ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਸਫਲਤਾ ਦੀ ਕੁੰਜੀ – ਚੰਗਾ ਲਿਖਣ ਤੇ ਚੰਗਾ ਬੋਲਣ ਦੀ ਕਲਾ

Posted On December - 28 - 2016

12812CD _WRITING 1‘ਚੰਗਾ ਲਿਖੋ, ਚੰਗਾ ਬੋਲੋ’ ਇੱਕ ਦਸਤਾਵੇਜ਼ੀ, ਇਤਿਹਾਸਕ ਤੇ ਸਵੈ-ਵਿਕਾਸ ਦੀ ਮਹੱਤਵਪੂਰਨ ਪੁਸਤਕ ਹੈ। ਰੀਡਰਜ਼ ਡਾਈਜੈਸਟ ਦਾ ਇਹ ਉਪਰਾਲਾ ਕਾਮਯਾਬ ਲਿਖਾਰੀ ਅਤੇ ਬੁਲਾਰਾ ਬਣਨ ਵਿੱਚ ਬੇਹੱਦ ਮਦਦਗਾਰ ਹੈ। ਇਹ ਪੁਸਤਕ ਸਵੈ-ਭਰੋਸੇ ਦਾ ਚਾਨਣ ਮੁਨਾਰਾ ਸਾਬਿਤ ਹੁੰਦੀ ਹੈ ਜੋ ਸਾਨੂੰ ਗੁੰਝਲਦਾਰ, ਬੋਝਲ ਤੇ ਅਕਾਊ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ।
ਇਸ ਪੁਸਤਕ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਚੰਗਾ ਕਿਵੇਂ ਲਿਖਣਾ ਹੈ, ਦੂਜੇ ਭਾਗ ਵਿੱਚ ਵਧੀਆ ਲਿਖਣ ਸਬੰਧੀ ਦਲੀਲਾਂ ਅਤੇ ਮਿਸਾਲਾਂ ਹਨ। ਤੀਜੇ ਭਾਗ ਵਿੱਚ ਚੰਗਾ ਕਿਵੇਂ ਬੋਲਣਾ ਹੈ ਭਾਵ ਵੱਖ ਵੱਖ ਸਥਿਤੀਆਂ ਵਿੱਚ ਢੁਕਵੀਂ ਗੱਲਬਾਤ ਕਰਨ ਦੀ ਵਿਧੀ ਅਤੇ ਸਿਧਾਂਤ ਦਿੱਤੇ ਗਏ ਹਨ। ਚੌਥੇ ਭਾਗ ਵਿੱਚ ਸਾਡੇ ਵਾਰਤਾਲਾਪ ਦੀਆਂ ਤਰੁਟੀਆਂ ਅਤੇ ਬੋਲਚਾਲ ਦੀ ਭਾਸ਼ਾ ਦੀਆਂ ਖ਼ਾਮੀਆਂ ਬਿਆਨ ਕੀਤੀਆਂ ਗਈਆਂ ਹਨ। ਇਸ ਭਾਗ ਵਿੱਚ ਬੋਲਚਾਲ ਦੀਆਂ ਸਮੱਸਿਆਵਾਂ ਦੇ ਅਮਲੀ ਅਤੇ ਉਪਯੋਗੀ ਹੱਲ ਵੀ ਪੇਸ਼ ਕੀਤੇ ਗਏ ਹਨ। ਜੇਕਰ ਇਸ ਪੁਸਤਕ ਨੂੰ ਗਹੁ ਨਾਲ ਪੜ੍ਹਿਆ ਜਾਵੇ ਤਾਂ ਜ਼ਰੂਰੀ ਨੁਕਤੇ ਸਹਿਜੇ ਹੀ ਪਤਾ ਲੱਗ ਜਾਂਦੇ ਹਨ। ਇਸ ਵਿੱਚ ਟੇਬਲ, ਚਾਰਟ, ਗ੍ਰਾਫਸ ਆਦਿ ਮਿਸਾਲ ਵਜੋਂ ਪੇਸ਼ ਕੀਤੇ ਗਏ ਹਨ।
