ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿਆਲਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ

Posted On December - 8 - 2016

10812CD _HOW_TO_GET_RID_OF_COLD_FASTਡਾ. ਮਨਜੀਤ ਸਿੰਘ ਬੱਲ
ਗਰਮੀ ਤੋਂ ਬਾਅਦ ਬਰਸਾਤਾਂ ਦੇ ਮੌਸਮ ਵਿੱਚ ਮੁੜ੍ਹਕੇ ਦੀ ਬੋਅ ਤੋਂ ਅੱਕਿਆ ਹੋਇਆ ਹਰੇਕ ਵਿਅਕਤੀ ਸਿਆਲ ਦੇ ਆਉਣ ਦੀ ਉਡੀਕ ਕਰਦਾ ਹੈ। ਪਹਿਲੇ ਸਮਿਆਂ ਵਿੱਚ ਪੈਸੇ ਤੇ ਕੱਪੜਿਆਂ ਦੀ ਘਾਟ ਕਾਰਨ ਲੋਕ ਗਰਮੀਆਂ ਨੂੰ ਚੰਗਾ ਕਹਿੰਦੇ ਸਨ ਕਿਉਂਕਿ ਸਿਆਲ ਵਿੱਚ ਮਹਿੰਗੇ ਗਰਮ ਕੱਪੜੇ ਲੈਣ ਦੀ ਸਮਰੱਥਾ ਨਹੀਂ ਸੀ ਹੁੰਦੀ, ਪਰ ਹੁਣ ਤਾਂ ਹਰੇਕ ਵਿਅਕਤੀ ਸਰਦੀ ਨੂੰ ਮਾਣਦਾ ਹੈ। ਠੰਢ ਦਾ ਮੌਸਮ ਕਈ ਲੋਕਾਂ ਵਿੱਚ, ਖ਼ਾਸ ਕਰਕੇ ਔਰਤਾਂ ਵਿੱਚ ਸਿਹਤ ਸਬੰਧੀ ਉਲਝਣਾਂ ਖੜ੍ਹੀਆਂ ਕਰਦਾ ਹੈ। ਇਸ ਮੌਸਮ ਵਿੱਚ ਜੇ ਤੁਸੀਂ ਆਪਣੀ ਸਿਹਤ ਪ੍ਰਤੀ ਥੋੜ੍ਹਾ ਵੀ ਅਵੇਸਲਾਪਣ ਦਿਖਾਇਆ ਤਾਂ ਠੰਢਾ ਮੌਸਮ ਤੁਹਾਡੇ ’ਤੇ ਹਮਲਾ ਕਰਨ ਵਿੱਚ ਦੇਰੀ ਨਹੀਂ ਕਰਦਾ। ਜ਼ੁਕਾਮ ਤੇ ਫਲੂ ਤੋਂ ਇਲਾਵਾ ਔਰਤਾਂ ਨੂੰ ਕਈ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਉਨ੍ਹਾਂ ਨੇ ਕਦੇ ਸੋਚੀਆਂ ਵੀ ਨਹੀਂ ਹੋਣੀਆਂ।
ਦਿਲ ਦਾ ਦੌਰਾ: 40-45 ਸਾਲ ਦੀ ਉਮਰ (ਮੈਨੋਪਾਜ਼) ਤੋਂ ਪਹਿਲਾਂ ਔਰਤਾਂ ਨੂੰ ਦਿਲ ਦੇ ਦੌਰੇ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਪੈਂਦੇ ਹਨ ਪਰ ਮਾਹਵਾਰੀ ਬੰਦ ਹੋ ਜਾਣ ਤੋਂ ਬਾਅਦ ਇਸ ਰੋਗ ਦੀ ਦਰ ਦੋਵਾਂ ਲਿੰਗਾਂ ਵਿੱਚ ਬਰਾਬਰ ਹੁੰਦੀ ਹੈ। ਕਈ ਵਧੇਰੇ ਠੰਢੇ ਦੇਸ਼ਾਂ ਵਿੱਚ ਇਨ੍ਹਾਂ ਮਹੀਨਿਆਂ ਵਿੱਚ ਬਾਕੀਆਂ ਬਿਮਾਰੀਆਂ ਨਾਲੋਂ ਦਿਲ ਦੇ ਰੋਗ ਜਾਂ ਸਟਰੋਕ ਕਰਕੇ 50 ਫ਼ੀਸਦੀ ਜ਼ਿਆਦਾ ਰੋਗੀ ਹਸਪਤਾਲ ਵਿੱਚ ਦਾਖ਼ਲ ਹੁੰਦੇ ਹਨ ਤੇ ਮੌਤਾਂ ਵੀ ਵਧੇਰੇ ਹੁੰਦੀਆਂ ਹਨ। ਇਸ ਦਾ ਕਾਰਨ ਠੰਢ ਨਹੀਂ ਬਲਕਿ ਸਿਆਲ ਦੀਆਂ ਲੰਮੀਆਂ ਰਾਤਾਂ ਤੇ ਛੋਟੇ ਦਿਨਾਂ ਵਿੱਚ ਦਿਲ ਨੂੰ ਕਾਇਮ ਰੱਖਣ ਵਾਲੇ ਹਾਰਮੋਨਜ਼ ਦੀ ਪੈਦਾਵਾਰ ਘਟਣਾ ਹੁੰਦਾ ਹੈ।
Dr. Manjit Singh Bal (New)ਮੌਸਮੀ ਮਨੋਰੋਗਿਕ ਸਮੱਸਿਆਵਾਂ: ਸਿਆਲ ਦੇ ਘੱਟ ਤਾਪਮਾਨ ਵਾਲੇ ਮੌਸਮ ਦੌਰਾਨ ਮਨੋਰੋਗ ਵਾਲੀਆਂ ਸਮੱਸਿਆਵਾਂ ਦੌਰਿਆ ਵਾਂਗ ਆਉਂਦੀਆਂ ਹਨ। ਜਿਵੇਂ ਹੀ ਬਸੰਤ ਆਉਂਦੀ ਹੈ ਕੁਝ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ, ਇਨ੍ਹਾਂ ਰੋਗਾਂ ਦੇ ਲੱਛਣ ਘਟ ਜਾਂਦੇ ਹਨ। ਕਈ ਖੋਜੀਆਂ ਦਾ ਵਿਚਾਰ ਹੈ ਕਿ ਇਸ ਪਿੱਛੇ ਠੰਢ ਦੇ ਮੌਸਮ ਦੌਰਾਨ ਘਟਿਆ ਹੋਇਆ ਤਾਪਮਾਨ, ਘੱਟ ਰੌਸ਼ਨੀ ਤੇ ਹਾਰਮੋਨਜ਼ ਦੀ ਭੂਮਿਕਾ ਹੈ।
ਹਾਇਪੋਥਰਮੀਆਂ ਜਾਂ ਸਰੀਰ ਦਾ ਘੱਟ ਤਾਪਮਾਨ: ਇਸ ਨੂੰ ਤਾਪਮਾਨ ਦੀ ਅਸਾਧਾਰਨ ਕਮੀ ਕਿਹਾ ਜਾ ਸਕਦਾ ਹੈ ਜੋ ਠੰਢ ਦੇ ਮੌਸਮ ਵਿੱਚ ਹੋ ਜਾਂਦੀ ਹੈ। ਚੌਗਿਰਦੇ ਦੇ ਘੱਟ ਤਾਪਮਾਨ ਕਾਰਨ ਸਰੀਰ ਦੀ ਗਰਮੀ ਖ਼ਰਚ ਜ਼ਿਆਦਾ ਹੁੰਦੀ ਹੈ ਪਰ ਬਣਦੀ ਘੱਟ ਹੈ। ਜੇ ਸਰੀਰ ਦਾ ਤਾਪਮਾਨ 99.5 ਡਿਗਰੀ (ਸਾਧਾਰਨ 98.6) ਤੋਂ ਘਟ ਜਾਵੇ (ਹਾਇਪੋਥਰਮੀਆਂ) ਤਾਂ ਮੌਤ ਤੋਂ ਬਚਣ ਵਾਸਤੇ ਸਰੀਰ ਦਾ ਤਾਪਮਾਨ ਠੀਕ ਪੱਧਰ ’ਤੇ ਲਿਆਉਣ ਲਈ ਫੌਰਨ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਪੈਂਦੀ ਹੈ।
