ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਰਾਮ ਸਿੰਘ ਮੱਲ੍ਹੀ ਨੇ ਗੱਡੀ ਸੀ ਪਿੰਡ ਜੌੜਕੀਆਂ ਦੀ ਮੋੜ੍ਹੀ

Posted On December - 9 - 2016

ਬਲਜਿੰਦਰ ਜੌੜਕੀਆਂ

ਪਿੰਡ ਜੌੜਕੀਆਂ ਦਾ ਗੁਰਦੁਆਰਾ।

ਪਿੰਡ ਜੌੜਕੀਆਂ ਦਾ ਗੁਰਦੁਆਰਾ।

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ। ਇਹ ਪਿੰਡ ਮਾਨਸਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਜੌੜਕੀਆਂ ਦੀ ਦੱਖਣੀ ਹੱਦ ਹਰਿਆਣਾ ਅਤੇ ਪੱਛਮੀ ਹੱਦ ਬਠਿੰਡੇ ਨਾਲ ਲਗਦੀ ਹੈ। ਪੁਰਾਤਨ ਸਮੇਂ ਵਿੱਚ ਪਟਿਆਲਾ ਰਿਆਸਤ ’ਚ ਪੈਂਦੇ ਇਸ ਪਿੰਡ ਵਿੱਚ ਬਹੁਗਿਣਤੀ ’ਚ ਸਿੱਧੂ ਗੋਤ ਦੇ ਵਸਨੀਕ ਹਨ। ਇਸ ਤੋਂ ਇਲਾਵਾ ਵੜੈਚ, ਮੱਲ੍ਹੀ, ਢਿੱਲੋਂ ਅਤੇ ਮਾਨ ਗੋਤ ਨਾਲ ਸਬੰਧਿਤ ਪਰਿਵਾਰ ਵੀ ਪਿੰਡ ਵਿੱਚ ਵਸਦੇ ਹਨ। ਇਸ ਪਿੰਡ ਦਾ ਮੁੱਢ ਬੰਨ੍ਹਣ ਸਬੰਧੀ ਪਿੰਡ ਦੇ ਬਜ਼ੁਰਗ ਦਸਦੇ ਹਨ ਕਿ 1820 ਦੇ ਕਰੀਬ ਸਹਿਣੇ-ਭਦੌੜ ਤੋਂ ਰਾਮ ਸਿੰਘ ਮੱਲ੍ਹੀ ਨੇ ਇਹ ਪਿੰਡ ਦੀ ਮੋੜ੍ਹੀ ਗੱਡੀ ਸੀ। ਇਸੇ ਕਰਕੇ ਪੁਰਾਤਨ ਰਿਕਾਰਡ ’ਚ ਪਿੰਡ ਦਾ ਨਾਂ ਰਾਮਗੜ੍ਹ ਬੋਲਦਾ ਹੈ। ਰਾਮ ਸਿੰਘ ਨੇ ਆਪਣੀ ਸਹਾਇਤਾ ਲਈ ਬੱਧਨੀ ਵਾਲੇ ਪਾਸਿਓਂ ਕੁਝ ਵੜੈਚਾਂ ਦੇ ਪਰਿਵਾਰ ਲਿਆਂਦੇ ਸਨ। ਗੁਆਂਢੀ ਪਿੰਡ ਸੂਰਤੀਏ ਦੇ ਵੈਲੀ ਰਾਮ ਸਿੰਘ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ ਤਾਂ ਉਸ ਨੇ ਗੁਆਂਢੀ ਪਿੰਡ ਨੰਗਲੇ ਨੂੰ ਮਦਦ ਦੀ ਬੇਨਤੀ ਕੀਤੀ ਤਾਂ ਉੱੱਥੋਂ ਦੇ ਚੜ੍ਹਤ ਸਿੰਘ ਸਿੱਧੂ ਨੇ ਆਪਣੇ ਤਿੰਨ ਬੇਟੇ ਖਜ਼ਾਨ ਸਿੰਘ, ਪੂਰਨ ਸਿੰਘ ਤੇ ਜਗਤ ਸਿੰਘ ਮਦਦ ਲਈ ਭੇਜੇ। ਉਨ੍ਹਾਂ ਦੇ ਨਾਂਵਾਂ ’ਤੇ ਅੱਜ ਵੀ ਸਿੱਧੂ ਗੋਤ ਦੇ ਵੱਡੇ ਲਾਣੇ ਮੌਜੂਦ ਹਨ।
ਪਿੰਡ ਦੇ ਚੜ੍ਹਦੇ ਵਾਲੇ ਪਾਸੇ ਨਹਿਰੀ ਮਹਿਕਮੇ ਦਾ ਆਰਾਮ ਘਰ ਹੁੰਦਾ ਸੀ ਜਿੱਥੇ ਪੂਰੀ ਚਹਿਲ-ਪਹਿਲ ਹੋਇਆ ਕਰਦੀ ਸੀ। ਵੱਖੋ-ਵੱਖ ਸਰਕਾਰੀ ਮੀਟਿੰਗਾਂ ਅਕਸਰ ਇੱਥੇ ਹੀ ਹੁੰਦੀਆਂ ਸਨ ਪਰ ਪਿਛਲੇ ਸਮੇਂ ਵਿੱਚ ਸਰਕਾਰ ਨੇ ਇਸ ਨਹਿਰੀ ਆਰਾਮ ਘਰ ਨੂੰ ਵੇਚ ਕੇ ਪਿੰਡ ਨੂੰ ਇਸ ਵਿਰਾਸਤੀ ਨਿਸ਼ਾਨੀ ਤੋਂ ਵਾਂਝਾ ਕਰ ਦਿੱਤਾ। ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਪਿੰਡ ਵਿੱਚ ਸੂਰਾਂ ਵਾਲੀ ਢਾਬ, ਪਿੰਡ ਵਿਚਲੀ ਪੁਰਾਤਨ ਹਵੇਲੀ ਅਤੇ ਪੁਰਾਣਾ ਖੂਹ ਜੋ ਅੱਜ ਆਪਣੀ ਹੋਂਦ ਗੁਆ ਚੁੱਕੇ ਹਨ। ਪਿੰਡ ਵਿੱਚ 400 ਦੇ ਕਰੀਬ ਘਰ ਹਨ, ਆਬਾਦੀ 2500 ਦੇ ਲਗਪਗ ਹੈ ਅਤੇ ਵੋਟਾਂ ਦੀ ਗਿਣਤੀ 1600 ਹੈ। ਪਿੰਡ ਵਿੱਚ ਮਹਾਜਨ, ਪੰਡਿਤ, ਤਰਖਾਣ, ਘੁਮਿਆਰ, ਰਾਜੇ ਸਿੱਖ, ਦਰਜੀ ਆਦਿ ਭਾਈਚਾਰਿਆਂ ਦੇ ਪਰਿਵਾਰ ਵੀ ਘੁੱਗ ਵਸਦੇ ਹਨ। ਦੁੱਖ-ਸੁੱਖ ’ਚ ਸਾਰੇ ਪਿੰਡ ਦੀ ਪੂਰੀ ਸਾਂਝ ਹੈ ਤੇ ਸਾਰੇ ਨਗਰ ਨਿਵਾਸੀ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਹਨ। 1947 ਦੇ ਰੌਲੇ-ਗੌਲੇ ਤੇ ਅਤਿਵਾਦ ਦੀ ਕਾਲੀ ਹਨੇਰੀ ਸਮੇਂ ਵੀ ਪਿੰਡ ਕਾਲੇ ਪ੍ਰਛਾਵਿਆਂ ਤੋਂ ਮੁਕਤ ਰਿਹਾ। ਭਾਂਵੇ ਪਿੰਡ ’ਚ ਚੜ੍ਹਦੇ ਵਾਲੇ ਪਾਸੇ ਬਹੁਤ ਪੁਰਤਾਨ ਸਮੇਂ ਤੋਂ ਥਾਣਾ ਹੈ ਪਰ ਪਿੰਡ ਦੇ ਇੱਕਾ-ਦੁੱਕਾ ਮਸਲੇ ਹੀ ਪੁਲੀਸ ਤਕ ਜਾਂਦੇ ਹਨ। ਪਿੰਡ ਵਿੱਚ ਜੇ ਕੋਈ ਅਜਿਹਾ ਮਸਲਾ ਪੈਦਾ ਵੀ ਹੁੰਦਾ ਹੈ ਤਾਂ ਇਸ ਨੂੰ ਪੰਚਾਇਤੀ ਪੱਧਰ ’ਤੇ ਹੀ ਨਿਪਟਾ ਲਿਆ ਜਾਂਦਾ ਹੈ।
ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਸਿੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਿਹਤ ਲਈ ਮੁੱਢਲਾ ਸਿਹਤ ਕੇਂਦਰ ਮੌਜੂਦ ਹੈ। ਪਰ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਤੇ ਹਸਪਤਾਲ ’ਚ ਡਾਕਟਰਾਂ ਦੀ ਕਮੀ ਪਿੰੰਡ ਵਾਸੀਆਂ ਨੂੰ ਸਦਾ ਹੀ ਰੜਕਦੀ ਹੈ। ਵਾਟਰ-ਵਰਕਸ, ਪਸ਼ੂ ਹਸਪਤਾਲ, ਦਾਣਾ ਮੰਡੀ, ਟੈਲੀਫੋਨ ਐਕਸਚੇਂਜ, ਬਿਜਲੀ ਦਾ ਗਰਿੱਡ, ਬਹੁ-ਮੰਤਵੀ ਸਹਿਕਾਰੀ ਸਭਾ, ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਅਤੇ ਪਟਵਾਰਖਾਨਾ ਆਦਿ ਸਰਕਾਰੀ ਅਦਾਰੇ ਵੀ ਨਗਰ ਨਿਵਾਸੀਆਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਗਿਆਨੀ ਜੰਗ ਸਿੰਘ ਮੈਮੋਰੀਅਲ ਲਾਇਬ੍ਰੇਰੀ ਪਿੰਡ ਵਾਸੀਆਂ ਨੂੰ ਅੱਖਰ ਗਿਆਨ ਵੱਡ ਰਹੀ ਹੈ। ਨਗਰ ਸਮਾਜਿਕ ਕੁਰੀਤੀਆਂ ਤੋਂ ਬਚਿਆ ਹੋਇਆ ਹੈ ਅਤੇ ਪਿੰਡ ਦੇ ਨੌਜਵਾਨ ਚੰਗੇ ਕਾਰਜਾਂ ਤੇ ਸਮਾਜ ਭਲਾਈ ਲਈ ਪੂਰੇ ਚੇਤੰਨ ਹਨ। ਨੈਸ਼ਨਲ ਪ੍ਰੋਗਰੈਸਿਵ ਕਲੱਬ ਵੱਲੋਂ ਭਾਈ ਮੰਨਾ ਸਿੰਘ, ਅਜਮੇਰ ਸਿੰਘ ਔਲਖ ਅਤੇ ਮੇਘਰਾਜ ਰੱਲ੍ਹਾ ਦੇ ਨਾਟਕਾਂ ਦਾ ਮੰਚਨ ਕਰਵਾਇਆ ਜਾ ਚੁੱਕਾ ਹੈ। ਪਿੰਡ ਦੇ ਨੌਜਵਾਨਾਂ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਪਿੰਡ ਨੂੰ ਆਪਣੇ ਉਨ੍ਹਾਂ ਜਾਇਆਂ ’ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਿਆ ਹੈ ਤੇ ਪਿੰਡ ਦਾ ਨਾਂ ਉੱਚਾ ਕੀਤਾ ਹੈ। ਇਨ੍ਹਾਂ ’ਚ ਸਭ ਤੋਂ ਪਹਿਲਾ ਨਾਂ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਦਾ ਆਉਂਦਾ ਹੈ। ਪਿੰਡ ਦੇ ਮਹਾਜਨ ਪਰਿਵਾਰ ’ਚ ਸਰੂਪ ਚੰਦ ਦੇ ਘਰ ਉਨ੍ਹਾਂ ਦਾ ਜਨਮ ਹੋਇਆ ਤੇ ਉਨ੍ਹਾਂ ਦਾ ਬਚਪਨ ਦਾ ਨਾਂ ਰਮੇਸ਼ ਕੁਮਾਰ ਸੀ ਤੇ ਅੰਮ੍ਰਿਤ ਛਕਣ ਉਪਰੰਤ ਉਹ ਪੰਥਪ੍ਰੀਤ ਸਿੰਘ ਖ਼ਾਲਸਾ ਬਣ ਗਏ। ਇਸ ਤੋਂ ਇਲਾਵਾ ਹੈੱਡਮਾਸਟਰ ਅਮਰੀਕ ਸਿੰਘ, ਸਾਬਕਾ ਸਰਪੰਚ ਤੇ ਐਸ.ਐਸ. ਬੋਰਡ ਦੇ ਸਾਬਕਾ ਮੈਂਬਰ ਐਡਵੋਕੇਟ ਹਰਿੰਦਰ ਸਿੰਘ ਜੌੜਕੀਆਂ, ਐਸ.ਡੀ.ਓ. ਜਨ ਸਿਹਤ ਹਰਚਰਨ ਸਿੰਘ ਸਿੱਧੂ (ਰਿ.), ਲੈਫਟੀਨੈਂਟ ਪ੍ਰਗਟ ਸਿੰਘ ਸਿੱਧੂ, ਸੂਬੇਦਾਰ ਮੇਜਰ ਗੁਰਮੇਲ ਸਿੰਘ ਸਿੱਧੂ, ਪ੍ਰੌਵੀਡੈਂਟ ਫੰਡ ਅਫਸਰ ਹਰਨੇਕ ਸਿੰਘ ਅਤੇ ਪ੍ਰਿੰਸੀਪਲ ਕੰਵਲਜੀਤ ਕੌਰ ਸਮੇਤ ਹੋਰ ਕਈ ਹਸਤੀਆਂ ਨੇ ਪਿੰਡ ਦੀ ਮਿੱਟੀ ਦਾ ਮੁੱਲ ਮੋੜਦੇ ਹੋਏ ਤਰੱਕੀ ਦੀਆਂ ਪੁਲਾਘਾਂ ਭਰੀਆਂ ਹਨ।
ਪਿੰਡ ਵਾਸੀਆਂ ਨੂੰ ਅਜੇ ਵੀ ਕੁਝ ਕੱਚੀਆਂ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਹਨ ਇਸ ਸੀਵਰੇਜ ਪਾਉਣ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਪਿੰਡ ਦੀ ਜ਼ਿਆਦਤਰ ਖੇਤੀ ਵਾਲੀ ਜ਼ਮੀਨ ਲਈ ਨਹਿਰੀ ਪਾਣੀ ਦੀ ਭਾਰੀ ਤੋਟ ਹੈ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਪਿੰਡ ਵਾਸੀਆਂ ਵੱਲੋਂ ਪਿੰਡ ਨੇੜਿਓਂ ਲੰਘਦੀ ਭਾਖੜਾ ਨਹਿਰ ’ਚੋਂ ਪਿੰਡ ਨੂੰ ਪਾਣੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਮੌਜੂਦਾ ਹਾਲਤ ਵਿੱਚ ਕੁਝ ਸੁਧਾਰ ਆ ਸਕੇ। ਪਿੰਡ ਨੇ ਉਂਜ ਭਾਵੇਂ ਕਈ ਖੇਤਰਾਂ ਵਿੱਚ ਤਰੱਕੀ ਕੀਤੀ ਹੈ ਪਰ ਕੁਝ ਸਮੱਸਿਆਵਾਂ ਅਜੇ ਵੀ ਦਰਪੇਸ਼ ਹਨ।
ਸੰਪਰਕ: 9463024575


Comments Off on ਰਾਮ ਸਿੰਘ ਮੱਲ੍ਹੀ ਨੇ ਗੱਡੀ ਸੀ ਪਿੰਡ ਜੌੜਕੀਆਂ ਦੀ ਮੋੜ੍ਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.