕਾ’ ਕਾਲਮ ਜਲੰਧਰ ਦੀ ਇਕ ਅਖਬਾਰ ਛਪਦਾ ਸੀ ਉਸ ਵਿਚ ਕਪੂਰਥਲੇ ਦੇ ਗਜ਼ਲਗੋ ਹਰਫੂਲ ਸਿੰਘ ਬਾਰੇ ਲਿਖਿਆ ਤਾਂ ਉਸ ਵਿੱਚ ਜੰਗ ਬਹਾਦਰ ਸਿੰਘ ਘੁੰਮਣ ਦਾ ਇੱਕ ਹਵਾਲਾ ਵੀ ਦਿੱਤਾ ਸੀ। ਉਹ ਹਵਾਲਾ ਪੜ੍ਹ ਕੇ ਮੈਨੂੰ ਘੁੰਮਣ ਦੀ ਇੱਕ ਚਿੱਠੀ ਆਈ। ਉਸ ’ਚ ਉਸ ਨੇ ਲਿਖਤ ਦੀ ਪੁਰਖਲੂਸ ਪ੍ਰਸੰਸਾ ਕੀਤੀ। ਫਿਰ ਇੱਕ ਹੋਰ ਚਿੱਠੀ ਆਈ। ਫਿਰ ਫੋਨ ਆਉਣੇ ਸ਼ੁਰੂ ਹੋਏ ਤੇ ਫਿਰ ਉਸ ਵਲੋਂ ਕੱਢਿਆ ਜਾਂਦਾ ‘ਸੁਭਾਸਕ’ ਰਸਾਲਾ ਵੀ ਆਉਣ ਲੱਗਿਆ। ਰਸਾਲੇ ਜ਼ਰੀਏ ਸਾਂਝ ਹੋਰ ਪੀਡੀ ਹੋਣੀ ਸ਼ੁਰੂ ਹੋਈ। ਘੁੰਮਣ ਵਰਗੀ ਸੰਜੀਦਗੀ ਤੇ ਸਪਰਪਣ ਭਾਵਨਾ ਦੀ ਰੂਹ ਸਮਝਣੀ ਹੋਵੇ ਤਾਂ ਉਸ ਦੀਆਂ ਪੁਸਤਕਾਂ ‘ਬਿਜੜਿਆਂ ਦੇ ਘਰ’, ‘ਜ਼ਖ਼ਮੀ ਦਿਨ’, ਰੋਸਨਾਮਾ’, ਤੇ ‘ਸਮਿਆਂ ਦੇ ਵਹਿਣ’ ਪੜ੍ਹ ਕੇ ਸਮਝੀ ਜਾ ਸਕਦੀ ਹੈ।

ਰਾਮ ਸਰੀਪ ਅਣਖੀ

ਰਾਮ ਸਰੂਪ ਅਣਖੀ

ਯਾਦ ਨਾਲ ਜਦੋਂ ਯਾਦ ਜੁੜਦੀ ਹੈ ਤਾਂ ਘੁੰਮਣ ਤੋਂ ਪਹਿਲਾਂ ਤੁਰ ਗਏ ਕੁਝ ਸਾਹਿਤਕ ਮਿੱਤਰ ਪਿਆਰੇ ਵੀ ਅੱਖਾਂ ਅੱਗੇ ਆਉਣੇ ਸ਼ੁਰੂ ਹੋ ਜਾਂਦੇ ਹਨ। ਉਡਦਾ ਉਡਦਾ ਯਾਦ ਦਾ ਪੰਛੀ ਸੰਤੋਖ ਸਿੰਘ ਧੀਰ ਦੇ ਸਾਹਿਤਕ ਬਨੇਰੇ ’ਤੇ ਜਾ ਬਹਿੰਦਾ ਹੈ। ਕਾਫ਼ੀ ਪੁਰਾਣੀ ਗੱਲ ਹੈ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਕੋਈ ਸਮਾਗਮ ਹੋ ਕੇ ਹਟਿਆ ਤਾਂ ਧੀਰ ਸ੍ਹਾਬ ਰੇਲਿੰਗ ਫੜ ਕੇ ਹੌਲੀ ਹੌਲੀ ਪੌੜੀਆਂ ਉਤਰਨ ਲੱਗੇ ਤਾਂ ਮੈਂ ਬਾਂਹ ਫੜ ਕੇ ਉਤਰਨ ’ਚ ਮਦਦ ਕਰਨ ਲਈ ਅੱਗੇ ਹੋਇਆ ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ, ‘‘ਪੁੱਤਰਾ! ਆਪਣਾ ਕੰਮ ਆਪ ਹੀ ਕਰਨਾ ਚਾਹੀਦੈ, ਭਾਵੇਂ ਥੋੜ੍ਹਾ ਹੋਵੇ ਭਾਵੇਂ ਬਹੁਤਾ, ਭਾਵੇਂ ਹੌਲੀ ਹੋਵੇ ਭਾਵੇਂ ਤੇਜ।’’ ਗੱਲਾਂ ਕਰਦੇ ਕਰਦੇ ਮੈਂ ਪੁੱਛ ਬੈਠਾ ‘ਧੀਰ ਸ੍ਹਾਬ! ਸਾਹਿਤ ਸਿਰਜਣਾ ਸਬੰਧੀ ਕੋਈ ਅਗਵਾਈ ਵਾਲੀ ਗੱਲ ਦੱਸੋ। ਤਾਂ ਉਨ੍ਹਾਂ ਬੜੇ ਠਰੰਮੇ ਨਾਲ ਆਖਿਆ, ‘‘ਅਗਵਾਈ ਤਾਂ ਬੰਦੇ ਦੇ ਆਪਣੇ ਅੰਦਰ ਹੀ ਹੁੰਦੀ ਹੈ, ਬਾਹਰ ਤਾਂ ਐਵੇ ਝੱਖ ਮਾਰਨ ਈ ਐ, ਅੰਦਰ ਦੀ ਆਵਾਜ਼ ਇਕਾਗਰਤਾ ਨਾਲ ਸੁਣੋ ਸਭ ਕੁਝ ਸਮਝ ਆ ਜਾਂਦੈ ਬਸ ਅੰਦਰ ਦੀ ਆਵਾਜ਼ ਨੂੰ ਅਣਗੌਲਿਆਂ ਨਾ ਕਰੋ, ਸੱਚ ਨੂੰ ਸੱਚ ਕਹੋ, ਝੂਠ ਨੂੰ ਝੂਠ ਫੇਰ ਦੇਖੋ ਤੁਹਾਡੀ ਕਲਮ ਕਿਵੇਂ ਕਮਾਲ ਕਰਦੀ ਹੈ।’’ ਧੀਰ ਨਾਲ ਮੇਰਾ ਕਾਫ਼ੀ ਦੇਰ ਵਧੀਆ ਰਾਬਤਾ ਬਣਿਆ ਰਿਹਾ। ਇੱਕ ਵਾਰ ਮੈਂ ਉਨ੍ਹਾਂ ਤੋਂ ‘ਪੰਜਾਬੀ ਸਾਹਿਤ ਦੇ ਪਾਠਕਾਂ ਦੀ ਕਮੀ ਹੈ ਜਾਂ ਨਹੀਂ?’ ਵਿਸ਼ੇ ’ਤੇ ਇੱਕ ਲੇਖ ਲਿਖਵਾਇਆ। ਇਸ ਵਿਸ਼ੇ ’ਤੇ ਮੈਂ ਇੱਕ ਸੌ ਇੱਕ ਪੰਜਾਬੀ ਲਿਖਾਰੀਆਂ/ ਆਲੋਚਕਾਂ/ ਪ੍ਰਕਾਸ਼ਕਾਂ/ ਚਿੰਤਕਾਂ ਤੋਂ ਵਿਸਤ੍ਰਿਤ ਆਰਟੀਕਲ ਲਿਖਵਾਏ ਹਨ ਜੋ ਬਹੁਤ ਜਲਦ ਕਿਤਾਬੀ ਰੂਪ ’ਚ ਪਾਠਕਾਂ ਦੇ ਹੱਥਾਂ ਵਿੱਚ ਹੋਣਗੇ। ਧੀਰ ਹੁਰਾਂ ਦੀ ਲਿਖਾਈ ਖੁੱਲ੍ਹੇ ਅਖਾੜੇ ’ਚ ਘੁੰਮਦੇ ਭਲਵਾਨ ਵਰਗੀ ਸੀ ਜਿਹੜਾ ਥਾਪੀਆਂ ਮਾਰਦਾ ਕਿਸੇ ਪਾਸੇ ਨੂੰ ਵੀ ਜਾ ਸਕਦਾ ਹੈ। ਧੀਰ ਨੇ ਕਮਾਲ ਦਾ ਲੇਖ ਲਿਖਿਆ। ਅੱਜ ਜਦੋਂ ਮੁੜ ਕੇ ਉਸ ਨੂੰ ਪੜ੍ਹਦਾ ਹਾਂ ਤਾਂ ਉਨ੍ਹਾਂ ਦਾ ਦਾਨਿਸ਼ਮੰਦ ਸਰੂਪ ਅੰਤਰੀਵਤਾ ਨੂੰ ਸਕੂਨ ਬਖਸ਼ਦਾ ਹੈ। ਉਨ੍ਹਾਂ ਨਾਲ ਜੁੜੀਆਂ ਯਾਦਾਂ ਦੀਵੇ ਵਾਂਗ ਜਗ ਉਠਦੀਆਂ ਹਨ ਜਿਨ੍ਹਾਂ ਦੀ ਰਾਹ ਦਰਸਾਉਂਦੀ ਭਰਵੀਂ ਤੇ ਤਿੱਖੀ ਲੋਅ ਕਈ ਤਰ੍ਹਾਂ ਦੇ ਅਗਿਆਨ ਦੇ ਹਨ੍ਹੇਰਿਆਂ ਨੂੰ ਉਂਝ ਹੀ ਦੂਰ ਕਰ ਦਿੰਦੀ ਹੈ।
ਯਾਦ ਆਉਂਦਾ ਹੈ ਪੰਜਾਬੀ ਦਾ ਵੱਡਾ ਨਾਵਲਕਾਰ, ਰਾਮ ਸਰੂਪ ਅਣਖੀ ਜਿਹੜਾ, ਜਦੋਂ ਚਿੱਤ ਕਰਦਾ ਸਾਡੇ ਪਿੰਡ ਆ ਵੜਦਾ। ਰਾਤ ਰਹਿੰਦਾ। ਟੱਬਰ-ਟੀਰ੍ਹ ਦਾ ਹਾਲ-ਚਾਲ ਪੁੱਛਦਾ। ਦੁਖ-ਸੁੱਖ ਸਾਂਝਾ ਕਰਦਾ। ਗਰਮੀਆਂ ’ਚ ਮੋਟਰ ਦੇ ਠੰਢੇ ਪਾਣੀ ਹੇਠ ਨਹਾਉਂਦਾ ਤੇ ਆਪਣੇ ਝੋਲੇ ’ਚੋਂ ਕੱਢ ਕੇ ਭਗਵਾਂ ਕੁੜਤਾ-ਪਜਾਮਾ ਪਾਉਂਦਾ ਤੇ ਫਿਰ ਮੱਠਾ-ਮੱਠਾ ਮੁਸਕਰਾਉਂਦਾ। ਸਾਹਿਤਕ ਵਿਚਾਰ-ਵਟਾਂਦਰਾ ਕਰਦਾ। ਉਨ੍ਹਾਂ ਦਿਨਾਂ ‘ਚ ਉਹਦਾ ਪੰਜ ਭਾਗਾਂ ’ਚ ਛਪਿਆ ਨਾਵਲ ‘ਦੁੱਲੇ ਦੀ ਢਾਬ’ ਕਾਫ਼ੀ ਚਰਚਾ ਵਿੱਚ ਸੀ। ਕੋਲ ਬੈਠਾ ਅੰਗਰੇਜ਼ੀ ਦਾ ਲੈਕਚਰਾਰ ਗੁਰਮੇਲ ਸਿੰਘ ਵੀ ਅਣਖੀ ਦੀਆਂ ਸਾਹਿਤ ਬਾਰੇ ਗੱਲਾਂ ਧਿਆਨ ਨਾਲ ਸੁਣਦਾ ਤੇ ਵਿੱਚ-ਵਿਚਾਲੇ ਪੁੱਛਦਾ, ‘‘ਅਣਖੀ ਜੀ ਇਹ ਦੱਸੋ ਕਿ ਤੁਸੀਂ ਆਪਣੇ ਨਾਵਲ ‘ਦੁੱਲੇ ਦੀ ਢਾਬ’ ਵਿੱਚ ‘ਦੁੱਲੇ ਨੂੰ ਬੁੱਲਾ’ ਕਿਵੇਂ ਬਣਾ ਦਿੱਤਾ? ਕੁਝ ਸਮਾਂ ਰੁਕ ਕੇ ਅਣਖੀ ਕਹਿੰਦਾ, ‘‘ਭਲਾ ਮੈਂ ਕੌਣ ਹੁੰਨਾ ਬਣਾਉਣ ਵਾਲਾ ਸਮਾਂ, ਸਥਾਨ ਤੇ ਹਾਲਾਤ ਕਿਸੇ ਨੂੰ ਕੁਝ ਵੀ ਬਣਾ ਸਕਦੇ ਨੇ, ਦੁੱਲੇ-ਬੁੱਲੇ ਦੀ ਤਾਂ ਗੱਲ ਹੀ ਛੱਡੋ ਮੁੱਕਦੀ ਗੱਲ ਜੋ ਸਮਾਜ ’ਚ ਹੋਏਗਾ ਉਹ ਸਾਹਿਤ ’ਚ ਆ ਹੀ ਜਾਏਗਾ, ਤੁਸੀਂ ਤਾਂ ਜਾਣਦੇ ਹੀ ਹੋਵੋਗੇ ਗਲਪ ਦੀ ਰਚਨਾ ਵਿੱਚ ਸਾਹਿਤ ਦੇ ਕਈ ਤੱਤ ਸ਼ਾਮਲ ਹੁੰਦੇ ਨੇ; ਅਲੀਗੜ੍ਹ ਯੂਨੀਵਰਸਿਟੀ ’ਚ ਸੇਵਾ ਨਿਭਾ ਰਹੇ ਅਣਖੀ ਦੇ ਸਪੁੱਤਰ ਕਰਾਂਤੀਪਾਲ ਦੀ ਇੱਕ ਵਾਰ ਕਵਿਤਾਵਾਂ ਦੀ ਕਿਤਾਬ ਦੀ ਗੱਲ ਚੱਲ ਪਈ। ਅਣਖੀ ਬਹੁਤ ਪ੍ਰਸੰਨ ਸੀ। ਕਹਿੰਦਾ, ‘ਮੁੰਡਾ ਬੜਾ ਕਾਬਲ ਨਿਕਲਿਐ। ਮੇਰੀ ਖ਼ੁਦ ਦੀ ਇੱਛਾ ਸੀ ਪੀਐਚ.ਡੀ. ਕਰਨ ਦੀ, ਮੈਂ ਤਾਂ ਨਾ ਕਰ ਸਕਿਆ ਪਰ ਮੈਂ ਕਰਾਂਤੀਪਾਲ ਨੂੰ ਕਰਾ ਕੇ ਆਪਣੀ ਸੱਧਰ ਪੂਰੀ ਕਰ ਲਈ, ਬੜਾ ਸੋਹਣਾ ਲਿਖਿਆ ਹੈ ਉਸ ਨੇ ਵਾਰਿਸ ਦੀ ਹੀਰ ਬਾਰੇ।’ ਫੇਰ ਅਣਖੀ ਦਾ ‘ਕਹਾਣੀ ਪੰਜਾਬ’ ਯਾਦ ਆਉਂਦਾ ਹੈ। ‘ਕਹਾਣੀ ਪੰਜਾਬ’ ਦੇ ਕਈ ਮੈਂਬਰ/ਪਾਠਕ ਮੈਂ ਵੀ ਬਣਾਏ। ਕੋਈ ਗੱਲ ਹੋਰ ਚਲਦੀ ਤਾਂ ਅਣਖੀ ਕਹਿੰਦਾ, ‘‘ਜਿੱਦਣ ਸਾਡੇ ਸਾਰੇ ਲੋਕਾਂ ਨੂੰ ਸਾਹਿਤ ਦੀ ਕਦਰ ਸਮਝ ਆ ਗਈ ਤਾਂ ਓਦਣ ਕੋਈ ਲੇਖਕ ਭੁੱਖਾ ਨਹੀਂ ਮਰਨਾ ਨਾ ਕਿਸੇ ਨੂੰ ਖੂਹ ’ਚ ਛਾਲ ਮਾਰਨੀ ਪਊ ਤੇ ਨਾ ਕੋਈ ਗਰਮੀ ’ਚ, ਅੱਤ ਦੀ ਗਰੀਬੀ ਤੋਂ ਦੁਖੀ, ਬੇਹੋਸ਼ ਹੋ ਕੇ ਮਰੂ।’’
ਉੱਘਾ ਪੰਜਾਬੀ ਸ਼ਾਇਰ ਨਰਿੰਦਰ ਮਾਨਵ ਵਕਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਉਸ ਨਾਲ ਜੁੜੀਆਂ ਯਾਦਾਂ ਤਾਂ ਬਹੁਤ ਬੇਚੈਨ ਕਰਦੀਆਂ ਹਨ। ਉਸ ਦਾ ਹਸਮੁੱਖ ਚਿਹਰਾ, ਭੱਜ-ਭੱਜ ਕੇ ਅਗਲੇ ਦੇ ਕੰਮ ਆਉਣ ਦੀ ਬਿਰਤੀ, ਹਰ ਵੇਲੇ ਖੁਸ਼ੀ ਵਾਲੇ ਮੂਡ ’ਚ ਰਹਿਣਾ, ਕਦੇ ਕਿਸੇ ਦੀ ਨਿੰਦਿਆ ਨਾ ਕਰਨੀ, ਗੁਰੂ ਘਰ ਨਾਲ ਅੰਤਾਂ ਦੀ ਨੇੜਤਾ ਰੱਖਣੀ ਤੇ ਆਪਣੀ ਸ਼ਾਇਰੀ ਨਾਲ ਇਕਮਿਕ ਹੋਏ ਰਹਿਣਾ ਚੰਗਾ ਲਗਦਾ। ਐਸੀ ਆਸਤਕ ਰੂਹ ਨੂੰ ਆਤਮਿਕ ਤੌਰ ’ਤੇ ਅੱਜ ਵੀ ਨਤਮਸਤਕ ਹੋਣ ਨੂੰ ਜੀ ਕਰ ਆਉਂਦਾ ਹੈ। ਅਮਰ ਸੂਫ਼ੀ, ਮੁਖਤਿਆਰ ਸਿੰਘ ਚੰਦੀ, ਅਜਾਇਬ ਚਿੱਤਰਕਾਰ, ਮੁਖਵਿੰਦਰ ਸਿੰਘ, ਕੰਵਰ ਇਕਬਾਲ, ਗੁਰਬਚਨ ਕੌਰ ਦੂਆ ਤੇ ਗੁਰਚਰਨ ਸਿੰਘ ਤਖ਼ਤਰ ਨਾਲ ਮੇਰੀ ਪਹਿਲੀ ਮੁਲਾਕਾਤ ਨਰਿੰਦਰ ਮਾਨਵ ਨੇ ਹੀ ਕਰਵਾਈ ਸੀ। ਇੱਕ ਵਾਰ ਇਕ ਸੰਖੇਪ ਜਿਹੀ ਵਿਚਾਰ-ਚਰਚਾ ਤੋਂ ਬਾਅਦ ਸਭ ਨੇ ਸਹਿਮਤੀ ਪ੍ਰਗਟਾਈ ਕਿ ਪੰਜਾਬੀ ’ਚ ਦੋ ਤਰ੍ਹਾਂ ਦੇ ਬੰਦੇ ਆਮ ਤੌਰ ’ਤੇ ਆਪਣੀ ਕਿਤਾਬ ਨਹੀਂ ਛਪਾਉਂਦੇ-ਇੱਕ ਜਿਹੜੇ ਛਪਵਾ ਨਹੀਂ ਸਕਦੇ ਭਾਵ ਗਰੀਬ ਤੇ ਦੂਜੇ ਜਿਹੜੇ ਛਪਵਾਉਣੀ ਨਹੀਂ ਚਾਹੁੰਦੇ ਭਾਵ ਕੰਜੂਸ। ਨਰਿੰਦਰ ਮਾਨਵ ਨੂੰ ‘ਦਿਲ ਦਾ ਮਹਿਰਮ’ ਸ਼ਾਇਰ ਵੀ ਆਖਿਆ ਜਾਂਦਾ ਹੈ। ਅਜਿਹੇ ਸ਼ਾਇਰ ਦੀਆਂ ਯਾਦਾਂ ਦੇ ਪਰਛਾਵੇਂ ਕਦੀ ਧੁੰਦਲੇ ਨਹੀਂ ਹੁੰਦੇ। ਮਾਨਵ ਦੀ ਸਭ ਤੋਂ ਪਹਿਲਾਂ ਲਿਖੀ ਗਈ ਗ਼ਜ਼ਲ ਦੇ ਕੁਝ ਸ਼ਿਅਰ ਇਥੇ ਕਾਬਲਿਗੌਰ ਹਨ:
ਸੁਪਨੇ ਵਿੱਚ ਹੁਣ ਚਿਹਰੇ ਮਿਲਦੇ
ਜੀਕਣ ਫੁੱਲ ਰੋਹੀ ਵਿੱਚ ਖਿਲਦੇ
ਯਾਦਾਂ ਦੇ ਧੁੰਦਲੇ ਪਰਛਾਵੇਂ
ਛੱਡ ਜਾਂਦੇ ਨੇ ਮਹਿਰਮ ਦਿਲ ਦੇ
ਟੀਸੀ ਤੋਂ ਗਿਰ ਕੇ ਟੁੱਟਿਆ ਹੈ
ਮਾਨਵ ਚੁਗ ਲੈ ਟੁਕੜੇ ਦਿਲ ਦੇ
ਇੱਕ ਹੋਰ ਵਿਛੜਿਆ ਹੋਇਆ ਪਿਆਰਾ ਸੱਜਣ ਹੈ ਡੀ.ਆਰ. ਧਵਨ, ਜਿਸ ਦਾ ਪੂਰਾ ਨਾਂ ਦਸੌਂਧੀ ਰਾਮ ਧਵਨ ਸੀ। ਧਵਨ ਆਪਣੀ ਹੀ ਕਿਸਮ ਦੇ ਵੇਗਾਤਮਕ ਸੁਭਾਅ ਦਾ ਬੰਦਾ ਸੀ। ਕਿਸੇ ਦਾ ਲੋ-ਲਿਹਾਜ ਘੱਟ ਹੀ ਕਰਦਾ ਸੀ। ਉਸ ਦੀ ਬੇਬਾਕੀ ਕਰਕੇ ਕਈ ਉਸ ਵੱਲ ਪਿੱਠ ਵੀ ਕਰ ਜਾਂਦੇ ਸਨ ਪਰ ਉਸ ਨੇ ਕਦੀ ਆਪਣੀ ਸੇਧ ’ਚ ਟੇਢ ਨਾ ਆਉਣ ਦਿੱਤੀ। ਕਿਸੇ ਵੇਲੇ ਮੈਂ ਧਵਨ ਨੂੰ ਸ਼ਾਇਰੀ ਦਾ ਉਸਤਾਦ ਧਾਰਨ ਦਾ ਉਪਰਾਲਾ ਵੀ ਕੀਤਾ ਸੀ ਪਰ ਸਬੱਬ ਏਦਾਂ ਦਾ ਬਣਿਆ ਕਿ ਧਵਨ ਮੇਰਾ ਉਸਤਾਦ ਤਾਂ ਨਾ ਬਣ ਸਕਿਆ ਪਰ ਸਮਾਂ ਪਾ ਕੇ ਮਿੱਤਰ ਜ਼ਰੂਰ ਬਣ ਗਿਆ। ਉਸ ਦੀ ਸੋਚ ਪਰੰਪਰਾਵਾਦੀ ਸੀ। ਉਹ ਅਕਸਰ ਕਹਿੰਦਾ ਸੀ, ਜੰਮਣ ਤੋਂ ਮਰਨ ਤੱਕ ਸਾਰਾ ਵਿਸ਼ਵ ਪਰੰਪਰਾ ਵਿੱਚ ਜਿਊਂਦਾ ਹੈ। ਉਸ ਮੁਤਾਬਕ ਨਵੀਂ ਪੀੜ੍ਹੀ ਦੇ ਲੇਖਕ ਗ਼ਜ਼ਲ ਵੀ ਕਹਿੰਦੇ ਹਨ ਤੇ ਗ਼ਜ਼ਲ ਦੀਆਂ ਪਾਬੰਦੀਆਂ ਤੋਂ ਵੀ ਡਰਦੇ ਹਨ। ਇਹੀ ਲਾਇਬ੍ਰੇਰੀਆਂ ਭਰੀ ਜਾਂਦੇ ਹਨ। ਧਵਨ ਦੀਆਂ ਏਦਾਂ ਦੀਆਂ ਗੱਲਾਂ ਕਰਕੇ ਉਹ ਕਈਆਂ ਨੂੰ ਭਾਉਂਦਾ ਨਹੀਂ ਸੀ ਪਰ ਉਸ ਦੀ ਕਲਮ ‘ਚ ਤਾਕਤ ਪੂਰੀ ਸੀ। ‘ਸੂਰਜਮੁਖੀ’ ਤੇ ‘ਪਰਵਾਜ਼’ ਨਾਂ ਦੀਆਂ ਉਸ ਦੀਆਂ ਪੁਸਤਕਾਂ ਸਦਾਬਹਾਰ ਹਨ।
harmit atwalਵਿਅੰਗਕਾਰ ਜਗਜੀਤ ਸਿੰਘ ਕੋਮਲ ਵੀ ਯਾਰਾਂ ਦਾ ਯਾਰ ਸੀ। ਹਰ ਗੱਲ ਨੂੰ ਮਜ਼ਾਹੀਆ ਅੰਦਾਜ਼ ’ਚ ਕਰਨ ਦੀ ਉਸ ਕੋਲ ਮੁਹਾਰਤ ਸੀ। ਪਰ 26 ਸਾਲਾਂ ’ਚ ਵਿਅੰਗ ਦੀ ਉਹਦੀ ਇੱਕੋ ਇੱਕ ਪੁਸਤਕ ‘ਪੰਗਾ ਇਜ਼ ਨਾਟ ਚੰਗਾ’ ਛਪੀ ਸੀ। ਉਸ ਦੀ ਕੰਡਕਟਰਾਂ ਵਰਗੀ ਲਿਖਾਈ ਪੜ੍ਹ ਕੇ ਪੜ੍ਹਨ ਵਾਲੇ ਦੇ ਚਿਹਰੇ ’ਤੇ ਉਂਝ ਹੀ ਹਲਕੀ ਜਹੀ ਮੁਸਕਰਾਹਟ ਆ ਜਾਂਦੀ ਸੀ।
ਸਾਹਿਤਕ ਸੱਜਣਾਂ ਦੀਆਂ ਦੀਵੇ ਵਾਂਗ ਜਗਦੀਆਂ ਯਾਦਾਂ ਅੱਜ ਵੀ ਉਨ੍ਹਾਂ ਦਾ ਮੇਰੇ ਮਨਮਸਤਕ ’ਚ ਅਹਿਮ ਸਥਾਨ ਰੱਖ ਰਹੀਆਂ ਹਨ। ਇਨ੍ਹਾਂ ਦੀ ਦਿਲੀ ਮੁਹੱਬਤ ਅੱਜ ਵੀ ਮੇਰੇ ਲਈ ਜਿਊਂਦੀ ਹੈ।
ਸੰਪਰਕ: 98155-05 287


Comments Off on ਮੋਏ ਮਿੱਤਰਾਂ ਦੀ ਜਿਊਂਦੀ ਮੁਹੱਬਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.