ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਰਸੌਲੀ ਦੀ ਜਾਂਚ ਲਈ ਬਾਰੀਕ ਸੂਈ ਵਾਲਾ ਟੈਸਟ

Posted On December - 29 - 2016

12912CD _FNAC TESTਕਈਆਂ ਰੋਗਾਂ ਦੇ ਲੱਛਣ ਵਜੋਂ ਸਰੀਰ ਦੇ ਵੱਖ ਵੱਖ ਅੰਗਾਂ ਜਾਂ ਭਾਗਾਂ ਵਿੱਚ ਛੋਟੀਆਂ-ਵੱਡੀਆਂ ਗਿਲਟੀਆਂ ਜਾਂ ਰਸੌਲੀਆਂ ਬਣ ਜਾਂਦੀਆਂ ਹਨ। ਇਹ ਕਈ ਕਾਰਨਾਂ ਕਰਕੇ ਹੋ ਸਕਦੀਆਂ ਹਨ ਜਿਵੇਂ ਟੀ.ਬੀ. ਜਾਂ ਕੋਈ ਹੋਰ ਇਨਫੈਕਸ਼ਨ, ਚਰਬੀ ਦੀਆਂ ਗੰਢਾਂ, ਕੈਂਸਰ ਵਾਲੀਆਂ ਜਾਂ ਕੈਂਸਰ-ਰਹਿਤ ਰਸੌਲੀਆਂ ਆਦਿ। ਸਰੀਰ ਦਾ ਸਾਧਾਰਨ ਚੈਕ-ਅੱਪ,  ਖ਼ੂਨ, ਥੁੱਕ ਤੇ ਪਿਸ਼ਾਬ ਦੀ ਜਾਂਚ ਦੇ ਨਾਲ ਨਾਲ, ਗਿਲਟੀ ਜਾਂ ਰਸੌਲੀ ਦਾ ਬਾਰੀਕ ਸੂਈ ਵਾਲਾ ਟੈਸਟ ਭਾਵ ਕਿ  ਫਾਈਨ ਨੀਡਲ ਐਸਪੀਰੇਸ਼ ਸਾਇਟਾਲੋਜੀ, ਬਿਮਾਰੀ ਲੱਭਣ (ਡਾਇਗਨੋਜ਼ ਕਰਨ) ਲਈ ਅਹਿਮ ਹੁੰਦੇ ਹਨ ਕਿਉਂਕਿ ਜਿੰਨਾ ਚਿਰ ਬਿਮਾਰੀ ਦਾ ਪਤਾ ਨਾ ਲੱਗੇ ਉਸ ਦਾ ਇਲਾਜ ਸ਼ੁਰੂ ਨਹੀਂ ਹੋ ਸਕਦਾ।
ਸਾਈਟਾਲੋਜੀ, ਮੈਡੀਕਲ ਸਾਇੰਸ ਦਾ ਇੱਕ ਵਿਸ਼ਾ ਹੈ। ਇਹ ਕੋਸ਼ਿਕਾਵਾਂ ਜਾਂ ਸੈੱਲਾਂ ਦੀ ਜਾਂਚ ਦਾ ਇੱਕ ਤਰੀਕਾ ਹੈ। ਇਸ ਦੁਆਰਾ ਸਰੀਰ ’ਚੋਂ ਨਿਕਲੇ ਜਾਂ ਕੱਢੇ ਗਏ ਤਰਲ ਪਦਾਰਥਾਂ ਵਿਚਲੇ ਸੈੱਲਾਂ ਦੀ ਜਾਂਚ ਕਰਕੇ ਇਹ ਪਤਾ  ਲਗਾਇਆ ਜਾਂਦਾ ਹੈ ਕਿ ਸਬੰਧਿਤ ਅੰਗਾਂ ਵਿੱਚ ਕਿਹੜਾ ਰੋਗ ਹੈ। ਇਹ ਰੋਗ ਸਾਧਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਤੇ ਘਾਤਕ ਕੈਂਸਰ ਵੀ ਹੋ ਸਕਦਾ ਹੈ।
ਫਾਈਨ ਨੀਡਲ ਐਸਪੀਰੇਸ਼ਨ ਸਾਈਟਾਲੋਜੀ: ਸਾਈਟਾਲੋਜੀਕਲ ਜਾਂਚ ਦੀ ਇੱਕ ਸ਼ਾਖਾ ਹੈ। ਇਸ ਵਿਧੀ ਰਾਹੀਂ ਕਿਸੇ ਅੰਗ ਵਿੱਚ ਜਾਂ ਚਮੜੀ ਦੇ ਹੇਠਾਂ ਬਣੀ ਕਿਸੇ ਗੰਢ ਜਾਂ ਗਿਲ੍ਹਟੀ ’ਚੋਂ ਆਮ ਬਾਰੀਕ ਸੂਈ ਤੇ ਸਰਿੰਜ ਦੀ ਮਦਦ ਨਾਲ ‘ਕੁਝ ਪਦਾਰਥ’ ਬਾਹਰ ਖਿੱਚ ਲਿਆ ਜਾਂਦਾ ਹੈ। ਇਸ ਪਦਾਰਥ ਨੂੰ ਸ਼ੀਸ਼ੇ ਦੀਆਂ ਸਲਾਈਡਾਂ ਉੱਪਰ ਲਗਾ ਕੇ ਵੇਖਣ-ਯੋਗ ਬਣਾ ਕੇ ਖ਼ੁਰਦਬੀਨ ਨਾਲ ਘੋਖਿਆ ਜਾਂਦਾ ਹੈ। ਮਾਹਿਰ ਡਾਕਟਰ (ਸਾਈਟੋਪੈਥਾਲੋਜਿਸਟ) ਇਸ ਸਲਾਈਡ ਦੀ ਖ਼ੁਰਦਬੀਨੀ ਜਾਂਚ ਕਰਕੇ ਆਪਣੀ ਰਾਏ ਦਿੰਦੇ ਹਨ ਕਿ ਇਹ ਰਸੌਲੀ, ਕਿਸੇ ਇਨਫੈਕਸ਼ਨ, ਕੈਂਸਰ ਜਾਂ ਕਿਸੇ ਹੋਰ ਕਾਰਨ ਕਰਕੇ ਹੈ।
ਇਸ ਤਰ੍ਹਾਂ ਜਾਂਚ ਦੀ ਇਸ ਵਿਧੀ ਨਾਲ ਕਈ ਵਾਰ ਵੱਡੇ ਅਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਜਾਂ ਦੋ ਦੀ ਬਜਾਏ ਇੱਕ ਹੀ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਉਦਾਹਰਣ ਵਜੋਂ ਜੇ ਕੋਈ ਮਰੀਜ਼ ਧੌਣ ਵਿੱਚ ਇੱਕ ਜਾਂ ਇੱਕ ਤੋਂ ਵੱਧ ਗਿਲਟੀਆਂ ਹੋਣ ਦੀ ਸ਼ਿਕਾਇਤ ਨਾਲ ਆਉਂਦਾ ਹੈ ਤਾਂ ਉਸ ਤੋਂ ਕੀਤੀ ਗਈ ਪੁੱਛ-ਗਿੱਛ ਅਤੇ ਉਸ ਦੇ ਮੁਆਇਨੇ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਜਾਂ ਤਾਂ ਇਹ ਗਿਲ੍ਹਟੀਆਂ ਟੀ.ਬੀ. ਦੀਆਂ ਹਨ, ਕਿਸੇ ਹੋਰ ਇਨਫੈਕਸ਼ਨ ਜਾਂ ਫਿਰ ਕੈਂਸਰ ਦੀਆਂ। ਅਜਿਹੀਆਂ ਗਿਲ੍ਹਟੀਆਂ ਵਾਲੇ ਮਰੀਜ਼ਾਂ ਵਾਸਤੇ ਫਾਈਨ ਨੀਡਲ ਐਸਪੀਰੇਸ਼ਨ ਸਾਈਟਾਲੋਜੀ ਦੁਆਰਾ ਜਾਂਚ ਲਾਹੇਵੰਦ ਰਹਿੰਦੀ ਹੈ। ਜੇਕਰ ਇਸ ਜਾਂਚ ਤੋਂ ਇਹ ਸਿੱਧ ਹੋ  ਜਾਵੇ ਕਿ ਗਿਲ੍ਹਟੀਆਂ ਟੀ.ਬੀ. ਕਾਰਨ ਹੀ ਹਨ ਤਾਂ ਅਪਰੇਸ਼ਨ (ਬਾਇਓਪਸੀ) ਕਰਾਉਣ ਦੀ ਲੋੜ ਹੀ ਨਹੀਂ। ਇਸੇ ਰਿਪੋਰਟ ਦੇ ਆਧਾਰ ’ਤੇ ਟੀ.ਬੀ. ਦਾ ਇਲਾਜ ਕੀਤਾ ਜਾ ਸਕਦਾ ਹੈ ਜਿਸ ਦੀ ਦਵਾਈ ਸਰਕਾਰੀ ਹਸਪਤਾਲਾਂ ’ਚੋਂ ਮੁਫ਼ਤ ਮਿਲਦੀ ਹੈ।
