ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਸੁੱਚੀ ਕਿਰਤ ਦਾ ਫਲ

Posted On December - 24 - 2016

ਬਾਲ ਕਹਾਣੀ
11312cd _cat_2ਸਾਧੂ ਸਿੰਘ ਸਰਹਿੰਦ
ਪਿਆਰੇ ਬੱਚਿਓ! ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਨਗਰ ਦੇ ਮੰਦਿਰ ਵਿੱਚ ਪੁਜਾਰੀ ਕਥਾ ਕਰਦਾ ਸੀ। ਉਸ ਨਗਰ ਦੇ ਲੋਕ ਵਿਹਲੇ ਹੋ ਕੇ ਰਾਤ ਵੇਲੇ ਮੰਦਰ ਵਿੱਚ ਕਥਾ ਸੁਣਨ ਆਉਂਦੇ ਸਨ। ਨਗਰ ਦਾ ਗ਼ਰੀਬ ਲੱਕੜਹਾਰਾ ਵੀ ਰੋਜ਼ਾਨਾ ਕਥਾ ਵਿੱਚ ਹਾਜ਼ਰੀ ਭਰਦਾ ਸੀ।
ਜਦੋਂ ਕਥਾ ਦੀ ਸਮਾਪਤੀ ਹੋਈ ਤਾਂ ਭੋਗ ਸਮਾਗਮ ’ਤੇ ਹਰ ਵਿਅਕਤੀ ਨੇ ਆਪੋ-ਆਪਣੀ ਸਮਰੱਥਾ ਅਨੁਸਾਰ ਭੇਟ ਕੀਤਾ। ਲੱਕੜਹਾਰੇ ਪਾਸ ਨਾ ਧਨ ਸੀ ਤੇ ਨਾ ਵਾਧੂ ਅਨਾਜ। ਉਹ ਚੁੱਪ-ਚਾਪ ਮੰਦਿਰ ਦੇ ਇੱਕ ਕੋਨੇ ਵਿੱਚ ਬੈਠਾ ਰਿਹਾ। ਜਦੋਂ ਸਾਰੇ ਲੋਕ ਚਲੇ ਗਏ ਤਾਂ ਉਹ ਪੁਜਾਰੀ ਕੋਲ ਗਿਆ ਅਤੇ ਇੱਕ ਰੁਪਏ ਦਾ ਸਿੱਕਾ ਭੇਟ ਕਰਦੇ ਹੋਏ ਬੇਨਤੀ ਕੀਤੀ, ‘‘ਪੁਜਾਰੀ ਜੀ! ਮੇਰੇ ਵੱਲੋਂ ਇਹ ਤੁੱਛ ਜਿਹੀ ਭੇਟ ਸਵੀਕਾਰ ਕਰੋ। ਕਿਰਪਾ ਕਰਕੇ ਇਸ ਰੁਪਏ ਦੀ ਕੋਈ ਵਿਸ਼ੇਸ਼ ਵਰਤੋਂ ਕਰਨੀ।’’ ਪੁਜਾਰੀ ਨੇ ਮੁਸਕਰਾਉਂਦੇ ਹੋਏ ਉਹ ਰੁਪਈਆ ਫੜ ਲਿਆ ਅਤੇ ਸੋਚਣ ਲੱਗਿਆ ਕਿ ਇਸ ਰੁਪਏ ਵਿੱਚ ਅਜਿਹਾ ਕੀ ਹੈ?
