ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਸਿੱਖਿਆ ਪ੍ਰਤੀ ਸੁਹਿਰਦ ਪਹੁੰਚ ਦੀ ਲੋੜ

Posted On December - 15 - 2016

ਗੁਰਬਿੰਦਰ ਸਿੰਘ ਮਾਣਕ

(ਦੂਜੀ ਕਿਸ਼ਤ)
ਅਨੇਕਾਂ ਯਤਨਾਂ ਦੇ ਬਾਵਜੂਦ ਸਰਕਾਰ ਸਹੀ ਰੂਪ ਵਿੱਚ ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਸਰਕਾਰ ਸਮੁੱਚੀ ਸਿੱਖਿਆ ਦੇ ਢਾਂਚੇ ਨੂੰ ਸੁਧਾਰਨ ਦੀ ਥਾਂ ਕਈ ਤਰ੍ਹਾਂ ਦੇ ਸਕੂਲ ਖੋਲ੍ਹ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਕਦੇ ਆਦਰਸ਼ ਸਕੂਲਾਂ ਦੀ ਯੋਜਨਾ ਚਲਾਈ ਗਈ। ਕਦੇ ਮੈਰੀਟੋਰੀਅਸ ਸਕੂਲਾਂ ਦੀ ਸਕੀਮ ਬਣਾਈ। ਅਸਲੀਅਤ ਇਹ ਹੈ ਕਿ ਸਮੁੱਚੀ ਸਕੂਲੀ ਸਿੱਖਿਆ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਇਹ ਸਕੂਲ ਸਰਕਾਰ ਦੀ ਤਰਜੀਹੀ ਨੀਤੀ ਦਾ ਹਿੱਸਾ ਨਹੀਂ ਹਨ। ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹਨ ਤੇ ਸਰਕਾਰ ਪਿਛਲੇ ਨੌਂ ਸਾਲਾਂ ਤੋਂ ਨਵੀਂ ਭਰਤੀ ਦੇ ਵਾਅਦੇ ਕਰਦੀ ਆ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਟੀਈਟੀ ਪਾਸ ਕਰ ਚੁੱਕੇ ਅਧਿਆਪਕਾਂ ਨੂੰ ਵੀ ਅਜੇ ਤਕ ਭਰਤੀ ਨਾ ਕੀਤਾ ਜਾਣਾ ਸਰਕਾਰ ਦੀ ਸਿੱਖਿਆ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਪਹੁੰਚ ਤੇ ਬਦਨੀਤੀ ਦਾ ਸਿੱਟਾ ਹੈ। ਪਿਛਲੇ ਸਾਲਾਂ ਵਿੱਚ ਸਿੱਖਿਆ ਵਿਭਾਗ ਨੇ ਰੈਗੂਲਰ ਭਰਤੀ ਕਰਨ ਦੀ ਥਾਂ ਕੰਮ-ਚਲਾਊ ਨੀਤੀ ’ਤੇ ਅਮਲ ਕਰਦਿਆਂ ਨਗੂਣੀ ਜਿਹੀ ਤਨਖ਼ਾਹ ’ਤੇ ਕਈ ਤਰ੍ਹਾਂ ਦੇ ਅਧਿਆਪਕ ਰੱਖੇ ਹੋਏ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਸਿੱਖਿਆ ਲਗਾਤਾਰ ਨਿਘਾਰ ਵੱਲ ਵਧਦੀ ਜਾ ਰਹੀ ਹੈ।
ਸਿੱਖਿਆ ਵਿਭਾਗ ਵਿੱਚ ਸਮਰਪਿਤ ਤੇ ਮਿਹਨਤੀ ਅਧਿਆਪਕਾਂ ਦੀ ਕਮੀ ਨਹੀਂ ਹੈ। ਅਜਿਹੇ ਅਧਿਆਪਕ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੇ ਕਰਤਵ ਪ੍ਰਤੀ ਬਹੁਤ ਸੁਹਿਰਦ ਹਨ। ਅਸਲ ਵਿੱਚ ਸਿੱਖਿਆ ਵਿਭਾਗ ਵਿੱਚ ਨਾ ਤਾਂ ਮਿਹਨਤ ਦੀ ਕੋਈ ਕਦਰ ਹੈ ਅਤੇ ਨਾ ਹੀ ਵਿਹਲੜਾਂ ਨੂੰ ਕੋਈ ਸਜ਼ਾ। ਨਵੇਂ ਬਣੇ ਅਧਿਆਪਕ ਕੁਝ ਸਾਲ ਤਾਂ ਮਿਹਨਤ ਤੇ ਲਗਨ ਨਾਲ ਪੜ੍ਹਾਉਣ ਦਾ ਪ੍ਰਗਟਾਵਾ ਕਰਦੇ ਹਨ, ਪਰ ਮਾਹੌਲ ਦੇਖ ਕੇ ਉਹ ਵੀ ਛੇਤੀ ਹੀ ਭੀੜ ਦਾ ਹਿੱਸਾ ਬਣ ਜਾਂਦੇ ਹਨ। ਅਜਿਹੇ ਅਧਿਆਪਕ ‘ਹੁਕਮ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ’ ਦੀ ਨੀਤੀ ’ਤੇ ਚੱਲ ਕੇ ਜਾਂ ਖ਼ੁਸ਼ਾਮਦ ਕਰਕੇ ਆਪਣਾ ਵਕਤ ਲੰਘਾ ਲੈਂਦੇ ਹਨ।