ਕਾਰਬਨ ਮੋਨੋਆਕਸਾਈਡ ਚੜ੍ਹ ਜਾਣਾ: ਭਾਵੇਂ ਕੋਲਿਆਂ ਨਾਲ ਘਰਾਂ ਦੇ ਕਮਰੇ ਗਰਮ ਕਰਨ ਦਾ ਰਿਵਾਜ ਕੁਝ ਘਟ ਗਿਆ ਹੈ, ਫਿਰ ਵੀ ਹਿਮਾਚਲ ਜਾਂ ਦੂਜੇ ਠੰਢੇ ਰਾਜਾਂ ਜਾਂ ਮੈਦਾਨੀ ਪਿੰਡਾਂ ਜਾਂ ਸ਼ਹਿਰਾਂ ਦੀਆਂ ਗ਼ਰੀਬ ਬਸਤੀਆਂ ਵਿੱਚ ਕਈ ਲੋਕ ਕੋਲੇ ਬਾਲ ਕੇ ਕਮਰੇ ਗਰਮ ਕਰਦੇ ਹਨ ਤੇ ਸੌਂ ਜਾਂਦੇ ਹਨ ਤੇ ਗੈਸ ਚੜ੍ਹਨ ਕਰਕੇ ਮੌਤਾਂ ਹੋ ਜਾਂਦੀਆਂ ਹਨ।
ਹੱਥ-ਪੈਰ ਸੁੰਨ ਹੋਣ ਕਰਕੇ ਉਂਗਲੀਆਂ ਝੜ ਜਾਣਾ: ਬਰਫੀਲੇ ਪਹਾੜਾਂ ’ਤੇ ਰਹਿਣ ਵਾਲੇ ਲੋਕ ਜਾਂ ਇਨ੍ਹਾਂ ਥਾਵਾਂ ’ਤੇ ਡਿਊਟੀਆਂ ਦੇਣ ਵਾਲੇ ਫ਼ੌਜੀਆਂ ਦੇ ਹੱਥਾਂ ’ਤੇ ਪੈਰਾਂ ਦੀਆਂ ਉਂਗਲੀਆਂ ਠੰਢ ਨਾਲ ਸੁੰਨ ਰਹਿੰਦੀਆਂ ਹਨ। ਵਧੇਰੇ ਸਮਾਂ ਸੁੰਨ ਰਹਿਣ ਕਰਕੇ ਕਈ ਵਾਰ ਇਹ ਝੜ ਜਾਂਦੀਆਂ ਹਨ। ਇਸ ਨੂੰ ‘ਫਰੌਸਟ ਬਾਈਟ’ ਕਿਹਾ ਜਾਂਦਾ ਹੈ। ਹੱਥਾਂ ਅਤੇ ਪੈਰਾਂ ਤੋਂ ਇਲਾਵਾ ਕੰਨ ਤੇ ਨੱਕ ਵੀ ਇਸ ਠੰਢ ਦੀ ਲਪੇਟ ਵਿੱਚ ਆਉਂਦੇ ਹਨ। ਘੱਟ ਤਾਪਮਾਨ ਨਾਲ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਇਨ੍ਹਾਂ ਅੰਗਾਂ ਨੂੰ ਖ਼ੂਨ ਦੀ ਸਪਲਾਈ ਘਟਣ ਕਾਰਨ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਜੇ ਪੋਟੇ ਜਾਂ ਪੈਰਾਂ ਦੀਆਂ ਉਂਗਲੀਆਂ ਜ਼ਿਆਦਾ ਹੀ ਖ਼ਰਾਬ ਹੋ ਜਾਣ ਤਾਂ ਇਨ੍ਹਾਂ ਨੂੰ ਕੱਟਣ ਦੀ ਨੌਬਤ ਆ ਜਾਂਦੀ ਹੈ। ਇਸ ਲਈ ਠੰਢੇ ਤੇ ਬਰਫੀਲੇ ਇਲਾਕਿਆਂ ਵਿੱਚ ਬਚਾਅ ਵਜੋਂ ਗਰਮ ਬੂਟ-ਜੁਰਾਬਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗਰਮ ਕੱਪੜੇ, ਸਿਰ ’ਤੇ ਪੱਗ, ਹੈਟ ਜਾਂ ਟੋਪੀ ਆਦਿ, ਕੰਨਾਂ ਤੇ ਨੱਕ ਦੇ ਬਚਾਅ ਵਾਸਤੇ ਸਕਾਰਫ ਜਾਂ ਗੁਲੂਬੰਦ ਦੀ ਵਰਤੋਂ ਕੀਤੀ ਜਾਂਦੀ ਹੈ। ਗਲੇ ਵਿੱਚ ਟਾਈ ਦੀ ਵਰਤੋਂ ਟੌਹਰ ਦੇ ਨਾਲ ਨਾਲ ਥਾਇਰਾਈਡ ਨੂੰ ਠੰਢ ਤੋਂ ਬਚਾਉਂਦੀ ਹੈ। ਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਹੱਥਾਂ ਵਾਸਤੇ ਗਰਮ ਦਸਤਾਨੇ ਜ਼ਰੂਰ ਵਰਤਣੇ ਚਾਹੀਦੇ ਹਨ।
ਵਿਟਾਮਿਨ ‘ਡੀ’ ਦੀ ਕਮੀ: ਭਾਵੇਂ ਕਾਫ਼ੀ ਲੋਕ ਇਸ ਗੱਲੋਂ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸਰਦੀਆਂ ਦੌਰਾਨ ਨਿੱਘਾ ਵਾਤਾਵਰਣ ਤੇ ਸੂਰਜ ਦੀ ਧੁੱਪ ਵੀ ਉਪਲਭਦ ਹੈ। ਦੂਜੇ ਪਾਸੇ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਚਮਕਦੀ ਧੁੱਪ, ਸਿਰ ’ਤੇ ਛੱਤਾਂ ਤੇ ਕਪੜਿਆਂ ਦੀ ਕਮੀ ਕਾਰਨ ਨਿੱਘ ਨਹੀਂ ਮਿਲਦਾ ਅਜਿਹੇ ਵਿੱਚ ਉਨ੍ਹਾਂ ਨੂੰ ਵਿਟਾਮਿਨ ‘ਡੀ’ ਦੀ ਕਮੀ ਦਾ ਖ਼ਤਰਾ ਬਣ ਜਾਂਦਾ ਹੈ। ਇਹ ਵਿਟਾਮਿਨ, ਹੱਡੀਆਂ, ਖ਼ੂਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਠੀਕ ਰੱਖਣ ਲਈ ਅਤੇ ਕੈਂਸਰ ਤੋਂ ਬਚਾਓ ਲਈ ਬਹੁਤ ਜ਼ਰੂਰੀ ਹੈ।
ਜੋੜਾਂ ਦੇ ਦਰਦ: ਠੰਢ, ਆਰਥਰਾਇਟਿਸ ਦਾ ਕਾਰਨ ਨਹੀਂ ਪਰ ਜਿਹੜੇ ਵਿਅਕਤੀ ਇਸ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਵਾਸਤੇ ਤਾਂ ਕਈ ਵਾਰ ਸਿਆਲ ਕਿਆਮਤ ਬਣ ਕੇ ਆਉਂਦਾ ਹੈ। ਜੇ ਕੋਈ ਇਸ ਦਾ ਰੋਗੀ ਹੈ ਤਾਂ ਕੋਰੇ ਵਾਲੇ ਦਿਨਾਂ ਦੀ ਠੰਢ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਅਲੱਗ ਅਲੱਗ ਲੋਕਾਂ ’ਤੇ ਮੌਸਮ ਦਾ ਅਸਰ ਵੱਖ ਵੱਖ ਹੁੰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਡਾਕਟਰ ਮਾਰਕ ਗੌਰਲੇ ਅਨੁਸਾਰ ‘ਕੁਝ ਲੋਕਾਂ ਠੰਢਾਂ ਵਾਲੇ ਮੌਸਮ ਨੂੰ ਪਸੰਦ ਕਰਦੇ ਹਨ ਪਰ ਸਵੇਰ ਦੇ ਸਮੇਂ, ਗਠੀਏ ਦੇ ਰੋਗੀਆਂ ਦੇ ਠੰਢ ਨਾਲ ਸਾਰੇ ਜੋੜ ਜਾਮ ਹੋ ਜਾਂਦੇ ਹਨ। ਜਾਗਣ ਤੋਂ ਬਾਅਦ ਉਨ੍ਹਾਂ ਦੇ ਜੋੜ ਖੁੱਲ੍ਹਣ ਤੇ ਕੰਮ-ਕਾਰ ਕਰਨ ਜੋਗੇ ਹੋਣ ਨੂੰ ਕਾਫ਼ੀ ਵਕਤ ਲਗ ਜਾਂਦਾ ਹੈ।’ ਜਿਵੇਂ ਜਿਵੇਂ ਮੌਸਮ ਬਦਲਦਾ ਹੈ ਉਸੇ ਤਰ੍ਹਾਂ ਹੀ ਜੋੜਾਂ ਦਾ ਪ੍ਰੈਸ਼ਰ ਬਦਲਦਾ ਹੈ। ਜੋੜਾਂ ਦੁਆਲੇ ਤੰਤੂ ਇੱਕ ਗੁਬਾਰੇ ਵਾਂਗ ਹੁੰਦੇ ਹਨ ਜਦੋਂ ਹਵਾ ਦਾ ਦਬਾਅ ਘਟਦਾ ਹੈ ਤਾਂ ਇਹ ਗੁਬਾਰੇ (ਤੰਤੂ) ਫੈਲ ਜਾਂਦੇ ਹਨ ਤੇ ਫੈਲੇ ਹੋਏ ਤੰਤੂ ਜੋੜਾਂ ’ਤੇ ਦਬਾਅ ਪਾਉਂਦੇ ਹਨ ਜਿਸ ਨਾਲ ਦਰਦ ਹੁੰਦੀ ਹੈ ਤੇ ਜੋੜ ਜਾਮ ਹੁੰਦੇ ਹਨ। ਇਸੇ ਕਰਕੇ ਜੋੜਾਂ ਦੇ ਦਰਦ ਵਾਲੇ ਦੇ ਰੋਗੀ ਕਈ ਵਾਰ ਦੱਸ ਦਿੰਦੇ ਹਨ ਕਿ ਹਵਾ ਦਾ ਦਬਾਅ ਘਟਿਆ ਹੈ ਕਿ ਵਧਿਆ ਹੈ।
ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਵੇਂ ਵੀ ਹੋਵੇ ਆਪਣੇ-ਆਪ ਨੂੰ ਨਿੱਘਾ ਰੱਖੋ ਤੇ ਠੰਢ ਵਿੱਚ ਨਿਕਲਣ ਤੋਂ ਪਰਹੇਜ਼ ਕਰੋ। ਜੇ ਜਾਣਾ ਹੀ ਪਵੇ ਤਾਂ ਸਿਰ ਤੋਂ ਲੈ ਕੇ ਪੈਰਾਂ ਤਕ ਸਾਰਾ ਸਰੀਰ ਚੰਗੀ ਤਰ੍ਹਾਂ ਢੱਕ ਕੇ ਨਿਕਲੋ। ਜੇ ਕਾਰ ਵਿੱਚ ਜਾਣਾ ਹੈ ਤਾਂ ਇਸ ਵਿੱਚ ਵੜਨ ਤੋਂ ਪਹਿਲਾਂ ਇਸ ਨੂੰ ਗਰਮ ਕਰ ਲਓ। ਸੌਣ ਵਾਲਾ ਕਮਰਾ ਹੀਟਰ ਨਾਲ ਨਿੱਘਾ ਕਰ ਰੱਖੋ। ਅੱਜ-ਕੱਲ੍ਹ ਬਿਜਲਈ ਕੰਬਲ ਉਪਲਭਦ ਹਨ, ਉਨ੍ਹਾਂ ਦੀ ਵਰਤੋਂ ਕਰੋ। ਗਰਮ ਕੌਫੀ ਜਾਂ ਚਾਹ ਵਗੈਰਾ ਨਾਲ ਵੀ ਸਰੀਰ ਗਰਮ ਰਹਿੰਦਾ ਹੈ। ਠੰਢ ਵਿੱਚ ਨਿਕਲਣ ਤੋਂ ਪੁਹਿਲਾਂ ਹਲਕੀ ਜਿਹੀ ਵਰਜ਼ਿਸ਼ ਕਰਕੇ ਸਰੀਰ ਗਰਮ ਕਰ ਲਵੋ। ਵਰਜ਼ਿਸ਼ ਨਾਲ ਜਾਮ ਹੋਏ ਜੋੜ ਤਾਂ ਖੁਲ੍ਹਦੇ ਹੀ ਹਨ ਨਾਲ ਹੀ ਸਰੀਰ ਦਾ ਭਾਰ ਵੀ ਠੀਕ ਰਹਿੰਦਾ ਹੈ ਕਿਉਂਕਿ ਸਰਦੀਆਂ ਵਿੱਚ ਭਾਰ ਵਧਦਾ ਹੈ ਤੇ ਵਧਿਆ ਹੋਇਆ ਭਾਰ ਜੋੜਾਂ ਨੂੰ ਹੋਰ ਵੀ ਤਕਲੀਫ਼ ਪਹੁੰਚਾਉਂਦਾ ਹੈ।
ਰੇਨੌਡਜ਼ ਡਿਸਈਜ਼: ਇਹ ਖ਼ੂਨ ਦੀਆਂ ਨਾੜੀਆਂ ਦਾ ਰੋਗ ਹੈ। ਇਹ ਵੀ ਠੰਢ ਵਿੱਚ ਬੜੀ ਤੰਗੀ ਦਿੰਦਾ ਹੈ। ਘੱਟ ਤਪਮਾਨ ਨਾਲ ਖ਼ੂਨ ਦੀਆਂ ਨਾੜੀਆਂ ਸੁੰਗੜਨ ਕਰਕੇ ਹੱਥਾਂ ਦੇ ਪੋਟੇ, ਨੱਕ ਦੀ ਚੁੰਝ ਤੇ ਪੈਰਾਂ ਵਿੱਚ ਘੱਟ ਖ਼ੂਨ ਪੁੱਜਣ ਨਾਲ ਇਹ ਚਿੱਟੇ ਤੇ ਬਾਅਦ ਵਿੱਚ ਨੀਲੇ ਹੋ ਜਾਂਦੇ ਹਨ। ਰੋਗ ਜ਼ਿਆਦਾ ਗੰਭੀਰ ਹੋਵੇ ਤਾਂ ਜ਼ਖ਼ਮ ਬਣ ਜਾਂਦੇ ਹਨ ਤੇ ਪੋਟੇ ਝੜ ਜਾਂਦੇ ਹਨ। ਖ਼ੂਨ ਦੀ ਸਪਲਾਈ ਠੀਕ ਹੋਣ ’ਤੇ ਚਮੜੀ ਦਾ ਰੰਗ ਫਿਰ ਲਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਦਰਦ ਕਾਫ਼ੀ ਹੁੰਦੀ ਹੈ। ਇਸ ਤੋਂ ਬਚਣ ਲਈ ਵੀ ਸਰੀਰ ਗਰਮ ਰੱਖੋ, ਠੰਢ ਵਿੱਚ ਦਸਤਾਨੇ ਪਾ ਕੇ ਰੱਖੋ।
ਸਜੋਗਰਨਜ਼ ਡਿਸਈਜ਼: ਇਹ ਇੱਕ ਅਜਿਹਾ ਰੋਗ ਹੈ ਜਿਸ ਵਿੱਚ ਸਰੀਰ ਨੂੰ ਤਰ੍ਹਾਂ ਜਾਂ ਸਿੱਲ੍ਹਾ ਰੱਖਣ ਵਾਲੀਆਂ ਗ੍ਰੰਥੀਆਂ ਕੰਮ ਨਹੀਂ ਕਰਦੀਆਂ ਜਿਸ ਨਾਲ ਮੂੰਹ, ਅੱਖਾਂ (ਹੰਝੂਆਂ ਤੋਂ ਬਿਨਾਂ) ਤੇ ਨੱਕ ਆਦਿ ਸੁੱਕੇ ਹੀ ਰਹਿੰਦੇ ਹਨ। ਠੰਢ ਦੇ ਮੌਸਮ ਵਿੱਚ ਇਹ ਸਮੱਸਿਆ ਵੀ ਹੋਰ ਜ਼ੋਰ ਫੜਦੀ ਹੈ। ਇਸ ਰੋਗ ਵਾਲੇ ਲੋਕਾਂ ਨੂੰ ਲੁਬਰੀਕੇਸ਼ਨ ਵਾਸਤੇ ਲੋਸ਼ਨ ਵਰਤਣੇ ਪੈਂਦੇ ਹਨ ਤੇ ਆਪਣੇ ਕਮਰੇ ਵਿੱਚ ਸਿੱਲ੍ਹ ਵਾਲਾ ਮਾਹੌਲ ਬਣਾ ਕੇ ਰੱਖਣਾ ਪੈਂਦਾ ਹੈ। ਖੁਸ਼ਕ ਅੱਖਾਂ ਲਈ ‘ਨਕਲੀ ਹੰਝੂ’ ਵਰਤਣੇ ਪੈਂਦੇ ਹਨ ਤੇ ਮੂੰਹ ਨੂੰ ਤਰ ਰੱਖਣ ਲਈ ਪਾਣੀ ਦੀ ਬੋਤਲ ਕੋਲ ਰੱਖਣੀ ਪੈਂਦੀ ਹੈ। ਮਾਊਥ-ਵਾਸ਼ ਵਰਤਣ ਨਾਲ ਕੰਮ ਵਿਗੜ ਸਕਦਾ ਹੈ।
ਫੇਫੜਿਆਂ ਦੀ ਸਮੱਸਿਆ: ਸਿਆਲ ਵਿੱਚ ਫੇਫੜਿਆਂ ਦੇ ਰੋਗਾਂ ਦੇ (ਜਿਵੇਂ ਕਿ ਦਮੇਂ ਦੇ) ਮਰੀਜ਼ਾਂ ਦੀਆਂ ਤਕਲੀਫ਼ਾਂ ਵਧ ਜਾਂਦੀਆਂ ਹਨ। ਖੰਘ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ, ਨਿਮੋਨੀਆ, ਬੁਖਾਰ ਤੇ ਟੀ.ਬੀ. ਆਦਿ ਠੰਢ ਦੇ ਮੌਸਮ ਵਿੱਚ ਵਿਗੜ ਸਕਦੇ ਹਨ। ਵਡੇਰੀ ਉਮਰ ਵਾਲੇ ਬਜ਼ੁਰਗਾਂ ਨੂੰ ਸਿਆਲ ਵਿੱਚ ਅਜਿਹੀ ਸਮੱਸਿਆ ਹੋ ਜਾਵੇ ਤਾਂ ਘਾਤਕ ਹੁੰਦੀ ਹੈ। ਧੁੰਦ ਵਿੱਚ ਸੈਰ ਜਾਂ ਵਰਜ਼ਿਸ਼ ਕਰਨ ਨਾਲ ਦਮੇਂ ਦਾ ਦੌਰਾ ਪੈ ਸਕਦਾ ਹੈ ਸੋ ਇਸ ਤੋਂ ਪਰਹੇਜ਼ ਦੀ ਲੋੜ ਹੈ।
ਹੱਡੀਆਂ ਦਾ ਖੁਰਨਾ ਜਾਂ ਓਸਟੀਓਪੋਰੋਸਿਸ: ਇਸ ਨਾਲ ਹੱਡੀਆਂ ’ਚੋਂ ਕੈਲਸ਼ੀਅਮ ਘਟ ਜਾਂਦਾ ਹੈ ਤੇ ਥੋੜ੍ਹੇ ਜਿਹੇ ਦਬਾਅ ਨਾਲ ਹੀ ਹੱਡੀ ਟੁੱਟ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਓਸਟੀਓਪਰੋਸਿਸ ਦੀ ਸਮੱਸਿਆ ਹੁੰਦੀ ਹੈ, ਇਹ ਸਿਆਲ ਵਿੱਚ ਭਾਵੇਂ ਵਧੇ ਨਾ ਪਰ ਬਰਫੀਲੇ ਰਾਹਾਂ ਤੋਂ ਤਿਲਕ ਕੇ ਹੱਡੀਆਂ ਟੁੱਟ ਸਕਦੀਆਂ ਹਨ ਤੇ ਛੇਤੀ ਜੁੜਦੀਆਂ ਨਹੀਂ।