ਅਗਲੀ ਸਵੇਰ ਜਦੋਂ ਪੁਜਾਰੀ ਘਰੋਂ ਨਿਕਲਿਆ ਤਾਂ ਉਸ ਦਾ ਸਾਹਮਣਾ ਵੱਡੇ ਵਪਾਰੀ ਨਾਲ ਹੋਇਆ ਜੋ ਦੂਰ ਦੇਸ਼ ਵਪਾਰ ਕਰਨ ਜਾ ਰਿਹਾ ਸੀ। ਪੁਜਾਰੀ ਨੇ ਓਹੀ ਰੁਪਏ ਦਾ ਸਿੱਕਾ ਉਸ ਦੇ ਹੱਥ ਫੜਾਉਂਦਿਆਂ ਕਿਸੇ ਵਿਸ਼ੇਸ਼ ਕਾਰਜ ਲਈ ਖਰਚਣ ਦੀ ਤਾਕੀਦ ਕੀਤੀ।
ਵਪਾਰੀ ਜਦੋਂ ਸਮੁੰਦਰੀ ਯਾਤਰਾ ਸ਼ੁਰੂ ਕਰਨ ਲਈ ਬੰਦਰਗਾਹ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਬਿੱਲੀਆਂ ਲਈ ਖੜ੍ਹਾ ਆਵਾਜ਼ ਲਗਾ ਰਿਹਾ ਸੀ, ‘‘ਰੁਪਏ ਦਾ ਜੋੜਾ! ਲੈ ਲਓ ਰੁਪਏ ਦਾ ਜੋੜਾ।’’ ਵਪਾਰੀ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਉਸ ਰੁਪਏ ਦਾ ਇਹ ਜੋੜਾ ਖਰੀਦਿਆ ਜਾਵੇ। ਉਸ ਨੇ ਬਿੱਲੀਆਂ ਦਾ ਜੋੜਾ ਖਰੀਦ ਕੇ ਜਹਾਜ਼ ਵਿੱਚ ਲੈ ਆਂਦਾ।
ਜਦੋਂ ਜਹਾਜ਼ ਦੂਰ ਸਮੁੰਦਰ ਵਿੱਚ ਪਹੁੰਚਿਆ ਤਾਂ ਅਚਾਨਕ ਤੂਫ਼ਾਨ ਆ ਗਿਆ। ਤੂਫ਼ਾਨ ਦੀਆਂ ਤੇਜ਼ ਛੱਲਾਂ ਜਹਾਜ਼ ਨੂੰ ਪਤਾ ਨਹੀਂ ਕਿਸ ਪਾਸੇ ਰੋੜ੍ਹ ਕੇ ਲੈ ਗਈਆਂ। ਤੂਫ਼ਾਨ ਸ਼ਾਂਤ ਹੋਣ ’ਤੇ ਵਪਾਰੀ ਨੇ ਵੇਖਿਆ ਕਿ ਉਹ ਇੱਕ ਅਣਜਾਣ ਟਾਪੂ ਦੇ ਕਿਨਾਰੇ ਨੇੜੇ ਹਨ। ਉਨ੍ਹਾਂ ਜਹਾਜ਼ ਨੂੰ ਟਾਪੂ ਕੰਢੇ ਲਾਇਆ ਅਤੇ ਜ਼ਮੀਨ ਉਤੇ ਉਤਰ ਗਏ। ਥੋੜ੍ਹਾ ਅੱਗੇ ਇੱਕ ਸ਼ਹਿਰ ਨਜ਼ਰ ਆਇਆ ਤੇ  ਉਹ ਸ਼ਹਿਰ ਵੱਲ ਹੋ ਤੁਰੇ। ਸ਼ਹਿਰ ਦੇ ਮੁੱਖ ਦੁਆਰ ’ਤੇ ਉਨ੍ਹਾਂ ਨੂੰ ਟਾਪੂ ਦਾ ਰਾਜਾ ਮਿਲ ਗਿਆ। ਤੂਫ਼ਾਨ ਸਬੰਧੀ ਜਾਨਣ ਤੋਂ ਬਾਅਦ ਉਹ ਉਨ੍ਹਾਂ ਨੂੰ ਆਪਣੇ ਮਹਿਲ ਲੈ ਗਿਆ ਜਿੱਥੇ ਉਸ ਦੀ ਖ਼ੂਬ ਆਓ-ਭਗਤ ਕੀਤੀ।
