ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਰਾਜਨੀਤਕ ਖੇਡ ਦੀ ਦੇਣ ਹੈ ਇਸਲਾਮੀ ਮੂਲਵਾਦ

Posted On December - 18 - 2016

ਸੁਖਪਾਲ ਸਿੰਘ ਹੁੰਦਲ

11812cd _islam (1)ਹਜ਼ਾਰਾਂ ਵਰ੍ਹਿਆਂ ਤੋਂ ਹਿੰਦੁਸਤਾਨ ਦੀ ਧਰਤੀ ’ਤੇ ਮੁਸਲਮਾਨਾਂ ਦੇ ਨਾਲ  ਰਹਿੰਦਿਆਂ ਵੀ ਅਸੀਂ ਇਸਲਾਮ ਬਾਰੇ ਬਹੁਤ ਘੱਟ ਜਾਣਦੇ ਹਾਂ। ਅੱਜ ਦਾ ਮਨੁੱਖ ਇਸਲਾਮ ਬਾਰੇ ਉਸੇ ਤਰ੍ਹਾਂ ਦੇ ਪ੍ਰਭਾਵ ਗ੍ਰਹਿਣ ਕਰਦਾ ਹੈ ਜੋ ਉਹ ਅੱਜ ਦੇ ਯੁੱਗ ਵਿੱਚ ਵੇਖ ਰਿਹਾ ਹੈ।  ਜਦੋਂ ਕਿ ਇਹ ਪਹੁੰਚ  ਵਿਵਹਾਰਕ ਨਹੀਂ ਹੈ   ਅਤੇ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ ।  ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ  ਸਿੱਖਾਂ ਦੇ ਹੋਰ ਧਾਰਮਿਕ ਸਾਹਿਤ ਅਰਥਾਤ ਰਹਿਤਨਾਮਿਆਂ ਆਦਿ ਵਿੱਚ  ਸਿੱਖ  ਲਈ ਸ਼ਰਾਬ ਪੀਣ ਦੀ  ਸਖ਼ਤ ਮਨਾਹੀ ਹੈ, ਪਰ ਦੂਜੇ ਸਮਾਜ ਦਾ ਪੰਜਾਬੀਆਂ ਅਤੇ  ਵਿਸ਼ੇਸ਼ ਕਰਕੇ  ਸਿੱਖਾਂ ਬਾਰੇ  ਇਹੋ ਹੀ ਪ੍ਰਭਾਵ ਹੈ ਕਿ ਸਿੱਖ ਪਿਆਕੜ ਹੁੰਦੇ ਹਨ। ਇਸੇ ਤਰ੍ਹਾਂ   ਇਸਲਾਮ ਦੇ ਸੰਦਰਭ ਵਿੱਚ ਸੋਚਦਿਆਂ ਸਭ ਤੋਂ ਪਹਿਲਾਂ  ਮਹਿਮੂਦ ਗ਼ਜ਼ਨਵੀ ਅਤੇ ਮੁਹੰਮਦ ਗੌਰੀ ਜ਼ਿਹਨ ਵਿੱਚ ਆਉਂਦੇ ਹਨ । ਉਸ ਤੋਂ ਬਾਅਦ ਔਰੰਗਜ਼ੇਬ  ਅਤੇ 1947 ਵਿੱਚ ਪੱਛਮੀ ਪੰਜਾਬ ਵਿੱਚ  ਲੀਗੀਆਂ  ਵੱਲੋਂ ਉੱਤਰ ਪੱਛਮੀ ਸਰਹੱਦੀ ਸੂਬੇ ਦੇ  ਅਫ਼ਰੀਦੀ ਅਤੇ ਵਹਾਬੀ ਪਠਾਣਾਂ ਹੱਥੋਂ ਹਿੰਦੂਆਂ ਅਤੇ ਸਿੱਖਾਂ ਦਾ ਕਰਵਾਇਆ ਗਿਆ  ਕਤਲੇਆਮ ਮਨ ਵਿੱਚ ਆਉਂਦਾ ਹੈ। ਅੱਜ ਦੇ ਸਮੇਂ ਵਿੱਚ ਵੀ ਅਸੀਂ ਤਾਲਿਬਾਨਵਾਦ ਨੂੰ ਮੁੱਖ ਰੱਖਕੇ  ਇਸਲਾਮ ਬਾਰੇ ਆਪਣੀਆਂ ਧਾਰਨਾਵਾਂ ਅਤੇ ਮੁਸਲਮਾਨਾਂ ਬਾਰੇ ਆਪਣਾ ਨਜ਼ਰੀਆ ਬਣਾਉਂਦੇ ਹਾਂ ਜਦੋਂ ਕਿ  ਅਸਲੀਅਤ ਇਸ ਤੋਂ ਉਲਟ ਹੈ।
