ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਵਿਸਰਦੀ ਜਾ ਰਹੀ ਖੇਡ ‘ਬੰਟੇ’

Posted On December - 31 - 2016

12012cd _bantey1ਡਾ. ਸਰਦੂਲ ਸਿੰਘ ਔਜਲਾ

ਬੰਟੇ ਖੇਡਣਾ ਹਰਮਨ ਪਿਆਰੀ ਖੇਡ ਹੈ। ਭਾਵੇਂ ਇਹ ਜ਼ਿਆਦਾਤਰ ਬੱਚੇ ਹੀ ਖੇਡਦੇ ਹਨ, ਪਰ ਸਿਆਣਿਆਂ ਦੀ ਦਿਲਚਸਪੀ ਵੀ ਇਸ ਖੇਡ ਵਿੱਚ ਘੱਟ ਨਹੀਂ ਹੈ। ਇਸੇ ਕਰਕੇ ਹੀ ਬੱਚਿਆਂ ਨੂੂੰ ਖੇਡਦੇ ਦੇਖ ਕੇ ਇਸ ਵਿੱਚ ਨੌਜਵਾਨ ਤੇ ਕਦੇ-ਕਦੇ ਉਨ੍ਹਾਂ ਤੋਂ ਵੱਡੀ ਉਮਰ ਦੇ ਵਿਅਕਤੀ ਵੀ ਸ਼ਾਮਿਲ ਹੋ ਜਾਂਦੇ ਹਨ। ਜ਼ਿਆਦਾਤਰ ਇਹ ਖੇਡ ਸਿਆਲ ਦੇ ਦਿਨਾਂ ਵਿੱਚ ਖੇਡੀ ਜਾਂਦੀ ਹੈ ਕਿਉਂਕਿ ਸਰਦੀਆਂ ਦੀ ਨਿੱਘੀ ਤੇ ਕੋਸੀ ਧੁੱਪ ਵਿੱਚ ਇਹ ਕਿਸੇ ਵੀ ਖਾਲੀ ਥਾਂ ’ਤੇ ਖੇਡ ਲਈ ਜਾਂਦੀ ਹੈ। ਇਸ ਲਈ ਕੋਈ ਵੀ ਵਿਸ਼ੇਸ਼ ਸਮਾਂ ਅਤੇ ਸਥਾਨ ਨਿਸ਼ਚਿਤ ਨਹੀਂ ਹੁੰਦਾ। ਨੀਲੇ, ਪੀਲੇ, ਹਰੇ, ਲਾਲ ਰੰਗ ਦੇ ਬੰਟਿਆਂ ਦੀ ਛਣਕਾਰ ਹਰੇਕ ਦਾ ਦਿਲ ਮੋਹ ਲੈਂਦੀ ਹੈ ਤੇ ਬੱਚੇ ਇਸ ਖੇਡ ਵੱਲ ਸਹਿਜ ਰੂਪ ਵਿੱਚ ਹੀ ਆਕਰਸ਼ਿਤ ਹੋ ਜਾਂਦੇ ਸਨ, ਪਰ ਅੱਜਕੱਲ੍ਹ ਬੱਚੇ ਕੰਿਪਊਟਰਾਂ ’ਤੇ ਜ਼ਿਆਦਾ ਖੇਡਾਂ ਖੇਡਦੇ ਹੋਣ ਕਾਰਨ, ਉਨ੍ਹਾਂ ਵੱਲੋਂ ਬੰਟੇ ਖੇਡਣ ਨੂੰ ਵਿਸਾਰਿਆ ਜਾ ਰਿਹਾ ਹੈ। ਬੰਟਿਆਂ ਨਾਲ ਅੱਗੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ ਭਾਵੇਂ ਕਿ ਇਨ੍ਹਾਂ ਦੇ ਵੀ ਇਲਾਕਾਈ ਭੇਦਾਂ ਕਰਕੇ ਨਾਮ ਵੱਖਰੇ-ਵੱਖਰੇ ਹੋਣ:
ਪਿੜੀ: ਇਸ ਖੇਡ ਦਾ ਨਾਮ ਪਿੜ ਤੋਂ ਪਿਆ ਹੈ ਜਿਸ ਦਾ ਅਰਥ ‘ਪਿੜ’ ਅਰਥਾਤ ਗੋਲ ਦਾਇਰਾ ਹੁੰਦਾ ਹੈ। ਗੋਲਾਕਾਰ ਰੂਪ ਵਿੱਚ ਛੋਟਾ ਜਿਹਾ ਦਾਇਰਾ ਬਣਾ ਕੇ ਬੰਟੇ ਖੇਡਣ ਵਾਲੇ ਖਿਡਾਰੀਆਂ ਵੱਲੋਂ ਇਸ ਵਿੱਚ ਬਰਾਬਰ-ਬਰਾਬਰ ਗਿਣਤੀ ਵਿੱਚ ਬੰਟੇ ਰੱਖ ਦਿੱਤੇ ਜਾਂਦੇ ਹਨ ਅਤੇ ਫਿਰ ‘ਪੁੱਗਣ’ ਤੋਂ ਬਾਅਦ ਆਪਣੀ ਵਾਰੀ ਮੁਤਾਬਕ ਪਿੜੀ ਵਿਚਲੇ ਬੰਟਿਆਂ ’ਤੇ ਆਪਣੀਆਂ ਹੱਥ ਦੀਆਂ ਉਂਗਲਾਂ ਨਾਲ ਨਿਸ਼ਾਨਾ ਲਗਾਇਆ ਜਾਂਦਾ ਹੈ, ਜਿੰਨੇ ਕੋਈ ਖਿਡਾਰੀ ਆਪਣੇ ਨਿਸ਼ਾਨਿਆਂ ਨਾਲ ਵੱਧ ਬੰਟੇ ‘ਪਿੜੀ’ ਵਿੱਚੋਂ ਕੱਢ ਲੈਂਦਾ ਹੈ, ਉਹ ਜੇਤੂ ਬਣ ਜਾਂਦਾ ਹੈ ਅਤੇ ਸਾਰੇ ਬੰਟਿਆਂ ਦੇ ਪਿੜੀ ਵਿੱਚੋਂ ਖ਼ਤਮ ਹੋਣ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
ਨਿਸ਼ਾਨਾ: ਬੰਟਿਆਂ ਨਾਲ ਖੇਡੀ ਜਾਣ ਵਾਲੀ ਦੂਜੀ ਖੇਡ ਨਿਸ਼ਾਨਾ ਹੈ। ਇਸ ਵਿੱਚ ਵੀ ਪਹਿਲਾਂ ਹਰੇਕ ਖਿਡਾਰੀ ਆਪਣਾ ਇੱਕ-ਇੱਕ ਬੰਟਾ ਮਿੱਥੇ ਖੇਤਰ ’ਤੇ ਖੜ੍ਹ ਕੇ ‘ਖੁੱਤੀ’ ਵੱਲ ਸੁੱਟਦਾ ਹੈ। ‘ਖੁੱਤੀ’ ਦੇ ਨਜ਼ਦੀਕ ਜਾਂ ਵਿੱਚ ਬੰਟਾ ਹੋਣ ’ਤੇ ਪਹਿਲਾਂ ਵਾਰੀ ਆਉਂਦੀ ਹੈ, ਜੇਕਰ ਦੂਰ ਹੈ ਤਾਂ ਬਾਅਦ ਵਿੱਚ। ਜੇਕਰ ਖਿਡਾਰੀਆਂ ਦੇ ਬੰਟੇ ਇਸ ਦਰਜੇ ’ਤੇ ਆਉਣ ਸਮੇਂ ਹੀ ਟਕਰਾ ਜਾਣ ਤਾਂ ਦੁਬਾਰਾ ਇਹੀ ਪ੍ਰਕਿਰਿਆ ਦੁਹਰਾਈ ਜਾਂਦੀ ਹੈ। ਇਸ ਵਿੱਚ ਵੀ ਬਰਾਬਰ-ਬਰਾਬਰ ਗਿਣਤੀ ਵਿੱਚ ਬੰਟੇ ਪਾ ਕੇ ਪਹਿਲੇ ਦਰਜੇ ਵਾਲਾ ਖਿਡਾਰੀ ‘ਖੁੱਤੀ’ ਵੱਲ ਉਛਾਲਦਾ ਹੈ ਜਿੰਨੇ ਬੰਟੇ ਖੁੱਤੀ ਵਿੱਚ ਪੈ ਜਾਣ, ਉਹ ਵੀ ਉਸ ਦੇ ਹੁੰਦੇ ਹਨ ਅਤੇ ਦੱਸੇ ਬੰਟੇ ’ਤੇ ਨਿਸ਼ਾਨਾ ਲੱਗਣ ’ਤੇ ਬਾਕੀ ਬੰਟੇ ਵੀ ਉਸ ਦੇ ਹੋ ਜਾਂਦੇ ਹਨ। ਜੇਕਰ ਗ਼ਲਤ ਨਿਸ਼ਾਨਾ ਲੱਗ ਜਾਵੇ ਤਾਂ ‘ਖੁੱਤੀ’ ਵਿਚਲੇ ਬੰਟਿਆਂ ਸਮੇਤ ਇੱਕ ਬੰਟਾ ਕੋਲੋਂ ਜ਼ੁਰਮਾਨਾ ਵੀ ਦੇਣਾ ਪੈਂਦਾ ਹੈ। ਇਹ ਖੇਡ ਅਗਲੇ ਖਿਡਾਰੀਆਂ ਤੱਕ ਕ੍ਰਮਵਾਰ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ।
ਗਧੀ ਲਿਟਾਉਣਾ: ਇਸ ਖੇਡ ਵਿੱਚ ਵੀ ਪਹਿਲੇ ਦੂਜੇ ਦਰਜੇ ’ਤੇ ਪੁੱਗਣ ਦੀ ਪ੍ਰਕਿਰਿਆ ‘ਨਿਸ਼ਾਨਾ’ ਖੇਡ ਵਾਲੀ ਹੀ ਹੈ। ਬਸ ਫ਼ਰਕ ਇਹ ਹੈ ਕਿ ਇਨ੍ਹਾਂ ਵਿੱਚ ਨਿਸ਼ਾਨਾ ਨਹੀਂ ਲਗਾਇਆ ਜਾਂਦਾ, ਸਗੋਂ ਬਰਾਬਰ ਗਿਣਤੀ ਵਿੱਚ ਬੰਟੇ ਪਾ ਕੇ ਵਾਰੀ ਮੁਤਾਬਕ ‘ਗਧੀ ਲਿਟਾਈ’ ਜਾਂਦੀ ਹੈ। ਜੇਕਰ ਵਾਰੀ ਮੁਤਾਬਕ ਖਿਡਾਰੀ ਵੱਲੋਂ ਸੁੱਟੇ ਗਏ ਬੰਟੇ ਟਾਂਕ ਨੰਬਰ ਮੁਤਾਬਕ ਖੁੱਤੀ ਵਿੱਚ ਡਿੱਗਣ ਤਾਂ ਇੱਕ ਛੱਡ ਕੇ ਬਾਕੀ ਚੁੱਕ ਲਏ ਜਾਂਦੇ ਹਨ, ਪਰ ਜੇਕਰ ਜਿਸਤ ਨੰਬਰ ਮੁਤਾਬਕ ਹੋਣ ਤਾਂ ਇੱਕ ਬੰਟਾ ਜ਼ੁਰਮਾਨਾ ਪੁਆ ਕੇ ਮੁੜ ਅਗਲਾ ਖਿਡਾਰੀ ਬੰਟੇ ਸੁੱਟਦਾ ਹੈ।
