ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿੱਖਿਆ ਪ੍ਰਤੀ ਸੁਹਿਰਦ ਪਹੁੰਚ ਦੀ ਲੋੜ

Posted On December - 8 - 2016

10812CD _SCHOOOOOOL GOVTਗੁਰਬਿੰਦਰ ਸਿੰਘ ਮਾਣਕ

ਸਿੱਖਿਆ ਦਾ ਬਹੁਤਾ ਦਾਰੋਮਦਾਰ ਅਧਿਆਪਕ ਦੀ ਸੰਜੀਦਾ ਅਤੇ ਲਗਨ ਨਾਲ ਕੀਤੀ ਕਾਰਗੁਜ਼ਾਰੀ ਉੱਤੇ ਨਿਰਭਰ ਕਰਦਾ ਹੈ। ਅਸਲ ਵਿੱਚ ਅਧਿਆਪਨ ਦਾ ਪਵਿੱਤਰ ਕਾਰਜ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਕਰਕੇ ਹੀ ਯੋਗ ਢੰਗ ਨਾਲ ਨਿਭਾਇਆ ਜਾ ਸਕਦਾ ਹੈ। ਕਿਸੇ ਬੱਚੇ ਨੂੰ ਸਿੱਖਿਅਤ ਕਰਕੇ ਉਸ ਦੀਆਂ ਰੁਚੀਆਂ, ਆਦਤਾਂ, ਚਰਿੱਤਰ ਨਿਰਮਾਣ ਕਰਨਾ ਅਤੇ ਉਸ ਨੂੰ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਅਧਿਆਪਕ ਦੀ ਹੀ ਵੱਡੀ ਜ਼ਿੰਮੇਵਾਰੀ ਹੈ। ਮਾਪਿਆਂ ਦੀ ਪ੍ਰਬਲ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਕਿਸੇ ਯੋਗ ਅਧਿਆਪਕ ਦੀ ਅਗਵਾਈ ਵਿੱਚ ਆਪਣੇ ਜੀਵਨ ਦਾ ਸਫ਼ਰ ਆਰੰਭ ਕਰੇ। ਜਿਨ੍ਹਾਂ ਬੱਚਿਆ ਨੂੰ ਅਜਿਹੇ ਅਧਿਆਪਕ ਮਿਲ ਜਾਂਦੇ ਹਨ, ਉਨ੍ਹਾਂ ਬੱਚਿਆਂ ਦੇ ਮਾਪੇ ਬੱਚੇ ਦੇ ਚੰਗੇ ਭਵਿੱਖ ਦੀ ਆਸ ਸਬੰਧੀ ਬੇਫ਼ਿਕਰ ਹੋ ਜਾਂਦੇ ਹਨ। ਇਸੇ ਕਾਰਨ ਹੀ ਅਧਿਆਪਕ ਨੂੰ ‘ਕੌਮ ਦਾ ਨਿਰਮਾਤਾ’ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ।
ਬਦਲ ਰਹੇ ਸਮਿਆਂ ਦੀ ਲੋੜ ਅਤੇ ਮਹੱਤਵ ਅਨੁਸਾਰ ਜੇ ਅਧਿਆਪਕ ਸਮੇਂ ਦੀ ਲੋੜ ਅਨੁਸਾਰ ਪਹਿਲਾਂ ਨਾਲੋਂ ਵਧੇਰੇ ਜ਼ਿੰਮੇਵਾਰੀ ਵਾਲਾ ਰੁਖ਼ ਅਖ਼ਤਿਆਰ ਨਹੀਂ ਕਰਦਾ ਤਾਂ ਕਿਸੇ ਵੀ ਕੌਮ ਜਾਂ ਦੇਸ਼ ਦੇ ਭਵਿੱਖੀ ਵਾਰਸਾਂ ਦਾ ਭਵਿੱਖ ਖ਼ਤਰੇ ਵਿੱਚ ਪੈਣ ਦੀ ਵਧੇਰੇ ਸੰਭਾਵਨਾ ਬਣ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਸਬੰਧੀ ਸਮਾਜ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। ਇਸ ਵਿੱਚ ਸਭ ਤੋਂ ਵੱਧ ਦੋਸ਼ ਅਧਿਆਪਕ ਸਿਰ ਮੜ੍ਹਿਆ ਜਾ ਰਿਹਾ ਹੈ। ਬਿਨਾਂ ਸ਼ੱਕ ਕੁਝ ਗੱਲਾਂ ਸਹੀ ਹੋ ਸਕਦੀਆਂ ਹਨ, ਪਰ ਬਹੁਤੀਆਂ ਗੱਲਾਂ ਬਿਨਾਂ ਕਿਸੇ ਠੋਸ ਦਲੀਲ ਦੇ ਕਹੀਆਂ ਜਾ ਰਹੀਆਂ ਹਨ। ਅਸਲ ਵਿੱਚ ਸਰਕਾਰੀ ਸਕੂਲਾਂ ਦੀ ਇਹ ਸਥਿਤੀ ਇੱਕ ਦੋ ਸਾਲਾਂ ਵਿੱਚ ਨਹੀਂ ਵਿਗੜੀ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਿੱਖਿਆ ਪ੍ਰਤੀ ਕੋਈ ਨੀਤੀ ਹੀ ਨਹੀਂ ਹੈ। ਜੇ ਕੋਈ ਯੋਜਨਾ ਬਣਦੀ ਵੀ ਹੈ ਤਾਂ  ਸਿੱਖਿਆ ਖੇਤਰ ਲਈ ਰੱਖੇ ਨਿਗੂਣੇ ਜਿਹੇ ਫੰਡਾਂ ਕਾਰਨ ਉਹ ਸਿਰੇ ਹੀ ਨਹੀਂ ਚੜ੍ਹਦੀ। ਸਰਕਾਰ ਤਾਂ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਰਹੀ ਅਜਿਹੇ ਮਾਹੌਲ ਵਿੱਚ ਸਿੱਖਿਆ ਦੀ ਹਾਲਤ ਸੁਧਾਰਨ ਵਾਲੇ ਪਾਸੇ ਕਿਵੇਂ ਸੋਚਿਆ ਜਾ ਸਕਦਾ ਹੈ। ਸਿੱਟੇ ਵਜੋਂ ਸਿੱਖਿਆ ਵਰਗਾ ਮਹੱਤਵਪੂਰਨ ਖੇਤਰ ਸਾਲਾਂ-ਬੱਧੀ ਅਣਗੌਲਿਆ ਰਹਿਣ ਕਾਰਨ ਅਜੋਕੀ ਬਦਤਰ ਸਥਿਤੀ ਤਕ ਪਹੁੰਚ ਚੁੱਕਾ ਹੈ।
ਅਸਲ ਵਿੱਚ ਸਰਕਾਰ ਦੀ ਸਿੱਖਿਆ ਪ੍ਰਤੀ ਕੋਈ ਸਾਰਥਿਕ ਨੀਤੀ ਦੀ ਅਣਹੋਂਦ ਵਿੱਚ ਸਿੱਖਿਆ ਦੇ ਮਹੱਤਵਪੂਰਨ ਕਾਰਜ ਨੂੰ ਪਹਿਲ ਦੇ ਆਧਾਰ ’ਤੇ, ਸਮੇਂ ਦੀ ਲੋੜ ਅਨੁਸਾਰ ਸੁਧਾਰਨਾ ਕਦੇ ਸਰਕਾਰ ਦੀ ਤਰਜ਼ੀਹ ਨਹੀਂ ਰਿਹਾ। ਸਿੱਟਾ ਇਹ ਨਿਕਲਿਆ ਕਿ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਸਥਾਪਨਾ ਵੱਡੀ ਪੱਧਰ ’ਤੇ ਹੋਣ ਨਾਲ, ਸਰਕਾਰੀ ਸਕੂਲਾਂ ਦੀ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰੀ ਸਿੱਖਿਆ ਢਾਂਚੇ ਦੇ ਬਿਖਰ ਜਾਣ ਕਾਰਨ ਲੋਕਾਂ ਦਾ ਮਨ ਇਸ ਤੋਂ ਉਚਾਟ ਹੋ ਗਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਹਿੰਗੇ ਨਿੱਜੀ ਸਕੂਲਾਂ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅੱਜ ਸਥਿਤੀ ਇਹ ਹੈ ਕਿ ਆਰਥਿਕ ਤੌਰ ’ਤੇ ਪਛੜੇ ਤੇ ਗ਼ਰੀਬ ਲੋਕਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਮਜਬੂਰ ਹਨ। ਹੁਣ ਹਾਲਤ ਇਹ ਹੈ ਕਿ ਅਮੀਰਾਂ ਦੇ ਬੱਚਿਆਂ ਲਈ ਹੋਰ ਸਕੂਲ ਹਨ, ਨਵੇਂ ਬਣੇ ਮਧਵਰਗੀ ਅਮੀਰਾਂ ਲਈ ਸਮਰਥਾ ਅਨੁਸਾਰ ਹੋਰ ਤੇ ਆਰਥਿਕ ਰੂਪ ਵਿੱਚ ਡਾਂਵਾਂ-ਡੋਲ ਮਾਪਿਆਂ ਦੇ ਬੱਚਿਆਂ ਲਈ ਸਰਕਾਰੀ ਸਕੂਲਾਂ ਤੋਂ ਬਿਨਾਂ ਹੋਰ ਕੋਈ ਚੋਣ ਹੀ ਨਹੀਂ ਬਚੀ। ਇਨ੍ਹਾਂ ਸਕੂਲਾਂ ਵਿੱਚ ਗ਼ਰੀਬੀ ਨਾਲ ਜੂਝਦੇ ਤੇ ਸਮਾਜਿਕ ਤੌਰ ’ਤੇ ਹਾਸ਼ੀਏ ਉੱਤੇ ਧੱਕ ਦਿੱਤੇ ਗਏ ਪਰਿਵਾਰਾਂ ਦੇ ਬੱਚੇ ਪੜ੍ਹਦੇ ਹੋਣ ਕਾਰਨ, ਸਰਕਾਰ ਨੇ ਇਨ੍ਹਾਂ ਸਕੂਲਾਂ ਦੀ ਸਾਰ ਲੈਣੀ ਉੱਕਾ ਹੀ ਤਿਆਗ ਦਿੱਤੀ।
ਪਿਛਲੇ ਕੁਝ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਸਰਵ-ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿਖਸ਼ਾ ਅਭਿਆਨ ਦੇ ਅੰਤਰਗਤ ਆਈਆਂ ਗਰਾਂਟਾਂ ਦੀ ਬਦੌਲਤ ਸਰਕਾਰੀ ਸਕੂਲਾਂ ਦਾ ਮੂੰਹ-ਮੱਥਾ ਪਹਿਲਾਂ ਨਾਲੋਂ ਸੁਧਰਿਆ ਹੈ। ਕਲਾਸ ਰੂਮ, ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ, ਆਰਟ ਰੂਮ, ਬਾਥ ਰੂਮ ਤੇ ਚਾਰ-ਦਿਵਾਰੀਆਂ ਦੇ ਬਣਨ ਨਾਲ ਇਹ ਸਕੂਲ ਵੀ ਹੁਣ ਸਕੂਲ ਲੱਗਣ ਲੱਗੇ ਹਨ। ਅਜਿਹੇ ਸੁਧਾਰ ਤੋਂ ਅਜੇ ਵੀ ਬਹੁਤ ਸਕੂਲ ਸੱਖਣੇ ਹਨ ਤੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਆਸਾਮੀਆਂ ਖਾਲੀ ਹੋਣ ਦੀ ਸੂਰਤ ਵਿੱਚ ਵਿੱਦਿਅਕ ਵਾਤਾਵਰਣ ਸਿਰਜਣ ਵਿੱਚ ਬਹੁਤ ਔਕੜਾਂ ਦਰਪੇਸ਼ ਹਨ। ਅਨੇਕਾਂ ਸਕੂਲ, ਸਕੂਲ-ਮੁਖੀਆਂ ਤੋਂ ਬਿਨਾਂ ਹੀ ਚੱਲੀ ਜਾ ਰਹੇ ਹਨ। ਸਕੂਲਾਂ ਵਿਚ ਕੰਮ ਕਰਦੇ ਅਧਿਆਪਕ ਆਸਾਮੀਆਂ ਦੀ ਘਾਟ ਕਾਰਨ ਪਹਿਲਾਂ ਹੀ ਕੰਮਾਂ ਦੇ ਬੋਝ ਥੱਲੇ ਦੱਬੇ ਪਏ ਹਨ ਤੇ ਉੱਤੋਂ ਸਰਕਾਰ ਨੇ ਉਨ੍ਹਾਂ ਨੂੰ ਅਨੇਕਾਂ ਗ਼ੈਰ-ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਪੜ੍ਹਾਈ ਤੋਂ ਦੂਰ ਕਰ ਦਿੱਤਾ ਹੈ।
(ਦੂਜੀ ਕਿਸ਼ਤ ਅਗਲੇ ਹਫ਼ਤੇ)
ਸੰਪਰਕ: 98153-56086


Comments Off on ਸਿੱਖਿਆ ਪ੍ਰਤੀ ਸੁਹਿਰਦ ਪਹੁੰਚ ਦੀ ਲੋੜ
1 Star2 Stars3 Stars4 Stars5 Stars (1 votes, average: 3.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.