ਇਸਲਾਮ ਸਹਿਣਸ਼ੀਲਤਾ ਅਤੇ ਉਦਾਰਤਾ ਦਾ ਵਧੀਆ ਨਮੂਨਾ ਪੇਸ਼ ਕਰਦਾ ਹੈ । ਜਿੱਥੋਂ ਤੱਕ ਇਸਲਾਮ ’ਚ ਤਸ਼ੱਦਦ ਅਤੇ ਦੂਜੇ ਧਰਮਾਂ ’ਤੇ ਜ਼ੁਲਮਾਂ ਦਾ ਸੁਆਲ ਹੈ ਤਾਂ ਇਸਲਾਮ ਦੇ ਖ਼ਿਲਾਫ਼ ਬੋਲਣ ਵਾਲਿਆਂ ਦਾ ਕਹਿਣਾ ਹੈ ਕਿ ਇਸਲਾਮ ਸ਼ੁਰੂ ਤੋਂ ਹੀ ਤਲਵਾਰ ਦਾ ਧਰਮ ਰਿਹਾ ਹੈ ਜਿਸ ਵਿੱਚ ਲੜਾਈ ਅਤੇ  ਮਰਨ ਮਾਰਨ ਨੂੰ ਬਹੁਤ ਤਰਜੀਹ ਦਿੱਤੀ ਗਈ ਹੈ।  ਇਸ ਦਾ ਵੱਡਾ ਕਾਰਨ ਇਹ ਹੈ ਕਿ ਇਸਲਾਮ ਦੀ ਪੈਦਾਇਸ਼ ਹੀ ਜੰਗਜੂ ਬੱਦੂ ਕੁਰੈਸ਼   ਕਬੀਲਿਆਂ  ਵਿੱਚ ਹੋਈ  ਜੋ ਆਪਸ ਵਿੱਚ ਵਪਾਰਕ ਰਸਤਿਆਂ ਪਿੱਛੇ ਲੜਦੇ ਰਹਿੰਦੇ ਸਨ।  ਸਥਿਤੀ ਇਹ ਸੀ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਆਗਮਨ ਹੋਇਆ ਉਸ ਸਮੇਂ ਕੁਰੈਸ਼ ਕਬੀਲਿਆਂ ਵਿੱਚ ਜਿਉਂਦੇ ਆਦਮੀਆਂ ਨਾਲੋਂ ਵਿਧਵਾਵਾਂ ਦੀ ਗਿਣਤੀ  ਜ਼ਿਆਦਾ ਸੀ।   ਹਰ ਧਰਮ ਦੀ ਤਰ੍ਹਾਂ ਇਸਲਾਮ ਵੀ ਸਮਾਜ ਸੁਧਾਰ ਦਾ ਧਰਮ ਹੈ ਅਤੇ  ਹਜ਼ਰਤ ਮੁਹੰਮਦ ਸਾਹਿਬ ਨੇ ਕੁਰੈਸ਼ ਕਬੀਲੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ  ਦੂਰ ਕਰਨ ਦਾ ਬੀੜਾ ਚੁੱਕਿਆ,   ਪਰ ਇਸਲਾਮ ਉਤੇ ਇਨ੍ਹਾਂ ਕਬੀਲਿਆਂ ਦੀ ਜ਼ਹਿਨੀਅਤ ਦੀ ਮੋਹਰ ਲੱਗੀ ਹੋਈ ਸੀ ਜੋ ਸਦੀਆਂ ਬਾਅਦ ਵੀ ਨਹੀਂ ਮਿਟੀ।  ਮੁਹੰਮਦ ਸਾਹਿਬ ਤੋਂ ਪਿੱਛੋਂ ਜਦੋਂ ਇਸਲਾਮ ਧਰਮ ਦਾ ਖਾਸਾ ਸਮਾਜ ਸੁਧਾਰਕ ਨਾ ਹੋ ਕੇ  ਰਾਜਸੱਤਾ ਦਾ ਪਸਾਰ ਕਰਨ ਦਾ ਬਣ ਗਿਆ ਤਾਂ ਇਹ ਸੰਘਰਸ਼ ਫਿਰ ਵਧ ਗਿਆ ਜਿਸ ਦਾ ਨਤੀਜਾ ਕਰਬਲਾ ਦੀ ਲੜਾਈ ਅਤੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਰੂਪ ਵਿੱਚ ਨਿਕਲਿਆਂ। ਇਸ ਤੋਂ ਇਲਾਵਾ ਇਹ  ਵੀ ਕਿਹਾ ਜਾ ਸਕਦਾ  ਹੈ ਕਿ ਇਸਲਾਮ ’ਚ ਕਾਫ਼ਰਾਂ ਯਾਨੀ ਇਸਲਾਮ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਜੰਗ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਸੁਖਪਾਲ ਸਿੰਘ ਹੁੰਦਲ