ਜੇਕਰ ਤੁਸੀਂ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਗਟਾਉਣ ਦੀ ਕਲਾ ਜਾਣਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫ਼ਲਤਾ ਮਿਲੇਗੀ। ਸਾਨੂੰ ਸਕੂਲ ਵਿੱਚ ਪੇਪਰ ਲਿਖਣ, ਜ਼ਿੰਦਗੀ ਵਿੱਚ ਪੱਤਰ ਵਿਹਾਰ ਕਰਨ, ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਭੇਜਣ ਤੇ ਕਿਸੇ ਕਿਸਮ ਦੀ ਸਹੂਲਤ ਜਾਂ ਲਾਭ ਹਾਸਲ ਕਰਨ ਵਾਸਤੇ ਦਰਖ਼ਾਸਤ ਲਿਖਣ ਦੀ ਲੋੜ ਪੈਂਦੀ ਹੈ। ਸਾਨੂੰ ਦਿਲਚਸਪ ਤੇ ਪ੍ਰਭਾਵਸ਼ਾਲੀ ਲੇਖਣੀ ਦੀ ਮੁਹਾਰਤ ਹਾਸਲ ਕਰਨ ਵਾਸਤੇ ਅਭਿਆਸ ਕਰਨਾ ਪਵੇਗਾ ਤੇ ਜ਼ਰੂਰੀ ਅਸੂਲ ਅਪਨਾਉਣੇ ਪੈਣਗੇ। ਸੰਜਮ ਤੇ ਸੰਖੇਪ ਲਿਖਣਾ, ਖ਼ੂਬਸੂਰਤ ਤੇ ਅਸਰਦਾਰ ਸਾਬਿਤ ਹੁੰਦਾ ਹੈ। ਕੁਝ ਵੀ ਲਿਖਣਾ ਹੋਵੇ, ਇਸ ਦਾ ਸਪਸ਼ਟ ਤੇ ਮੁਕੰਮਲ ਹੋਣਾ ਜ਼ਰੂਰੀ ਹੈ। ਸੇਵਾਕਾਲ ਜਾਂ ਵਪਾਰ ਦੌਰਾਨ ਤੁਸੀਂ ਖ਼ਤ ਲਿਖਦੇ ਹੋ। ਖ਼ਤ ਲਿਖਣ ਦੀ ਸਫ਼ਲਤਾ ਕੁਝ ਬੁਨਿਆਦੀ ਗੱਲਾਂ ਉਪਰ ਨਿਰਭਰ ਕਰਦੀ ਹੈ। ਮਿਸਾਲ ਵਜੋਂ ਜੇਕਰ ਤੁਸੀਂ ਕਿਸੇ ਮਕਸਦ ਲਈ ਖ਼ਤ ਲਿਖ ਰਹੇ ਹੋ ਤਾਂ ਉਸ ਦੇ ਮੁਕੰਮਲ ਵੇਰਵੇ ਦੇਣੇ ਜ਼ਰੂਰੀ ਹਨ। ਤੁਹਾਡੇ ਨੁਕਤਿਆਂ ਦੀ ਸੰਖੇਪਤਾ ਅਤੇ ਸਪਸ਼ਟਤਾ ਸਹਿਤ ਹੀ ਤੁਹਾਡਾ ਨਜ਼ਰੀਆ ਸਾਹਮਣੇ ਵਾਲੇ ਵਿਅਕਤੀ ਤਕ ਪਹੁੰਚ ਸਕਦਾ ਹੈ। ਖ਼ਤ ਕਈ ਕਿਸਮਾਂ ਦੇ ਹੁੰਦੇ ਹਨ ਜਿਵੇਂ ਧੰਨਵਾਦ, ਖਿਮਾ, ਵਧਾਈ ਤੇ

ਬੀ.ਐਸ. ਰਤਨ

