ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

Posted On December - 20 - 2016

ਪ੍ਰੋ. ਕਿਰਪਾਲ ਸਿੰਘ ਬਡੂੰਗਰ
12012cd _chamkaurਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਲ ਕੰਬਾਊ, ਨਿਵੇਕਲੀ, ਲਾਮਿਸਾਲ ਤੇ ਇਤਿਹਾਸਕ ਘਟਨਾ ਹੈ। ਇਸ ਘਟਨਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਭਾਰਤ ਦੇ ਇਸ ਤੋਂ ਪਿਛਲੇ ਇਤਿਹਾਸ, ਉਸ ਸਮੇਂ ਦੇ ਧਾਰਮਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਕ ਹਾਲਾਤ ਬਾਰੇ ਜਾਣਨਾ ਜ਼ਰੂਰੀ ਹੈ।
ਕਿਸੇ ਸਮੇਂ ‘ਸੋਨੇ ਦੀ ਚਿੜੀ’ ਕਹਾਉਣ ਵਾਲਾ ਮੁਲਕ ਭਾਰਤੀ ਸਮਾਜ ਦੀ ਕੀਤੀ ਗਈ ਜਾਤ, ਵਰਣ ਤੇ ਆਸ਼ਰਮ ਵੰਡ, ਧਾਰਮਿਕ ਕੱਟੜਤਾ, ਛੂਤ-ਛਾਤ, ਊਚ-ਨੀਚ ਕਾਰਨ ਲੀਰੋ-ਲੀਰ ਹੋ ਗਿਆ। ਇੱਥੋਂ ਦੇ ਦੇਸੀ ਰਿਆਸਤੀ ਰਾਜਿਆਂ ਦੀ ਐਸ਼-ਪ੍ਰਸਤੀ, ਲੁੱਟ-ਕੁੱਟ, ਆਪਸੀ ਵੈਰ-ਵਿਰੋਧ, ਆਰਥਿਕ ਕਾਣੀ ਵੰਡ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਨਤੀਜੇ ਵਜੋਂ ਮੁਲਕ ਵਿੱਚ ਕਈ ਕਮੀਆਂ-ਕਮਜ਼ੋਰੀਆਂ ਆ ਗਈਆਂ। ਇਹ ਆਪਣੇ ਧਰਮ, ਗ਼ੈਰਤ, ਅਣਖ ਅਤੇ ਸਰਹੱਦਾਂ ਦੀ ਰੱਖਿਆ ਕਰਨ ਤੋਂ ਅਸਮਰੱਥ ਹੋ ਗਿਆ। ਹਾਲਾਤ ਅਜਿਹੇ ਬਣ ਗਏ ਕਿ ਹਜ਼ਰਤ ਮੁਹੰਮਦ ਸਾਹਿਬ ਦੇ 632 ਵਿੱਚ ਵਫ਼ਾਤ (ਮੌਤ) ਤੋਂ 80 ਸਾਲ ਬਾਅਦ 712 ਵਿੱਚ ਅਫ਼ਗਾਨਿਸਤਾਨ ਦਾ 18 ਸਾਲ ਦਾ ਲੜਕਾ ਮੁਹੰਮਦ-ਬਿਨ-ਕਾਸਮ 200 ਘੋੜ ਸਵਾਰ ਲੈ ਕੇ ਦੇਸ਼ ਉੱਤੇ ਹਮਲਾਵਰ ਹੋ ਕੇ ਆਇਆ ਅਤੇ ਸਾਰੇ ਦੇਸ਼ ਨੂੰ ਲੁੱਟ ਕੇ ਵਾਪਸ ਚਲਾ ਗਿਆ। ਇਨ੍ਹਾਂ ਅਫ਼ਗਾਨੀ ਹਮਲਿਆਂ ਦਾ ਦੌਰ ਜਾਰੀ ਰਿਹਾ ਤੇ 1192 ਵਿੱਚ ਦੇਸ਼ ਇਸ ਨਵੀਂ ਉੱਭਰੀ ‘ਮੁਗ਼ਲ ਸ਼ਕਤੀ’ ਦਾ ਗੁਲਾਮ ਹੋ ਗਿਆ। ਆਪਣਾ ਧਰਮ, ਦੇਸ਼ ਅਤੇ ਸਮਾਜਿਕ ਤਾਣਾ-ਬਾਣਾ ਬਚਾਉਣ ਦੀ ਥਾਂ ਇੱਥੋਂ ਦੇ ਰਜਵਾੜਿਆਂ ਅਤੇ ਮੁਲਕ ਦੇ ਲੋਕਾਂ ਨੇ ਗੁਲਾਮੀ ਕਬੂਲ ਕਰ ਲਈ। ਧਰਮ ਤਬਦੀਲੀ ਸ਼ੁਰੂ ਹੋ ਗਈ।
ਭਾਰਤ ਦੇ ਲੋਕਾਂ ਨੂੰ ਅਪਮਾਨਜਨਕ ਜ਼ਿੰਦਗੀ ਵਿੱਚੋਂ ਕੱਢ ਕੇ ਨਰੋਆ, ਸੰਤੁਲਿਤ, ਮਨੁੱਖੀ- ਬਰਾਬਰੀ, ਸਾਂਝੀਵਾਲਤਾ, ਗ਼ੈਰਤ, ਗੌਰਵ ਤੇ ਅਣਖ-ਭਰਪੂਰ ਜੀਵਨ ਮੁਹੱਈਆ ਕਰਾਉਣ ਲਈ ਗੁਰੂ ਸਾਹਿਬਾਨ ਨੇ ਸਰਬਪੱਖੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ। ਇਸ ਨਵੀਂ ਰੋਸ਼ਨੀ ਦੇ ਪ੍ਰਕਾਸ਼ ਨਾਲ ਭਾਰਤੀ ਸਮਾਜ ਦੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਟਕਰਾਅ ਆਰੰਭ ਹੋ ਗਿਆ। ਇਸ ਲੰਮੇ ਸੰਘਰਸ਼ ਦੌਰਾਨ ਗੁਰੂ ਪਰਿਵਾਰਾਂ, ਅਣਗਿਣਤ ਸਿੰਘਾਂ-ਸਿੰਘਣੀਆਂ ਅਤੇ ਭੁਝੰਗੀਆਂ ਨੂੰ ਤਸੀਹੇ ਝੱਲਣੇ ਪਏ। ਜੰਗਲਾਂ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ। ਲਾਮਿਸਾਲ ਸ਼ਹੀਦੀਆਂ ਪਾ ਕੇ ਉਨ੍ਹਾਂ ਦੇਸ਼ ਦੇ ਧਰਮ, ਗੌਰਵ, ਅਣਖ, ਹੋਂਦ-ਹਸਤੀ ਨੂੰ ਬਚਾ ਲਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਇਹ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਅਤੇ ਘਿਨਾਉਣੇ ਜ਼ੁਲਮ ਦਾ ਸਾਕਾ ਹੈ। ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ। ਸਾਹਿਬਜ਼ਾਦਿਆਂ ਵਿੱਚ ਜੂਝ ਮਰਨ, ਦ੍ਰਿੜ੍ਹਤਾ ਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 8 ਪੋਹ 1761 ਬਿਕ੍ਰਮੀ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਲੜਦੇ ਹੋਏ ਸ਼ਹੀਦ ਹੋ ਗਏ। 13 ਪੋਹ 1761 ਬਿਕ੍ਰਮੀ ਨੂੰ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸੂਬਾ ਸਰਹਿੰਦ ਵੱਲੋਂ ਜਿਊਂਦੇ-ਜੀਅ ਕੰਧਾਂ ਵਿੱਚ ਚਿਣਵਾ ਕੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ।
1704 ਵਿੱਚ ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ’ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਛੱਡ ਦੇਣ, ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਜੀ ਦੇ ਕਿਲ੍ਹਾ ਖਾਲੀ ਕਰ ਕੇ ਜਾਣ ’ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ, ਜਿਸ ਦੌਰਾਨ ਦੋਹਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸੇ ਯੁੱਧ ਦੌਰਾਨ ਸਤਿਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਵਿੱਛੜ ਗਿਆ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇੱਕ ਪਾਸੇ ਨੂੰ ਵੱਖ ਹੋ ਗਏ। ਮਾਤਾ ਸੁੰਦਰੀ ਜੀ ਅਤੇ ਕੁਝ ਸਿੰਘ ਹੋਰ ਪਾਸੇ ਨੂੰ ਹੋ ਗਏ। ਦੁਨੀਆਂ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿੱਚ ਇਹ ਇੱਕੋ-ਇੱਕ ਘਟਨਾ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ ਜਿੱਥੇ ਜੰਗ ਦਾ ਸਾਜ਼ੋ-ਸਾਮਾਨ ਤੀਰ, ਤੇਗ਼, ਢਾਲ, ਬਰਛਾ, ਛਵੀ ਆਦਿ ਸਨ, ਉੱਥੇ ਗੁਰਮਤਿ ਸੰਗੀਤ ਦੇ ਸਾਜ਼ ਸਿਰੰਦਾ, ਸਿਤਾਰ ਆਦਿ ਵੀ ਨਾਲ ਸਨ।