ਸੁਖਪਾਲ ਸਿੰਘ ਹੁੰਦਲ

ਧਰਮਾਂ ਵਾਲਿਆਂ ਨੇ ਆਪੋ  ਆਪਣੇ ਧਰਮਾਂ  ਦੀਆਂ ਘਾਟਾਂ  ਅਤੇ ਔਗੁਣਾਂ ਨੂੰ ਇਸ ਤਰ੍ਹਾਂ ਆਤਮਸਾਤ ਕਰ ਲਿਆ ਹੈ  ਅਤੇ ਅਪਣਾ ਲਿਆ ਹੈ ਕਿ ਉਹ ਉਨ੍ਹਾਂ ਨੂੰ ਨਜ਼ਰ ਹੀ ਨਹੀਂ ਆਉਂਦੀਆਂ। ਉਹ ਦੂਜੇ  ਧਰਮਾਂ ਵੱਲ  ਹੀ ਸੰਕੇਤ ਕਰਦੇ  ਹਨ।   ਅਸਲ ਵਿੱਚ ਦੁਨੀਆਂ ਵਿੱਚ ਕੋਈ ਅਜਿਹਾ ਧਰਮ  ਨਹੀਂ ਜਿਸ ਨੇ ਆਪਣੇ ਧਰਮ ਦੀ ਘੱਟੋ-ਘੱਟ ਤੀਹ ਫ਼ੀਸਦੀ ਵਸੋਂ  ਨੂੰ ਗ਼ੁਲਾਮਾਂ ਜਾਂ ਪਸ਼ੂਆਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਨਾ ਕੀਤਾ ਹੋਵੇ।  ਸਾਡੇ ਦੇਸ਼ ਵਿੱਚ ਤਕਰੀਬਨ ਐਨੇ ਹੀ ਆਦਿਵਾਸੀਆਂ ਨਾਲ ਜੋ ਵਰਤਾਓ ਧਰਮ ਦੇ ਨਾਮ ਜਾਂ ਵਿਸ਼ਵੀਕਰਨ, ਆਧੁਨਿਕਤਾ  ਦੇ ਨਾਮ ’ਤੇ ਕਰਦਿਆਂ ਜਾਇਜ਼ ਠਹਿਰਾਇਆ ਜਾ ਰਿਹਾ ਹੈ,  ਉੰਨੀਆਂ ਜ਼ਿਆਦਤੀਆਂ ਸ਼ਾਇਦ ਹੀ ਕਿਸੇ ਧਰਮ ਵਿੱਚ ਹੋਈਆਂ ਹੋਣ।  ਭਾਰਤੀ ਸਮਾਜ ਵਿੱਚ ਤਥਾ ਕਥਿਤ ਸ਼ੂਦਰਾਂ ਨਾਲ ਜੋ ਵਿਹਾਰ ਹੁੰਦਾ ਰਿਹਾ ਹੈ ਉਹ ਕਿਸੇ ਤੋਂ ਛੁਪਿਆ  ਹੋਇਆ ਨਹੀਂ। ਇਸੇ ਤਰ੍ਹਾਂ ਇਹ ਵਿਚਾਰਨ ਵਾਲੀ ਗੱਲ ਹੈ ਕਿ ਕੀ 18ਵੀਂ ਸਦੀ ਦਾ ਇਸਾਈ ਧਰਮ ਸਹਿਣਸ਼ੀਲਤਾ, ਲੋਕਤੰਤਰ  ਅਤੇ ਮਨੁੱਖ ਦੀ ਵਿਅਕਤੀਗਤ ਸੁਤੰਤਰਤਾ  ’ਚ ਆਸਥਾ ਰੱਖਣ ਵਾਲਾ ਧਰਮ ਸੀ ? ਇਸ ਦਾ ਉੱਤਰ ਨਿਸ਼ਚੇ ਹੀ  ਨਹੀਂ ਵਿੱਚ ਹੋਵੇਗਾ ।  ਇਸ ਨੂੰ ਕੇਵਲ  ਦੋ ਸੌ ਸਾਲ ਦੇ ਅੰਤਰਾਲ ਵਿੱਚ ਨਾ ਵੇਖਦਿਆਂ ਪਿਛਲੇ 2000 ਵਰ੍ਹੇ ਦੀਆਂ ਇਸਾਈ ਧਰਮ ਦੀਆਂ ਗਤੀਵਿਧੀਆਂ ’ਤੇ ਨਜ਼ਰ ਮਾਰੀਏ ਤਾਂ ਜਿੰਨੇ ਜ਼ੁਲਮ ਇਸਾਈ ਮਤ ਦੇ ਅਨੁਯਾਈਆਂ ਨੇ ਲੋਕਾਂ ਉਤੇ ਕੀਤੇ,  ਉਹ ਸ਼ਾਇਦ ਹੀ ਕਿਸੇ ਹੋਰ ਧਰਮ ਨੇ ਕੀਤੇ ਹੋਣ।