ਬੀ.ਐਸ. ਰਤਨ

ਹਮਦਰਦੀ ਆਦਿ। ਸ਼ਬਦਾਂ ਦਾ ਢੁਕਵਾਂਪਨ, ਵਿਚਾਰਾਂ ਦੀ ਸਪਸ਼ਟਤਾ ਅਤੇ ਭਾਸ਼ਾ ਦੀ ਸਰਲਤਾ ਹੀ ਖ਼ਤਾਂ ਨੂੰ ਅਸਰਦਾਰ ਬਣਾ ਸਕਦੇ ਹਨ। ਇਸ ਪੁਸਤਕ ਵਿੱਚ ਖ਼ਤਾਂ ਦੇ ਸੁੰਦਰ ਨਮੂਨੇ ਪੇਸ਼ ਕੀਤੇ ਗਏ ਹਨ। ਸਟਾਈਲ, ਸਟੇਸ਼ਨਰੀ ਤੇ ਸਮੇਂ ਦੀ ਪਾਬੰਦੀ ਵਰਗੀਆਂ ਲੋੜਾਂ ਉਪਰ ਜ਼ੋਰ ਦਿੱਤਾ ਗਿਆ ਹੈ। ਇੱਥੋਂ ਤਕ ਕਿ ਸਿਰਨਾਵਾਂ ਲਿਖਣ ਦਾ ਉਚਿਤ ਢੰਗ ਵੀ ਬਿਆਨ ਕੀਤਾ ਗਿਆ ਹੈ। ਸੱਦਾ ਪੱਤਰਾਂ ਵਿੱਚ ਮਿਤੀ, ਸਮਾਂ, ਸਥਾਨ ਤੇ ਉਦੇਸ਼ ਲਿਖਣਾ ਜ਼ਰੂਰੀ ਹੈ। ਸ਼ਿਕਾਇਤਾਂ ਸਬੰਧੀ ਖ਼ਤ ਜਾਂ ਦਰਖ਼ਾਸਤ ਲਿਖਣ ਵੇਲੇ ਉਚਿਤ ਅਥਾਰਟੀ ਦਾ ਪਤਾ ਹੋਣਾ ਜ਼ਰੂਰੀ ਹੈ। ਸ਼ਿਕਾਇਤ ਪੇਸ਼ ਕਰਨ ਵੇਲੇ ਗੁੱਸੇ ਵਿੱਚ ਲਿਖਣਾ ਜਾਂ ਕਿਸੇ ਕਿਸਮ ਦੀ ਧਮਕੀ ਦੇਣਾ ਵਾਜਬ ਨਹੀਂ। ਆਪਣਾ ਸਹੀ ਪੱਖ ਪੇਸ਼ ਕਰਦੇ ਹੋਏ ਨਿਮਰਤਾ ਸਹਿਤ ਬੇਨਤੀ ਕਰਨਾ ਹੀ ਸੱਭਿਅਕ ਤਰੀਕਾ ਹੈ। ਸਰਕਾਰੀ ਜਾਂ ਜਨਤਕ ਖ਼ਤ ਲਿਖਣ ਲਈ ਜ਼ਰੂਰੀ ਹੈ ਕਿ ਤੁਸੀ ਸਿਰਜਣਾਤਮਕ ਢੰਗ ਅਪਣਾਓ। ਤੁਹਾਡੇ ਸਵਾਲ ਇਸ ਤਰ੍ਹਾਂ ਡਰਾਫਟ ਕੀਤੇ ਜਾਣ ਕਿ ਸਾਹਮਣੇ ਵਾਲੇ ਵਿਅਕਤੀ ਦੀ ਨਿੱਜੀ ਦਿਲਚਸਪੀ ਖਿੱਚਣ ਦੀ ਸਮਰੱਥਾ ਰੱਖਦੇ ਹੋਣ। ਤੁਸੀਂ ਲੋੜੀਂਦੇ ਸਬੂਤ ਪੇਸ਼ ਕਰੋ ਜੋ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਕਰ ਸਕਣ। ਆਪਣਾ ਸੁਝਾਅ ਜਾਂ ਨਜ਼ਰੀਆ ਵੀ ਪੇਸ਼ ਕਰੋ। ਇਸ ਸਮੁੱਚੀ ਲੇਖਣੀ ਵਿੱਚ ਸਪਸ਼ਟਤਾ ਅਤੇ ਸੰਖੇਪਤਾ ਦੀ ਝਲਕ ਹੋਣਾ ਅਤਿ ਜ਼ਰੂਰੀ ਹੈ।
ਸੰਖੇਪ ਵਾਰਤਾ ਜਾਂ ਪਰੈਸੀ ਲਿਖਣਾ ਇਕ ਸ਼ਾਨਦਾਰ ਅਭਿਆਸ ਹੈ, ਜਿਸ ਤੋਂ ਲਿਖਣ ਵਾਲੇ ਦੇ ਬੌਧਿਕ ਪੱਧਰ ਦਾ ਅੰਦਾਜ਼ਾ ਲੱਗ ਜਾਂਦਾ ਹੈ। ਪਰੈਸੀ ਲਿਖਣ ਤੋਂ ਭਾਵ ਹੈ ਲੰਬੇ ਪੈਰ੍ਹੇ ਜਾਂ ਵਾਰਤਾ ਨੂੰ ਆਪਣੇ ਸ਼ਬਦਾ ਵਿੱਚ ਸੰਖੇਪ ਕਰਕੇ ਲਿਖਣਾ ਹੈ। ਇਸ ਕਲਾ ਵਿੱਚ ਮੁਹਾਰਤ ਹਾਸਲ ਕਰਨ ਵਾਸਤੇ ਪੈਰ੍ਹੇ ਨੂੰ ਗਹੁ ਨਾਲ ਪੜ੍ਹਨਾ, ਮੁੱਖ ਵਾਕਾਂ ਜਾਂ ਕਹਾਵਤਾਂ ਨੂੰ ਅੰਡਰਲਾਈਨ ਕਰਨਾ, ਸੰਖੇਪ ਨੋਟਸ ਬਣਾਉਣਾ ਤੇ ਆਪਣੇ ਸ਼ਬਦਾਂ ਵਿੱਚ ਮੁਖ ਵਿਚਾਰ ਲਿਖਣਾ ਜ਼ਰੂਰੀ ਨੁਕਤੇ ਹਨ। ਵਾਰਤਾ ਨੂੰ ਦੁਹਰਾਉਣਾ, ਲਿਖੇ ਮੁੱਖ ਵਾਕਾਂ ਦੀ ਸਾਰਥਕਤਾ ਦਾ ਫ਼ੈਸਲਾ ਕਰਨਾ ਅਤੇ ਅਖੀਰ ਵਿੱਚ ਪਰੈਸੀ ਤਿਅਰ ਕਰਕੇ ਉਸ ਨੂੰ ਪੜ੍ਹਨਾ ਜ਼ਰੂਰੀ ਹੈ। ਸਭ ਤੋਂ ਮੁਸ਼ਕਲ ਕੰਮ ਇਮਤਹਾਨ ਦੌਰਾਨ ਲਿਖਣਾ ਹੈ। ਇਸ ਪੁਸਤਕ ਵਿੱਚ ਧਿਆਨਯੋਗ ਟਿਪਸ ਦਿੱਤੇ ਗਏ ਹਨ, ਜਿਨ੍ਹਾਂ ਨੂੰ ਧਾਰਨ ਕਰਕੇ ਅਸੀਂ ਹਰ ਕਿਸਮ ਦੇ ਇਮਤਹਾਨ ਵਿੱਚ ਸਫ਼ਲਤਾ ਹਾਸਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਸਮੇਂ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ। ਹਦਾਇਤਾਂ ਨੂੰ ਗਹੁ ਨਾਲ ਪੜ੍ਹਨਾ ਅਤੇ ਸਵਾਲਾਂ ਪ੍ਰਤੀ ਸਪਸ਼ਟ ਵਿਚਾਰ ਬਣਾਉਣਾ ਜ਼ਰੂਰੀ ਗੱਲਾਂ ਹਨ। ਸਮੇਂ ਦੀ ਯੋਜਨਾਬੰਦੀ ਅਤੇ ਜਵਾਬਾਂ ਦੀ ਨਿਸ਼ਾਨਦੇਹੀ ਅਜਿਹੇ ਨੁਕਤੇ ਹਨ, ਜਿਨ੍ਹਾਂ ਦਾ ਪਾਲਣ ਕਰਨ ਨਾਲ ਗ਼ਲਤੀ ਦਾ ਖ਼ਤਰਾ ਨਹੀਂ ਰਹਿੰਦਾ। ਸਵਾਲਾਂ ਦੀ ਸਮੀਖਿਆ ਕਰਦੇ ਹੋਏ ਇਹ ਫ਼ੈਸਲਾ ਕਰ ਲੈਣਾ ਜ਼ਰੂਰੀ ਹੈ ਕਿ ਕਿਸ ਸਵਾਲ ਨੂੰ ਵਧੇਰੇ ਜਾਂ ਘੱਟ ਸਮਾਂ ਚਾਹੀਦਾ ਹੈ। ਵਧੇਰੇ ਸਕੋਰਿੰਗ ਅਤੇ ਵਧੇਰੇ ਤਿਆਰ ਕੀਤੇ ਸਵਾਲ ਪਹਿਲਾਂ ਕਰਨੇ ਚਾਹੀਦੇ ਹਨ। ਸਵਾਲਾਂ ਪ੍ਰਤੀ ਸ਼ੱਕ ਜਾਂ ਸਪਸ਼ਟੀਕਰਨ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਲ ਕਰ ਲੈਣਾ ਚਾਹੀਦਾ ਹੈ। ਸਵਾਲਾਂ ਦਾ ਜਵਾਬ ਦੇਣ ਸਮੇਂ ਚੰਗੀਆਂ ਅਤੇ ਉਚਿਤ ਤਕਨੀਕਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਭਾਵ ਸੰਖੇਪ ਤੇ ਪ੍ਰਭਾਵਸ਼ਾਲੀ ਲਹਿਜ਼ੇ ਵਿੱਚ ਹੀ ਹੱਲ ਪੇਸ਼ ਕਰੋ। ਲੇਖ ਵੰਨਗੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਕੁੱਝ ਤੱਥਾਂ ਦੀ ਪੁਸ਼ਟੀ ਕਰਨਾ ਲਾਜ਼ਮੀ ਹੈ। ਤੁਹਾਨੂੰ ਸਵਾਲ ਸਮਝ ਆਉਣਾ ਜ਼ਰੂਰੀ ਹੈ। ਤੁਹਾਡੇ ਕੋਲ ਲਿਖਣ ਸਮੱਗਰੀ ਹੋਵੇ ਅਤੇ ਤੁਸੀਂ ਇਸ ਲਿਖਣ ਸਮੱਗਰੀ ਨੂੰ ਯੋਜਨਾਬੱਧ ਤਰੀਕੇ ਅਨੁਸਾਰ ਵਰਤ ਸਕੋ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਿਆਲਾਂ ਨੂੰ ਪ੍ਰਭਾਵਸ਼ਾਲੀ ਲਹਿਜ਼ੇ ਵਿੱਚ ਪੇਸ਼ ਕਰ ਸਕੋ। ਸਪਸ਼ਟ ਤੇ ਸਿੱਧੇ ਜਵਾਬ ਦੀਆਂ ਤਿੰਨ ਖ਼ੂਬੀਆਂ ਹਨ। ਪਹਿਲੀ, ਤੁਸੀਂ ਸ਼ੁਰੂ ਵਿੱਚ ਹੀ ਸਿੱਧਾ ਜਵਾਬ ਲਿਖੋ, ਦੂਜੀ ਅਗਲੇ ਪੈਰ੍ਹਿਆਂ ਵਿੱਚ ਆਪਣੇ ਜਵਾਬ ਦੇ ਹੱਕ ਵਿੱਚ ਦਲੀਲਾਂ ਦਿਓ ਤੇ ਤੀਜਾ ਤੁਸੀਂ ਸਵਾਲ ਦਾ ਜਵਾਬ ਪੜ੍ਹਨ ਵਾਲੇ ਦੀ ਅਗਵਾਈ ਕਰੋ, ਭਾਵ ਉਸ ਨੂੰ ਯਕੀਨ ਦਿਵਾਓ ਕਿ ਤੁਹਾਡਾ ਜਵਾਬ ਤਰਕਪੂਰਨ ਅਤੇ ਨਿਸ਼ਚਤ ਹੈ।