ਨੱਕਾ ਪੂਰ: ਇਸ ਖੇਡ ਨੂੰ ਨੱਕਾ ਪੂਰ ਜਾਂ ਨੱਕੀ ਪੂਰ ਵੀ ਕਿਹਾ ਜਾਂਦਾ ਹੈ। ਇਹ ਖੇਡ ਜੂਏ ਵਰਗੀ ਹੀ ਹੈ ਕਿਉਂਕਿ ਇਸ ਵਿੱਚ ਵੀ ‘ਚਾਰ ਦਾਅ’ ਹੁੰਦੇ ਹਨ ਜਿਨ੍ਹਾਂ ’ਤੇ ਖਿਡਾਰੀਆਂ ਵੱਲੋਂ ਬੰਟੇ ਲਗਾਏ ਜਾਂਦੇ ਹਨ ਅਤੇ ਜੇਕਰ ਖਿਡਾਰੀ ਦਾ ਦਾਅ ਲੱਗ ਜਾਂਦਾ ਹੈ ਤਾਂ ਉਹ ਬਾਕੀਆਂ ਕੋਲੋਂ ਬੰਟੇ ਜਿੱਤ ਜਾਂਦਾ ਹੈ। ਜੇਕਰ ਉਸ ਦੀ ਮੁੱਠ ਵਿਚਲੇ ਬੰਟੇ ਦਾਅ ’ਤੇ ਲਗਾਏ ਦੂਜੇ ਖਿਡਾਰੀ ਦੇ ਬੰਟਿਆਂ ਨਾਲ ਮੇਲ ਖਾ ਜਾਣ ਤਾਂ ਉਸ ਕੋਲੋਂ ਦਾਅ ’ਤੇ ਲਗਾਏ ਬੰਟਿਆਂ ਦੀ ਗਿਣਤੀ ਮੁਤਾਬਕ ਬੰਟੇ ਲੈ ਲਏ ਜਾਂਦੇ ਹਨ। ਇਹ ਸਿਲਸਿਲਾ ਵੀ ਬਾਕੀ ਖਿਡਾਰੀਆਂ ਕੋਲੋਂ ਬੰਟੇ ਮੁੱਕਣ ਤੱਕ ਜਾਰੀ ਰਹਿੰਦਾ ਹੈ।
ਪੇਲਾ, ਪਿੱਲਾ ਜਾਂ ਟੱਕਾ ਪਿਲਾ: ਇਸ ਖੇਡ ਵਿੱਚ ਖਿਡਾਰੀਆਂ ਵੱਲੋਂ ਆਪਣਾ-ਆਪਣਾ ਇੱਕ ਬੰਟਾ ਇੱਕ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜੋ ਇਨ੍ਹਾਂ ਨੂੰ ਆਪਣੇ ਦੋਹਾਂ ਹੱਥਾਂ ਨਾਲ ਖੜਕਾ ਕੇ ਦੂਰ ਸੁੱਟਦਾ ਹੈ, ਜਿਸ ਦਾ ਬੰਟਾ ਦੂਰ ਜਾਂਦਾ ਹੈ, ਉਸ ਨੂੰ ‘ਮਿੱਦੀ’ ਮੰਨਿਆ ਜਾਂਦਾ ਹੈ, ਭਾਵ ਉਸ ਦੀ ‘ਮੀਤੀ’ ਜਾਂ ‘ਮੀਟੀ’ ਪਹਿਲਾਂ ਹੋਵੇਗੀ। ਉਹ ਪਹਿਲਾਂ ਖੁੱਤੀ ਵਿੱਚ ਆਪਣਾ ਬੰਟਾ ਪਾਉਂਦਾ ਹੈ ਤੇ ਫਿਰ ਦੂਜਿਆ ਦੇ ਬੰਟਿਆਂ ’ਤੇ ਨਿਸ਼ਾਨਾ ਲਗਾਉਂਦਾ ਹੈ। ਨਿਸ਼ਾਨਾ ਲੱਗਣ ’ਤੇ ਮਿੱਥੀ ਗਿਣਤੀ ਮੁਤਾਬਕ ਦੂਜਿਆਂ ਤੋਂ ਬੰਟੇ ਪ੍ਰਾਪਤ ਕਰਦਾ ਹੈ। ਇਸ ਵਿੱਚ ਹੱਥ ਦੇ ਅੰਗੂਠੇ ਤੇ ਉਂਗਲ ਦੇ ਨਾਲ-ਨਾਲ ਨਿਸ਼ਾਨਾ ਲਗਾਉਣ ਦੀ ਮੁਹਾਰਤ ਵੀ ਬਹੁਤ ਕੰਮ ਆਉਂਦੀ ਹੈ।
ਕਲੀ ਜੋਟਾ: ਇਹ ਖੇਡ ਭਾਵੇਂ ਕੌਡੀਆਂ ਨਾਲ ਖੇਡੀ ਜਾਂਦੀ ਹੈ, ਪਰ ਬੰਟਿਆਂ ਨਾਲ ਵੀ ਇਹ ਖੇਡ, ਖੇਡ ਲਈ ਜਾਂਦੀ ਹੈ। ਸਿਆਲ ਨੂੰ ਰਜਾਈ ਦੇ ਨਿੱਘ ਵਿੱਚ ਬੈਠਕੇ ਵੀ ਖੇਡਣ ਵਾਲੀ ਇਸ ਖੇਡ ਦਾ ਬੱਚੇ ਆਨੰਦ ਮਾਣਦੇ ਹਨ। ‘ਮੁੱਠੀ’ ਵਿੱਚ ਇੱਕ ਖਿਡਾਰੀ ਵੱਲੋਂ ਰੱਖੇ ਗਏ ਬੰਟੇ ਜੇਕਰ ਕੋਈ ਦੂਜਾ ਖਿਡਾਰੀ ਬੁੱਝ ਲੈਂਦਾ ਹੈ ਤਾਂ ਮਿੱਥੇ ਬੰਟੇ ਉਸ ਨੂੰ ਦੇਣੇ ਪੈਂਦੇ ਹਨ। ਜੇਕਰ ਬੁੱਝੇ ਨਹੀਂ ਜਾਂਦੇ ਤਾਂ ਬੁੱਝਣ ਵਾਲਾ ਮਿੱਥੇ ਬੰਟੇ ਦੂਜੇ ਨੂੰ ਦਿੰਦਾ ਹੈ।
ਬੰਟਿਆਂ ਦੁਆਰਾ ਖੇਡੀਆਂ ਜਾਂਦੀਆਂ ਇਹ ਖੇਡਾਂ ਹੁਣ ਬੀਤੇ ਦੀਆਂ ਬਾਤਾਂ ਬਣਦੀਆਂ ਜਾ ਰਹੀਆਂ ਹਨ, ਪਰ ਜਿਨ੍ਹਾਂ ਨੇ ਇਹ ਖੇਡਾਂ ਖੇਡੀਆਂ ਹਨ, ਉਨ੍ਹਾਂ ਦੇ ਦਿਲਾਂ ਵਿੱਚ ਅੱਜ ਵੀ ਇਹ ਹਰੇ, ਨੀਲੇ, ਪੀਲੇ, ਲਾਲ ਰੰਗਾਂ ਦੇ ਬੰਟੇ ਆਪਣੇ ਸੰਗੀਤ ਦੀਆਂ ਤਰੰਗਾਂ ਛੇੜਦੇ ਹਨ ਅਤੇ ਕਈ ਵਾਰ ਇਨ੍ਹਾਂ ਨੂੰ ਮੁੜ ਤੋਂ ਖੇਡਣ ਲਈ ਮਨ ਲੋਚਦਾ ਹੈ।

ਸੰਪਰਕ: 98141-68611 


Comments Off on ਵਿਸਰਦੀ ਜਾ ਰਹੀ ਖੇਡ ‘ਬੰਟੇ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.