ਜਦੋਂ ਖਾਣਾ ਪਰੋਸਿਆ ਗਿਆ ਤਾਂ ਵਪਾਰੀ ਨੇ ਦੇਖਿਆ ਕਿ ਥਾਲੀ ਦੇ ਦੋਨੋਂ ਪਾਸੇ ਇੱਕ ਡੰਡਾ ਰੱਖਿਆ ਹੋਇਆ ਹੈ। ਕਾਰਨ ਪੁੱਛਣ ’ਤੇ ਰਾਜੇ ਨੇ ਦੱਸਿਆ ਕਿ ਟਾਪੂ ’ਤੇ ਚੂਹੇ ਬਹੁਤ ਹਨ ਜੋ ਖਾਣੇ ’ਤੇ ਹਮਲਾ ਕਰ ਦਿੰਦੇ ਹਨ। ਇਕ ਹੱਥ ਨਾਲ ਖਾਣਾ ਖਾਇਆ ਜਾਂਦਾ ਹੈ ਤੇ ਦੂਜੇ ਹੱਥ ਨਾਲ ਚੂਹੇ ਭਜਾਏ ਜਾਂਦੇ ਹਨ। ਇਸ ਤਰ੍ਹਾਂ ਕਦੇ ਸੱਜੇ ਤੇ ਕਦੇ ਖੱਬੇ ਹੱਥ ਨਾਲ ਚੂਹੇ ਭਜਾ ਕੇ ਖਾਣਾ ਖਾਇਆ ਜਾਂਦਾ ਹੈ। ਉਹ ਟਾਪੂ ਵਿੱਚ ਚੂਹੇ ਤਾਂ ਬਹੁਤ ਸਨ, ਪਰ ਬਿੱਲੀਆਂ ਨਹੀਂ ਸਨ।
ਵਪਾਰੀ ਨੂੰ ਇਕਦਮ ਬਿੱਲੀਆਂ ਦਾ ਖਿਆਲ ਆਇਆ। ਉਹ ਉੱਠਿਆ ਅਤੇ ਜਹਾਜ਼ ਤੋਂ ਬਿੱਲੀਆਂ ਦਾ ਜੋੜਾ ਲੈ ਆਇਆ ਅਤੇ ਬਿੱਲੀਆਂ ਨੂੰ ਖਾਣੇ ਵਾਲੇ ਕਮਰੇ ਵਿੱਚ ਛੱਡ ਦਿੱਤਾ। ਚੂਹੇ ਨੂੰ ਦੇਖਦਿਆਂ ਹੀ ਬਿੱਲੀਆਂ ਚੂਹਿਆਂ ’ਤੇ ਝਪਟ ਪਈਆਂ। ਚੂਹੇ ਦੁਬਕ ਕੇ ਖੁੱਡਾਂ ’ਚ ਵੜ ਗਏ। ਸਾਰਿਆਂ ਨੇ ਬੜੇ ਆਰਾਮ ਨਾਲ ਖਾਣਾ ਖਾਧਾ। ਖਾਣ ਖਾਣ ਤੋਂ ਬਾਅਦ ਟਾਪੂ ਦਾ ਰਾਜਾ ਵਪਾਰੀ ਦੇ ਮਗਰ ਪੈ ਗਿਆ ਕਿ ਇਹ ਬਿੱਲੀਆਂ ਦਾ ਜੋੜਾ ਉਸ ਨੂੰ ਦੇ ਜਾਵੇ। ਵਪਾਰੀ ਨੇ ਆਪਣੀ ਮਜਬੂਰੀ ਦੱਸੀ ਕਿ ਇਹ ਬਿੱਲੀਆਂ ਕਿਸੇ ਦੀ ਅਮਾਨਤ ਹਨ। ਕੁਝ ਦੇਰ ਸੋਚ ਕੇ ਵਪਾਰੀ ਨੇ ਆਖਿਆ, ‘‘ਤੁਸੀਂ ਮੇਰੀ ਮਹਿਮਾਨ ਨਿਵਾਜ਼ੀ ਕੀਤੀ ਹੈ, ਮੈਂ ਇਹ ਜੋੜਾ ਆਪ ਜੀ ਨੂੰ ਭੇਟ ਕਰਦਾ ਹਾਂ। ਰਾਜੇ ਨੇ ਧੰਨਵਾਦ ਸਹਿਤ ਬਿੱਲੀਆਂ ਦਾ ਜੋੜਾ ਲੈ ਲਿਆ। ਜਦੋਂ ਵਪਾਰੀ ਟਾਪੂ ਤੋਂ ਵਿਦਾ ਹੋਣ ਲੱਗਾ ਤਾਂ ਰਾਜੇ ਨੇ ਮੋਹਰਾਂ ਦੀਆਂ ਦੋ ਥੈਲੀਆਂ ਵਪਾਰੀ ਦੇ ਜਹਾਜ਼ ਵਿੱਚ ਰਖਵਾਉਂਦਿਆਂ ਆਖਿਆ, ‘‘ਜਿਸ ਵਿਅਕਤੀ ਲਈ ਤੁਸੀਂ ਇਹ ਬਿੱਲੀਆਂ ਖਰੀਦੀਆਂ ਸਨ, ਉਸ ਨੂੰ ਮੇਰੇ ਵੱਲੋਂ ਇਹ ਤੁੱਛ ਜਿਹੀ ਭੇਟ ਦੇ ਦੇਣਾ।’’
ਜਦੋਂ ਵਪਾਰੀ ਵਾਪਸ ਆਪਣੇ ਨਗਰ ਆਇਆ ਤਾਂ ਪੁਜਾਰੀ ਨੇ ਮਜ਼ਾਕੀਆ ਲਹਿਜ਼ੇ ਵਿਚ ਪੁੱਛਿਆ, ‘‘ਸੇਠ ਸਾਹਿਬ, ਮੇਰੇ ਰੁਪਏ ਦਾ ਕੀ ਖਰੀਦਿਆ?’’ ਸੁਦਾਗਰ ਨੇ ਬਿਨਾਂ ਕੁਝ ਬੋਲਿਆਂ ਮੋਹਰਾਂ ਦੀਆਂ ਦੋ ਥੈਲੀਆਂ ਉਸ ਅੱਗੇ ਢੇਰੀ ਕਰ ਦਿੱਤੀਆਂ। ਵਪਾਰੀ ਨੇ ਉਸ ਨੂੰ ਤੂਫ਼ਾਨ ਤੇ ਟਾਪੂ ਵਾਲੀ ਸਾਰੀ ਘਟਨਾ ਦੱਸੀ।
ਪੁਜਾਰੀ ਉਸੇ ਵਕਤ ਲੱਕੜਹਾਰੇ ਦੇ ਘਰ ਗਿਆ ਅਤੇ ਸਾਰੀ ਘਟਨਾ ਦੱਸਣ ਉਪਰੰਤ ਉਸ ਰੁਪਏ ਦੀ ਕਰਾਮਾਤ ਦਾ ਭੇਤ ਜਾਣਨਾ ਚਾਹਿਆ। ਲੱਕੜਹਾਰੇ ਨੇ ਦੱਸਿਆ, ‘‘ਮੈਂ ਲੱਕੜਾਂ ਵੇਚ ਕੇ ਬੜੀ ਮੁਸ਼ਕਲ ਨਾਲ ਆਪਣਾ ਤੇ ਬੱਚਿਆਂ ਲਈ ਰੁੱਖੀ-ਮਿੱਸੀ ਰੋਟੀ ਦਾ ਜੁਗਾੜ ਕਰਦਾ ਹਾਂ। ਮੈਂ ਕਥਾ ਦੀ ਭੇਟ ਲਈ ਇਸੇ ਕਮਾਈ ਵਿੱਚੋਂ ਬੜੀ ਮੁਸ਼ਕਲ ਨਾਲ ਇੱਕ ਰੁਪਇਆ ਜੋੜ ਸਕਿਆ। ਇਹ ਮੇਰੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਕੀਤੀ ਬੱਚਤ ਸੀ ਜਿਸ ਨੇ ਆਖ਼ਿਰ ਫਲਣਾ ਹੀ ਸੀ। ਪੁਜਾਰੀ ਉਸ ਦੀ ਨੇਕ ਕਮਾਈ ਅੱਗੇ ਸਿਰ ਝੁਕਾਉਂਦਿਆਂ ਘਰ ਪਰਤ ਆਇਆ।
ਸੰਪਰਕ: 93560-25360


Comments Off on ਸੁੱਚੀ ਕਿਰਤ ਦਾ ਫਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.