ਮਹੱਤਵਪੂਰਨ ਸਵਾਲ ਹੈ ਕਿ ਉਹ ਇਸਾਈ ਸਮਾਜ ਜੋ ਕਈ  ਸੌ ਵਰ੍ਹਿਆਂ ਤੱਕ ਅਸਹਿਣਸ਼ੀਲ , ਕੱਟੜ ਅਤੇ ਸਹਿਹੋਂਦ ਦੇ ਵਿਰੁੱਧ ਰਿਹਾ, ਉਸ ਨੇ ਉਸ ਸਮਾਜ ਨੂੰ ਜਨਮ  ਦਿੱਤਾ ਜੋ ਮਨੁੱਖੀ ਆਜ਼ਾਦੀ ਅਤੇ ਸਹਿਣਸ਼ੀਲਤਾ ਦਾ ਹਾਮੀ ਹੈ।  ਉਹ ਮੁਸਲਿਮ ਸਮਾਜ ਜੋ ਸਹਿਹੋਂਦ ਵਿੱਚ ਯਕੀਨ ਰੱਖਦਾ ਸੀ ਅੱਜ ਐਨਾ ਕੱਟੜ ਅਤੇ ਤੁਅੱਸਬੀ ਕਿਉਂ ਹੋ ਗਿਆ ਹੈ? ਇਸਲਾਮ ਦੀ ਦੁਨੀਆਂ  ਵਿੱਚ ਵੀ ਕਿਸੇ ਮੁਲਕ ਦੇ ਸਮਾਜ ਨੇ ਇਸਲਾਮ ’ਤੇ ਆਪਣਾ ਪ੍ਰਭਾਵ ਪਾ ਕੇ ਉਸ ਨੂੰ ਆਪਣੀ ਮਾਨਸਿਕਤਾ ਅਨੁਸਾਰ ਦਿਸ਼ਾ ਦਿੱਤੀ ਹੈ।  ਇਸਲਾਮ ਦਾ ਰੂਪ ਅਰਬ ਦੇਸ਼ਾਂ ਵਿੱਚ ਉਹ ਨਹੀਂ ਰਿਹਾ ਜੋ ਇਰਾਨ ਜਾਂ ਅਫ਼ਗਾਨਿਸਤਾਨ ਵਿੱਚ ਰਿਹਾ। ਇਸ ਦਾ ਰੂਪ ਸਮੇਂ-ਸਮੇਂਂ  ਬਦਲਦਾ  ਵੀ ਰਿਹਾ  ਹੈ।  ਉਹ ਸਮਾਜ ਜਿਸ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਹੋਵੇ ਕੋਈ ਬਾਹਰਲਾ ਜਾਂ ਅੰਦਰਲਾ ਖ਼ਤਰਾ ਨਾ ਹੋਵੇ, ਉਹ ਸਮਾਜ ਹਮੇਸ਼ਾਂ ਸ਼ਾਂਤ , ਸਥਿਰ ਤੇ ਖੁੱਲ੍ਹਾ ਡੁੱਲਾ ਹੁੰਦਾ ਹੈ।
ਹਿੰਸਕ ਸਮਾਜ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਗੁਆ ਬੈਠਦਾ ਹੈ।  ਇਸੇ ਸੰਦਰਭ ਵਿੱਚ ਅਸੀਂ ਵੇਖਦੇ ਹਾਂ ਕਿ  ਬੜੀ ਰਫ਼ਤਾਰ ਨਾਲ ਤਰੱਕੀ ਕਰਦੀ ਇਸਲਾਮ ਦੀ ਦੁਨੀਆਂ ਵਿੱਚ 15ਵੀਂ  ਸਦੀ ਤੋਂ ਲੈ ਕੇ 19ਵੀਂ, 20ਵੀਂ ਸਦੀ ਵਿਚਕਾਰ ਖੜੋਤ ਆ ਗਈ ਅਤੇ ਪੱਛਮੀ ਦੇਸ਼ ਬੜੀ ਤੇਜ਼ੀ ਨਾਲ ਅੱਗੇ ਵਧਣੇ ਸ਼ੁਰੂ ਹੋ ਗਏ।  ਪੱਛਮੀ/ਇਸਾਈ ਦੇਸ਼ਾਂ ਨੇ ਆਪਣੇ ਧਰਮਾਂ ਨੂੰ ਆਧੁਨਿਕਤਾ ਦੇ ਰੰਗ ਵਿੱਚ ਰੰਗ ਦਿੱਤਾ, ਇਸਲਾਮੀ ਦੁਨੀਆਂ ਵਿੱਚ ਇਹ ਕੁਝ ਨਹੀਂ ਵਾਪਰਿਆ।  