ਅਜਿਹੀ ਸਥਿਤੀ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਸਗੋਂ ਵਿਦਿਅਕ ਵਾਤਾਵਰਣ ਦੀ ਅਣਹੋਂਦ ਵਿੱਚ ਬੱਚੇ ਕਈ ਨਿਰਾਰਥਕ ਗੱਲਾਂ ਵੱਲ ਰੁਚਿਤ ਹੋ ਜਾਂਦੇ ਹਨ। ਬਹੁਤ ਥੋੜ੍ਹੇ ਅਧਿਆਪਕ ਹਨ ਜਿਹੜੇ ਆਪਣੇ ਗਿਆਨ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਰੁਚੀ ਰੱਖਦੇ ਹਨ। ਜੇਕਰ ਅਧਿਆਪਕ ਦੇ ਆਮ ਗਿਆਨ ਦਾ ਪੱਧਰ ਹੀ ਨੀਵਾਂ ਹੋਵੇਗਾ ਤਾਂ ਬੱਚਿਆਂ ਨੂੰ ਕੀ ਸਿਖਾਇਆ ਜਾ ਸਕਦਾ ਹੈ।
ਜੇ ਅਧਿਆਪਕ ਆਪ ਸਿਰਜਣਸ਼ੀਲ ਹੋਵੇਗਾ ਤਾਂ ਉਹ ਬੱਚਿਆਂ ਵਿੱਚ ਵੀ ਸਿਰਜਣਾਤਮਕ ਰੁਚੀਆਂ ਪੈਦਾ ਕਰਨ ਲਈ ਯਤਨਸ਼ੀਲ ਹੋਵੇਗਾ। ਇਸ ਤਰ੍ਹਾਂ ਅਧਿਆਪਕ ਦੇ ਜ਼ਿੰਮੇ ਬੱਚੇ ਦੀ ਜ਼ਿੰਦਗੀ ਨੂੰ ਕੋਈ ਸਾਰਥਿਕ ਦਿਸ਼ਾ ਪ੍ਰਦਾਨ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੀ ਲਗਾਤਾਰ ਵਿਗੜ ਰਹੀ ਸਥਿਤੀ ਕਾਰਨ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਹਨ੍ਹੇਰਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਸਾਧਨਹੀਣ ਮਾਪੇ ਵੀ ਅਜਿਹੀ ਹਾਲਤ ਤੋਂ ਪ੍ਰੇਸ਼ਾਨ ਹਨ ਪਰ ਕੁਝ ਵੀ ਕਰਨ ਤੋਂ ਅਸਮਰੱਥ ਹਨ।
ਇਸ ਸਾਰੇ ਵਰਤਾਰੇ ਵਿੱਚ ਜੇਕਰ ਕਿਤੇ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਤਾਂ ਉਹ ਕੇਵਲ ਤੇ ਕੇਵਲ ਅਧਿਆਪਕ ਹੈ। ਅਧਿਆਪਕ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਆਪਣੇ ਕਿੱਤੇ ਦੀ ਮਾਣ-ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ, ਉਸ ਨੂੰ ਪੂਰੀ ਇਮਾਨਦਾਰੀ ਤੇ ਗੰਭੀਰਤਾ ਨਾਲ ਇਸ ਨੂੰ ਨਿਭਾਉਣਾ ਚਾਹੀਦਾ ਹੈ।
ਸਮਾਜ ਦੀਆਂ ਆਸਾਂ ਉਮੰਗਾਂ ’ਤੇ ਪੂਰਾ ਉਤਰਨ ਲਈ ਅਧਿਆਪਕ ਨੂੰ ਪੂਰੀ ਪ੍ਰਤੀਬੱਧਤਾ ਨਾਲ ਸਿੱਖਿਆ ਦੇ ਖੇਤਰ ਵਿੱਚ ਜੁਟਣਾ ਚਾਹੀਦਾ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤੇ ਇਸ ਵਿੱਚ ਪਿੱਸ ਰਹੇ ਹਨ ਗ਼ਰੀਬਾਂ ਦੇ ਬੱਚੇ। ਇਹ ਸਾਡੀ ਕੌਮ ਦਾ ਭਵਿੱਖ ਹੈ। ਕਿਸੇ ਨੂੰ ਤਾਂ ਇਨ੍ਹਾਂ ਦੀ ਬਾਂਹ ਫੜਨੀ ਹੀ ਚਾਹੀਦੀ ਹੈ।    (ਸਮਾਪਤ)

ਸੰਪਰਕ: 98153-56086


Comments Off on ਸਿੱਖਿਆ ਪ੍ਰਤੀ ਸੁਹਿਰਦ ਪਹੁੰਚ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.