ਸ਼ਬਦਾਂ ਦੀ ਸ਼ਕਤੀ ਸਬੰਧੀ ਇਸ ਪੁਸਤਕ ਵਿੱਚ ਆਧੁਨਿਕ ਤਕਨੀਕਾਂ ਦਾ ਵਰਣਨ ਕੀਤਾ ਗਿਆ ਹੈ। ਉਚਿਤ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਹੀ ਤੁਹਾਡੀ ਲੇਖਣੀ ਨੂੰ ਸੁਚੱਜਾ ਸਾਬਿਤ ਕਰ ਸਕਦੀ ਹੈ। ਮੁਸ਼ਕਲ ਜਾਂ ਜ਼ਰੂਰੀ ਸ਼ਬਦਾਂ ਨੂੰ ਰੱਟਾ ਲਗਾਉਣ ਵਾਲਾ ਪੁਰਾਤਨ ਢੰਗ ਛੱਡ ਕੇ ਇਸ ਪੁਸਤਕ ਅੰਦਰ ਮਾਹਿਰਾਂ ਵਲੋਂ ਅਨੁਮਾਨਾਤਮਿਕ ਢੰਗ ਜਾਂ ਪ੍ਰੇਰਨਾ ਸਰੂਪ ਵਿਧੀ ਅਪਨਾਉਣ ਦੇ ਟਿਪਸ ਦਿੱਤੇ ਗਏ ਹਨ। ਇਨ੍ਹਾਂ ਤਕਨੀਕਾਂ ਵਿੱਚ ਮੁੱਖ ਤੌਰ ’ਤੇ ਸ਼ਬਦਾਂ ਦੇ ਅਰਥ ਵਾਕਾਂ ਦੀ ਵਿਆਖਿਆ ਜਾਂ ਭਾਵ ਤੋਂ ਗ੍ਰਹਿਣ ਕਰਨ ਨਾਲ ਸੰਭਵ ਹੁੰਦੇ ਹਨ। ਕਿਸੇ ਵੀ ਵਾਕ ਅੰਦਰ ਮੁਸ਼ਕਲ ਸ਼ਬਦ ਦਾ ਅਰਥ ਉਸ ਨਾਲ ਜੁੜੀ ਕਿਰਿਆ ਜਾਂ ਵਿਸ਼ੇਸ਼ਣ ਤੋਂ ਪਤਾ ਲੱਗਦਾ ਹੈ। ਤੁਹਾਨੂੰ ਵਾਕ ਅੰਦਰੋਂ ਹੀ ਮੁਸ਼ਕਲ ਸ਼ਬਦ ਦਾ ਅਰਥ ਲੱਭਣਾ ਪਵੇਗਾ ਭਾਵ ਉਸ ਦਾ ਅੰਦਾਜ਼ਾ ਲਗਾਉਣਾ ਪਵੇਗਾ। ਮਿਸਾਲ ਦੇ ਤੌਰ ਤੇ ‘ਨਿਰਾਸ਼ਵਾਦੀ ਲੋਕ ਆਮ ਤੌਰ ’ਤੇ ਬਦਸ਼ਗਨੀ ਵਾਲੀਆਂ ਗੱਲਾਂ ਹੀ ਕਰਦੇ ਹਨ’ ਅਜਿਹਾ ਵਾਕ ਹੈ, ਜਿਸ ਤੋਂ ਨਿਰਾਸ਼ਾਵਾਦੀ ਦਾ ਅਰਥ ਉਨ੍ਹਾਂ ਨਾਲ ਜੁੜੀ ਕਿਰਿਆ ਤੋਂ ਹੀ ਪਤਾ ਚਲ ਜਾਂਦਾ ਹੈ। ਤੁਸੀਂ ਸ਼ਬਦਾ ਦਾ ਅਰਥ ਸਾਵੇਂ ਪ੍ਰਭਾਵ ਜਾਂ ਅਰਥ ਵਾਲੇ ਸ਼ਬਦ ਲੱਭ ਕੇ ਵੀ ਜਾਣ ਸਕਦੇ ਹੋ। ਮਿਸਾਲ ਦੇ ਤੌਰ ’ਤੇ ਪ੍ਰਸਿੱਧੀ ਨੂੰ ਮਸ਼ਹੂਰੀ ਜਾਂ ਬਹੁਤੇ ਲੋਕਾਂ ਦੀ ਸਵਕ੍ਰਿਤਿੀ ਵੀ ਕਿਹਾ ਜਾ ਸਕਦਾ ਹੈ। ਕਈ ਵਾਰ ਤੁਸੀਂ ਸ਼ਬਦ ਦੀ ਕਿਸਮ ਬਦਲ ਕੇ ਵੀ ਅਰਥ ਜਾਣ ਸਕਦੇ ਹੋ ਜਿਵੇਂ ਨੇਤਾਗਿਰੀ ਤੋਂ ਨੇਤਾ ਜਾਂ ਸੁੰਦਰ ਤੋਂ ਸੁੰਦਰਤਾ ਆਦਿ।
