ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਸ਼ਹਾਦਤ ਦੇ ਸਫ਼ਰ ਦਾ ਪਹਿਲਾ ਪੜਾਅ-ਛੰਨ ਕੁੰਮਾ ਮਾਸ਼ਕੀ

Posted On December - 13 - 2016

ਪਰਮਜੀਤ ਕੌਰ ਸਰਹਿੰਦ

11312cd _Chhan Kuma 2ਸਿੱਖ ਇਤਿਹਾਸ ਸ਼ਹਾਦਤਾਂ ਦਾ ਦੂਜਾ ਨਾਂ ਹੈ। ਜਿਉਂ ਹੀ ਦਸੰਬਰ ਮਹੀਨਾ ਸ਼ੁਰੂ ਹੁੰਦਾ ਹੈ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਦੇ ਅਤਿ ਔਖੇ ਪਲਾਂ ਦੀ ਯਾਦ ਮਨ ਨੂੰ ਝੰਜੋੜਨ ਲੱਗਦੀ ਹੈ। 20-21 ਦਸੰਬਰ 1704 ਦੀ ਰਾਤ ਨੂੰ ਆਨੰਦਗੜ੍ਹ ਕਿਲ੍ਹਾ (ਆਨੰਦਪੁਰ ਸਾਹਿਬ) ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮੁਸ਼ਕਲਾਂ ਨਾਲ ਜੂਝਦੇ ਰਹੇ। ਬਿਖੜੇ ਪੈਂਡਿਆਂ ’ਤੇ ਤੁਰਦਿਆਂ ਵੀ ਉਹ ਸਮੁੱੱਚੀ ਮਨੁੱੱਖਤਾ ਲਈ ਰਾਹ ਦਸੇਰਾ ਬਣ ਗਏ। ਇਸੇ ਕਹਿਰ ਭਰੀ ਰਾਤ ਨੂੰ ਮੁਗ਼ਲ ਦੁਸ਼ਮਣਾਂ ਵੱੱਲੋਂ ਵਸਾਹਘਾਤ ਕਰ ਕੇ ਕੀਤੇ ਹਮਲੇ ਅਤੇ ਸਰਸਾ ਨਦੀ ਵਿੱੱਚ ਆਏ ਹੜ੍ਹ ਕਾਰਨ ਪਰਿਵਾਰ ਸਰਸਾ ਨਦੀ ਤੋਂ ਵਿੱਛੜ ਗਿਆ। ਗੁਰੂ ਜੀ ਨਾਲ ਵੱੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਮਾਤਾ ਗੁਜਰੀ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸਮੇਂ ਦੀ ਕਰੋਪੀ ਨੇ ਅੱੱਡ-ਅੱੱਡ ਦਿਸ਼ਾਵਾਂ ਵੱੱਲ ਤੋਰ ਦਿੱੱਤੇ। ਇੱੱਥੋਂ ਹੀ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਨਾਲ ਆਪਣੇ ਪਰਿਵਾਰ ਤੋਂ ਵਿਛੜ ਗਏ।
ਸਰਸਾ ਤੋਂ ਵਿੱਛੜ ਕੇ ਮਾਤਾ ਜੀ ਨੇ ਮਾਸੂਮ ਬਾਲਾਂ ਨਾਲ ਕੁੰਮੇ ਮਾਸ਼ਕੀ ਦੀ ਝੁੱੱਗੀ ਵਿੱੱਚ ਚਰਨ ਪਾਏ ਸਨ। ਲੇਖਕ ਦੇ ਮਨ ਵਿੱੱਚ ਇਸ ਮੁਕੱੱਦਸ ਥਾਂ ਦੇ ਦਰਸ਼ਨ ਕਰਨ ਦੀ ਬਹੁਤ ਦੇਰ ਤੋਂ ਇੱੱਛਾ ਸੀ ਪਰ ਇਸ ਬਾਰੇ ਬਹੁਤਾ ਕੁਝ ਸਾਹਮਣੇ ਨਹੀਂ ਆਇਆ। ਆਪਣੀ ਜਿਗਿਆਸਾ ਪੂਰਤੀ ਲਈ ਲੇਖਕ ਨੇ ਇਸ ਬਾਰੇ ਕੁਝ ਜਾਣਕਾਰੀ ਲੈ ਕੇ ਆਨੰਦਪੁਰ ਸਾਹਿਬ ਵੱੱਲ ਚਾਲੇ ਪਾ ਦਿੱਤੇ। ਉਸ ਇਲਾਕੇ ਦੇ ਲੋਕਾਂ ਨੂੰ ਵੀ ਇਸ ਜਗ੍ਹਾ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਅਖ਼ੀਰ ਪੁੱਛਦੇ-ਪੁਛਾਉਂਦੇ ਉਹ ਆਪਣੀ ਮੰਜ਼ਿਲ ਪਿੰਡ ਚੱਕ ਢੇਰਾ ਪੁੱਜ ਗਏ। ਪਿੰਡ ਤੋਂ ਬਾਹਰੋਂ ਗੁਰਦੁਆਰੇ ਵਿੱਚ ਝੂਲਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਏ ਤਾਂ ਮਨ ਸ਼ਰਧਾ ਵਿੱਚ ਡੁੱਬ ਗਿਆ। ਇੱਥੇ ਸਾਹਮਣੇ ਹੀ ਪਿਲਕਣ ਦਾ ਦਰੱਖ਼ਤ ਸੀ। ਇਸ ਦਰੱਖ਼ਤ ਨਾਲ ਇੱਕ ਬੋਰਡ ਲੱਗਾ ਹੋਇਆ ਸੀ, ਜਿਸ ’ਤੇ ਲਿਖਿਆ ਹੋਇਆ ਸੀ, ‘ਪਿਲਕਣ ਦਾ ਪੁਰਾਣਾ ਇਤਿਹਾਸਕ ਦਰੱਖ਼ਤ।’ ਇਸ ਦੇ ਥੱਲੇ ਲਿਖਿਆ ਹੋਇਆ ਸੀ, ‘ਇਸ ਪਿਲਕਣ ਨਾਲ ਪੁਰਾਣੇ ਸਮੇਂ ਦੇ ਮਲਾਹ ਬੇੜੀ (ਕਿਸ਼ਤੀ) ਬੰਨ੍ਹਿਆ ਕਰਦੇ ਸਨ। ਗੁਰਦੁਆਰਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਵਾਲੇ ਅਸਥਾਨ ਤੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੁੰਮੇ ਮਾਸ਼ਕੀ ਨੇ ਆਪਣੀ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਣ ਤੋਂ ਪਾਰ ਕਰਵਾ ਕੇ ਇਸ ਪਿਲਕਣ ਦੇ ਦਰੱਖ਼ਤ ਥੱਲੇ ਉਤਾਰਿਆ ਸੀ। ਉਹ ਕੁਝ ਦੇਰ ਇਸ ਦਰੱਖ਼ਤ ਥੱਲੇ ਖੜ੍ਹ ਕੇ ਅੱਗੇ ਗੰਗੂ ਪਾਪੀ ਨਾਲ ਚਲੇ ਗਏ ਸੀ।” ਇਸ ਬੋਰਡ ਨੂੰ ਪੜ੍ਹ ਕੇ ਇਹ ਪਤਾ ਨਾ ਲੱਗਾ ਕਿ ਉਹ ਸਥਾਨ ਕਿੱਥੇ ਹੈ, ਜਿੱਥੋਂ ਕੁੰਮਾ ਮਾਸ਼ਕੀ ਉਨ੍ਹਾਂ ਨੂੰ ਲੈ ਕੇ ਆਇਆ ਸੀ।
ਲੇਖਕ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਇਸ ਮਹਾਨ ਪਰ ਅਣਗੌਲੇ ਸਥਾਨ ਨੂੰ ਨਮਸਕਾਰ ਕਰ ਕੇ ਆਪਣੀ ਕਾਰ ਵੱਲ ਤੁਰ ਪਏ। ਉਨ੍ਹਾਂ ਉੱਥੋਂ ਲੰਘੀ ਜਾਂਦੀ ਇੱਕ ਔਰਤ ਨੂੰ ਇਸ ਸਥਾਨ ਅਤੇ ਕੁੰਮੇ ਮਾਸ਼ਕੀ ਬਾਰੇ ਕੁਝ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਕਿਉਂਕਿ ਗੁਰਦੁਆਰੇ ਵਿੱਚ ਕੋਈ ਸੇਵਾਦਾਰ ਜਾਂ ਜ਼ਿੰਮੇਵਾਰ ਵਿਅਕਤੀ ਮੌਜੂਦ ਨਹੀਂ ਸੀ। ਉਹ ਔਰਤ ਲੇਖਕ ਨੂੰ ਆਪਣੇ ਘਰ ਲੈ ਗਈ। ਉਸ ਘਰ ਦੇ ਬਜ਼ੁਰਗ ਨੇ ਦੱਸਿਆ ਕਿ ਇੱਥੋਂ ਥੋੜ੍ਹੀ ਦੂਰ ਉਹ ਸਥਾਨ ਹੈ, ਜਿੱਥੇ ਕੁੰਮਾ ਮਾਸ਼ਕੀ ਦੀ ਝੁੱਗੀ ਸੀ। ਉੱਥੇ ਹੁਣ ਬਾਬਾ ਸੁਰਿੰਦਰ ਸਿੰਘ ਖ਼ਾਲਸਾ ਪਿੰਡ ਖਜੂਰਲਾ ਵਾਲੇ ਗੁਰਦੁਆਰਾ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ (ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ) ਦੀ ਸੇਵਾ ਕਰਾ ਰਹੇ ਹਨ।
ਉਨ੍ਹਾਂ ਦਾ ਧੰਨਵਾਦ ਕਰ ਕੇ ਲੇਖਕ ਨੇ ਉੱਥੋਂ ਚਾਲੇ ਪਾ ਦਿੱਤੇ ਤੇ ਕੱਚੇ-ਪੱਕੇ ਰਾਹਾਂ ਤੋਂ ਹੁੰਦੇ ਹੋਏ ਤਕਰੀਬਨ ਤਿੰਨ- ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਉਸ ਪਾਵਨ ਸਥਾਨ ’ਤੇ ਜਾ ਪੁੱਜੇ। ਇੱਥੇ ਗੁਰਦੁਆਰੇ ਦੀ ਛੋਟੀ ਜਿਹੀ ਸੁੰਦਰ ਇਮਾਰਤ ਸੁਸ਼ੋਭਿਤ ਸੀ। ਇੱਥੇ ਗੁਰਦੁਆਰੇ ਦੀ ਲੰਗਰ ਹਾਲ ਦੀ ਇਮਾਰਤ ਦਾ ਕੰਮ ਚੱਲ ਰਿਹਾ ਸੀ। ਉੱਥੋਂ ਦੇ ਪ੍ਰਬੰਧਕ ਭਾਈ ਅਵਤਾਰ ਸਿੰਘ ਨੇ ਬਾਬਾ ਸੁਰਿੰਦਰ ਸਿੰਘ ਨਾਲ ਫੋਨ ’ਤੇ ਗੱਲ ਕਰਵਾਈ, ਜਿਨ੍ਹਾਂ ਨੇ ਪੁਸਤਕ ‘ਪੋਹ ਦੀਆਂ ਰਾਤਾਂ’ (ਸਾਕਾ ਚਮਕੌਰ-ਸਾਕਾ ਸਰਹਿੰਦ) ਲਿਖੀ ਹੈ।
ਤਕਦੀਰ ਅਤੇ ਹਾਲਾਤ ਨੇ ਜਦੋਂ ਮਾਤਾ ਗੁਜਰੀ ਜੀ ਨੂੰ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜਾ ਕੇ ਸਰਸਾ ਨਦੀ ਦੇ ਕਿਨਾਰਿਓਂ ਤੋਰ ਦਿੱਤਾ, ਉਦੋਂ ਸ਼ਹਾਦਤ ਦੇ ਰਾਹ ਦਾ ਪਹਿਲਾ ਪੜਾਅ ਇਹ ਸਥਾਨ ਕੁੰਮੇ ਮਾਸ਼ਕੀ ਦੀ ਝੁੱਗੀ ਦੱਸੀ ਜਾਂਦੀ ਹੈ। ਇਤਿਹਾਸਕਾਰਾਂ ਅਨੁਸਾਰ ਮਾਤਾ ਜੀ ਪਰਿਵਾਰ ਤੋਂ ਵਿੱਛੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ। ਸਰਸਾ ਤੇ ਸਤਲੁਜ ਦੇ ਇਸੇ ਸਾਂਝੇ ਪੱਤਣ ਉੱਤੇ ‘ਕੁੰਮਾ’ ਨਾਂ ਦੇ ਮਾਸ਼ਕੀ ਦੀ ਘਾਹ-ਫੂਸ ਅਤੇ ਕੱਖਾਂ ਕਾਨਿਆਂ ਦੀ ਛੋਟੀ ਜਿਹੀ ਛੰਨ ਸੀ। ਬਿਖੜੇ ਰਾਹਾਂ ਤੋਂ ਤੁਰਦੇ ਮਾਤਾ ਜੀ ਦੋਵਾਂ ਪੋਤਰਿਆਂ ਸਮੇਤ ਇੱਥੇ ਪੁੱਜੇ। ਕੁੰਮਾ ਮਾਸ਼ਕੀ ਨੇਕ ਤੇ ਰੱਬ ਦਾ ਖ਼ੌਫ਼   ਖਾਣ ਵਾਲਾ ਇਨਸਾਨ ਸੀ। ਉਸ ਨੇ   ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ।   ਉਸ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ       ਠਾਹਰ ਕੀਤੀ।
ਨੇੜਲੇ ਨਗਰ ਵਿੱਚ ਲੱਛਮੀ ਨਾਂ ਦੀ ਇੱਕ ਬ੍ਰਾਹਮਣ ਔਰਤ ਰਹਿੰਦੀ ਸੀ। ਕੁੰਮਾ ਮਾਸ਼ਕੀ ਉਸ ਤੋਂ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਦਿਨ ਚੜ੍ਹੇ ਬੀਬੀ ਲੱਛਮੀ ਆਪ ਭੋਜਨ ਤਿਆਰ ਕਰ ਕੇ ਲਿਆਈ ਤੇ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਅੰਨ ਪਾਣੀ ਛਕਾਇਆ। ਇਤਿਹਾਸਕਾਰਾਂ ਅਨੁਸਾਰ ਗੰਗੂ ਬ੍ਰਹਮਣ ਵੀ ਕੁੰਮੇ ਮਾਸ਼ਕੀ ਦੀ ਛੰਨ ’ਚ ਆ ਕੇ ਹੀ ਮਾਤਾ ਜੀ ਨੂੰ ਮਿਲਿਆ। ਇਸ ਦਾ ਪਤਾ ‘ਪੋਹ ਦੀਆਂ ਰਾਤਾਂ’ ਨਾਮੀ ਪੁਸਤਕ ਵਿੱਚੋਂ ਮਿਲਦਾ ਹੈ। ਇਹ ਛੰਨ ਵਾਲਾ ਸਥਾਨ ਵੀ ਪਿੰਡ ਚੱਕ ਢੇਰਾ, ਜ਼ਿਲ੍ਹਾ ਰੋਪੜ ਵਿੱਚ ਹੀ ਹੈ। ਪੁਰਾਤਨ ਹਵਾਲੇ ਦੇ ਕੇ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਇੱਕ ਖੱਚਰ ਸਮੇਤ ਕੁੰਮਾ ਮਾਸ਼ਕੀ ਮਾਤਾ ਜੀ, ਦੋਵਾਂ ਸਾਹਿਬਜ਼ਾਦਿਆਂ ਤੇ ਗੰਗੂ ਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਕੰਢੇ ਪਿੰਡ ਚੱਕ ਢੇਰਾ ਲਿਆਇਆ। ਇੱਥੋਂ ਹੀ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਗਿਆ।
ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੰਗੂ ਨੂੰ ਪਤਾ ਸੀ ਕਿ ਮਾਤਾ ਜੀ ਕੋਲ ਧਨ ਦੌਲਤ ਹੈ, ਇਸੇ ਖੋਟੀ ਨੀਅਤ ਸਦਕਾ ਉਹ ਮਾਤਾ ਜੀ ਨੂੰ ਲੱਭਦਾ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਆ ਮਿਲਿਆ। ਮਾਤਾ ਗੁਜਰੀ ਜੀ ਨੇ ਇੱਥੋਂ ਜਾਣ ਸਮੇਂ ਬੀਬੀ ਲੱਛਮੀ ਨੂੰ ਦੋ ਮੋਹਰਾਂ ਦੇ ਮੁੱਲ ਵਾਲੀ ਕੀਮਤੀ ਆਰਸੀ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ ਸਨ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਪੰਜ ਰੁਪਏ ਦਿੱਤੇ।