ਜ਼ੁਕਾਮ ਜਾਂ ਫਲੂ: ਜ਼ੁਕਾਮ ਸਰਦੀਆਂ ਵਿੱਚ ਆਮ ਹੀ ਹੋਣ ਵਾਲੀ ਸਮੱਸਿਆ ਹੈ। ਇਹ ਐਲਰਜੀ ਕਾਰਨ ਜਾਂ ਵਾਇਰਲ ਇਨਫੈਕਸ਼ਨ ਹੁੰਦੀ ਹੈ ਜੋ ਬੜਾ ਤੰਗ ਕਰਦੀ ਹੈ। ਇਸ ਕਾਰਨ ਨੱਕ ਤੇ ਅੱਖਾਂ ’ਚੋਂ ਪਾਣੀ, ਛਿੱਕਾਂ, ਸਿਰ ਪੀੜ ਤੇ ਬੁਖ਼ਾਰ ਆਦਿ ਦੀ ਦਿੱਕਤ ਆਉਂਦੀ ਹੈ। ਇਸ ਸਮੱਸਿਆ ਤਕਰੀਬਨ ਹਰੇਕ ਵਿਅਕਤੀ ਨੂੰ ਦੋ-ਚਾਰ ਹੋਣ ਪੈਂਦਾ ਹੈ। ਜਿੰਨੀ ਮਰਜ਼ੀ ਦਵਾ-ਦਾਰੂ ਕਰ ਲਓ, ਠੀਕ ਹੋਣ ਵਿੱਚ 5 ਤੋਂ 7 ਦਿਨ ਲੱਗ ਹੀ ਜਾਂਦੇ ਹਨ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਸਾਹ ਨਾਲ, ਸਾਂਝੇ ਤੌਲੀਏ ਰਾਹੀਂ ਤੇ ਸਾਂਝੇ ਰੁਮਾਲ ਆਦਿ ਨਾਲ ਫੈਲਦੀ ਹੈ। ਆਰਾਮ, ਭਾਫ, ਐਂਟੀ-ਹਿਸਟਾਮਿਨਿਕਸ, ਨੇਜ਼ਲ ਡੀਕੰਜਸਟੈਂਟਸ, ਪੈਰਾਸਿਟਾਮੋਲ ਆਦਿ ਦੀ ਵਰਤੋਂ ਤੇ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕਸ ਲੈਣੇ ਚਾਹੀਦੇ ਹਨ।
ਇਮਿਊਨ ਸਿਸਟਮ ਤੰਦਰੁਸਤ ਹੋਵੇ ਤਾਂ ਕਾਫ਼ੀ ਰੋਗਾਂ ਤੋਂ ਬਚਾਅ ਰਹਿੰਦਾ ਹੈ। ਇਸ ਵਾਸਤੇ ਸਰੀਰ ਨੂੰ ਕਾਰਜਸ਼ੀਲ (ਐਕਟਿਵ) ਰੱਖਣਾ ਚਾਹੀਦਾ ਹੈ। ਸਰਦੀਆਂ ਵਿੱਚ ਮੂੰਗਫਲੀ, ਮੱਛੀ, ਅੰਡਾ (ਕੋਲੈਸਟਰੋਲ ਦਾ ਧਿਆਨ ਰੱਖ ਕੇ) ਖਾਣੇ ਲਾਹੇਵੰਦ ਹੁੰਦੇ ਹਨ। ਸਾਗ ਨਾਲ ਮੱਕੀ, ਬਾਜਰੇ ਤੇ ਮੱਢਲ ਦੀ ਰੋਟੀ, ਖਜੂਰਾਂ, ਅਲਸੀ ਦੀਆਂ ਪਿੰਨੀਆਂ (ਮਿੱਠੇ ਤੇਲ ਜਾਂ ਤਿਲਾਂ ਦੇ ਤੇਲ ਵਿੱਚ ਬਣੀਆਂ), ਗੁੜ (ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈ)  ਇਨ੍ਹਾਂ ਆਹਾਰਾਂ ਨਾਲ ਇਮਿਊਨ ਸਿਸਟਮ ਤਾਕਤਵਰ ਬਣਦਾ ਹੈ।

ਸੰਪਰਕ: 98728-43491 


Comments Off on ਸਿਆਲਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.