ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸ਼ੋਹਰਤ ਮਾਣਨ ਵੇਲੇ ਤੁਰ ਗਿਆ ਕਿਸ਼ੋਰ ਸ਼ਰਮਾ

Posted On December - 31 - 2016

ਦੀਪ ਸੰਦੀਪ

12012cd _kishor shramaਅਦਾਕਾਰੀ ਨੂੰ ਸਮਰਪਿਤ ਕਿਸ਼ੋਰ ਸ਼ਰਮਾ ਨੇ ਆਪਣੇ ਆਖਰੀ ਸਾਹ ਵੀ ਕਪਿਲ ਸ਼ਰਮਾ ਦੀ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ ’ਤੇ ਲਏ। ਛੋਟੇ ਜਿਹੇ ਕੱਦ ਦੇ ਇਸ ਅਦਾਕਾਰ ਨੇ ਅੱਜ ਜੋ ਸਥਾਨ ਫ਼ਿਲਮ ਜਗਤ ਵਿੱਚ ਪ੍ਰਾਪਤ ਕੀਤਾ ਸੀ। ਇਸ ਪਿੱਛੇ ਉਸ ਦੀ ਹੱਡ ਭੰਨਵੀਂ ਮਿਹਨਤ ਸਾਫ਼ ਦਿਖਾਈ ਦਿੰਦੀ ਸੀ। ਜਦੋਂ ਉਸ ਦੇ ਕੰਮ ਦਾ ਅਸਲ ਮੁੱਲ ਪਿਆ ਤਾਂ ਉਹ ਆਪਣੀ ਸ਼ੋਹਰਤ ਤੇ ਬੁਲੰਦੀ ਦਾ ਆਨੰਦ ਲੰਬਾ ਸਮਾਂ ਨਹੀਂ ਮਾਣ ਸਕਿਆ ਅਤੇ 12 ਦਸੰਬਰ ਨੂੰ ਉਸ ਦਾ ਦੇਹਾਂਤ ਹੋ ਗਿਆ। ਇਸ ਸਥਾਨ ’ਤੇ ਪਹੁੰਚਣ ਲਈ ਉਸ ਨੇ ਜੋ ਵਕਤ ਆਪਣੇ ਉੱਪਰ ਹੰਡਾਇਆ, ਸ਼ਾਇਦ ਹੀ ਉਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ।
ਕਿਸ਼ੋਰ ਸ਼ਰਮਾ ਦਾ ਜਨਮ ਅੰਮ੍ਰਿਤਸਰ ਵਿਖੇ ਪਿਤਾ ਕਸਤੂਰੀ ਲਾਲ ਅਤੇ ਮਾਤਾ ਨਿਰਮਲਾ ਦੇਵੀ ਦੇ ਘਰ ਹੋਇਆ। ਅਦਾਕਾਰੀ ਦੀ ਲਲਕ ਉਸ ਨੂੰ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹਦੇ ਹੀ ਲੱਗ ਗਈ ਸੀ। ਆਪਣੀ ਅਦਾਕਾਰੀ ਦੀ ਸ਼ੈਲੀ ਨੂੰ ਨਿਖਾਰਨ ਲਈ ਉਸ ਨੇ ਰੰਗਮੰਚ ਦੀ ਦੁਨੀਆਂ ਨਾਲ ਸਾਂਝ ਪਾਈ ਜਿੱਥੇ ਉਸ ਨੇ ਨਾਟਕ ਨਿਰਦੇਸ਼ਕ ਹਰਭਜਨ ਜੱਭਲ, ਵੇਦ ਸ਼ਰਮਾ, ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ ਜਿਹੇ ਕਲਾਕਾਰਾਂ ਨਾਲ ਕੰਮ ਕੀਤਾ। ਕੰਮ ਪ੍ਰਤੀ ਉਸ ਅੰਦਰ ਇੰਨੀ ਲਗਨ ਸੀ ਕਿ ਉਸ ਨੇ ਕਦੇ ਵੱਡੀਆਂ ਛੋਟੀਆਂ ਭੂਮਿਕਾਵਾਂ ਲਈ ਕੰਮ ਨਹੀਂ ਕੀਤਾ, ਬਲਕਿ ਜਿਵੇਂ ਦੀ ਵੀ ਭੂਮਿਕਾ ਮਿਲੀ, ਉਸ ਨੂੰ ਖੁਸ਼ ਹੋ ਕੇ ਸਵੀਕਾਰ ਕੀਤਾ ਅਤੇ ਆਪਣੀ ਵਧੀਆ ਅਦਾਕਾਰੀ ਨਾਲ ਉਸ ਨੂੰ ਯਾਦਗਾਰ ਬਣਾਇਆ। ਉਸ ਨੇ ‘ਸੰਭੂ ਸੁਨਿਆਰੇ ਦਾ ਸ਼ੂਗਰ ਫਰੀ’, ‘ਪੈਸਾ ਬੋਲਤਾ ਹੈ’ ਵਰਗੇ ਨਾਟਕ ਕੀਤੇ। ਜਦੋਂ ਉਸ ਨੇ ਜਲੰਧਰ ਦੂਰਦਰਸ਼ਨ ਵੱਲ ਰੁਖ ਕੀਤਾ ਤਾਂ ਉੱਥੇ ਉਸ ਨੇ ‘ਕੱਚ ਦੀਆਂ ਮੁੰਦਰਾਂ’, ‘ਲਿਸ਼ਕਾਰਾ’, ‘ਰੌਣਕ ਮੇਲਾ’, ‘ਸਟਾਰ ਸ਼ੋਅ’, ‘ਲਾਰਾ-ਲੱਪਾ’ ਵਰਗੇ ਪ੍ਰੋਗਾਰਾਮਾਂ ਲਈ ਬਿਹਤਰੀਨ ਕੰਮ ਕੀਤਾ, ਪਰ ਉਸ ਨੂੰ ਜਸਪਾਲ ਭੱਟੀ ਦੇ ਪ੍ਰੋਗਰਾਮ ‘ਉਲਟਾ-ਪੁਲਟਾ’ ਲਈ ਕੀਤੇ ਕਾਮੇਡੀ ਵਾਲੇ ਕਿਰਦਾਰ ਨਾਲ ਕਾਫ਼ੀ ਮਕਬੂਲੀਅਤ ਮਿਲੀ। ਦੂਰਦਰਸ਼ਨ ਲਈ ਉਸ ਨੇ ਕੁਝ ਟੈਲੀਫ਼ਿਲਮਾਂ ਵੀ ਕੀਤੀਆਂ ਜਿਨ੍ਹਾਂ ਵਿੱਚ ‘ਨੰਹੁ ਮਾਸ ਦਾ ਰਿਸ਼ਤਾ’,‘ਇੱਕ ਸਾਧਾਰਨ ਆਦਮੀ’ ਸ਼ਾਮਿਲ ਹਨ।
ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕਰਦਿਆਂ ਹੀ ਉਸ ਨੂੰ ਬਹੁਤ ਕੰਮ ਮਿਲਿਆ, ਪਰ ਘਰੇਲੂ ਕਾਰਨਾਂ ਕਰਕੇ ਉਸ ਨੇ ਇਸ ਖੇਤਰ ਤੋਂ ਦੂਰੀ ਵੱਟ ਲਈ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ 17 ਕੁ ਸਾਲ ਦੇ ਵਕਫ਼ੇ ਬਾਅਦ ਉਸ ਨੇ ‘ਲਵਸ਼ਵ ਚਿਕਨ ਖੁਰਾਣਾ’ ਨਾਮ ਦੀ ਹਿੰਦੀ ਫ਼ਿਲਮ ਨਾਲ ਵਾਪਸੀ ਕੀਤੀ, ਪਰ ਉਸ ਲਈ ਕਾਮਯਾਬੀ ਦਾ ਪੈਗ਼ਾਮ ਲੈ ਕੇ ਆਈ ਪੰਜਾਬੀ ਫ਼ਿਲਮ ‘ਅੰਗਰੇਜ਼’ ਜਿਸ ਵਿੱਚ ਉਸ ਨੇ  ਅਮਰਿੰਦਰ ਗਿੱਲ ਦੇ ਦਾਦੇ ਦਾ ਯਾਦਗਾਰੀ ਰੋਲ ਕੀਤਾ। ਕਿਸ਼ੋਰ ਸ਼ਰਮਾ ਨੇ ‘ਅੰਗਰੇਜ਼’ ਫ਼ਿਲਮ ਵਾਲੀ ਦਿੱਖ ਪੱਕੇ ਤੌਰ ’ਤੇ ਅਪਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ‘ਸਰਦਾਰ ਜੀ 2’, ‘ਅੰਬਰਸਰੀਆ’,‘ਆਤਿਸ਼ਬਾਜ਼ੀ ਇਸ਼ਕ’, ‘ਉੜਤਾ ਪੰਜਾਬ’ ਵਰਗੀਆ ਫ਼ਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ, ਪਰ ਇਸ ਵਰ੍ਹੇ ਰਿਲੀਜ਼ ਹੋਈ ਫ਼ਿਲਮ ‘ਨਿੱਕਾ ਜ਼ੈਲਦਾਰ’ ਦੀ ਆਪਣੀ ਅਦਾਕਾਰੀ ਨਾਲ ਉਸ ਨੇ ਹਰ ਇੱਕ ਨੂੰ ਆਪਣੀ ਕਲਾ ਦਾ ਮੁਰੀਦ ਬਣਾ ਲਿਆ। ਥਿਏਟਰ ਕਰਮੀ ਹੋਣ ਕਰਕੇ ਉਸ ਵਿੱਚ ਅੱਕਣ ਤੇ ਥੱਕਣ ਵਾਲੀ ਆਦਤ ਭੋਰਾ ਵੀ ਨਹੀਂ ਸੀ। ਉਸ ਦੇ ਚਾਹੁਣ ਵਾਲੇ ਅਕਸਰ ਉਸ ਨੂੰ ਏ.ਕੇ. ਹੰਗਲ ਕਹਿ ਕੇ ਬੁਲਾਉਂਦੇ ਸਨ। ਇਨ੍ਹੀਂ ਦਿਨੀਂ ਉਹ ਕਈ ਫ਼ਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਨਿਭਾ ਰਿਹਾ ਸੀ। ਉਸ ਨਾਲ ‘ਅੰਗਰੇਜ਼’ ਤੇ ‘ਨਿੱਕਾ ਜ਼ੈਲਦਾਰ’ ਵਿੱਚ ਕੰਮ ਕਰ ਚੁੱਕੇ ਕਲਾਕਾਰ ਗੁਰਮੀਤ ਸਾਜਨ ਦਾ ਕਹਿਣਾ ਹੈ ਕਿ ਉਹ ਇੱਕ ਅਦਾਕਾਰ ਹੋਣ ਦੇ ਨਾਲ ਨਿੱਜੀ ਜ਼ਿੰਦਗੀ ਵਿੱਚ ਵੀ ਬੜੇ ਖੁਸ਼ ਸੁਭਾਅ ਦਾ ਇਨਸਾਨ ਸੀ। 58 ਸਾਲ ਦੀ ਉਮਰ ਵਿੱਚ ਵੀ ਉਸ ਵਿੱਚ ਕੰਮ ਪ੍ਰਤੀ ਜਜ਼ਬਾ ਜਵਾਨੀ ਵਾਲਾ ਸੀ।

ਸੰਪਰਕ: 95013-75047


Comments Off on ਸ਼ੋਹਰਤ ਮਾਣਨ ਵੇਲੇ ਤੁਰ ਗਿਆ ਕਿਸ਼ੋਰ ਸ਼ਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.