ਇਸਲਾਮ ਦੇ ਅੱਜ ਦੇ ਮੂਲਵਾਦੀ ਇਤਿਹਾਸ ਵਿੱਚ ਹੋ ਗੁਜ਼ਰੇ ਉਹ  ਨਾਇਕ ,  ਜਿਨ੍ਹਾਂ ਨੇ ਇਸਲਾਮ ਦੇ ਨਾਮ ’ਤੇ ਅਜਿਹੇ ਜ਼ੁਲਮ ਕੀਤੇ  ਜਿਨ੍ਹਾਂ ਨੂੰ ਵੇਖਕੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ,  ਉਹ ਵੀ  ਹਜ਼ਰਤ ਮੁਹੰਮਦ ਦੇ ਜੀਵਨ ਤੋਂ ਠੀਕ ਜਾਂ ਗ਼ਲਤ ਪ੍ਰੇਰਨਾ ਲੈਣ ਦਾ ਪ੍ਰਭਾਵ ਦਿੰਦੇ ਹਨ।  ਸਾਇੰਸ, ਉਦਯੋਗ, ਲੜਾਈ ਦੇ ਹਥਿਆਰਾਂ ਆਦਿ ਦੇ ਖੇਤਰ ਵਿੱਚ ਪੱਛਮੀ ਦੇਸ਼ਾਂ ਦੀ ਤਰੱਕੀ ਨੇ ਇਸਲਾਮੀ ਦੇਸ਼ਾਂ ਨੂੰ ਹਾਸ਼ੀਏ ’ਤੇ ਸੁੱਟ ਦਿੱਤਾ । ਇਸਲਾਮੀ ਦੇਸ਼ਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕਦਰਾਂ ਕੀਮਤਾਂ, ਸਦਾਚਾਰ, ਕਾਰ ਵਿਹਾਰ ’ਤੇ ਕਿਧਰੇ ਪੱਛਮੀ ਰੰਗ ਹੀ ਨਾ ਚੜ੍ਹ ਜਾਵੇ, ਉਹ ਕਿਤੇ ਖ਼ਤਮ ਹੀ ਨਾ ਹੋ ਜਾਣ।
18ਵੀਂ ਸਦੀ ਦੇ ਅੰਤ ਵਿੱਚ ਇਸਲਾਮੀ ਦੇਸ਼ਾਂ ਖਾਸ ਕਰ ਕੇ ਭੂ-ਮੱਧ ਸਾਗਰ ਦੁਆਲੇ ਵਸਦੇ ਇਸਲਾਮੀ ਮੁਲਕਾਂ ਨੂੰ ਇਹ ਅਨੁਭਵ ਹੋਣ ਲੱਗਾ ਕਿ ਉਹ ਇਤਿਹਾਸ ਦੇ ਹਾਸ਼ੀਏ ’ਤੇ ਸੁੱਟੇ ਜਾ ਰਹੇ ਹਨ । ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਉਦੋਂ ਅਨੁਭਵ ਹੋਇਆ ਜਦੋਂ  ਫਰਾਂਸ ਦੇ  ਨੈਪੋਲੀਅਨ ਨੇ  (1799 ਵਿੱਚ)   ਮਿਸਰ , ਸੀਰੀਆ, ਲੈਬਨਾਨ  ਦੇ ਖੇਤਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਤ ਦਿੱਤੀ । ਉਨ੍ਹਾਂ ਦੀਆਂ ਪ੍ਰਾਚੀਨ ਸੱਭਿਆਤਾਵਾਂ ਅਤੇ ਸਮਾਰਕਾਂ ਨੂੰ ਲੁੱਟ ਕੇ ਆਪਣੇ ਅਜਾਇਬ ਘਰ ਭਰ ਲਏ। ਮਿਸਰ ਅਤੇ ਤੁਰਕੀ ਨੇ ਮਹਿਸੂਸ ਕੀਤਾ ਕਿ ਅਸੀਂ ਤਾਂ ਪਿੱਛੇ ਰਹਿ ਗਏ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਆਧੁਨਿਕ ਕਰਨਾ ਸ਼ੁਰੂ ਕੀਤਾ, ਪਰ ਪੱਛਮੀ ਦੇਸ਼ਾਂ ਨੂੰ ਇਹ ਵੀ ਪਸੰਦ ਨਾ ਆਇਆ ।