ਜੇਕਰ ਰਿਪੋਰਟ ਕੈਂਸਰ ਦੀ ਹੋਵੇ ਤਾਂ ਅੱਗੇ ਇਹ ਦੇਖਣਾ ਹੁੰਦਾ ਹੈ ਕਿ ਕੈਂਸਰ ਇਸੇ ਗਿਲ੍ਹਟੀ ਦਾ ਹੈ ਜਾਂ ਕਿਸੇ ਹੋਰ ਅੰਗ ਦੇ ਕੈਂਸਰ ਦੀਆਂ ਜੜ੍ਹਾਂ ਪਹੁੰਚਣ ਕਾਰਨ ਇਹ ਗਿਲ੍ਹਟੀ ਬਣੀ ਹੈ। ਆਮ ਕਰਕੇ ਸਾਈਟਾਲੋਜੀ ਟੈਸਟ ਨਾਲ ਇਹ ਪਤਾ ਲੱਗ ਜਾਂਦਾ ਹੈ। ਪਰ, ਜੇਕਰ ਕੋਈ ਸ਼ੱਕ ਹੋਵੇ ਤਾਂ ਦੂਜੇ ਟੈਸਟਾਂ (ਐਕਸ-ਰੇ, ਅਲਟਰਾਸਾਊਂਡ, ਖ਼ੂਨ, ਪਿਸ਼ਾਬ ਜਾਂ ਥੁੱਕ ਆਦਿ) ਦੁਆਰਾ ਪਤਾ ਲਗਾਇਆ ਜਾਂਦਾ ਹੈ ਕਿ ਕਿਹੜੇ ਅੰਗ ਦੇ ਕੈਂਸਰ ਦੀਆਂ ਜੜ੍ਹਾਂ ਇਨ੍ਹਾਂ ਗਿਲ੍ਹਟੀਆਂ ਵਿੱਚ ਜਮ੍ਹਾਂ ਹੋਈਆਂ ਹਨ। ਉਸ ਤੋਂ ਬਾਅਦ ਹੀ ਅਗਲਾ ਇਲਾਜ ਸ਼ੁਰੂ ਹੁੰਦਾ ਹੈ।

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

ਔਰਤਾਂ ਦੀਆਂ ਛਾਤੀ ਦੀਆਂ ਗਿਲ੍ਹਟੀਆਂ, ਧੌਣ ਦੀਆਂ ਗਿਲ੍ਹਟੀਆਂ, ਗਿਲ੍ਹੜ ਜਾਂ ਗਿਲ੍ਹਟੀ ਜਾਂ ਸੋਜ, ਪੇਟ ਵਿੱਚ ਕੋਈ ਸਖ਼ਤ ਗੋਲਾ ਜਾਂ ਚਮੜੀ ਦੇ ਹੇਠਾਂ ਸਰੀਰ ਵਿੱਚ ਕਿਤੇ ਵੀ ਕੋਈ ਗਿਲ੍ਹਟੀ ਜਾਂ ਰਸੌਲੀਆਂ ਆਦਿ ਦੀ ਜਾਂਚ ਲਈ ਫਾਈਨ ਨੀਡਲ ਐਸਪੀਰੇਸ਼ਨ ਸਾਈਟਾਲੋਜੀ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋ ਰਹੀ ਹੈ। ਔਰਤਾਂ ਦੀਆਂ ਛਾਤੀਆਂ ਵਿੱਚ ਕਈ ਤਰ੍ਹਾਂ ਦੀਆਂ ਗੰਢਾਂ ਹੋ ਜਾਂਦੀਆਂ ਹਨ। ਜਿੰਨਾ ਚਿਰ ਇਨ੍ਹਾਂ ਦੇ ਨਿਰੀਖਣ ਅਤੇ ਜਾਂਚ ਤੋਂ ਬਾਅਦ ਇਹ ਸਿੱਧ ਨਾ ਕਰ ਲਿਆ ਜਾਵੇ ਕਿ ਇਹ ਕੈਂਸਰ ਨਹੀਂ ਹੈ, ਇਨ੍ਹਾਂ ਨੂੰ ਕੈਂਸਰ ਹੀ ਸਮਝਣਾ ਚਾਹੀਦਾ ਹੈ ਤੇ ਇਨ੍ਹਾਂ ਗੰਢਾਂ ਦੀ ਸਾਈਟਾਲੋਜੀਕਲ ਜਾਂਚ ਕਰਾਉਣ ਵਿੱਚ ਬਿਲਕੁਲ ਹੀ ਦੇਰੀ ਨਹੀਂ ਕਰਨੀ ਚਾਹੀਦੀ। ਜੇਕਰ ਕੈਂਸਰ ਹੋਵੇ ਤਾਂ ਇਹ ਦਿਨੋਂ-ਦਿਨ ਵਧਦਾ ਹੀ ਜਾਵੇਗਾ ਅਤੇ ਇਸ ਦੀਆਂ ਜੜ੍ਹਾਂ ਨਾਲ ਲਗਦੇ ਅੰਗਾਂ ਵਿੱਚ ਅਤੇ ਕੱਛ ਦੀਆਂ ਗਿਲ੍ਹਟੀਆਂ ਵਿੱਚ ਜਮ੍ਹਾਂ ਹੋ ਜਾਣਗੀਆਂ। ਉਸ ਪੜਾਅ ’ਤੇ ਇਸ ਦਾ ਇਲਾਜ ਮੁਸ਼ਕਲ ਹੋ ਜਾਵੇਗਾ। ਕੈਂਸਰ ਕਿਸੇ ਵੀ ਅੰਗ ਦਾ ਹੋਵੇ ਇਸ ਦਾ ਸ਼ੁਰੂ-ਸ਼ੁਰੂ ਵਿੱਚ ਪਤਾ ਲਗਾ ਲਿਆ ਜਾਵੇ ਤਾਂ ਇਲਾਜ ਸੰਭਵ ਹੈ।
ਐਸਪੀਰੇਸ਼ਨ ਸਾਈਟਾਲੋਜੀਕਲ ਜਾਂਚ ਦੀ ਵਿਧੀ ਤਕਰੀਬਨ ਦਰਦ-ਰਹਿਤ ਹੈ। ਪੰਦਰਾਂ ਮਿੰਟਾਂ ਵਿੱਚ  ਮਰੀਜ਼ ਘਰ ਜਾ ਸਕਦਾ ਹੈ। ਸੋਜ  ਜਾਂ ਗਿਲ੍ਹਟੀ  ਵਾਲੇ ਹਿੱਸੇ ਦੀ ਚਮੜੀ ਨੂੰ ਚੰਗੀ ਤਰ੍ਹਾਂ  ਸਪਿਰਟ ਜਾਂ ਬੀਟਾਡੀਨ ਨਾਲ ਸਾਫ਼ ਕੀਤਾ ਜਾਂਦਾ ਹੈ। ਲੋੜ ਹੋਵੇ ਤਾਂ ਮਾਸ ਸਵਾਉਣ ਵਾਲ ਟੀਕਾ ਵੀ ਲਗਾ ਲਿਆ ਜਾਂਦਾ ਹੈ। ਗਿਲ੍ਹਟੀ ਨੂੰ ਉਂਗਲਾਂ ਵਿੱਚ ਫਿਕਸ ਕਰਕੇ ਦੂਜੇ ਹੱਥ ਨਾਲ ਚਮੜੀ ਵਿੱਚੋਂ ਦੀ ਬਾਰੀਕ ਸੂਈ ਗਿਲ੍ਹਟੀ ਤਕ ਭੇਜੀ ਜਾਂਦੀ ਹੈ ਜਿਸ ਦੇ ਪਿੱਛੇ 20 ਸੀ.ਸੀ. ਸਰਿੰਜ ਲੱਗੀ ਹੁੰਦੀ ਹੈ। ਸਰਿੰਜ ਦੇ ਪਿਸਟਨ ਨੂੰ ਖਿੱਚ ਕੇ ਮਨਫੀਪ੍ਰੈਸ਼ਰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸੂਈ/ਸਰਿੰਜ ਵਿੱਚ ਕੁਝ ਨਾ ਕੁਝ ਤਰਲ ਪਦਾਰਥ    ਆ ਜਾਂਦਾ ਹੈ। ਇਸ ਨੂੰ ਸ਼ੀਸ਼ੇ ਦੀਆਂ ਸਲਾਈਡਾਂ ’ਤੇ ਲਗਾ ਕੇ ਖਿਲਾਰ ਦਿੱਤਾ  ਜਾਂਦਾ ਹੈ। ਇਸ ‘ਪਦਾਰਥ’ ਵਿੱਚ ਖ਼ੂਨ ਅਤੇ ਗਿਲ੍ਹਟੀ ਦੇ ਸੈੱਲ ਮੌਜੂਦ ਹੁੰਦੇ ਹਨ ਜੇਕਰ ਕੋਈ ਇਨਫੈਕਸ਼ਨ ਹੋਵੇ ਤਾਂ ਪਾਕ ਵੀ ਹੋ ਸਕਦੀ ਹੈ। ਸਲਾਈਡ ਨੂੰ ਇੱਕ ਖ਼ਾਸ ਦਵਾਈ ਵਿੱਚ ਰੱਖ ਦਿੱਤਾ ਜਾਂਦਾ ਹੈ ਤਾਂ ਜੋ ਉਹ ‘ਪਦਾਰਥ’ ਸਲਾਈਡ ਨਾਲ ਚੰਬੜ (ਫਿਕਸ ਹੋ) ਜਾਵੇ। ਇਸ ਤੋਂ ਬਾਅਦ ਇਸ ਦੀ ਵਿਸਥਾਰ ਨਾਲ ਖ਼ੁਰਦਬੀਨੀ ਜਾਂਚ ਕੀਤੀ ਜਾਂਦੀ ਹੈ। ਸੈੱਲਾਂ ਤੇ ਹੋਰ ਪਦਾਰਥਾਂ ਦੇ ਰੰਗ ਦਾ ਗੂੜ੍ਹਾ ਜਾਂ ਫਿੱਕਾ ਹੋਣਾ, ਸੈੱਲਾਂ ਦੀ ਆਪਸੀ ਤਰਤੀਬ, ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਅਤੇ ਵੱਖ ਵੱਖ ਬਿਮਾਰੀਆਂ ਵਿੱਚ ਐਸਪੀਰੇਸ਼ਨ ਦੀ ਵੱਖ ਵੱਖ ਖ਼ਾਸ ‘ਪਿਕਚਰ’ ਹੋਣ ’ਤੇ ਕਿਸੇ ਬਿਮਾਰੀ ਦੇ ਹੋਣ ਜਾਂ ਨਾ ਹੋਣ ਬਾਰੇ ਪਤਾ ਲਗਦਾ ਹੈ। ਪਰ ਇਹ ਕੰਮ ਸਿਰਫ਼ ਇਸ ਖੇਤਰ ਦੇ ਮਾਹਿਰ ਡਾਕਟਰ ਹੀ ਕਰ ਸਕਦੇ ਹਨ। ਜੇਕਰ ਪੇਟ ਦੇ ਅੰਦਰਲੇ ਅੰਗਾਂ ਜਾਂ ਫੇਫੜਿਆਂ ਨਾਲ ਸਬੰਧਿਤ ਕੋਈ ਰਸੌਲੀ ਹੋਵੇ ਤਾਂ ਉਸ ’ਚੋਂ ਸੈੱਲ  ਕੱਢਣ ਲਈ ਲੰਮੀ ਸੂਈ ਦੀ ਮਦਦ ਲਈ ਜਾਂਦੀ ਹੈ ਜੋ ਅਲਟਰਾਸਾਊਂਡ ਨਾਲ  ਰੋਗੀ  ਹਿੱਸੇ ਤਕ ਪੁੱਜਦੀ ਹੈ।
ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਅਸਾਧਾਰਨ ਤਰਲਾਂ ਦੀ ਜਾਂਚ ਤੋਂ ਵੀ ਸਬੰਧਿਤ ਅੰਗਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ ਜਿਵੇਂ ਕਿ ਦਿਮਾਗ ਅਤੇ ਇਸ ਦੀਆਂ ਝਿੱਲੀਆਂ ਦੀਆਂ ਬਿਮਾਰੀਆਂ ਵਾਸਤੇ ਰੀੜ੍ਹ ਦੀ ਹੱਡੀ ਦੇ ਪਾਣੀ ਦੀ ਸਾਈਟਾਲੋਜੀਕਲ ਜਾਂਚ, ਗੁਰਦੇ ਜਾਂ ਮਸਾਨੇ ਦੀਆਂ ਬਿਮਾਰੀਆਂ ਲਈ ਪਿਸ਼ਾਬ ਦੀ ਜਾਂਚ, ਪੇਟ  ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਾਸਤੇ ਪੇਟ ’ਚ ਪਏ ਜਾਂ ਫੇਫੜਿਆਂ ’ਚ ਪਏ ਪਾਣੀ ਦੀ ਸਾਈਟਾਲੋਜੀਕਲ ਜਾਂਚ ਆਦਿ। ਇਨ੍ਹਾਂ ਤਰਲਾਂ ਵਿੱਚ ਵੀ ਸੈੱਲ ਹੁੰਦੇ ਹਨ ਜੋ ਜਾਂਚੇ ਜਾਂਦੇ ਹਨ ਤੇ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ। ਪੇਟ, ਫੇਫੜਿਆਂ ਜਾਂ ਹੱਡੀਆਂ ਦੇ ਜੋੜਾਂ ਦਾ ਪਾਣੀ ਦੀ ਜਾਂਚ ਲਈ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣਾ ਪੈਂਦਾ ਹੈ ਪਰ ਜਿਨ੍ਹਾਂ ਰੋਗੀਆਂ ਦੇ ਕੋਈ ਗਿਲ੍ਹਟੀ ਜਾਂ ਸੋਜ ਹੋਵੇ ਉਹ ਖ਼ੁਦ ਕਿਸੇ ਪੈਥਾਲੋਜਿਸਟ ਕੋਲ ਜਾ ਕੇ ਆਪਣਾ ਨਿਰੀਖਣ ਕਰਵਾ ਸਕਦੇ ਹਨ।
ਬਾਰੀਕ ਸੂਈ ਦੁਆਰਾ ਕੱਢੇ ਗਏ ਤਰਲ ਵਿੱਚ ਸੈੱਲਾਂ ਦੀ ਮਾਤਰਾ, ਗਿਲ੍ਹਟੀ ਜਾਂ ਸੋਜ ਦੇ ਆਕਾਰ ਮੁਤਾਬਿਕ ਬਹੁਤ ਹੀ ਥੋੜ੍ਹੀ ਹੁੰਦੀ ਹੈ। 93 ਤੋਂ 94 ਫ਼ੀਸਦੀ ਕੇਸਾਂ ਵਿੱਚ ਇਸ ਵਿਧੀ ਨਾਲ ਬਿਮਾਰੀ ਦਾ ਪਤਾ ਲੱਗ ਹੀ ਜਾਂਦਾ ਹੈ ਅਤੇ  ਬਾਕੀ ਕੇਸਾਂ ਵਿੱਚ ਸਫ਼ਲਤਾ ਨਹੀਂ ਮਿਲਦੀ ਤੇ ਛੋਟਾ ਓਪਰੇਸ਼ਨ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਕਈ ਵਾਰ ਅਰਧ-ਸਿੱਖਿਅਤ ਤਕਨੀਸ਼ੀਅਨ ਜਾਂ ਡਾਕਟਰ ਕਿਸੇ ‘ਡੂੰਘੀ’ ਗਿਲ੍ਹਟੀ ਤਕ ਪਹੁੰਚਦੇ  ਹੀ ਨਹੀਂ। ਇਸ ਹਾਲਤ ਵਿੱਚ ਵੀ ਵਿਧੀ ਅਸਫ਼ਲ ਲਗਦੀ ਹੈ। ਜਾਂਚ ਦਾ ਅਤੇ ਬਿਮਾਰੀ ਨੂੰ ਸ਼ੁਰੂ ਸ਼ੁਰੂ ਵਿੱਚ ਹੀ ਲੱਭਣ ਦਾ ਇਹ ਬਹੁਤ ਸੌਖਾ ਸਮਾਂ-ਬਚਾਊ ਅਤੇ ਦਰਦ-ਰਹਿਤ ਤਰੀਕਾ ਹੈ।
ਸੰਪਰਕ: 98728-43491


Comments Off on ਰਸੌਲੀ ਦੀ ਜਾਂਚ ਲਈ ਬਾਰੀਕ ਸੂਈ ਵਾਲਾ ਟੈਸਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.