ਸ਼ਬਦ ਚੇਤੇ ਕਰਨ ਜਾਂ ਕੰਠ ਕਰਨ ਦੀ ਵਿਧੀ ਸ਼ਬਦ ਦੀਆਂ ਪਰਤਾਂ ਖੋਲ੍ਹਣ ਨਾਲ ਜੁੜੀ ਹੈ। ਸ਼ਬਦਾਂ ਦੇ ਵੱਖਰੇ-ਵੱਖਰੇ ਰੰਗ ਜਾਂ ਅਰਥ ਹੁੰਦੇ ਹਨ। ਇਸ ਸਬੰਧ ਵਿੱਚ ਤੁਹਾਨੂੰ ਸ਼ਬਦਕੋਸ਼ ਦੀ ਮਦਦ ਨਾਲ ਹਰ ਸ਼ਬਦ ਦਾ ਵੱੱਖ ਵੱਖ ਸਥਿਤੀਆਂ ’ਚ ਕੀਤਾ ਜਾਣ ਵਾਲਾ ਇਸਤੇਮਾਲ ਸਿੱਖਣਾ ਪਵੇਗਾ। ਸ਼ਬਦਾਂ ਦੀ ਢੁਕਵੀਂ ਵਰਤੋਂ ਦੇ ਅਭਿਆਸ ਨਾਲ ਹੀ ਤੁਸੀਂ ਸ਼ਬਦਾਂ ਦੀ ਵਰਤੋਂ ਕਰਨਾ ਵੀ ਸਿੱਖ ਸਕਦੇ ਹੋ। ਸ਼ਬਦਾਂ ਦੀ ਕਰਾਮਾਤ ਤੁਸੀਂ ਵਿਦੇਸ਼ੀ ਭਾਸ਼ਾਵਾਂ ਦੀ ਵਰਤੋਂ ਰਾਹੀਂ ਵੀ ਹਾਸਲ ਕਰ ਸਕਦੇ ਹੋ। ਹਿੰਦੀ, ਸੰਸਕ੍ਰਿਤ, ਅਰਬੀ, ਲਾਤੀਨੀ ਤੇ ਯੂਨਾਨੀ ਆਦਿ ਕਈ ਭਾਸ਼ਾਵਾਂ ਦੇ ਸ਼ਬਦ ਜਾਂ ਫਿਕਰੇ ਵਿਸ਼ਵ ਪ੍ਰਸਿੱਧ ਹੋ ਚੁੱਕੇ ਹਨ, ਜਿਨ੍ਹਾਂ ਦੀ ਵਰਤੋਂ ਆਮ ਵੇਖਣ ਨੂੰ ਮਿਲਦੀ ਹੈ। ਸ਼ਬਦਕੋਸ਼ਾਂ ਵਿੱਚ ਵੀ ਇਸ ਦੇ ਸਬੂਤ ਅਤੇ ਵੇਰਵੇ ਮਿਲਦੇ ਹਨ। ਤੁਹਾਡਾ ਅਜਿਹੇ ਸ਼ਬਦ ਸਿੱਖਣਾ ਅਤੇ ਵਰਤੋਂ ਵਿੱਚ ਲਿਆਉਣਾ ਸੋਨੇ ’ਤੇ ਸੁਹਾਗੇ ਦਾ ਕੰਮ ਦੇ ਸਕਦਾ ਹੈ।
ਇਸ ਸਮੁੱਚੀ ਬਹਿਸ ਤੋਂ ਭਾਵ ਹੈ ਕਿ ਤੁਸੀਂ ਸ਼ਬਦਾਂ ਦੀ ਪਿੱਠ ਭੂਮੀ ਦੇ ਝਰੋਖੇ ਵਿੱਚ ਵੇਖੇ ਅਤੇ ਉਨ੍ਹਾਂ ਦੀਆਂ ਜੜ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀ ਪ੍ਰਭਾਵਸ਼ਾਲੀ ਲੇਖਣੀ ਦੇ ਮਾਲਕ ਬਣ ਸਕੋ। ਇਸ ਸਮੁੱਚੀ ਪ੍ਰਕਿਰਿਆ ਦੌਰਾਨ ਵਿਆਕਰਣਕ ਸ਼ੁੱਧਤਾ ਅਤੇ ਪੈਮਾਨਿਆਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਤੇ ਲਾਹੇਵੰਦ ਹੈ। ਸਲਾਹੁਣਯੋਗ, ਅਸਰਦਾਰ ਤੇ ਸਪਸ਼ਟ ਲੇਖਣੀ ਵਾਸਤੇ ਸ਼ਬਦ ਜੋੜਾਂ ਅਤੇ ਵਿਸ਼ਰਾਮ ਚਿੰਨ੍ਹਾਂ ਦੀ ਦਰੁਸਤ ਵਰਤੋਂ ਕਰਨਾ ਜ਼ਰੂਰੀ ਹੈ। ਤੁਸੀਂ ਕਿਸੇ ਵਾਕ ਦੇ ਸਹੀ ਅਰਥ ਪ੍ਰਗਟਾਉਣ ਵਾਸਤੇ ਜੇਕਰ ਹੱਦ ਡੰਡੀ, ਕਾਮਾ, ਹਾਈਫਨ ਜਾਂ ਹੋੜੇ, ਕਨੌੜੇ ਦਾ ਖਿਆਲ ਨਹੀਂ ਰੱਖਦੇ ਤਾਂ ਅਰਥ ਸੌੜੇ ਵੀ ਹੋ ਸਕਦੇ ਹਨ। ਇਸ ਤੋਂ ਭਾਵ ਹੈ ਕਿ ਵਿਆਕਰਣਕ ਮਾਪਦੰਡਾਂ ਮੁਤਾਬਕ ਲਗਾਂ ਮਾਤਰਾਂ ਦੀ ਸਹੀ ਵਰਤੋਂ ਹੀ ਪ੍ਰਭਾਵਸ਼ਾਲੀ ਲੇਖਣੀ ਨੂੰ ਜਨਮ  ਦਿੰਦੀ ਹੈ। ਸ਼ਬਦ ਜੋੜਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਨੂੰ ਵਾਕਾਂ ਵਿੱਚ ਵਰਤਣਾ ਜ਼ਰੂਰੀ ਹੈ।
ਤੁਹਾਡੀ ਯਾਦ ਸ਼ਕਤੀ ਦਾ ਆਧਾਰ ਮਜ਼ਬੂਤ ਕਰਨ ਵਾਸਤੇ ਤੁਹਾਨੂੰ ਸ਼ਬਦ ਜੋੜਾਂ ਦੇ ਸਮਾਨਅਰਥ ਵਾਲੇ ਸ਼ਬਦਾਂ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਧਿਆਨ ਰੱਖਣਾ ਪਵੇਗਾ। ਹੱਥ ਲਿਖਤ ਦੀ ਸੁੰਦਰਤਾ ਵੀ ਲੇਖਣੀ ਦੀ ਖਿੱਚ ਵਧਾਉਣ ਦਾ ਕੰਮ ਕਰਦੀ ਹੈ। ਸੁੰਦਰ ਹੱਥ ਲਿਖਤ ਹਮੇਸ਼ਾਂ ਲਿਖਣ ਵਾਲੇ ਦੇ ਸੁਹਜ-ਸੁਆਦ ਵਾਲੇ ਗੁਣਾਂ ਦੀ ਤਰਜਮਾਨੀ ਕਰਦੀ ਹੈ।
(ਦੂਜੀ ਕਿਸ਼ਤ ਅਗਲੇ ਵੀਰਵਾਰ)
ਸੰਪਰਕ: 9417900021


Comments Off on ਸਫਲਤਾ ਦੀ ਕੁੰਜੀ – ਚੰਗਾ ਲਿਖਣ ਤੇ ਚੰਗਾ ਬੋਲਣ ਦੀ ਕਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.