ਦੁਨੀਆਂ ਵਿੱਚ  ਦੋ ਤਿੰਨ  ਸਾਮਰਾਜਵਾਦੀ ਸ਼ਕਤੀਆਂ  ਅਜਿਹੀਆਂ ਹਨ ਜਿਨ੍ਹਾਂ ਦਾ ਅਰਥਚਾਰਾ  ਹਥਿਆਰ, ਗੋਲਾ ਬਾਰੂਦ ਅਤੇ ਲੜਾਕੂ ਜਹਾਜ਼ਾਂ ਆਦਿ ਦੀ ਵਿਕਰੀ ’ਤੇ ਨਿਰਭਰ ਹੈ।  ਇਸ ਤੋਂ ਇਲਾਵਾ ਇਹ ਮੁਲਕ ਹੋਰ ਮੁਲਕਾਂ ਦੇ ਕੁਦਰਤੀ ਸਾਧਨਾਂ ਅਰਥਾਤ ਤੇਲ, ਗੈਸ ਆਦਿ ’ਤੇ  ਸਿੱਧੇ ਜਾਂ ਅਸਿੱਧੇ ਤੌਰ  ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਇਸ ਲਈ ਇਨ੍ਹਾਂ  ਲਈ  ਅਮਨ ਜ਼ਹਿਰ ਅਤੇ  ਜੰਗ ਅੰਮ੍ਰਿਤ ਦੀ ਤਰ੍ਹਾਂ ਹੈ।  ਇਹ ਸ਼ਕਤੀਆਂ  ਪੱਛੜੇ ਹੋਏ ਜਾਂ ਵਿਕਾਸਸ਼ੀਲ ਦੇਸ਼ਾਂ ਦਾ ਵਿਕਾਸ ਨਹੀਂ ਚਾਹੁੰਦੀਆਂ, ਬਲਕਿ ਉਨ੍ਹਾਂ ਨੂੰ ਹਮੇਸ਼ਾ ਕਮਜ਼ੋਰ ਵੇਖਣਾ ਚਾਹੁੰਦੀਆਂ ਹਨ।  ਅਜਿਹੀਆਂ ਸ਼ਕਤੀਆਂ ਜਦੋਂ ਅਫ਼ਗਾਨਿਸਤਾਨ ਵਿੱਚ ਬਦਅਮਨੀ ਕਰਵਾਉਣ ਲਈ  ਮੁਜ਼ਾਹੀਦੀਨ ਅਤੇ ਤਾਲਿਬਾਨ ਦੀ ਹਰ ਤਰ੍ਹਾਂ ਨਾਲ ਮਦਦ ਕਰਦੀਆਂ ਹਨ ਤਾਂ ਇਨ੍ਹਾਂ ਨੂੰ ਚੰਗਾ ਲੱਗਦਾ ਹੈ। ਜਦੋਂ ਇਹ  ਰਸਾਇਣਕ ਹਥਿਆਰਾਂ ਦਾ ਬਹਾਨਾ ਬਣਾ ਕੇ ਇਰਾਕ ਵਿੱਚ ਜੰਗ ਛੇੜਦੀਆਂ ਹਨ ਤਾਂ  ਵੀ ਇਹ ਆਪਣੇ ਆਪ ਨੂੰ ਉਚਿਤ ਸਮਝਦੀਆਂ ਹਨ।  ਜਦੋਂ ਇਸਲਾਮਿਕ ਮੂਲਵਾਦੀ ਆਪਣੇ ਮੁਲਕਾਂ ਵਿੱਚ  ਤਬਾਹੀ ਮਚਾਉਂਦੇ ਹਨ ਤਾਂ  ਇਨ੍ਹਾਂ ਸ਼ਕਤੀਆਂ ਨੂੰ ਬੜਾ ਚੰਗਾ ਲੱਗਦਾ ਹੈ, ਪਰ ਜਦੋਂ ਇਨ੍ਹਾਂ ਦਾ ਆਪਣਾ ਹੀ ਪੈਦਾ ਕੀਤਾ ਹੋਇਆ ਕੋਈ ਇਸ ਤਰ੍ਹਾਂ ਦਾ ਯੋਧਾ ਵਿਸ਼ਵ ਵਪਾਰ ਟਾਵਰ ਨੂੰ ਤਹਿਸ ਨਹਿਸ ਕਰਦਾ ਹੈ ਤਾਂ ਇਹ ਤਿਲਮਿਲਾ ਉਠਦੇ ਹਨ।  ਅਸਲ ਵਿੱਚ  ਇਸਲਾਮਿਕ ਮੂਲਵਾਦ ਦੇ ਉਤਪੰਨ ਹੋਣ ਅਤੇ ਫੈਲਣ ਦਾ ਵੱਡਾ ਕਾਰਨ ਸਾਮਰਾਜੀ ਸ਼ਕਤੀਆਂ ਦੀ  ਦਖਲਅੰਦਾਜ਼ੀ  ਅਤੇ  ਸੰਸਾਰ ਅਮਨ ਨੂੰ ਦਾਅ ’ਤੇ ਲਾਉਣ ਦੀ  ਖੇਡ  ਵੀ ਹੈ ।
ਕੋਈ ਵੀ  ਧਰਮ  ਸਮੁੱਚੇ ਤੌਰ ’ਤੇ ਮੂਲਵਾਦੀ ਨਹੀਂ ਹੈ। ਮੂਲਵਾਦ ਸਿਰਫ਼ ਰਾਜਨੀਤਕ ਸ਼ਕਤੀਆਂ ਦਾ ਸੱਤਾ ਪ੍ਰਾਪਤ ਕਰਨ ਲਈ ਹਥਿਆਰ ਹੁੰਦਾ ਹੈ ਜਾਂ ਸੱਤਾ ’ਤੇ ਕਾਬਜ਼ ਹੋ ਕੇ ਉਸ ਨੂੰ ਕਾਇਮ ਰੱਖਣ ਲਈ ਹਰਬਾ ਹੁੰਦਾ ਹੈ।  ਇਸਲਾਮਿਕ ਮੂਲਵਾਦ ਦੇ ਕਾਰਨ ਵੀ ਧਾਰਮਿਕ ਨਾ ਹੋ ਕੇ ਰਾਜਨੀਤਕ ਹਨ।  ਔਰੰਗਜ਼ੇਬ ਇਸ ਕਰਕੇ ਕੱਟੜ  ਅਤੇ ਜਨੂੰਨੀ   ਨਹੀਂ ਸੀ ਕਿ ਉਹ ਬਹੁਤ ਸੱਚਾ ਮੁਸਲਮਾਨ ਸੀ, ਅਸਲ ਵਿੱਚ ਉਹ ਆਪਣੇ ਭਰਾਵਾਂ ਦੇ ਕਤਲਾਂ ਅਤੇ ਆਪਣੇ ਬਾਪ ਨੂੰ  ਦਿੱਤੇ ਸਦਮੇ  ਦੀਆਂ ਘਿਨਾਉਣੀਆਂ ਕਾਰਵਾਈਆਂ ’ਤੇ ਪਰਦਾ ਪਾਉਣ ਲਈ  ਵਕਤ ਦੇ ਮੁਲਾਣਿਆਂ ਦੀ ਨਜ਼ਰ ਵਿੱਚ ਸੱਚਾ ਮੁਸਲਮਾਨ ਹੋਣ ਦਾ ਪ੍ਰਭਾਵ ਦੇਣਾ ਚਾਹੁੰਦਾ ਸੀ ਅਤੇ ਇਸ ਤਰ੍ਹਾਂ ਆਪਣੀ  ਲੋਕਪ੍ਰਿਯਤਾ ਵਧਾਉਣੀ ਚਾਹੁੰਦਾ ਸੀ।
ਇੱਥੇ ਇੱਕ ਇਤਿਹਾਸਕ ਤੱਥ ਦਾ ਜ਼ਿਕਰ ਕਰਨਾ ਉਚਿਤ ਹੋਵੇਗਾ। ਪੰਜਾਬ ਵਿੱਚ ਨਕਸ਼ਬੰਦੀ  ਸੂਫ਼ੀ ਸਿਲਸਿਲੇ ਦੇ ਪ੍ਰਚਾਰਕ  ਹਜ਼ਰਤ ਸ਼ੇਖ ਅਹਿਮਦ ਫ਼ਾਰੂਕੀ ਸਰਹੰਦੀ ਪ੍ਰਸਿੱਧ  ਇਮਾਮ ਹੋਏ ਹਨ। ‘ਮਕਤੂਬਾਤਿ ਇਮਾਮ ਰੱਬਾਨੀ’  ਪ੍ਰਸਿੱਧ ਪੁਸਤਕ ਹੈ ਜਿਸ ਵਿੱਚ ਸ਼ੇਖ ਅਹਿਮਦ ਸਰਹੰਦੀ ਦੇ ਪੱਤਰ ਦਰਜ ਹਨ।  ਇਨ੍ਹਾਂ ਵਿੱਚ ਇੱਕ ਪੱਤਰ ਰਾਹੀਂ  ਉਨ੍ਹਾਂ ਨੇ ਸ੍ਰੀ  ਗੁਰੂ  ਅਰਜਨ ਦੇਵ ਜੀ  ਦੀ  ਸ਼ਹਾਦਤ ’ਤੇ ਬਹੁਤ ਘਟੀਆ ਪ੍ਰਤੀਕਿਰਿਆ ਦਿੱਤੀ ਹੈ। ਇਹ ਇਬਾਰਤ ਪੜ੍ਹਕੇ  ਧਰਮਾਂ ਬਾਰੇ ਸਾਧਾਰਨ ਸੂਝ ਰੱਖਣ ਵਾਲੇ  ਆਮ ਵਿਅਕਤੀ ਨੂੰ ਵੀ ਬੜੀ ਹੈਰਤ ਹੁੰਦੀ ਹੈ ਕਿ  ਇੱਕ ਇੰਨੇ ਉੱਚ ਪਾਏ ਦਾ ਫ਼ਕੀਰ ਕਿਸੇ ਹੋਰ ਧਰਮ ਦੇ  ਸ਼ੁਰੂ ਬਾਰੇ ਇਸ ਤਰ੍ਹਾਂ ਦੇ ਨਫ਼ਰਤ ਭਰੇ ਵਿਚਾਰ ਕਿਉਂ  ਰੱਖਦਾ ਸੀ ਜਦੋਂ ਕਿ ਉਸ ਦਾ ਸਮਕਾਲੀ ਇੱਕ ਹੋਰ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਇਸ ਅੱਤਿਆਚਾਰ ਦੀ ਘਟਨਾ ’ਤੇ ਤੜਪ ਉੱਠਿਆ ਸੀ। ਇਸ ਦੇ ਕਾਰਨ ਰਾਜਨੀਤਕ ਸਨ। ਹਿੰਦੂ  ਦੀਵਾਨ ਸੁੱਚਾ ਨੰਦ ਨੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਬਾਰੇ ਆਖਿਆ ਸੀ  ਕਿ ‘‘ਸੱਪਾਂ ਨੂੰ ਮਾਰਨਾ ਅਤੇ  ਸਪੋਲੀਆਂ  ਦੀ  ਦੇਖਭਾਲ  ਕਰਨੀ ਅਕਲਮੰਦਾਂ ਦਾ ਕੰਮ ਨਹੀਂ ਹੈ  ਕਿਉਂਕਿ ਬਘਿਆੜ ਦਾ ਬੱਚਾ ਆਖ਼ਿਰ  ਬਘਿਆੜ ਹੀ ਹੋਵੇਗਾ’’ ਜਦੋਂਕਿ ਇਸ ਦੀ ਤੁਲਨਾ ਵਿੱਚ  ਇੱਕ ਮੁਸਲਮਾਨ ਨਵਾਬ  ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਨੇ ਕਿਹਾ ਸੀ ਕਿ ਇਸਲਾਮ  ਬੱਚਿਆਂ ਅਤੇ ਔਰਤਾਂ ਉਤੇ ਤਸ਼ੱਦਦ ਕਰਨ ਦੀ ਆਗਿਆ ਨਹੀਂ ਦਿੰਦਾ, ਜੇਕਰ ਮੇਰੇ ਵਿੱਚ ਬਹਾਦਰੀ ਦਾ ਕੋਈ ਅੰਸ਼ ਹੋਇਆ ਤਾਂ ਮੈਂ ਗੁਰੂ ਗੋਬਿੰਦ ਸਿੰਘ ਨਾਲ ਜੰਗ ਦੇ ਮੈਦਾਨ ਵਿੱਚ ਟਾਕਰਾ ਕਰਾਂਗਾ। ਕਾਰਨ ਸਪੱਸ਼ਟ ਤੌਰ ’ਤੇ ਰਾਜਨੀਤਕ ਸਨ।  ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਕਿ ਦੂਜਿਆਂ ਦੇ ਧਰਮ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਵੇ। ਅਸਲ ਵਿੱਚ ਰਾਜਨੀਤੀ ਹਮੇਸ਼ਾ ਪ੍ਰਬਲ ਰਹਿੰਦੀ ਹੈ ਅਤੇ ਧਰਮਾਂ ਦੇ ਪੇਸ਼ਵਾਵਾਂ ਵਿੱਚ ਇੰਨੀ ਜੁਰੱਅਤ ਨਹੀਂ ਹੁੰਦੀ ਕਿ ਉਹ  ਸੁਤੰਤਰ ਤੌਰ ’ਤੇ ਵਿਚਰ ਸਕਣ ਅਤੇ ਵਕਤ ਦੇ ਹਾਕਮਾਂ ਦਾ ਵਿਰੋਧ ਕਰ ਸਕਣ।  ਵਕਤ ਦੇ ਹਾਕਮਾਂ ਨੂੰ ਵੰਗਾਰਨ ਦੀ ਬੌਧਿਕ ਸਮਰੱਥਾ ਅਤੇ ਬਲ ਕੇਵਲ  ਸਮੇਂ ਦੇ ਨਾਇਕਾਂ ਵਿੱਚ ਹੁੰਦਾ  ਹੈ, ਧਾਰਮਿਕ  ਪੇਸ਼ਵਾਵਾਂ ਕੋਲ ਨਹੀਂ ।  ਇਸਲਾਮ ਵਿੱਚ ਵੀ ਇਸੇ ਤਰ੍ਹਾਂ ਵਾਪਰਦਾ ਰਿਹਾ ਹੈ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਧਾਰਮਿਕ ਮੂਲਵਾਦ ਦੇ ਕਾਰਨ  ਕੇਵਲ ਰਾਜਨੀਤਕ ਹੁੰਦੇ ਹਨ।  ਅੱਜ ਦੇ ਸਮੇਂ ਵਿੱਚ ਫੈਲੇ ਹੋਏ ਇਸਲਾਮਿਕ ਮੂਲਵਾਦ ਦੇ ਕਾਰਨ ਵੀ ਰਾਜਨੀਤਕ ਹਨ।

ਸੰਪਰਕ: 98145-28282


Comments Off on ਰਾਜਨੀਤਕ ਖੇਡ ਦੀ ਦੇਣ ਹੈ ਇਸਲਾਮੀ ਮੂਲਵਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.