ਛੇ ਅਤੇ ਸੱਤ ਪੋਹ ਦੇ ਅੰਮ੍ਰਿਤ ਵੇਲੇ ਦੁਸ਼ਮਣਾਂ ਨੇ ਭਾਰੀ ਹਮਲਾ ਬੋਲਿਆ ਹੋਇਆ ਸੀ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ (ਜੈਤਾ ਜੀ), ਭਾਈ ਉਦੇ ਸਿੰਘ ਨੂੰ ਹੋਰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ। ਦੂਜੇ ਪਾਸੇ ਭਾਈ ਦਇਆ ਸਿੰਘ ਆਦਿ ਨੂੰ ‘ਆਸਾ ਕੀ ਵਾਰ’ ਦਾ ਕੀਰਤਨ ਕਰਨ ਲਈ ਕਿਹਾ ਗਿਆ। ਦੁਨੀਆਂ ਦੇ ਇਤਿਹਾਸ ਵਿੱਚ ਇਹ ਇੱਕੋ-ਇੱਕ ਅਲੋਕਾਰੀ ਅਤੇ ਨਿਵੇਕਲੀ ਘਟਨਾ ਸੀ। ਭਾਵੇਂ ਇਸ ਯੁੱਧ ਵਿੱਚ ਸੈਂਕੜੇ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ, ਪਰ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ ਗਏ। ਜਿੱਥੋਂ ਗੁਰੂ ਸਾਹਿਬ ਦੇ ਕਾਫ਼ਲੇ ਨਾਲੋਂ ਗੁਰੂ-ਪਰਿਵਾਰ ਵਿੱਛੜਿਆ, ਉਸ ਸਥਾਨ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ।
ਇਸ ਪਿੱਛੋਂ ਸਰਸਾ ਨਦੀ ਪਾਰ ਕਰ ਕੇ ਗੁਰੂ ਜੀ ਨੇ ਇੱਕ ਦਿਨ ਰੋਪੜ ਦੇ ਨੇੜੇ ਨਿਹੰਗ ਖ਼ਾਨ ਦੀ ਗੜ੍ਹੀ (ਕੋਟਲਾ ਨਿਹੰਗ ਖ਼ਾਨ) ਵਿੱਚ ਬਿਤਾਇਆ। ਰਾਤ ਨੂੰ ਅੱਗੇ ਚੱਲ ਪਏ ਤੇ ਦੁਸ਼ਮਣ ਦੀਆਂ ਫ਼ੌਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਦਾਖ਼ਲ ਹੋ ਕੇ ਮੋਰਚਾਬੰਦੀ ਕਰ ਲਈ। ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ ਚਾਲ੍ਹੀ ਕੁ ਸਿੰਘ ਸਨ। ਦੁਸ਼ਮਣ ਦੀ ਦਸ ਲੱਖ ਫ਼ੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਜੰਗ ਹੁੰਦੀ ਰਹੀ। ਸ਼ਾਮ ਤਕ ਗੁਰੂ ਜੀ ਕੋਲ ਤਕਰੀਬਨ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਆਪ ਵਾਰੋ-ਵਾਰੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਸ਼ਸਤਰ ਸਜਾ ਕੇ ਮੈਦਾਨ-ਏ-ਜੰਗ ਵਿੱਚ ਭੇਜਿਆ। ਅੰਤ ਵੱਡੇ ਜੰਗਜੂ ਯੋਧਿਆਂ ਵਾਲੇ ਜੌਹਰ ਵਿਖਾਉਂਦਿਆਂ ਸਾਥੀ ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਮੈਦਾਨ-ਏ-ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਇਰਾਕ ਦੇਸ਼ ਦੇ ਸ਼ਹਿਰ ਕਰਬਲਾ ਦੇ ਮੈਦਾਨ ਵਿੱਚ ਹਸਨ ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਗੁਰੂ ਜੀ ਲਈ ਸਿੰਘਾਂ ਅਤੇ ਪੁੱਤਰਾਂ ਵਿਚਕਾਰ ਕੋਈ ਅੰਤਰ ਨਹੀਂ ਸੀ। ਉਨ੍ਹਾਂ ਵੱਲੋਂ ਮੈਦਾਨ-ਏ-ਜੰਗ ਵਿੱਚ ਜੂਝਦਿਆਂ ਸ਼ਹੀਦੀ ਪਾਉਣ ਲਈ ਕੀਤੀ ਤਿਆਰੀ ਅਤੇ ਰਹਿੰਦੇ ਮਹੱਤਵਪੂਰਨ ਪੰਥਕ ਕਾਰਜਾਂ ਦੀ ਪੂਰਤੀ ਨੂੰ ਮੁੱਖ ਰੱਖਦਿਆਂ ਪੰਜ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਸਤਿਗੁਰਾਂ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਲਈ ਕਿਹਾ ਗਿਆ। ਖ਼ਾਲਸੇ ਦਾ ਹੁਕਮ ਮੰਨਦਿਆਂ ਗੁਰੂ ਜੀ ਨੇ ਤਾੜੀ ਮਾਰ ਕੇ ਮੁਗ਼ਲਾਂ ਨੂੰ ਵੰਗਾਰ ਕੇ ਬਾਹਰ ਨੂੰ ਚਾਲੇ ਪਾਏ।
ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿੱਚ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿੱਚ ਦੋਵੇਂ ਫ਼ੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਵਿੱਚ ਲਿਖਿਆ ਹੈ ਕਿ ਭੁੱਖੇ-ਭਾਣੇ ਚਾਲ੍ਹੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ’ਤੇ ਬੇਸ਼ੁਮਾਰ ਲਸ਼ਕਰ ਅਚਾਨਕ ਟੁੱਟ ਪਵੇ। ਮਹਾਨ ਸ਼ਹੀਦਾਂ ਦਾ ਪਵਿੱਤਰ ਖ਼ੂਨ ਡੁੱਲ੍ਹਣ ਨਾਲ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ ਅਤੇ ਇੱਥੇ ਚਮਕੌਰ ਸਾਹਿਬ ਦੀ ਇਤਿਹਾਸਕ ਜੰਗ ਦੀ ਯਾਦ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਕੱਚੀ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸੁਸ਼ੋਭਿਤ ਹਨ। ਇਸ ਮਹਾਨ ਸ਼ਹੀਦੀ ਅਸਥਾਨ ਉੱਤੇ ਹਰ ਸਾਲ ਸਿੱਖ ਸੰਗਤਾਂ ਜੋੜ-ਮੇਲੇ ’ਤੇ ਇਕੱਤਰ ਹੋ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੀਆਂ ਹਨ।
ਅੱਲਾ ਯਾਰ ਖ਼ਾਂ ਜੋਗੀ ਦੁਨੀਆਂ ਦੇ ਤੀਰਥ ਅਸਥਾਨਾਂ ਨਾਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨਾਂ ਨੂੰ ਧਰਮ ਯਾਤਰਾ ਲਈ ਉੱਚਤਮ ਮੰਨਦਾ ਹੈ ਕਿਉਂਕਿ ਅਜਿਹੀ ਸ਼ਹੀਦੀ ਦੁਨੀਆਂ ਦੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੀ ਹੋਈ ਅਤੇ ਨਾ ਹੀ ਭਵਿੱਖ ਵਿੱਚ ਆਸ ਹੈ।
12012cd _kirpal singh badungarਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹੀਦੀ ਨੂੰ ਯਾਦ ਕਰਦਿਆਂ ਜਦੋਂ ਆਪਣੇ ਆਲੇ ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਵਿੱਚ ਆ ਚੁੱਕੇ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦਸਮ ਪਿਤਾ ਨੇ ਆਪਣੇ ਲਖਤੇ-ਜਿਗਰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਭਾਰਤ ਵਾਸੀਆਂ ਅਤੇ ਸਿੱਖ ਕੌਮ ਨੂੰ ਜ਼ਿੰਦਗੀ ਬਖ਼ਸ਼ੀ ਸੀ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਭਾਰਤ ਦਾ ਸੀਸ, ਧਰਮ, ਅਣਖ, ਗੌਰਵ ਅਤੇ ਸੱਭਿਆਚਾਰ ਨੂੰ ਬਚਾਇਆ, ਪਰ ਅਸੀਂ ਕੌਮ ਨੂੰ ਤਬਾਹੀ ਵੱਲ ਧੱਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁੱਖ-ਅਰਾਮ ਅਤੇ ਵਕਤੀ ਸ਼ਾਨੌ-ਸ਼ੌਕਤ ਲਈ ਤਤਪਰ ਹਾਂ। ਇਸ ਸਮੇਂ ਲੋੜ ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦੀ ਹੈ।
*ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ


Comments Off on ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.