ਗੰਗੂ ਲਾਲਚ ਵੱਸ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇਸ ਥਾਂ ਤੋਂ ਜੰਗਲ-ਬੀਆਬਾਨਾਂ ਵਿੱਚ ਘੁਮਾਉਂਦਾ ‘ਕਾਈਨੌਰ’ ਪਿੰਡ ਪੁੱਜ ਗਿਆ, ਜੋ ਹੁਣ ਮੋਰਿੰਡਾ ਦੇ ਨੇੜੇ ਜ਼ਿਲ੍ਹਾ ਰੋਪੜ ਵਿੱਚ ਸਥਿਤ ਹੈ। ਇੱਥੇ ਉਨ੍ਹਾਂ ਇੱਕ ਤਲਾਅ ਉੱਤੇ ਸੰਘਣੀ ਝਿੜੀ ਵਿੱਚ ਰਾਤ ਗੁਜ਼ਾਰੀ। ਦੂਜੇ ਦਿਨ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ, ਜਿਸ ਦਾ ਨਾਂ ਵੀ ਲੋਕ ਨਹੀਂ ਲੈਂਦੇ।
‘ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ’ ਪਿੰਡ ਚੱਕ ਢੇਰਾ ਵਾਲੇ ਪਵਿੱਤਰ ਸਥਾਨ ਦੀ ਖੋਜ ਬਾਬਾ ਸੁਰਿੰਦਰ ਸਿੰਘ ਖ਼ਾਲਸਾ ਪਿੰਡ ਖਜੂਰਲਾ ਵਾਲਿਆਂ ਨੇ 2004 ਵਿੱਚ ਕੀਤੀ। ਇਸ ਕਾਰਜ ਲਈ ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਪੁਰਾਤਨ ਇਤਿਹਾਸ ਵਾਚਿਆ। ਇਸ ਅਸਥਾਨ ’ਤੇ 6-7-8 ਪੋਹ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ। 2007 ਤੋਂ ਲਗਾਤਾਰ 20-21-22 ਦਸੰਬਰ ਨੂੰ ਇਸ ਯਾਦਗਾਰੀ ਸਥਾਨ ’ਤੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਦੀਆਂ ਹਨ  ਗੁਰਦੁਆਰੇ ਵਿੱਚ ਹਾਜ਼ਰੀਆਂ ਭਰਦੀਆਂ ਹਨ। 2014 ਤੋਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 7 ਪੋਹ ਦੀ ਰਾਤ ਨੂੰ ਸਹੇੜੀ, 9 ਪੋਹ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਅਤੇ 10 ਪੋਹ ਨੂੰ ਗੁਰਦੁਆਰਾ ਠੰਢਾ ਬੁਰਜ ਫ਼ਤਹਿਗੜ੍ਹ ਸਾਹਿਬ ਵਿੱਚ ਕੀਰਤਨ ਦਰਬਾਰ ਹੁੰਦਾ ਹੈ।

ਸੰਪਰਕ: 98728-98599 


Comments Off on ਸ਼ਹਾਦਤ ਦੇ ਸਫ਼ਰ ਦਾ ਪਹਿਲਾ ਪੜਾਅ-ਛੰਨ ਕੁੰਮਾ ਮਾਸ਼ਕੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.